ਅਜਮੇਰ ਔਲਖ ਦੇ ਇਲਾਜ ਦਾ ਬਿਲ ਸਰਕਾਰ ਅਦਾ ਕਰੇਗੀ: ਬ੍ਰਹਮ ਮਹਿੰਦਰਾ

ਅਜਮੇਰ ਔਲਖ ਦੇ ਇਲਾਜ ਦਾ ਬਿਲ ਸਰਕਾਰ ਅਦਾ ਕਰੇਗੀ: ਬ੍ਰਹਮ ਮਹਿੰਦਰਾ

ਚੰਡੀਗੜ੍ਹ/ਬਿਊਰੋ ਨਿਊਜ਼ :
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਫੋਰਟਿਸ ਹਸਪਤਾਲ ਨੂੰ ਇੱਕ ਪੱਤਰ ਭੇਜ ਕੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਇਲਾਜ ਦਾ ਬਿਲ ਪੰਜਾਬ ਸਰਕਾਰ ਨੂੰ ਭੇਜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਔਲਖ ਦੇ ਇਲਾਜ ਦਾ ਖ਼ਰਚਾ ਭਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਲਈ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ‘ਤੇ ਕਾਇਮ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਚਾਹੇ ਔਲਖ ਦੇ ਇਲਾਜ ਦਾ ਸਾਰਾ ਖ਼ਰਚਾ ਚੁੱਕਣ ਦਾ ਐਲਾਨ ਕਰ ਚੁੱਕੀ ਹੈ, ਪਰ ਉਨ੍ਹਾਂ ਦਾ ਪਰਿਵਾਰ ਉਦੋਂ ਦੰਗ ਰਹਿ ਗਿਆ ਜਦੋਂ ਬੀਤੇ ਦਿਨ ਹਸਪਤਾਲ ਪ੍ਰਬੰਧਕਾਂ ਨੇ ਉਨ੍ਹਾਂ ਹੱਥ 16 ਲੱਖ ਰੁਪਏ ਦਾ ਬਿਲ ਫੜਾ ਦਿੱਤਾ। ਸਿਹਤ ਮੰਤਰੀ ਨੇ ਕਿਹਾ ਕਿ ਔਲਖ ਦੇ ਬਿਮਾਰ ਹੋਣ ਦੀ ਖ਼ਬਰ ਸੁਣ ਕੇ ਮੁੱਖ ਮੰਤਰੀ ਵਲੋਂ ਉਨ੍ਹਾਂ ਦੇ ਇਲਾਜ ਲਈ ਦੋ ਲੱਖ ਦਾ ਚੈੱਕ ਪਹਿਲਾਂ ਹੀ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਅਰੁਣਾ ਚੌਧਰੀ ਨਾਟਕਕਾਰ ਦਾ ਹਾਲਚਾਲ ਪੁੱਛਣ ਵਾਸਤੇ ਫੋਰਟਿਸ ਹਸਪਤਾਲ ਵੀ ਗਏ ਸਨ। ਨਾਟਕਕਾਰ ਅਜਮੇਰ ਔਲਖ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਲਾਜ ਲਈ ਫੋਰਟਿਸ ਹਸਪਤਾਲ ਮੁਹਾਲੀ ‘ਚ ਦਾਖ਼ਲ ਸਨ। ਸ੍ਰੀ ਔਲਖ ਦੀ ਪਤਨੀ ਦਾ ਕਹਿਣਾ ਸੀ ਕਿ ਹਸਪਤਾਲ ਵਲੋਂ ਉਨ੍ਹਾਂ ਨੂੰ ਇਲਾਜ ‘ਤੇ ਸਾਢੇ ਸੱਤ ਲੱਖ ਤਕ ਦਾ ਖਰਚਾ ਆਉਣ ਬਾਰੇ ਦੱਸਿਆ ਗਿਆ ਸੀ, ਪਰ ਹਸਪਤਾਲ ਪ੍ਰਸ਼ਾਸਨ ਨੇ ਬਿਲ ਸੋਲਾਂ ਲੱਖ ਦਾ ਫੜਾ ਦਿੱਤਾ। ਸਿਹਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨਾਟਕਕਾਰ ਦੀ ਸਿਹਤ ਨੂੰ ਲੈ ਕੇ ਫ਼ਿਕਰਮੰਦ ਸੀ ਅਤੇ ਉਨ੍ਹਾਂ ਦੇ ਤੰਦਰੁਸਤ ਹੋਣ ਦੀ ਖ਼ਬਰ ਸੁਣ ਕੇ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਆਸ ਨਾਲੋਂ ਵੱਧ ਸੋਲਾਂ ਲੱਖ ਦਾ ਬਿਲ ਬਣਾਉਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਹਸਪਤਾਲ ਰਹਿੰਦੀ ਰਕਮ ਭਰਨ ਲਈ ਔਲਖ ਪਰਿਵਾਰ ਨੂੰ ਨਹੀਂ ਕਹੇਗਾ।
ਨਵਜੋਤ ਸਿੱਧੂ ਵਲੋਂ 8 ਲੱਖ ਰੁਪਏ ਦੀ ਮਦਦ :
ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ 8 ਲੱਖ ਰੁਪਏ ਦਾ ਚੈੱਕ ਦਿੱਤਾ। ਸ੍ਰੀ ਸਿੱਧੂ ਖੁਦ ਹਸਪਤਾਲ ਗਏ ਤੇ ਉਨ੍ਹਾਂ ਔਲਖ ਪਰਿਵਾਰ ਨੂੰ ਮਾਲੀ ਮਦਦ ਦਿੱਤੀ।