ਕੈਨੇਡਾ ਦਾ ਪੰਜਾਬੀ ਭਲਵਾਨ-ਅਮਰ ਢੇਸੀ

ਕੈਨੇਡਾ ਦਾ ਪੰਜਾਬੀ ਭਲਵਾਨ-ਅਮਰ ਢੇਸੀ

ਪ੍ਰਵਾਸੀ ਪੰਜਾਬੀ                             

2021 ਦੀ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਟੋੋਕੀਓ-ਉਲੰਪਿਕ ਲਈ ਕੈਨੇਡਾ ਦਾ ਪੱਚੀ-ਸਾਲਾ ਪੰਜਾਬੀ ਪਹਿਲਵਾਨ ਅਮਰ ਢੇਸੀ ਹਿੱਸਾ ਲੈਣ ਜਾ ਰਿਹੈ। ਕੈਨੇਡਾ ਦਾ ਜੰਮਪਲ ਹੋਣ ਕਰਕੇ ਪ੍ਰਤੀਨਿਧਤਾ ਉਹ ਕੈਨੇਡਾ ਵਲੋਂ ਕਰੇਗਾ ਪਰ ਉਹਦੀ ਸਾਰੀ ਦੀ ਸਾਰੀ ਤਿਆਰੀ ਅਮਰੀਕਾ ਮੁਲਕ ਕਰਵਾ ਰਿਹੈ। ਉਹਦੀ ਕੋਚਿੰਗ, ਖ਼ੁਰਾਕ, ਰਿਹਾਇਸ਼, ਮਾਇਆ ਦੇ ਗੱਫ਼ੇ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਅਮਰੀਕਾ ਨੇ ਪ੍ਰਦਾਨ ਕੀਤੀਆਂ ਹੋਈਆਂ ਨੇ। ਅਮਰ ਢੇਸੀ ਪਹਿਲਵਾਨੀ 'ਚ ਦੁਆਬੇ ਦੇ ਮਸ਼ਹੂਰ ਪਿੰਡ ਸੰਘਵਾਲ ਦੇ ਪ੍ਰਸਿੱਧ ਪਹਿਲਵਾਨ ਅਤੇ ਵੈਨਕੂਵਰ 'ਖਾਲਸਾ ਰੈਸਲਿੰਗ ਕਲੱਬ' ਦੇ ਸੰਚਾਲਕ ਬਲਵੀਰ ਸਿੰਘ ਸ਼ੀਰੀ ਦਾ ਬੇਟਾ ਹੈ। ਤਿੰਨ ਸਾਲ ਦੀ ਉਮਰੇ ਅਮਰ ਢੇਸੀ ਪਿਤਾ ਸ਼ੀਰੀ ਨਾਲ 'ਖਾਲਸਾ ਰੈਸਲਿੰਗ ਕੱਲਬ' ਨਾਲ ਜੁੜ ਗਿਆ ਸੀ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੁਕਾਬਲੇ ਲੜਦੇ ਨੇ ਉਹਨੇ ਕੈਨੇਡਾ ਦੇ ਵੱਖ ਵੱਖ ਮੁਕਾਬਲਿਆਂ 'ਚ ਸੱਤ ਗੁਰਜਾਂ ਜਿੱਤੀਆਂ। ਜਿਵੇਂ-ਬਾਲ-ਕੇਸਰੀ, ਕੈਨੇਡਾ-ਕੁਮਾਰ, ਕੈਨੇਡਾ-ਕੇਸਰੀ (ਤਿੰਨ ਗੁਰਜ਼ਾਂ), ਰੁਸਤਮ ਕੈਨੇਡਾ ਅਤੇ ਕੈਨੇਡਾ ਮੱਲ-ਸਮਰਾਟ।ਅਮਰ ਢੇਸੀ ਪੜ੍ਹਾਈ ਕਰਨ ਅਮਰੀਕਾ ਆਇਆ ਸੀ ਤੇ ਅਮਰੀਕਾ ਦੀ ਔਰਗਿਨ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਨਾਲ ਨਾਲ ਕੁਸ਼ਤੀਆਂ ਲੜੀਆਂ। ਉਹਨੇ ਦੋ ਸੌ ਤੋਂ ਵੱਧ ਪਹਿਲਵਾਨਾਂ ਨਾਲ ਕੁਸ਼ਤੀਆਂ ਕੀਤੀਆਂ। ਉਹਦੀ ਪੜ੍ਹਾਈ, ਲਿਆਕਤ ਤੇ ਕੁਸ਼ਤੀ ਦੇ ਦਾਉ-ਪੇਚ, ਰੰਗ-ਢੰਗ ਤੇ ਚੁਸਤੀ-ਫ਼ੁਰਤੀ ਵੇਖਦੇ ਕੋਚਾਂ ਦੇ ਨਜ਼ਰੀਂ ਚੜ੍ਹ ਗਿਆ। ਇਸ ਵੇਲੇ ਉਹ ਅਮਰੀਕਾ ਦੀ ਉਹਾਇਉ ਸਟੇਟ ਦੇ 'ਖੇਤਰੀ ਸਿਖਲਾਈ ਕੇਂਦਰ' ਵਿਖੇ ਇਕ ਸਾਲ ਤੋਂ ਉਪਰ ਕੋਚਾਂ ਕੋਲੋਂ ਸਿਖਲਾਈ ਲੈ ਰਿਹੈ। ਨਿਊਯਾਰਕ ਵਿਖੇ 'ਨਿਊਯਾਰਕ ਐਥਲੈਟਿਕਸ ਕਲੱਬ' ਵਲੋਂ ਕਰਵਾਏ ਗਏ ਮੁਕਾਬਲਿਆਂ 'ਚ ਚਾਰ ਕੁਸ਼ਤੀਆਂ ਜਿੱਤਿਆ ਤੇ ਇਕ ਹਾਰਿਆ ਤੇ ਕਾਂਸਾ ਮੈਡਲ ਪ੍ਰਾਪਤ ਕੀਤਾ।ਇਸੇ ਤਰ੍ਹਾਂ ਹੀ ਰੋਮ ਇਟਲੀ ਦੇ ਸੈਂਮੀਫ਼ਾਈਨਲ ਮੁਕਾਬਲਿਆਂ 'ਚ ਰਸ਼ੀਆ ਦੇ ਦੋ ਪਹਿਲਵਾਨਾਂ ਨੂੰ ਹਰਾਇਆ ਤੇ ਆਖਰੀ ਕੁਸ਼ਤੀ ਵਿੱਚ ਤਿੰਨ ਵਾਰ ਦੇ ਵਰਲਡ-ਚੈਪੀਂਅਨ ਨੂੰ ਹਰਾ ਕੇ ਗੋਲਡ-ਮੈਡਲ ਜਿੱਤਿਆ।

ਔਟਵਾ ਮੁਕਾਬਲਿਆਂ 'ਚ ਅਮਰੀਕਾ ਵਲੋਂ ਟੋਕੀਓ-ਉਲੰਪਿਕ ਲਈ ਸਖਤ ਮੁਕਾਬਲਾ ਸੀ। ਪੈਨ-ਅਮਰੀਕਨ ਵਲੋਂ ਕਰਵਾਈਆਂ ਇਨ੍ਹਾਂ ਗੇਮਾਂ 'ਚ ਤਿੰਨਾਂ ਪਹਿਲਵਾਨਾਂ ਨੂੰ ਦਸ-ਜ਼ੀਰੋ ਦੇ ਫ਼ਰਕ ਨਾਲ ਹਰਾ ਕੇ ਟਾਪ ਦੇ ਆਖਰੀ ਦੋ ਪਹਿਲਵਾਨਾਂ ਦੇ ਸਖਤ ਮੁਕਾਬਲੇ ਵਿੱਚੋਂ ਜੇਤੂ ਰਿਹਾ ਤੇ ਉਪਨ-ਵੇਟ ਦੀ ਸੀਨੀਅਰ ਕੁਸ਼ਤੀ ਲਈ ਉਲੰਪਿਕ ਵਾਸਤੇ ਚੁਣਿਆ ਗਿਆ।ਅਮਰੀਕਾ ਨੂੰ ਹੁਣ ਉਸ 'ਤੇ ਬੜੀਆਂ ਆਸਾਂ ਹਨ। ਅਮਰੀਕਾ ਉਸ ਲਈ ਦਿਲ ਦੇ ਸਾਰੇ ਦਰਵਾਜ਼ੇ ਖੋਲ੍ਹ ਕੇ ਨਾਲ ਖੜ੍ਹਾ ਹੈ। ਤਿੰਨ ਵਾਰ ਦਾ ਗੋਲਡ-ਮੈਡਲਿਸਟ ਬਲਗਾਰੀਅਨ ਕੋਚ ਉਹਦੀ ਪੂਰੀ ਤਿਆਰੀ ਕਰਵਾ ਰਿਹੈ। ਦਿਨ 'ਚ ਦੋ ਜਾਂ ਤਿੰਨ ਵਾਰ ਉਹਦੀ ਮਿਹਨਤ ਹੁੰਦੀ ਹੈ। ਐਤਵਾਰ ਸਿਰਫ਼ ਆਰਾਮ, ਮੁਸਾਜ਼ ਜਾਂ ਥਰੈਪੀ ਵਾਸਤੇ ਹੈ।ਦੁਆ ਕਰਦੇ ਹਾਂ ਕਿ ਅਮਰ ਢੇਸੀ ਹਰ ਮੈਦਾਨ ਫ਼ਤਹਿ ਕਰੇ ਤੇ ਅਮਰੀਕਾ ਵਲੋਂ ਤਿਆਰ ਕੀਤਾ ਜਾ ਰਿਹਾ ਪਹਿਲਵਾਨ ਕੈਨੇਡਾ ਲਈ ਮੱਲਾਂ ਮਾਰ ਕੇ ਆਵੇ। ਅਮਰੀਕਾ ਅਤੇ ਕੈਨੇਡਾ ਮੁਲਕਾਂ ਦੀਆਂ ਸਰਕਾਰਾਂ ਦਾ ਨਾਂ ਰੌਸ਼ਨ ਕਰੇ ਅਤੇ ਦੁਨੀਆਂ 'ਚ ਵਸਦੇ ਕਰੋੜਾਂ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰੇ।

 

 ਇਕਬਾਲ ਸਿੰਘ