ਵਪਾਰੀਆਂ ਵੱਲੋਂ ਯੂਪੀ, ਬਿਹਾਰ ਤੋਂ ਪੰਜਾਬ ਵਿਚ ਝੋਨੇ ਦੀ ਸਮਗਲਿੰਗ ਜਾਰੀ

ਵਪਾਰੀਆਂ ਵੱਲੋਂ ਯੂਪੀ, ਬਿਹਾਰ ਤੋਂ ਪੰਜਾਬ ਵਿਚ ਝੋਨੇ ਦੀ ਸਮਗਲਿੰਗ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਜਿੱਥੇ ਇਕ ਪਾਸੇ ਕਿਸਾਨ ਆਪਣੀ ਮੰਡੀ ਨੂੰ ਬਚਾਉਣ ਲਈ ਸੜਕਾਂ 'ਤੇ ਬੈਠੇ ਹਨ ਉੱਥੇ ਵਪਾਰੀਆਂ ਵੱਲੋਂ ਧੜਾਧੜ ਯੂਪੀ ਅਤੇ ਬਿਹਾਰ ਵਰਗੇ ਸੂਬਿਆਂ ਤੋਂ ਸਸਤੇ ਝੋਨੇ ਦੀ ਖਰੀਦ ਕਰਕੇ ਪੰਜਾਬ ਵਿਚ ਸਮਗਲਿੰਗ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਪੰਜਾਬ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ ਉੱਥੇ ਇਸ ਦਾ ਪੰਜਾਬ ਦੇ ਕਿਸਾਨਾਂ ਦੀ ਫਸਲ ਦੀ ਖਰੀਦ 'ਤੇ ਵੀ ਵੱਡਾ ਮਾਰੂ ਅਸਰ ਪਵੇਗਾ। 

ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਜ਼ਿਲ੍ਹੇ ਦੀ ਪੁਲੀਸ ਨੇ ਪੰਜਾਬ-ਹਰਿਆਣਾ ਦੀ ਹੱਦ ਨਾਲ ਲੱਗਦੇ ਸ਼ੰਭੂ, ਪਿਹੋਵਾ, ਬਲਬੇੜਾ, ਚੀਕਾ, ਢਾਬੀ ਗੁੱਜਰਾਂ ਅਤੇ ਪਾਤੜਾਂ ਰਸਤੇ ਲਿਆਂਦੇ ਜਾ ਰਹੇ 32 ਟਰੱਕ ਕਾਬੂ ਕਰਕੇ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 13 ਮਾਮਲੇ ਦਰਜ ਕੀਤੇ ਹਨ। ਪੰਜਾਬ ਮੰਡੀ ਬੋਰਡ, ਮਾਲ ਵਿਭਾਗ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਨੇ ਅੱਜ ਸਾਂਝੀ ਕਾਰਵਾਈ ਕਰਦਿਆਂ 32 ਟਰੱਕਾਂ ਰਾਹੀਂ ਬਾਹਰਲੇ ਰਾਜਾਂ ਤੋਂ ਲਿਆਂਦੀ ਗਈ 822.5 ਟਨ ਝੋਨੇ ਦੀ ਫ਼ਸਲ ਜ਼ਬਤ ਕੀਤੀ ਹੈ। 

ਡੀਐੱਫਐੱਸਸੀ ਹਰਸ਼ਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਨਾਲ ਜਿਥੇ ਮਾਰਕਿਟ ਫੀਸ ਚੋਰੀ ਕਰ ਕੇ ਪੰਜਾਬ ਦੇ ਖ਼ਜ਼ਾਨੇ  ਨੂੰ ਚੂਨਾ ਲਾਇਆ ਜਾਂਦਾ ਹੈ, ਉਥੇ  ਹੀ ਇਹ ਅਸਿੱਧੇ ਤੌਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਜ਼ਿਆਦਾਤਰ ਝੋਨੇ ਦੀਆਂ ਲੱਦੀਆਂ ਵੱਡੀਆਂ ਗੱਡੀਆਂ ਯੂਪੀ ਅਤੇ ਬਿਹਾਰ ਤੋਂ ਪੰਜਾਬ ਆ ਰਹੀਆਂ ਹਨ। 

ਜ਼ਿਕਰਯੋਗ ਹੈ ਕਿ ਯੂਪੀ ਅਤੇ ਬਿਹਾਰ ਵਰਗੇ ਸੂਬਿਆਂ ਵਿਚ ਝੋਨੇ ਦੀ ਫਸਲ ਦਾ ਮੁੱਲ 900 ਤੋਂ 1000 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਵਿਚ ਝੋਨੇ ਦਾ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਹੈ। ਯੂਪੀ ਅਤੇ ਬਿਹਾਰ ਤੋਂ ਸਸਤੇ ਮੁੱਲ ਝੋਨਾ ਖਰੀਦਣ ਮਗਰੋਂ ਆਵਾਜਾਈ ਦਾ ਖਰਚ ਪਾ ਕੇ ਵੀ ਵਪਾਰੀ ਨੂੰ ਇਹ ਝੋਨਾ 1150 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਪੈ ਰਿਹਾ ਹੈ ਜਿਸਨੂੰ ਉਹ ਪੰਜਾਬ ਲਿਆ ਕੇ ਮਹਿੰਗੇ ਭਾਅ ਵੇਚ ਵੱਡਾ ਮੁਨਾਫਾ ਖੱਟ ਰਹੇ ਹਨ।