ਅਖੰਡ ਪਾਠ ਭੇਟਾ ਵਧਾਉਣ ਦੀ ਮੰਗ ਨੂੰ ਲੈ ਕੇ ਪਾਠੀਆਂ ਵੱਲੋਂ ਰੋਸ ਵਿਖਾਵਾ

ਅਖੰਡ ਪਾਠ ਭੇਟਾ ਵਧਾਉਣ ਦੀ ਮੰਗ ਨੂੰ ਲੈ ਕੇ ਪਾਠੀਆਂ ਵੱਲੋਂ ਰੋਸ ਵਿਖਾਵਾ
ਕੈਪਸ਼ਨ- ਅਕਾਲ ਤਖ਼ਤ ‘ਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪਾਠੀ ਸਿੰਘ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਦੇ ਪਾਠੀਆਂ ਨੇ ਅਖੰਡ ਪਾਠ ਭੇਟਾ ਵਧਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਰੋਸ ਵਿਖਾਵਾ ਕੀਤਾ। ਇਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਰੰਭ ਹੋਣ ਵਾਲੇ ਅਖੰਡ ਪਾਠ ਪ੍ਰਭਾਵਤ ਹੋਏ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ somvfr n”M ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਖੰਡ ਪਾਠੀਆਂ ਨੇ ਸ੍ਰੀ ਅਕਾਲ ਤਖ਼ਤ ਨੇੜੇ ਸੁੱਖ ਆਸਨ ਵਾਲੀ ਥਾਂ ਕੋਲ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ। ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁੱਜੇ ਹੋਏ ਸਨ। ਪਾਠੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੜਤਾਲ ਕਰਦਿਆਂ ਇੱਥੇ ਅਰੰਭ ਹੋਣ ਵਾਲੇ ਅਖੰਡ ਪਾਠ ਕਰਨ ਤੋਂ ਮਨ੍ਹਾਂ ਕਰ ਦਿੱਤਾ, ਜਿਸ ਨਾਲ ਨਵੇਂ ਅਖੰਡ ਪਾਠ ਅਰੰਭ ਨਹੀਂ ਹੋ ਸਕੇ, ਜਦੋਂ ਕਿ ਪਹਿਲਾਂ ਤੋਂ ਚੱਲ ਰਹੇ ਅਖੰਡ ਪਾਠਾਂ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ। ਰੋਸ ਵਿਖਾਵਾ ਕਰ ਰਹੇ ਪਾਠੀਆਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਨਾਅਰੇ ਵੀ ਲਾਏ।
ਜਥੇਬੰਦੀ ਦੇ ਆਗੂ ਹਰਪਾਲ ਸਿੰਘ ਅਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਅਖੰਡ ਪਾਠੀਆਂ ਦੀ ਭੇਟਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦੋਂ ਕਿ 8 ਮਹੀਨਿਆਂ ਤੋਂ ਉਹ ਇਸ ਸਬੰਧੀ ਲਗਾਤਾਰ ਗੱਲਬਾਤ ਕਰ ਰਹੇ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਦੇ ਘਰ ਤੱਕ ਗਏ ਹਨ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਮਜਬੂਰਨ ਉਨ੍ਹਾਂ ਨੂੰ ਅਖੰਡ ਪਾਠ ਸ਼ੁਰੂ ਹੋਣ ਤੋਂ ਰੋਕਣੇ ਪਏ। ਉਨ੍ਹਾਂ ਮੰਗ ਕੀਤੀ ਕਿ ਪਾਠੀਆਂ ਦੀ ਭੇਟਾ ਵਿੱਚ ਵਾਧਾ ਕੀਤਾ ਜਾਵੇ, ਸਕਿਉਰਿਟੀ ਰਕਮ ਸਬੰਧੀ ਨਿਯਮ ਬਣਾਏ ਜਾਣ, ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਵਿੱਚ ਪਾਠੀਆਂ ਨੂੰ ਮੈਡੀਕਲ ਸਹੂਲਤ ਮੁਹੱਈਆ ਕੀਤੀ ਜਾਵੇ, ਹੋਰ ਮੁਲਾਜ਼ਮਾਂ ਵਾਂਗ ਪਾਠੀਆਂ ਦੇ ਪਰਿਵਾਰਾਂ ਲਈ ਰਿਹਾਇਸ਼ ਦਾ ਪ੍ਰਬੰਧ ਹੋਵੇ, ਕੁਦਰਤੀ ਹਾਦਸਾ ਵਾਪਰਨ ‘ਤੇ ਫੰਡ ਦੀ ਸਹੂਲਤ ਦਿੱਤੀ ਜਾਵੇ, ਸ਼੍ਰੋਮਣੀ ਕਮੇਟੀ ਦੇ ਸਕੂਲਾਂ-ਕਾਲਜਾਂ ਵਿੱਚ ਪਾਠੀਆਂ ਦੇ ਬੱਚਿਆਂ ਨੂੰ ਸਿੱਖਿਆ ਦੀ ਸਹੂਲਤ ਦਿੱਤੀ ਜਾਵੇ ਵਰਗੀਆਂ ਮੰਗਾਂ ਸ਼ਾਮਲ ਹਨ।
ਮਗਰੋਂ ਇਸ ਮਾਮਲੇ ਨੂੰ ਲੈ ਕੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਰੋਸ ਵਿਖਾਵਾ ਕਰ ਰਹੇ ਪਾਠੀ ਸਿੰਘਾਂ ਨਾਲ ਗੱਲਬਾਤ ਕੀਤੀ। ਮੀਟਿੰਗ ਮਗਰੋਂ ਦੋਵਾਂ ਧਿਰਾਂ ਵਿਚਾਲੇ ਰਜ਼ਾਮੰਦੀ ਹੋ ਗਈ ਅਤੇ ਕੁਝ ਨਵੇਂ ਅਖੰਡ ਪਾਠ ਵੀ ਅਰੰਭ ਕਰ ਦਿੱਤੇ ਗਏ। ਸ੍ਰੀ ਭਿੱਟੇਵੱਡ ਨੇ ਖੁਲਾਸਾ ਕੀਤਾ ਕਿ ਭੇਟਾ ਵਿੱਚ ਪ੍ਰਤੀ ਅਖੰਡ ਪਾਠ ਪ੍ਰਤੀ ਵਿਅਕਤੀ 200 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਾਠੀਆਂ ਵੱਲੋਂ ਕਟੌਤੀ ਕਰਾਈ ਰਕਮ ਵਿੱਚੋਂ ਹੀ ਉਨ੍ਹਾਂ ਦਾ ਮੈਡੀਕਲ ਬੀਮਾ ਕਰਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਮੰਗਾਂ ਬਾਰੇ ਵਿਚਾਰ ਕੀਤਾ ਜਾਵੇਗਾ। ਪਾਠੀਆਂ ਦੀ ਜਥੇਬੰਦੀ ਦੇ ਆਗੂ ਹਰਪਾਲ ਸਿੰਘ ਨੇ ਇਹ ਮੰਗਾਂ ਮੰਨਣ ਅਤੇ ਕੰਮ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ।
ਇੱਥੇ ਲਗਪਗ 41 ਨਵੇਂ ਅਖੰਡ ਪਾਠ ਅਰੰਭ ਹੋਣੇ ਸਨ, ਜੋ ਪਾਠੀਆਂ ਦੇ ਰੋਸ ਵਿਖਾਵੇ ਕਾਰਨ ਪ੍ਰਭਾਵਤ ਹੋਏ। ਮਗਰੋਂ ਇਨ੍ਹਾਂ ਵਿਚੋਂ 17 ਨਵੇਂ ਅਖੰਡ ਪਾਠ ਅਰੰਭ ਹੋ ਗਏ ਅਤੇ 24 ਅਖੰਡ ਪਾਠ ਹੁਣ ਅਗਲੇ ਦਿਨਾਂ ਵਿੱਚ ਅਰੰਭ ਹੋਣਗੇ। ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਠੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਕੀਤੇ ਰੋਸ ਵਿਖਾਵੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜੇ ਇਹ ਲੋਕ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਜਿਹੇ ਰੋਸ ਵਿਖਾਵੇ ਕਰਨਗੇ ਤਾਂ ਬਾਕੀਆਂ ‘ਤੇ ਕੀ ਅਸਰ ਪਵੇਗਾ। ਹੋਰ ਆਗੂਆਂ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ।