ਪੰਜਾਬ ‘ਚ ਹਿੰਦੂ ਆਗੂਆਂ ਦੇ ‘ਸਿਆਸੀ’ ਕਤਲਾਂ ‘ਚ ਸ਼ੇਰਾ ਨਿਸ਼ਾਨਚੀ ਗ੍ਰਿਫਤਾਰ

ਪੰਜਾਬ ‘ਚ ਹਿੰਦੂ ਆਗੂਆਂ ਦੇ ‘ਸਿਆਸੀ’ ਕਤਲਾਂ ‘ਚ ਸ਼ੇਰਾ ਨਿਸ਼ਾਨਚੀ ਗ੍ਰਿਫਤਾਰ
DGP Suresh Arora along with other officials addressing press conf in Ludhiana. Tribune Photo : Himanshu Mahajan.

ਡੀਜੀਪੀ ਸੁਰੇਸ਼ ਅਰੋੜਾ ਲੁਧਿਆਣਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
ਲੁਧਿਆਣਾ/ਬਿਊਰੋ ਨਿਊਜ਼:
ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਈਆਂ ਹਿੰਦੂ ਆਗੂਆਂ ਦੀਆਂ ਹੱਤਿਆਵਾਂ ‘ਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀ ਸਿੱਧੇ ਤੌਰ ‘ਤੇ ਸ਼ਮੂਲੀਅਤ ਹੈ । ਪੁਲਿਸ ਵਲੋਂ ਇਨ੍ਹਾਂ ਹੱਤਿਆਵਾਂ ‘ਚ ਮੁੱਖ ਤੌਰ ‘ਤੇ ਸ਼ਾਮਿਲ ਪਿੰਡ ਮਾਜਰੀ ਦੇ ਰਹਿਣ ਵਾਲੇ ਹਰਦੀਪ ਸਿੰਘ ਉਰਫ਼ ਸ਼ੇਰਾ ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 5 ਪਿਸਤੌਲ ਭਾਰੀ ਮਾਤਰਾ ‘ਚ ਕਾਰਤੂਸ ਅਤੇ ਕਤਲਾਂ ‘ਚ ਵਰਤੇ ਗਏ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ ।
ਪੰਜਾਬ ਪੁਲੀਸ ਦੇ ਮੁਖੀ ਅਰੋੜਾ ਨੇ ਇਹ ਖੁਲਾਸਾ ਵੀਰਵਾਰ ਨੂੰ ਇਥੇ ਪ੍ਰੈਸ ਕਾਨਫਰੰਸ ਇਹ ਖੁਲਾਸਾ ਕਰਦਿਆਂ ਦਸਿਆ ਕਿ ਪੰਜਾਬ ਵਿੱਚ ਹਿੰਦੂ ਜਥੇਬੰਦੀਆਂ ਦੇ ਆਗੂਆਂ ਸਮੇਤ ਮਿੱਥ ਕੇ ਕੀਤੇ ਗਏ 7 ਕਤਲਾਂ ਦੀ ਵਾਰਦਾਤ ਵਿੱਚ ਸ਼ਾਮਲ ਸ਼ਾਰਪ ਸ਼ੂਟਰ ਨੂੰ ਪੰਜਾਬ ਪੁਲੀਸ ਨੇ ਵੀਰਵਾਰ ਸਵੇਰੇ ਫ਼ਤਹਿਗੜ੍ਹ ਸਾਹਿਬ ਵਿੱਚ ਇਕ ਜਿੰਮ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ੂਟਰ ਦੀ ਪਛਾਣ ਹਰਦੀਪ ਸਿੰਘ (23 ਸਾਲ) ਉਰਫ਼ ਸ਼ੇਰਾ ਵਾਸੀ ਪਿੰਡ ਮਾਜਰੀ, ਥਾਣਾ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਡੀਜੀਪੀ ਨੇ ਦੱਸਿਆ ਕਿ ਪੁਲੀਸ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿਛ ਜਾਰੀ ਹੈ ਤੇ ਆਉਂਦੇ ਦਿਨਾਂ ‘ਚ ਹੋਰ ਸਨਸਨੀਖੇਜ਼ ਖੁਲਾਸੇ ਹੋ ਸਕਦੇ ਹਨ। ਪੁਲੀਸ ਨੇ ਸ਼ੂਟਰ ਦੇ ਕਬਜ਼ੇ ‘ਚੋਂ ਵਾਰਦਾਤਾਂ ਲਈ ਵਰਤੇ ਤਿੰਨ ਮੋਟਰਸਾਈਕਲਾਂ ਸਮੇਤ ਪੰਜ ਪਿਸਤੌਲ ਵੀ ਬਰਾਮਦ ਕੀਤੇ ਹਨ। ਡੀਜੀਪੀ ਨੇ ਮੰਨਿਆ ਇਨ੍ਹਾਂ ਕਤਲਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੱਥ ਹੈ ਅਤੇ ਮੁਲਜ਼ਮਾਂ ਨੂੰ ਵਿਦੇਸ਼ ਤੋਂ ਪੈਸੇ ਮਿਲ ਰਹੇ ਸਨ। ਯਾਦ ਰਹੇ ਕਿ ਹਿੰਦੂ ਆਗੂਆਂ ਦੇ ਕਤਲਾਂ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲੀਸ ਮੁਖੀ ਨੇ ਪਿਛਲੀਂ ਦਿਨੀਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਚਾਰ ਮੁਲਜ਼ਮਾਂ ਜਿੰਮੀ ਸਿੰਘ, ਜਗਤਾਰ ਜੌਹਲ ਉਰਫ਼ ਜੱਗੀ, ਧਰਮਿੰਦਰ ਸਿੰਘ ਗੁਗਨੀ ਤੇ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ। ਇਨ੍ਹਾਂ ਤੋਂ ਸਖ਼ਤੀ ਨਾਲ ਕੀਤੀ ਪੁੱਛਗਿਛ ਮਗਰੋਂ ਹੀ ਅੱਜ ਸ਼ਾਰਪ ਸ਼ੂਟਰ ਸ਼ੇਰਾ ਦੀ ਗ੍ਰਿਫ਼ਤਾਰੀ ਸੰਭਵ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਸ਼ੇਰਾ ਨੂੰ ਫੜ੍ਹਨ ਲਈ ਬਟਾਲਾ, ਮੋਗਾ ਤੇ ਖੰਨਾ ਦੀ ਪੁਲੀਸ ਨੇ ਅੱਜ ਸਵੇਰ ਤੋਂ ਜਾਲ ਵਿਛਾ ਰੱਖਿਆ ਸੀ। ਸਵੇਰੇ ਕਰੀਬ 5:30 ਵਜੇ ਸ਼ੇਰਾ ਦੇ ਫਤਿਹਗੜ੍ਹ ਸਾਹਿਬ ‘ਚ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਉਸ ਨੂੰ ਕਰੀਬ 7:30 ਵਜੇ ਕਾਬੂ ਕਰ ਲਿਆ।
ਮਾਜਰੀ ਕਿਸ਼ਨੇ ਵਾਲੀ ਦਾ ਵਸਨੀਕ ਹੈ ਸ਼ੇਰਾ
ਫ਼ਤਿਹਗੜ੍ਹ ਸਾਹਿਬ/ਬਿਊਰੋ ਨਿਊਜ਼:
ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ 21 ਸਾਲਾ ਕਥਿਤ ਦੋਸ਼ੀ ਹਰਦੀਪ ਸਿੰਘ ਉਰਫ਼ ਸ਼ੇਰਾ ਪੁੱਤਰ ਦਲਜੀਤ ਸਿੰਘ ਥਾਣਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦਾ ਵਸਨੀਕ ਹੈ । ਪੁਲਿਸ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਪਿੰਡ ਚੂਹੜਵਾਲ ਦੇ ਵਸਨੀਕ ਰਮਨਦੀਪ ਸਿੰਘ ਉਰਫ਼ ਬਿੱਲਾ ਉਰਫ਼ ਚੂਟੀ ਭੈਣ ਨਾਲ ਕਥਿਤ ਰੂਪ ‘ਚ ਮਿਲ ਕੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ । ਇਨ੍ਹਾਂ ‘ਚੋਂ ਰਮਨਦੀਪ ਨੂੰ ਬੁੱਧਵਾਰ ਨੂੰ ਗ੍ਫ਼ਿਤਾਰ ਕਰ ਲਿਆ ਗਿਆ ਸੀ, ਜਦਕਿ ਹਰਦੀਪ ਸਿੰਘ ਨੂੰ ਫ਼ਤਿਹਗੜ੍ਹ ਸਾਹਿਬ ਸਥਿਤ ਬਾਜਵਾ ਜਿੰਮ ਤੋਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਉਹ ਉਸ ਸਮੇਂ ਬਾਜਵਾ ਜਿੰਮ ਵਿਚ ਵਰਜ਼ਿਸ਼ ਕਰਨ ਗਿਆ ਸੀ ।