ਫਰੀਮਾਂਟ ਵਿਚ ਭਾਰਤੀ ਅਜ਼ਾਦੀ ਪਰੇਡ ਵਿਰੁੱਧ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਰੋਹ ਭਰਿਆ ਮੁਜ਼ਾਹਰਾ

ਫਰੀਮਾਂਟ ਵਿਚ ਭਾਰਤੀ ਅਜ਼ਾਦੀ ਪਰੇਡ ਵਿਰੁੱਧ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਰੋਹ ਭਰਿਆ ਮੁਜ਼ਾਹਰਾ

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ :
ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 19 ਅਗਸਤ ਨੂੰ ਮੋਦੀ ਦੇ ਆਰਐਸਐਸ ਦੀ ਵਹਿਸ਼ੀ ਨਾਜ਼ੀ ਸੋਚ ਦੇ ਪਿਛਲੱਗ ਸਮਰਥਕਾਂ ਵੱਲੋਂ ਭਾਰਤੀ ਅਜ਼ਾਦੀ ਪਰੇਡ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਕੈਲੀਫੋਰਨੀਆ ਦੀਆਂ ਸਮੂਹ ਖਾਲਿਸਤਾਨੀ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ਼ਾਂਤਮਈ ਲੋਕਤੰਤਰੀ ਢੰਗਾਂ ਨਾਲ ਜ਼ਬਰਦਸਤ  ਵਿਰੋਧ ਕੀਤਾ ਗਿਆ। ਇਥੋਂ ਦੀਆਂ ਖਾਲਿਸਤਾਨੀ ਜਥੇਬੰਦੀਆਂ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕੈਲੀਫੋਰਨੀਆ ਗੱਤਕਾ ਦਲ, ਸਿੱਖ ਪੰਚਾਇਤ, ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਸਟਾਕਟਨ, ਸਿੱਖਸ ਫਾਰ ਜਸਟਿਸ, ਖਾਲਿਸਤਾਨ ਦੇ ਸ਼ਹੀਦ ਪਰਿਵਾਰ ਤੇ ਖਾਲਸਾ ਜਾਗਰਿਤੀ ਲਹਿਰ ਆਦਿ ਨੇ ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਇਸ ਮੁਜ਼ਾਹਰੇ ਰੂਪੀ ਪ੍ਰਦਰਸ਼ਨ ਵਿਚ ਹਿੱਸਾ ਲੈਂਦਿਆਂ ਕਾਲੇ ਤੇ ਖਾਲਿਸਤਾਨੀ ਝੰਡਿਆਂ ਨਾਲ ਅਖੌਤੀ ਆਜ਼ਾਦੀ-ਪਰੇਡ ਨੂੰ ਫਿੱਕਿਆਂ ਕਰ ਦਿੱਤਾ। ਪੂਰਾ ਇਲਾਕਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਤੇ ਜੈਕਾਰਿਆਂ ਨਾਲ ਗੂੰਜ ਉਠਿਆ। ਅਕਾਲੀ ਦਲ ਮਾਨ ਦੇ ਅਮਰੀਕੀ ਆਗੂ ਭਾਰੀ ਰੇਸ਼ਮ ਸਿੰਘ ਬੇਕਰਜ਼ਫੀਲਡ ਤੋਂ 500 ਮੀਲ ਦਾ ਸਫਰ ਕਰਕੇ ਆਪਣੇ ਸਾਥੀਆਂ ਨਾਲ ਇਸ ਮੁਜ਼ਾਹਰੇ ਵਿਚ ਪਹੁੰਚੇ।
ਇਸ ਤੋਂ ਇਲਾਵਾ ਟਰਲਕ, ਮੋਡੈਸਟੋ, ਸੀਰੀਜ਼, ਲੋਡਾਈ ਸਟਾਕਟਰ, ਟਰੇਸੀ, ਮਨਟੀਕਾ, ਯੂਬਾ ਸਿਟੀ, ਸੈਕਰਾਮੈਂਟੋ, ਲੈਥਰੋਪ, ਸੈਨ ਹੋਜ਼ੇ, ਸਾਉਥ ਸੈਨ ਫਰਾਂਸਿਸਕੋ ਤੇ ਹੋਰ ਬੇਅ ਏਰੀਏ ਦੇ ਸ਼ਹਿਰਾਂ ਵਿਚੋਂ ਸਿੱਖ ਸੰਗਤਾਂ ਪਹੁੰਚੀਆਂ।
ਗੌਰਤਲਬ ਹੈ ਕਿ ਖਾਲਿਸਤਾਨ ਪੱਖੀ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਸੰਨ 1947 ਦੀ ਅਜ਼ਾਦੀ ਤੇ ਉਸ ਦੇ ਨਾਮ ‘ਤੇ ਕੀਤੀ ਜਾਣ ਵਾਲੀ ਪਰੇਡ ਦਾ ਪਿਛਲੇ ਤਿੰਨ ਦਹਾਕਿਆਂ ਤੋਂ ਹੀ ਵਿਰੋਧ ਜਾਰੀ ਹੈ, ਕਿਉਂਕਿ ਅਜ਼ਾਦੀ ਮਿਲਣ ਵੇਲੇ ਸਿੱਖ ਕੌਮ ਨਾਲ ਦੇਸ਼ ਦੇ ਆਗੂਆਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਸਿੱਖਾਂ ਨੂੰ ਉਤਰੀ ਭਾਰਤ ਦੇ ਪੰਜਾਬ ਵਿਚ ਵਧੇਰੇ ਅਧਿਕਾਰ ਦਿੱਤੇ ਜਾਣਗੇ ਜਿਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ ਪਰ ਅਜ਼ਾਦੀ ਮਿਲਣ ਤੋਂ ਬਾਅਦ ਝੂਠਾ ਪ੍ਰਧਾਨ ਮੰਤਰੀ ਨਹਿਰੂ ਸਾਫ ਮੁੱਕਰ ਗਿਆ। ਇਸ ਤੋਂ ਬਾਅਦ ਹਰ ਦਿਨ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਣ ਲੱਗਾ। ਸੰਨ 1955 ਤੇ ਸੰਨ 1984 ਵਿਚ ਦਰਬਾਰ ਸਾਹਿਬ ਉਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਾਹਿਆ ਗਿਆ। ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ 50 ਹਜ਼ਾਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਪੰਜਾਬ ਦਾ ਅਰਬਾਂ ਰੁਪਿਆਂ ਦਾ ਪਾਣੀ ਮੁਫਤ ਲੁੱਟਿਆ ਅਤੇ ਪੰਜਾਬੀ ਸੂਬੇ ਦੇ ਨਾਮ ਉਤੇ ਪੰਜਾਬ ਦਾ ਇਲਾਕਾ ਛਾਂਗ ਦਿੱਤਾ ਗਿਆ। ਝੂਠੇ ਪੁਲੀਸ ਮੁਕਾਬਲਿਆਂ ਵਿਚ ਡੇਢ ਲੱਖ ਸਿੱਖਾਂ ਦਾ ਖੁਰਾ-ਖੋਜ ਮਿਟਾ ਦਿੱਤਾ ਗਿਆ, ਜਿਸ ਕਰਕੇ 29 ਅਪਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਭਾਰਤ ਸਰਕਾਰ ਵਲੋਂ ਸਿੱਖ ਕੌਮ ਨੂੰ ਦਬਾਉਣ ਲਈ ਪਹਿਲਾਂ ਸਿੱਧੇ ਤੌਰ ‘ਤੇ ਮਾਰ ਕੇ ਅਤੇ ਹੁਣ ਨਸ਼ਿਆਂ ਰਾਹੀਂ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇਸ ਕਰਕੇ ਸਿੱਖ ਭਾਰਤ ਵਿਚ ਆਪਣੇ ਆਪ ਨੂੰ ਗੁਲਾਮ ਸਮਝਣ ਲਈ ਮਜਬੂਰ ਕਰ ਦਿੱਤੇ ਗਏ ਹਨ ਤੇ ਉਹ ਆਜ਼ਾਦੀ ਦੀ ਮੰਗ ਵੱਡੇ ਪੱਧਰ ਉਤੇ ਕਰ ਰਹੇ ਹਨ।
ਵਿਦੇਸ਼ਾਂ ਦੇ ਸਿੱਖ ਆਜ਼ਾਦ ਮੁਲਕਾਂ ਵਿਚ ਰਹਿੰਦੇ ਹਨ, ਜਿਥੇ ਪੂਰੀ ਤਰ੍ਹਾਂ ਅਜ਼ਾਦੀ ਹੈ ਤੇ ਉਹ ਇਸ ਅਜ਼ਾਦੀ ਦਾ ਨਿੱਘ ਮਾਣਦਿਆਂ ਭਾਰਤ ਦੀ ਧੋਖੇਬਾਜ਼ ਅਜ਼ਾਦੀ ਦੇ ਜਸ਼ਨਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਦੇ ਹਨ। ਇਸ ਵਾਰ ਦੇ ਰੋਸ-ਪ੍ਰਦਰਸ਼ਨ ਵਿਚ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਨੌਜਵਾਨਾਂ ਦੀ ਹਾਜ਼ਰੀ ਕਾਬਲੇ-ਤਰੀਫ ਸੀ। ਚਾਹ ਪਾਣੀ ਦਾ ਪ੍ਰਬੰਧ ਹਮੇਸ਼ਾਂ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋਂ ਕੀਤਾ ਗਿਆ।