‘ਹੱਸਦਾ ਪੰਜਾਬ’ ਦੇ ਵਿਸਾਖੀ ਮੇਲੇ ਉਤੇ ਪੰਜਾਬੀਆਂ ਨੇ ਪਾਈਆਂ ਧਮਾਲਾਂ

‘ਹੱਸਦਾ ਪੰਜਾਬ’ ਦੇ ਵਿਸਾਖੀ ਮੇਲੇ ਉਤੇ ਪੰਜਾਬੀਆਂ ਨੇ ਪਾਈਆਂ ਧਮਾਲਾਂ

ਡੈਲਸ (ਟੈਕਸਸ):ਹਰਜੀਤ ਢੇਸੀ:
ਸਥਾਨਕ ਪੰਜਾਬੀ ਐਸੋਸੀਏਸ਼ਨ ਹੱਸਦਾ ਪੰਜਾਬ ਵੱਲੋਂ ਕਰਵਾਏ ਗਏ ਸਭਿਆਚਾਰਕ ਮੇਲੇ ਦਾ ਡੈਲਸ ਤੇ ਦੂਰੋਂ ਨੇੜਿਓ ਆਏ ਪੰਜਾਬੀਆਂ ਨੇ ਭਰਪੂਰ ਆਨੰਦ ਮਾਣਿਆ। ਵਿਸਾਖੀ ਨੂੰ ਸਮਰਪਿਤ ਇਸ ਸਭਿਆਚਾਰਕ ਪ੍ਰੋਗਰਾਮ ਦੇ ਪਰਿਵਾਰਕ ਮਾਹੌਲ ਵਾਲੇ ਮੇਲੇ ਵਿਚ ਜਿੱਥੇ ਪੰਜਾਬੀਆਂ ਨੇ ਨੱਚ ਨੱਚ ਕੇ ਧਰਤ ਹਲਾ ਦਿੱਤੀ ਉੱਥੇ ਪੰਜਾਬੀ ਸੰਗੀਤ ਦੀ ਗੂੰਜ ਨੇ ਆਡੋਟੀਰਅਮ ਨੂੰ ਪੰਜਾਬ ਦੀ ਖੁਸ਼ਬੋਈ ਨਾਲ ਮਹਿਕਣ ਲਗਾ ਦਿੱਤਾ। ਇਸ ਮੌਕੇ ਦਿਲਕਸ਼ ਨਜ਼ਾਰਾ ਪੇਸ਼ ਸੀ ਅਤੇ ਹਰ ਪਾਸੇ ਪੰਜਾਬੀਆਂ ਦਾ ਠਾਠਾਂ ਮਾਰਦਾ ਸਮੁੰਦਰ ਦਿਸ ਰਿਹਾ ਸੀ। ਡੈਲਸ ਸ਼ਹਿਰ ਦੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਵਿਸਾਖੀ ਮੇਲੇ ਵਿਚ ਸ਼ਿਰਕਤ ਕਰਕੇ ਇਸ ਨੂੰ ਕਾਮਯਾਬ ਕੀਤਾ।
ਪੰਜਾਬੀਆਂ ਦੀ ਸ਼ਮੂਲੀਅਤ ਇੰਨੀਂ ਭਰਵੀਂ ਸੀ ਕਿ ਮੇਲੇ ਵਾਲੀ ਥਾਂ ਪਲੈਨੋ ਸੈਂਟਰ ਦੇ ਆਡੋਟੋਰੀਅਮ ਵਿਚ ਤਿਲ ਸੁੱਟਣ ਲਈ ਜਗ੍ਹਾ ਨਹੀਂ ਰਹੀ। ਹੱਸਦਾ ਪੰਜਾਬ ਦੀ ਪ੍ਰਬੰਧਕੀ ਟੀਮ ਦੀ ਆਸ ਤੋਂ ਕਿਤੇ ਵੱਧ ਪੰਜਾਬੀਆ ਨੇ ਸਭਿਆਚਾਰਕ ਸ਼ਾਮ ਦਾ ਆਨੰਦ ਮਾਣਿਆ। ਇੰਜ ਲੱਗ ਰਿਹਾ ਸੀ ਕਿ ਜਿਵੇਂ ਪੰਜਾਬੀ ਸੱਤ ਸਮੁੰਦਰੋਂ ਪਾਰ ਆਪਣੇ ਪਿਆਰੇ ਵਤਨ ਪੰਜਾਬ ਦੀ ਮਹਿਕ ਦੇ ਸੁਪਨਿਆਂ ਵਿਚ ਗਵਾਚ ਕੇ ਆਪਣੇ ਅਤੀਤ ਨੂੰ ਫੜਨ ਦੀ ਕੋਸ਼ਿਸ਼ ਵਿਚ ਹੋਣ।
ਮੇਲਾ ਕਰੀਬ ਸ਼ਾਮੀ 3.00 ਵਜੇ ਸ਼ੁਰੂ ਹੋਇਆ। ਸਟੇਜਾਂ ਦੀ ਰਾਣੀ ਕਰਕੇ ਜਾਣੀ ਜਾਂਦੀ ਮੰਚ ਸੰਚਾਲਕਾ ਬੀਬੀ ਸ਼ੈਰੀ ਦੱਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖ ਕੇ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ। ਬੀਬੀ ਦੱਤਾ ਅਤੇ ਮਨਧੀਰ ਬੱਲ ਨੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ ਬੜੀ ਰਵਾਨਗੀ ਨਾਲ ਪੇਸ਼ ਕਰਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਮੇਲੇ ਦਾ ਆਗਾਜ਼ ਅਕਾਲ ਪੁਰਖ ਅੱਗੇ ਅਰਦਾਸ ਨਾਲ ਹੋਇਆ। ਪਹੁੰਚੇ ਹੋਏ ਕਲਾਕਾਰਾਂ ਦੇ ਆਪਣੇ ਪੁਰਾਣੇ ਤੇ ਨਵੇਂ ਗੀਤਾਂ ਨਾਲ ਮਹਿਫਲ ਗਰਮਾ ਦਿੱਤੀ ਅਤੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਸਭ ਦਾ ਮਨ ਮੋਹ ਲਿਆ। ਬੀਬੀ ਅਖ਼ਤਰ ਨੇ ਆਪਣੀ ਦਮਦਾਰ ਆਵਾਜ਼ ਨਾਲ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਕੇ ਮੇਲੀਆਂ ਨੂੰ ਝੂਮਣ ਲਾ ਦਿੱਤਾ. ਉਨ੍ਹਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਫ਼ ਸੁਥਰਾ ਸੰਗੀਤ ਹੀ ਸੁਣਨਾ ਚਾਹੀਦਾ ਹੈ ਤਾਂ ਜੋ ਸਾਫ ਸੁਥਰੀ ਗਾਇਕੀ ਪੇਸ਼ ਕਰਨ ਵਾਲੇ ਪੰਜਾਬੀ ਗਾਇਕਾਂ ਨੂੰ ਉਤਸ਼ਾਹ ਮਿਲ ਸਕੇ।
ਹੱਸਦਾ ਪੰਜਾਬ ਦੀ ਟੀਮ ਵੱਲੋਂ ਸਪਾਂਸਰਾਂ ਅਤੇ ਪੰਜਾਬੀ ਭਾਈਚਾਰੇ ਦੀਆਂ ਸਨਮਾਨ ਯੋਗ ਸ਼ਖਸੀਅਤਾ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿਚ ਹਰਜੀਤ ਸਿੰਘ ਢੇਸੀ ਅਤੇ ਪਰਮਿੰਦਰ ਸੰਘੇੜਾ ਨੂੰ ਉਨ੍ਹਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੇਲੇ ਦੇ ਗਰੈਂਡ ਸਪਾਂਸਰ ਰਜਿੰਦਰ ਸੰਧੂ ਅਤੇ ਰਾਜਦੀਪ ਭੰਗੂ, ਮੁੱਖ ਮਹਿਮਾਨ ਕਰਨੈਲ ਸਿੰਘ ਤੇ ਕੰਵਲਜੀਤ ਸਿੰਘ, ਪਲਾਟੀਨਮ ਸਪਾਂਸਰ ਸੁਰਜੀਤ ਸਿੰਘ ਅਤੇ ਗੋਲਡੀ, ਗੋਲਡ ਸਪਾਂਸਰ ਕੁਲਜੀਤ ਸਿੰਘ ਚੀਮਾ, ਸੋਨੂੰ ਢਿੱਲੋਂ, ਅੰਗਰੇਜ਼ ਸਿੰਘ, ਪਰਾਊਡ ਸਪਾਂਸਰ ਜੀਤਾ ਰੰਧਾਵਾ, ਮਨਧੀਰ ਬੱਲ ਅਤੇ ਹਰਜੀਤ ਰੰਧਾਵਾ ਸਨ। ਇਨ੍ਹਾਂ ਸਭ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੈਨੀ ਸਿੱਧੂ ਇਸ ਮੇਲੇ ਦੇ ਡਾਇਮੰਡ ਸਪਾਂਸਰ ਸਨ।
ਜੋਗਾ ਸਿੰਘ ਸੰਧੂ ਅਤੇ ਗੁਰਦੇਵ ਸਿੰਘ ਹੇਅਰ ਨੇ ਇਸ ਮੇਲੇ ਨੂੰ ਕਾਮਯਾਬ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਇਸੇ ਦੌਰਾਨ ਸੰਸਥਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਸ ਦਾ ਤੀਆਂ ਦਾ ਮੇਲਾ ਆਉਂਦੀ 15 ਜੁਲਾਈ ਨੂੰ ਸ਼ਾਮੀਂ 5:00 ਵਜੇ ਤੋਂ ਰਾਤੀਂ 10:00 ਵਜੇ ਤੱਕ ਹੋਵੇਗਾ। ਅੰਤ ਵਿਚ ਗੁਰਸ਼ਰਨ ਸਿੰਘ ਬਗਲੀ ਅਤੇ ਸ਼ੇਰੇ ਪੰਜਾਬ ਸਿੰਘ ਰੰਧਾਵਾ ਵੱਲੋਂ ਸਭ ਪ੍ਰਤੀਯੋਗੀਆਂ, ਸਹਿਯੋਗੀਆਂ ਦਾ ਮੇਲੇ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਗਿਆ।