ਸ਼ਿਕਾਗੋ ਵਿਚ ਇਕ ਕਾਰ ਨੂੰ ਰੋਕਣ 'ਤੇ ਹੋਈ ਗੋਲੀਬਾਰੀ ਵਿੱਚ ਇਕ ਪੁਲਿਸ ਅਧਿਕਾਰੀ ਦੀ ਮੌਤ, ਇਕ ਗੰਭੀਰ ਜ਼ਖਮੀ

ਸ਼ਿਕਾਗੋ ਵਿਚ ਇਕ ਕਾਰ ਨੂੰ ਰੋਕਣ 'ਤੇ ਹੋਈ ਗੋਲੀਬਾਰੀ ਵਿੱਚ ਇਕ ਪੁਲਿਸ ਅਧਿਕਾਰੀ ਦੀ ਮੌਤ, ਇਕ ਗੰਭੀਰ ਜ਼ਖਮੀ
ਕੈਪਸ਼ਨ: ਮੇਅਰ ਲੌਰੀ ਲਾਈਟਫੁੱਟ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਲੀਨੋਇਸ ਰਾਜ ਦੇ ਸ਼ਹਿਰ ਸ਼ਿਕਾਗੋ ਵਿਚ ਰੂਟੀਨ ਦੀ ਚੈਕਿੰਗ ਦੌਰਾਨ ਇਕ ਟਰੈਫਿਕ ਸਟਾਪ 'ਤੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਸ਼ਿਕਾਗੋ ਪੁਲਿਸ ਦੇ ਇਕ ਅਫਸਰ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਸ਼ਿਕਾਗੋ ਦੇ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਇਕ ਗੱਡੀ ਨੂੰ ਰੋਕੇ ਜਾਣ 'ਤੇ ਉਸ ਵਿਚ ਸਵਾਰ ਦੋ ਵਿਅਕਤੀਆਂ ਤੇ ਇਕ ਔਰਤ ਨੇ ਪੁਲਿਸ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਮਾਰਿਆ ਗਿਆ ਤੇ ਦੂਸਰਾ ਗੰਭੀਰ   ਜਖਮੀ ਹੋ ਗਿਆ। ਡੇਵਿਡ ਬਰਾਊਨ ਨੇ ਦੱਸਿਆ ਕਿ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਗੱਡੀ ਵਿਚ ਸਵਾਰ ਇਕ ਵਿਅਕਤੀ ਦੇ ਵੀ ਗੋਲੀ ਲੱਗੀ ਹੈ ਜਿਸ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿੱਰ ਹੈ। ਬਾਕੀ ਦੋਨਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਾਰੇ ਗਏ ਪੁਲਿਸ ਅਧਿਕਾਰੀ ਦੀ ਸ਼ਨਾਖਤ ਈਲਾ ਫਰੈਂਚ ਵਜੋਂ ਹੋਈ ਹੈ। ਬਰਾਊਨ ਨੇ ਦਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਕੀ ਕੁਝ ਹੋਇਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।  ਮੇਅਰ ਲੌਰੀ ਲਾਈਟਫੁੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਬੇਹੱਦ ਅਫਸੋਸ ਤੇ ਦੁੱਖ ਭਰਿਆ ਹੈ। ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦੀ ਭਮਿਕਾ ਨੂੰ ਲੈ ਕੇ ਨਿਰੰਤਰ ਵਿਰੋਧ ਨਾ ਕਰਨ। ਪੁਲਿਸ ਆਪਣੀ ਜਾਨ ਜੋਖਮ ਵਿਚ ਪਾ ਕੇ ਲੋਕਾਂ ਦੀ ਰਖਿਆ ਕਰਦੀ ਹੈ। ਉਨਾਂ ਕਿਹਾ ਕਿ ਪੁਲਿਸ ਸਾਡੀ ਦੁਸ਼ਮਣ ਨਹੀਂ ਹੈ। ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। ਸਾਡਾ ਸਾਂਝਾ ਦੁਸ਼ਮਣ ਅਪਰਾਧੀਆਂ ਦੇ ਗਿਰੋਹ ਤੇ ਅਗਨ ਸ਼ੱਸ਼ਤਰ ਹਨ। ਲਾਈਟਫੁੱਟ ਮਾਰੇ ਗਏ ਪੁਲਿਸ ਅਧਿਕਾਰੀ ਦੇ ਘਰ ਵੀ ਗਈ ਜਿਥੇ ਉਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਥੇ ਜਿਕਰਯੋਗ ਹੈ ਕਿ 1988 ਤੋਂ ਬਾਅਦ ਡਿਊਟੀ ਦੌਰਾਨ ਗੋਲੀਬਾਰੀ ਵਿਚ ਮਰਨ ਵਾਲੀ ਈਲਾ ਫਰੈਂਚ ਪਹਿਲੀ ਔਰਤ ਹੈ। 1988 ਵਿਚ ਇਕ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਇਰਮਾ ਰੂਇਜ਼ ਨਾਂ ਦੀ ਔਰਤ ਪੁਲਿਸ ਅਧਿਕਾਰੀ  ਮਾਰੀ ਗਈ ਸੀ।