ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੱਸ ਕੇ ਫ਼ੀਸ ਅਦਾ ਕਰਨ ਨੂੰ ਤਿਆਰ

ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੱਸ ਕੇ ਫ਼ੀਸ ਅਦਾ ਕਰਨ ਨੂੰ ਤਿਆਰ
ਗੁਰਦੁਆਰਾ ਕਰਤਾਰਪੁਰ ਸਾਹਿਬ

ਕੱਲੇ ਲੀਡਰ ਹੀ ਆਵਦੇ ਨਿੱਜੀ ਮੁਫ਼ਾਦ ਲਈ ਭਖਾ ਰਹੇ ਹਨ ਸਿਆਸਤ,ਬੇਲੋੜੀ ਬਿਆਨ ਬਾਜੀ ਕਰ....
ਗੁਰੂ ਘਰਾਂ ਚ ਪਾਰਕਿੰਗ ਅਤੇ ਟੋਲ ਪਲਾਜਿਆਂ ਦੀ ਲੁੱਟ ਤੇ ਕਿਓਂ ਖਾਮੋਸ਼ ਹਨ ਸਿਆਸਤਦਾਨ

ਚੰਡੀਗੜ੍ਹ, (ਸਾਹਿਬ ਸੰਧੂ): ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਹੀ ਉਦਘਾਟਨੀ ਰਸਮਾਂ ਬਾਅਦ ਖੁੱਲ੍ਹ ਜਾਣਾ ਹੈ ਤੇ ਇਸ ਦੇ ਲਈ ਬਕਾਇਦਾ ਆਨਲਾਇਨ ਰਜਿਸਟਰੇਸ਼ਨ ਸ਼ੁਰੂ ਵੀ ਹੋ ਚੁੱਕੀ ਹੈ, ਪਰ ਇਸ ਰਾਹ ਦੇ ਖੁੱਲਣ ਤੋਂ ਪਹਿਲਾਂ ਹੀ ਭਾਰਤੀ ਪ੍ਰਬੰਧ ਹੇਠਲੇ ਪੰਜਾਬ ਦੀਆਂ ਸਿਆਸੀ ਧਿਰਾਂ ਪਾਕਿਸਤਾਨ ਵੱਲੋਂ ਹਰ ਯਾਤਰੀ ਤੋਂ ਵੀਹ ਡਾਲਰ ਦੀ ਫ਼ੀਸ ਲੈਣ ਦੀ ਗੱਲ ਨੂੰ ਇੱਕ ਵੱਡਾ ਮੁੱਦਾ ਬਣਾ ਨਫ਼ਰਤ ਦੀ ਬੋਲੀ ਬੋਲ ਰਹੀਆਂ ਹਨ। ਜਦਕਿ ਕਈ ਹਿੰਦੂ ਜਥੇਬੰਦੀਆਂ ਜੋ ਅਕਸਰ ਪੰਜਾਬ ਦਾ ਮਾਹੋਲ ਖਰਾਬ ਕਰਨ 'ਚ ਮੋਹਰੀ ਭੂਮਿਕਾਂ ਅਦਾ ਕਰਦੀਆਂ ਹਨ ਓਹਨਾਂ ਨੇ ਤਾਂ ਨੰਗੇ ਚਿੱਟੇ ਹੋ ਵਿਰੋਧ ਪ੍ਰਦਰਸ਼ਨ ਕਰਦੇ ਆਖਿਆ ਕਿ ਇਹ ਲਾਂਘਾ ਨਹੀਂ ਖੁੱਲਣਾ ਚਾਹੀਦਾ। ਵੀਹ ਡਾਲਰ ਫ਼ੀਸ 'ਤੇ ਹੁੰਦੀ ਬਿਆਨਬਾਜੀ ਖਿਲਾਫ਼ ਸੋਸ਼ਲ ਮੀਡੀਆ 'ਤੇ ਸਿੱਖ ਸੰਗਤ ਵੱਲੋਂ ਲੀਡਰਾਂ ਤੇ ਮੋਜੂਦਾ ਹੁਕਮਰਾਨਾਂ ਖਿਲਾਫ਼ ਰੱਜ ਕੇ ਗੁੱਸਾ ਕੱਢਿਆ ਜਾ ਰਿਹਾ ਹੈ। ਸੰਗਤਾਂ ਨੇ ਵੀਹ ਡਾਲਰ ਦੇਣ ਦੀ ਪੇਸ਼ਕਸ 'ਤੇ ਹਾਮੀ ਭਰਦਿਆਂ ਆਖਿਆ ਕਿ ਜਦ ਪੰਜਾਬ ਅਤੇ ਕੇਂਦਰ ਸਰਕਾਰ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ 'ਤੇ ਟੋਲ ਪਲਾਜਿਆਂ ਰਾਹੀ ਛਿੱਲ ਲਾ ਰਹੀ ਹੈ ਤਾਂ ਪਾਕਿਸਤਾਨ ਸਰਕਾਰ ਬਾਰੇ ਬੋਲਣ ਦਾ ਇਹਨਾਂ ਸਿਆਸਤਦਾਨਾਂ ਨੂੰ ਕੋਈ ਹੱਕ ਨਹੀਂ ਰਹਿੰਦਾ। ਜੇਕਰ ਸਰਕਾਰਾਂ ਖੁੱਦ ਅਜਿਹਾ ਕਰਨੋ ਹੱਟ ਜਾਣ ਤਾਂ ਸੰਗਤ ਵੀਹ ਡਾਲਰ ਦਾ ਵਿਰੋਧ ਵੀ ਕਰੇਗੀ ਤੇ ਪਾਕਿਸਤਾਨ 'ਤੇ ਦਬਾਅ ਪਾ ਇਸ ਨੂੰ ਘੱਟ ਜਾ ਖ਼ਤਮ ਵੀ ਕਰਵਾਇਆ ਜਾ ਸਕਦਾ ਹੈ। ਟੋਲ ਪਲਾਜਿਆਂ ਤੋਂ ਇਲਾਵਾਂ ਗੁਰੂ ਘਰਾਂ ਦੀ ਪਾਰਕਿੰਗ 'ਚ ਵੀ ਸੰਗਤਾਂ ਤੋਂ ਪੈਸਾ ਵਸੂਲਿਆ ਜਾਂਦਾ ਹੈ ਤੇ ਸ਼੍ਰੋਮਣੀ ਕਮੇਟੀ ਅਧੀਨ ਗੁਰੂ ਘਰਾਂ ਦੀ ਪਾਰਕਿੰਗ ਦਾ ਜਿੰਮਾਂ ਵੀ ਗੈਰ ਪੰਜਾਬੀ ਪਤਿੱਤ ਵਿਅਕਤੀਆਂ ਨੂੰ ਦਿੱਤਾ ਜਾਂਦਾ ਜੋ ਸੰਗਤ ਨਾਲ ਅਕਸਰ ਗੁੰਡਾਗਰਦੀ ਕਰਦੇ ਵੇਖੇ ਜਾ ਸਕਦੇ ਹਨ।

ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਤਰਕ ਹੈ ਕਿ ਆਖਰ ਲੰਮੀ ਉਡੀਕ ਬਾਅਦ ਸੰਗਤ ਦੀਆਂ ਆਸਾਂ ਨੂੰ ਬੂਰ ਪਿਆ ਤੇ ਜਿਸ ਦੇ ਲਈ ਇਮਰਾਨ ਖਾਂ ਦਾ ਧੰਨਵਾਦ ਕਰਦੇ ਹਾਂ ਤੇ ਇਸ ਲਾਂਘੇ ਦੀ ਹੋਈ ਉਸਰੀ 'ਤੇ ਹੋਇਆ ਖਰਚ ਜੇਕਰ ਸਾਡੇ ਕੋਲੋਂ ਵੀਹ ਡਾਲਰ ਰੂਪ 'ਚ ਵਸੂਲਿਆ ਵੀ ਜਾ ਰਿਹਾ ਤਾਂ ਸਾਨੂੰ ਕੋਈ ਇਤਰਾਜ ਨਹੀਂ। ਬਲਕਿ ਇਹ ਵੀਹ ਡਾਲਰ ਵਾਲੀ ਫ਼ੀਸ ਪੰਜਾਬ ਦੇ ਟੋਲ ਪਲਾਜਿਆਂ ਤੇ ਪਾਰਕਿੰਗ ਫੀਸਾਂ ਨਾਲੋਂ ਘੱਟ ਹੀ ਹੋਵੇਗੀ।

ਲਹਿੰਦੇ ਪੰਜਾਬ ਧਰਤ 'ਤੇ ਰਾਵੀ ਦਰਿਆ ਕੰਢੇ ਵਸੇ ਇਸ ਇਤਿਹਾਸਕ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਨਾਲ ਜੁੜਿਆ ਹੋਇਆ ਹੈ। ਜਿਥੋਂ ਪਹਿਲੀ ਪਾਤਸ਼ਾਹੀ ਬਾਬੇ ਨਾਨਕ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ। 26 ਨਵੰਬਰ, 2018 ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਅਤੇ ਇਸ ਮਗਰੋਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਵੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ।

ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਜਦੋਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ।

ਲੰਮੇ ਸਮੇਂ ਤੋਂ ਸੰਗਤਾਂ ਨੂੰ ਦਰਸ਼ਨ ਦੀਦਾਰਿਆਂ ਦੀ ਤਾਂਘ
ਸਿੱਖ ਕੌਮ ਦਾ ਬਹੁਤ ਵੱਡਾ ਇੱਕ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਸੰਗਤਾਂ ਨੂੰ ਲੰਮੇ ਸਮੇਂ ਤੋਂ ੳਡੀਕ ਸੀ। ਜੇਕਰ ਇਸ ਲਾਂਘੇ ਦੀ ਗੱਲ ਕਰੀਏ ਤਾਂ ਸੰਨ 2001 ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 'ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ' ਕਾਇਮ ਕਰਕੇ ਇਸ ਮੁੱਦੇ ਨੂੰ ਵਿਸ਼ਾਲ ਪੱਧਰ 'ਤੇ ਉਭਾਰਿਆ, ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਅਗਾਂਹ ਹੋ ਕੇ ਭਰਵਾ ਹੁੰਗਾਰਾ ਦਿੱਤਾ। ਕਾਮਯਾਬੀ ਲਈ ਡੇਰਾ ਬਾਬਾ ਨਾਨਕ ਤੋਂ ਹਰ ਮਹੀਨੇ ਮੱਸਿਆ 'ਤੇ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਚਲਦੇ ਸਾਹਾਂ ਤੱਕ ਭਾਈ ਵਡਾਲਾ ਇਸ 'ਤੇ ਪਹਿਰਾ ਦਿੰਦੇ ਰਹੇ। ਬੀਤੇ ਕੱਲ੍ਹ ਭਾਰਤ-ਪਾਕਿ ਅਧਿਕਾਰੀਆਂ ਨੇ ਇਸ ਲਾਂਘੇ ਦੀਆਂ ਸ਼ਰਤਾਂ ਦਾ ਸਮਝੌਤਾ (ਇਕਰਾਰ ਨਾਮਾਂ) ਸਾਇਨ ਕਰ ਇਤਿਹਾਸ ਸਿਰਜ ਦਿੱਤਾ।

ਇਸ ਸਮਝੌਤੇ ਤਹਿਤ ਹੇਠ ਲਿਖ਼ੀਆਂ ਸ਼ਰਤਾਂ ਰੱਖੀਆਂ ਗਈਆਂ
ਸ਼ਰਧਾਲੂ ਆਪਣੇ ਨਾਲ ਵੱਧ ਤੋਂ ਵੱਧ 11 ਹਜ਼ਾਰ ਦੀ ਨਗ਼ਦੀ ਤੇ ਸੱਤ ਕਿਲੋ ਵਜ਼ਨੀ ਬੈਗ ਹੀ ਲਿਜਾ ਸਕਣਗੇ
13 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਗਰੁੱਪਾਂ ਵਿੱਚ ਹੀ ਯਾਤਰਾ ਕਰ ਸਕਣਗੇ
ਯਾਤਰਾ ਮੌਕੇ ਵਾਤਾਵਰਨ ਪੱਖੀ ਸਮੱਗਰੀ ਜਿਵੇਂ ਕੱਪੜੇ ਦੇ ਬੈਗ ਨੂੰ ਤਰਜੀਹ ਦੇਣ ਦੀ ਹਦਾਇਤ
ਤੇਜ਼ ਆਵਾਜ਼ ’ਚ ਸੰਗੀਤ ਚਲਾਉਣ ਤੇ ਹੋਰਨਾਂ ਦੀਆਂ ਫੋਟੋਆਂ ਖਿੱਚਣ ਦੀ ਨਹੀਂ ਹੋਵੇਗੀ ਇਜਾਜ਼ਤ
ਯਾਤਰੂਆਂ ਨੂੰ ਇਕੱਲੇ ਜਾਂ ਗਰੁੱਪਾਂ ਵਿੱਚ ਅਤੇ ਤੁਰ ਕੇ ਜਾਣ ਦੀ ਖੁੱਲ੍ਹ ਹੋਵੇਗੀ
ਯਾਤਰੂਆਂ ਲਈ ‘ਲੰਗਰ’ ਤੇ ‘ਪ੍ਰਸਾਦ’ ਦਾ ਪ੍ਰਬੰਧ ਪਾਕਿਸਤਾਨ ਕਰੇਗਾ
ਲਾਂਘਾ ਰੋਜ਼ ਪਹੁ-ਫੁਟਾਲੇ ਤੋਂ ਦਿਨ ਛਿਪਣ ਤਕ ਖੁੱਲ੍ਹਾ ਰਹੇਗਾ
ਰੋਜ਼ਾਨਾ 5000 ਭਾਰਤੀ ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਹੋਵੇਗੀ ਇਜਾਜ਼ਤ
ਪਾਕਿਸਤਾਨ ਦੇ ਕਿਸੇ ਹੋਰ ਗੁਰਦੁਆਰੇ ’ਚ ਜਾਣ ਦੀ ਹੋਵੇਗੀ ਮਨਾਹੀ
ਪਛਾਣ ਲਈ ਪਾਸਪੋਰਟ ਲਾਜ਼ਮੀ ਹੋਵੇਗਾ, ਹਾਲਾਂਕਿ ਇਸ ’ਤੇ ਕੋਈ (ਵੀਜ਼ੇ ਦੀ) ਮੋਹਰ ਨਹੀਂ ਲੱਗੇਗੀ
ਤਜਵੀਜ਼ਤ ਯਾਤਰਾ ਤੋਂ ਦਸ ਦਿਨ ਪਹਿਲਾਂ ਭਾਰਤ ਸਬੰਧਤ ਸ਼ਰਧਾਲੂਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ
ਸ਼ਰਧਾਲੂਆਂ ਨੂੰ 4 ਦਿਨ ਪਹਿਲਾਂ ਹੀ ਯਾਤਰਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ

ਸੰਗਤਾਂ ਵੱਲੋਂ ਦੋਵੇਂ ਮੁਲਖ਼ਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਤੇ ਖੁਸ਼ੀ ਮਨਾਈ ਜਾ ਰਹੀ ਹੈ। ਛੇਤੀ ਹੀ ਸੰਗਤਾਂ ਜਥਿਆਂ ਦੇ ਰੂਪ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਸਿੱਜਦਾ ਕਰਨਗੀਆਂ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।