ਤੇਜ਼ਾਬ ਪੀੜਤ ਲੜਕੀ ਨੇ ਆਖ਼ਰ ਦੋਸ਼ੀਆਂ ਨੂੰ ਦਿਵਾਈ ਸਜ਼ਾ

ਤੇਜ਼ਾਬ ਪੀੜਤ ਲੜਕੀ ਨੇ ਆਖ਼ਰ ਦੋਸ਼ੀਆਂ ਨੂੰ ਦਿਵਾਈ ਸਜ਼ਾ

ਸਜ਼ਾ ਤੋਂ ਸੰਤੁਸ਼ਟ ਨਹੀਂ ਪਰ ਫੇਰ ਵੀ ਮਹਿਸੂਸ ਕਰ ਰਹੀ ਹੈ ਰਾਹਤ
ਨਡਾਲਾ/ਬਿਊਰੋ ਨਿਊਜ਼ :
ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਟਾਂਡੀ ਦਾਖਲੀ ਦੀ ਦਲਜੀਤ ਕੌਰ ਪੁੱਤਰੀ ਮਲਕੀਤ ਸਿੰਘ ਫੌਜੀ ਨੇ ਉਸ ‘ਤੇ ਤੇਜ਼ਾਬ ਸੁੱਟਣ ਵਾਲਿਆਂ ਨੂੰ ਆਖ਼ਰ ਸਜ਼ਾ ਦਿਵਾ ਦਿੱਤੀ ਹੈ। ਜ਼ਿਲ੍ਹਾ ਐਡੀਸ਼ਨਲ ਤੇ ਸੈਸ਼ਨ ਜੱਜ ਬਲਵਿੰਦਰ ਕੁਮਾਰ ਨੇ ਇਸ ਕੇਸ ਦੇ ਦੋ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਤੇ 15-15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਕੇਸ ਅਨੁਸਾਰ ਜਗਜੀਵਨ ਸਿੰਘ, ਜਸਪ੍ਰੀਤ ਸਿੰਘ ਅਤੇ ਇੱਕ ਹੋਰ ਨੌਜਵਾਨ (ਵਾਸੀ ਖਾਨਪੁਰ ਥਾਣਾ ਸੁਭਾਨਪੁਰ) ਨੇ ਆਪਣੇ ਘਰ ਤੋਂ ਨਡਾਲਾ ਏਪੈਕਸ ਹਸਪਤਾਲ ਡਿਊਟੀ ‘ਤੇ ਜਾ ਰਹੀ ਦਲਜੀਤ ਕੌਰ ‘ਤੇ ਕਿਸੇ ਹੋਰ ਲੜਕੀ ਦੇ ਭੁਲੇਖੇ ਤੇਜ਼ਾਬ ਪਾ ਦਿੱਤਾ ਸੀ। ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਸੀ। ਇਸ ਸਬੰਧੀ ਥਾਣਾ ਸੁਭਾਨਪੁਰ ਵਿਚ 10 ਜਨਵਰੀ 2010 ਨੂੰ ਪੁਲੀਸ ਨੇ ਕੇਸ ਤਾਂ ਦਰਜ ਸੀ ਪਰ ਪੁਲੀਸ ਦੋਸ਼ੀਆਂ ਤੱਕ ਪਹੁੰਚ ਨਹੀਂ ਸੀ ਸਕੀ। ਪੀੜਤ ਲੜਕੇ ਦੇ ਪਿਤਾ ਵੱਲੋਂ ਇਹ ਕੇਸ ਜਲੰਧਰ ਪੁਲੀਸ ਕੋਲ ਲਿਜਾਏ ਜਾਣ ਤੋਂ ਬਾਅਦ ਇੰਸਪੈਕਟਰ ਅੰਗਰੇਜ਼ ਸਿੰਘ ਨੇ ਕੇਸ ਦੀ ਜਾਂਚ ਕਰਕੇ ਤਿੰਨ ਜਣਿਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ। ਇੱਕ ਦੋਸ਼ੀ ਦੀ ਨਾਬਾਲਗ ਹੋਣ ਕਰਕੇ ਜਲਦੀ ਜ਼ਮਾਨਤ ਹੋ ਗਈ ਤੇ ਉਹ ਵਿਦੇਸ਼ ਜਾਣ ਵਿੱਚ ਸਫਲ ਹੋ ਗਿਆ।
ਕੇਸ ਕਾਫੀ ਲੰਮਾ ਸਮਾਂ ਚੱਲਣ ਕਰਕੇ ਲੜਕੀ ਕਾਫੀ ਪ੍ਰੇਸ਼ਾਨ ਸੀ ਪਰ ਉਸ ਨੇ ਹੌਸਲਾ ਨਹੀਂ ਹਾਰਿਆ। 3 ਮਈ 2016 ਨੂੰ ਲੜਕੀ ਨੇ ਕਿਸੇ ਪਾਸੇ ਇਨਸਾਫ ਨਾ ਮਿਲਦਾ ਦੇਖ ਕੇ ਦੇਸ਼ ਦੇ ਰਾਸ਼ਟਰਪਤੀ ਕੋਲੋਂ ਇੱਛਾ ਮੌਤ ਦੀ ਆਗਿਆ ਮੰਗੀ ਸੀ। ਇਸ ਦਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਤੁਰੰਤ ਨੋਟਿਸ ਲੈਂਦਿਆਂ ਲੜਕੀ ਅਤੇ ਉਸ ਦੇ ਪਿਤਾ ਨੂੰ ਬੁਲਾ ਕੇ ਹੌਸਲਾ ਦਿੱਤਾ ਤੇ ਮੱਦਦ ਦਾ ਭਰੋਸਾ ਵੀ ਦਿੱਤਾ। ਉਸ ਤੋਂ ਬਾਅਦ ਆਏ ਇਸ ਫੈਸਲੇ ‘ਤੇ ਭਾਵੇਂ ਪੀੜਤ ਲੜਕੀ ਪੂਰੀ ਸੰਤੁਸ਼ਟ ਨਹੀਂ, ਫਿਰ ਵੀ ਅਦਾਲਤ ਵੱਲੋਂ ਕੀਤੇ ਇਨਸਾਫ ਨੂੰ ਪ੍ਰਵਾਨ ਕਰਦੀ ਹੈ।