ਸ਼ਰਤਾਂ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਨਵਜੋਤ ਸਿੱਧੂ ਬੋਲੇ

ਸ਼ਰਤਾਂ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਨਵਜੋਤ ਸਿੱਧੂ ਬੋਲੇ

”ਮੈਂ ਤਾਂ ਪੈਦਾਇਸ਼ੀ ਕਾਂਗਰਸੀ ਹਾਂ”
ਚੰਡੀਗੜ੍ਹ/ਬਿਊਰੋ ਨਿਊਜ਼ :
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਪਣੀਆਂ ਸ਼ਰਤਾਂ ਮਨਵਾ ਕੇ  ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਸਿੱਧੂ ਨੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਰਸਮੀ ਪ੍ਰੈੱਸ ਕਾਨਫਰੰਸ ਵਿਚ ਆਪਣੇ ਦਿਲ ਦਾ ਹਾਲ ਰੱਖਿਆ। ਉਨ੍ਹਾਂ ਨੇ ਕਿਹਾ ਕਿ ਉਹ ਪੈਦਾਇਸ਼ੀ ਕਾਂਗਰਸੀ ਹਨ ਤੇ ਹੁਣ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਜਿਥੋਂ ਕਹੇਗੀ, ਉਹ ਚੋਣ ਲੜਨਗੇ। ਭਾਜਪਾ ‘ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਗਠਜੋੜ ਨੂੰ ਚੁਣਿਆ ਤੇ ਮੈਂ ਪੰਜਾਬ ਨੂੰ। ਪੰਜਾਬ ਦੀ ਮੌਜੂਦਾ ਸਥਿਤੀ ‘ਤੇ ਟਿੱਪਣੀ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਹਾਲਤ ‘ਤੇ ਹੁਣ ਫ਼ਿਲਮਾਂ ਬਣ ਰਹੀਆਂ ਹਨ। ਹਰੀ ਕਰਾਂਤੀ ਲਈ ਜਾਣੇ ਜਾਂਦੇ ਪੰਜਾਬ ਨੂੰ ਹੁਣ ਚਿੱਟੇ ਪੰਜਾਬ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਨਸ਼ਿਆਂ ਨੇ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਦੇ ਆਉਣ ਨਾਲ ਕਾਂਗਰਸ ਨੂੰ ਖਾਸ ਤੌਰ ‘ਤੇ ਮਾਝੇ ਵਿੱਚ ਹੁਲਾਰਾ ਮਿਲੇਗਾ। ਭਾਵੇਂ ਇਹ ਪਤਾ ਨਹੀਂ ਲੱਗਾ ਕਿ ਸ੍ਰੀ ਸਿੱਧੂ ਨੇ ਕਿਹੜੀਆਂ ਸ਼ਰਤਾਂ ਮਨਵਾਈਆਂ ਹਨ ਪਰ ਦੱਸਣਯੋਗ ਹੈ ਕਿ ਉਹ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਕਾਫ਼ੀ ਦੇਰ ਤੋਂ ਯਤਨਸ਼ੀਲ ਹਨ। ਸ੍ਰੀ ਸਿੱਧੂ ਜਲੰਧਰ ਛਾਉਣੀ ਤੋਂ ਪਰਗਟ ਸਿੰਘ ਨੂੰ ਟਿਕਟ ਦਿਵਾਉਣ ਲਈ ਵੀ ਬਜ਼ਿੱਦ ਸਨ ਅਤੇ ਉਹ ਖੁਦ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਹਾਸਲ ਕਰ ਚੁੱਕੇ ਹਨ।
ਪਟਿਆਲਾ ਨਾਲ ਸਬੰਧਤ ਨਵਜੋਤ ਸਿੱਧੂ ਪਹਿਲੀ ਵਾਰ 2004 ਵਿਚ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਮੈਂਬਰ ਬਣੇ ਸਨ। ਬਾਅਦ ਵਿਚ ਉਨ੍ਹਾਂ ਨੇ ਜ਼ਿਮਨੀ ਚੋਣ ਵੀ ਜਿੱਤੀ ਸੀ। ਉਹ 2009 ਵਿੱਚ ਇਸੇ ਹਲਕੇ ਤੋਂ ਮੁੜ ਜਿੱਤੇ ਸਨ। ਪਿਛਲੇ ਸਾਲ ਅਪ੍ਰੈਲ ਵਿਚ ਉਨ੍ਹਾਂ ਨੂੰ ਭਾਜਪਾ ਨੇ ਰਾਜ ਸਭਾ ਮੈਂਬਰ ਬਣਾਇਆ ਸੀ ਪਰ ਦੋ ਮਹੀਨੇ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਭਾਜਪਾ ਨੂੰ ਅਲਵਿਦਾ ਕਹਿ ਕੇ ਉਨ੍ਹਾਂ ਨੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਨਾਂ ਦਾ ਸਿਆਸੀ ਫਰੰਟ ਬਣਾਇਆ ਸੀ। ਫਰੰਟ ਸਫ਼ਲ ਹੋਣ ਤੋਂ ਪਹਿਲਾਂ ਹੀ ਬਿਖਰ ਗਿਆ ਸੀ। ਪਹਿਲਾਂ ਬੈਂਸ ਭਰਾ ਵੱਖ ਹੋ ਗਏ  ਅਤੇ ਬਾਅਦ ‘ਚ ਡਾ. ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਸ੍ਰੀਮਤੀ ਸਿੱਧੂ ਨੇ ਐਲਾਨ ਕੀਤਾ ਸੀ ਕਿ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਕਾਂਗਰਸ ਵਿਚ ਆਉਣ ਵਾਲੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉੁਨ੍ਹਾਂ ਕਿਹਾ ਕਿ ਸਿੱਧੂ ਦੇ ਆਉਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਦੋਵੇਂ ਆਗੂ 19 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਇਕੱਠੇ ਮੱਥਾ ਟੇਕਣ ਜਾਣਗੇ। ਉਸ ਦਿਨ ਤੋਂ ਹੀ ਕਾਂਗਰਸ ਦੀ ਚੋਣ ਮੁਹਿੰਮ ਦਾ ਆਗ਼ਾਜ਼ ਹੋਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜੇ ਤਕ ਬਕਾਇਆ ਸੀਟਾਂ ਦਾ ਫੈਸਲਾ ਨਹੀਂ ਹੋਇਆ ਹੈ ਤੇ ਜਿਹੜੇ ਚਾਰ ਹਲਕਿਆਂ ਬਾਰੇ ਸੋਸ਼ਲ ਮੀਡੀਆ ‘ਤੇ ਚਰਚਾ ਚੱਲ ਰਹੀ ਹੈ। ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਟਿਕਟ ਮਿਲਣ ਦੀਆਂ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਫੈਸਲੇ ਨੂੰ ਸਿੱਧੂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਚਮਕੌਰ ਸਾਹਿਬ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਕਾਗਜ਼ ਦਾਖ਼ਲ ਕਰਾਉਣ ਜਾਣਗੇ। ਰੋਪੜ ਤੋਂ ਬਰਿੰਦਰ ਸਿੰਘ ਢਿੱਲੋਂ ਨੂੰ ਟਿਕਟ ਦੇ ਰੋਸ ਵਿੱਚ ਸ੍ਰੀ ਚੰਨੀ ਵੱਲੋਂ ਆਜ਼ਾਦ ਚੋਣ ਲੜਨ ਬਾਰੇ ਦਿੱਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਿਆਨ ਨਾਲ ਸਹਿਮਤ ਨਹੀਂ ਹਨ ਅਤੇ ਸ੍ਰੀ ਚੰਨੀ ਨੂੰ ਵੀ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਸ੍ਰੀ ਚੰਨੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਲਏ ਗਏ ਫੈਸਲਿਆਂ ਦੀ ਕਦਰ ਕਰਨੀ ਚਾਹੀਦੀ ਹੈ। ਸੂਤਰਾਂ ਅਨੁਸਾਰ ਰੋਪੜ ਹਲਕੇ ਬਾਰੇ ਵੀ ਕਾਂਗਰਸ ਦੁਚਿੱਤੀ ਵਿੱਚ ਹੈ।