ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ ਹੇਠ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਸਸਕਾਰ

ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ ਹੇਠ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਸਸਕਾਰ
ਜਲੰਧਰ ਦੇ ਪਿੰਡ ਡੱਲੀ ਵਿੱਚ ਹਰਮਿੰਦਰ ਸਿੰਘ ਮਿੰਟੂ ਦੇ ਸਸਕਾਰ ਮੌਕੇ ਹਾਜ਼ਰ ਉਸਦੀ ਮਾਤਾ ਅਤੇ ਹੋਰ ਰਿਸ਼ਤੇਦਾਰ।

ਜਲੰਧਰ/ਭੋਗਪੁਰ/ਬਿਊਰੋ ਨਿਊਜ਼
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦਾ ਉਸ ਦੇ ਜੱਦੀ ਪਿੰਡ ਡੱਲੀ ਦੇ ਸ਼ਮਸ਼ਾਨਘਾਟ ਵਿੱਚ ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ ਦੌਰਾਨ ਸਸਕਾਰ ਕਰ ਦਿੱਤਾ ਗਿਆ। ਮਿੰਟੂ ਦੀ ਚਿਤਾ ਨੂੰ ਅਗਨੀ ਉਸ ਦੇ ਦੋਵੇਂ ਭਰਾਵਾਂ ਨੇ ਦਿਖਾਈ। ਇਸ ਮੌਕੇ ਪੰਜਾਬ ਪੁਲੀਸ ਦੇ ਜਵਾਨ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਸਨ ਪਰ ਉਨ੍ਹਾਂ ਨੇ ਕਿਸੇ ਵੀ ਕੰਮ ਵਿੱਚ ਕੋਈ ਦਖ਼ਲ ਨਹੀਂ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਮਿੰਟੂ ਦੀ ਦੇਹ ਨੂੰ ਜਦੋਂ ਗੁਰਦੁਆਰਾ ਬੱਦੋਆਣਾ ਸਾਹਿਬ ਤੋਂ ਛੋਟੇ ਟੈਂਪੂ ਵਿੱਚ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਵਾਰ-ਵਾਰ ਖਾਲਿਸਤਾਨ ਪੱਖੀ ਨਾਅਰੇ ਲੱਗਦੇ ਰਹੇ। ਨਾਲ ਹੀ ਨਰਿੰਦਰ ਮੋਦੀ, ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਾਅਰੇਬਾਜ਼ੀ ਹੋਈ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪੰਥਕ ਆਗੂਆਂ ਨੇ ਮਿੰਟੂ ਦੀ ਮੌਤ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਬਾਰੇ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਸ ਦੀ ਮੌਤ ਜੇਲ੍ਹ ਵਿੱਚ ਹੋਈ।
ਦੱਸਣਯੋਗ ਹੈ ਕਿ ਹਰਮਿੰਦਰ ਸਿੰਘ ਮਿੰਟੂ ਦੀ ਦੇਹ ਬੀਤੀ ਦੇਰ ਸ਼ਾਮ ਪਟਿਆਲਾ ਤੋਂ ਪਿੰਡ ਲਿਆਂਦੀ ਗਈ ਸੀ। ਦੇਹ ਨੂੰ ਗੁਰਦੁਆਰੇ ਵਿਖੇ ਰੱਖਿਆ ਗਿਆ ਸੀ। ਅੱਜ ਸਵੇਰੇ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਦੇਹ ਨੂੰ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਅਮਰੀਕ ਸਿੰਘ ਅਜਨਾਲਾ, ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ, ਅਕਾਲੀ ਦਲ (ਅੰਮ੍ਰਿਤਸਰ) ਦੇ ਰਜਿੰਦਰ ਸਿੰਘ ਫੌਜੀ ਅਤੇ ਸਤਿਕਾਰ ਕਮੇਟੀ ਦੇ ਕਾਰਕੁਨ ਵੀ ਸ਼ਾਮਲ ਸਨ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਵੱਖ ਵੱਖ ਜੇਲ੍ਹਾਂ ਵਿੱਚ 28 ਸਿੱਖ ਅਜਿਹੇ ਹਨ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ 150 ਦੇ ਕਰੀਬ ਸਿੱਖ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ, ਜਿਨ੍ਹਾਂ ਦੀ ਸਿਹਤ ਖ਼ਰਾਬ ਹੈ ਪਰ ਉਨ੍ਹਾਂ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ।
ਹਰਮਿੰਦਰ ਸਿੰਘ ਮਿੰਟੂ ਦਾ ਪਰਿਵਾਰ ਗੋਆ ਰਹਿੰਦਾ ਹੋਣ ਕਰਕੇ ਉਸ ਦੀ ਅੰਤਿਮ ਅਰਦਾਸ ਲਈ ਅਖੰਡ ਪਾਠ ਦੇ ਭੋਗ 22 ਅਪਰੈਲ ਨੂੰ ਕਰਾਉਣਾ ਚਾਹੁੰਦਾ ਸੀ ਪਰ ਪੰਥਕ ਆਗੂਆਂ ਨੇ ਕਿਹਾ ਕਿ ਮਿੰਟੂ ਕੌਮ ਦਾ ਯੋਧਾ ਰਿਹਾ ਹੈ, ਇਸ ਲਈ ਸਿੱਖ ਕੌਮ ਦੀ ਰਹਿਤ ਮਰਿਆਦਾ ਅਨੁਸਾਰ ਦਸਵੇਂ ‘ਤੇ 27 ਅਪਰੈਲ ਨੂੰ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ, ਡੱਲੀ ਵਿਖੇ ਹੋਵੇਗੀ।