ਸਿੱਖ ਟੈਕਸੀ ਡਰਾਈਵਰ ਉੱਤੇ ਘਾਤਕ ਹਮਲਾ

ਸਿੱਖ ਟੈਕਸੀ ਡਰਾਈਵਰ ਉੱਤੇ ਘਾਤਕ ਹਮਲਾ

ਸਿਆਟਲ/ ਬਿਊਰੋ ਨਿਊਜ਼
ਇੱਥੇ ਸਿਆਟਲ ਦੇ ਨਾਲ ਲੱਗਦੇ ਸ਼ਹਿਰ ਬੈਲਵਿਊ ਵਿਖੇ ਟੈਕਸੀ ਡਰਾਈਵਰ ਸਵਰਨ ਸਿੰਘ ‘ਤੇ ਇਕ ਗੋਰੇ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਟੈਕਸੀ ਡਰਾਈਵਰ ਫੱਟੜ ਹੋ ਗਿਆ । ਟੈਕਸੀ ਡਰਾਈਵਰ ਸਵਰਨ ਸਿੰਘ (53 ਸਾਲ) ਨੇ ਦੱਸਿਆ ਕਿ ਉਹ ਸਵੇਰੇ ਆਪਣੀ ਫੋਰਵੈਸਟ ਕੰਪਨੀ ਦੀ ਟੈਕਸੀ 186 ਨੰਬਰ ‘ਤੇ ਡਾਊਨਟਾਨ ਸਿਆਟਲ ਦੇ ਵੀ. ਏ. ਹਸਪਤਾਲ ਤੋਂ ਇਕ ਔਰਤ ਜੋ ਤਕਰੀਬਨ 60 ਸਾਲ ਦੀ ਸੀ ਤੇ ਉਸ ਦਾ ਲੜਕਾ ਜੋ 24-25 ਸਾਲ ਦਾ ਸੀ, ਨੂੰ ਆਪਣੀ ਗੱਡੀ ਵਿਚ ਬਿਠਾ ਕੇ ਬੈਲਵਿਊ ਸ਼ਹਿਰ ਲੈ ਗਿਆ, ਜਦ ਉਨ੍ਹਾਂ ਨੂੰ ਉਹ ਉੱਥੇ ਅਪਾਰਟਮੈਂਟ ਬਿਲਡਿੰਗ ਵਿਚ ਉਤਾਰਨ ਲੱਗਾ ਤਾਂ ਉਸ ਨਾਲ ਅਗਲੀ ਸੀਟ ‘ਤੇ ਬੈਠੇ ਗੋਰੇ ਲੜਕੇ ਨੇ ਕਾਰ ਵਿਚ ਪਿਆ ਬੈਗ ਉਸ ਦੇ ਮੂੰਹ ‘ਤੇ ਰੱਖ ਕੇ ਸਾਹ ਘੁੱਟ ਦਿੱਤਾ । ਪਿਛਲੀ ਸੀਟ ‘ਤੇ ਬੈਠੀ ਉਸ ਦੀ ਮਾਂ ਨੇ ਵੀ ਉਸ ਨੂੰ ਕੁੱਝ ਨਾ ਕਿਹਾ, ਪਰ ਉਸ ਨੇ ਗੋਰੇ ਮੁੰਡੇ ਨੂੰ ਧੱਕਾ ਮਾਰਿਆ ਤੇ ਆਪ ਗੱਡੀ ‘ਚੋਂ ਬਾਹਰ ਆ ਗਿਆ । ਉਹ ਪੁਲਿਸ ਨੂੰ ਫੋਨ ਕਰਨ ਲੱਗਾ ਤਾਂ ਗੋਰਾ ਲੜਕਾ ਆਪਣੇ ਬੈਗ ‘ਚੋਂ ਹਥੌੜੀ ਲੈ ਕੇ ਉਸ ਨੂੰ ਮਾਰਨ ਲੱਗਾ, ਪਰ ਉਸ ਨੇ ਬੜੇ ਜ਼ੋਰ ਨਾਲ ਉਸ ਨੂੰ ਰੋਕਿਆ ਤੇ ਉਹ ਦੋਵੇਂ ਗੁੱਥਮ-ਗੁੱਥੀ ਹੋ ਗਏ, ਪਰ ਫਿਰ ਉਸ ਦੇ ਸਿਰ ‘ਤੇ ਹਥੌੜਾ ਲੱਗ ਗਿਆ ਜਿਸ ਨਾਲ ਉਸ ਦੇ ਸਿਰ ‘ਚੋਂ ਖੂਨ ਵਗਣ ਲੱਗਾ । ਉਸ ਨੇ ਫਿਰ ਉੱਚੀ-ਉੱਚੀ ਰੌਲਾ ਪਾਇਆ ਤਾਂ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ । ਐਨੇ ਨੂੰ ਪੁਲਿਸ ਵੀ ਆ ਗਈ ਤੇ ਗੋਰੇ ਨੂੰ ਫੜ ਕੇ ਲੈ ਗਈ ।
ਸਵਰਨ ਸਿੰਘ ਨੂੰ ਐਂਬੂਲੈਂਸ ਰਾਹੀਂ ਬੈਲਵਿਊ ਦੇ ਹਰਬਰਵਿਊ ਹਸਪਤਾਲ ਦਾਖਲ ਕਰਵਾਇਆ । ਸਵਰਨ ਸਿੰਘ ਦੇ ਸਿਰ ‘ਚ 5 ਟਾਂਕੇ ਲੱਗੇ ਤੇ ਬਾਅਦ ‘ਚ ਉਸ ਨੂੰ ਛੁੱਟੀ ਦੇ ਦਿੱਤੀ । ਪੁਲਿਸ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ । ਸਵਰਨ ਸਿੰਘ ਨੂੰ ਅਗਸਤ 2015 ‘ਚ ਵੀ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ । ਇਸ ਹਮਲੇ ਨਾਲ ਸਿਆਟਲ ਦੇ ਟੈਕਸੀ ਡਰਾਈਵਰਾਂ ‘ਚ ਇਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ ।