ਬਰਤਾਨੀਆ ਵਿੰਡਰਸ਼ ਇਮੀਗ੍ਰੇਸ਼ਨ ਘੁਟਾਲੇ ‘ਚ ਸ਼ਾਮਲ 93 ਭਾਰਤੀਆਂ ਦੀ ਸੂਚੀ ਜਾਰੀ

ਬਰਤਾਨੀਆ ਵਿੰਡਰਸ਼ ਇਮੀਗ੍ਰੇਸ਼ਨ ਘੁਟਾਲੇ ‘ਚ ਸ਼ਾਮਲ 93 ਭਾਰਤੀਆਂ ਦੀ ਸੂਚੀ ਜਾਰੀ

ਲੰਡਨ/ਬਿਊਰੋ ਨਿਊਜ਼ :

ਬਰਤਾਨੀਆ ਸਰਕਾਰ ਨੇ ਵਿੰਡਰਸ਼ ਇਮੀਗ੍ਰੇਸ਼ਨ ਘੁਟਾਲੇ ਨਾਲ ਜੁੜੇ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ। 93 ਭਾਰਤੀਆਂ ਨੂੰ ਇਥੇ ਰਹਿਣ ਅਤੇ ਕੰਮ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਆਖ਼ਿਆ ਗਿਆ ਹੈ। ਇਹ ਉਹ ਭਾਰਤੀ ਹਨ ਜੋ 1973 ਤੋਂ ਪਹਿਲਾਂ ਇਥੇ ਆਏ ਸਨ ਜਦੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕੀਤਾ ਗਿਆ ਸੀ। ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਅਜਿਹੇ ਕੇਸਾਂ ਨਾਲ ਨਜਿੱਠਣ ਲਈ ਐਮਰਜੈਂਸੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਇਸ ਟਾਸਕ ਫੋਰਸ ਵੱਲੋਂ 2125 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ। ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਭਾਰਤੀ ਇਸ ਇਮੀਗ੍ਰੇਸ਼ਨ ਘੁਟਾਲੇ ਨਾਲ ਜੂਝ ਰਹੇ ਹਨ। ਯੂਕੇ ਦੀ ਇਮੀਗ੍ਰੇਸ਼ਨ ਮੰਤਰੀ ਕਾਰੋਲੀਨ ਨੋਕਸ ਨੇ ਹਾਉੂਸ ਨੂੰ ਦੱਸਿਆ ਕਿ ਇਨ੍ਹਾਂ ਨੂੰ ਪ੍ਰਵਾਨ ਕਰਨਾ ਮੁਸ਼ਕਲ ਹੈ, ਸਰਕਾਰ ਇਸ ਮੁੱਦੇ ‘ਤੇ ਮੁਆਫ਼ੀ ਮੰਗਦੀ ਹੈ। ਬਰਤਾਨੀਆ ਸਰਕਾਰ ਵੱਲੋਂ ਵਿੰਡਰਸ਼ ਸਕੀਮ ਮਈ ਵਿਚ ਲਾਂਚ ਕੀਤੀ ਗਈ ਸੀ। ਇਸ ਵਿਚ ਉਹ ਲੋਕ ਬਰਤਾਨੀਆ ਦੀ ਨਾਗਰਿਕਤਾ ਲਈ ਮੁਫ਼ਤ ਵਿਚ ਅਰਜ਼ੀਆਂ ਦੇ ਸਕਦੇ ਸਨ ਜੋ ਯੂਕੇ ਵਿਚ ਪੈਦਾ ਹੋਏ ਸਨ ਜਾਂ ਫਿਰ ਜਦੋਂ ਯੂਕੇ ਆਏ ਉਸ ਵੇਲੇ ਉਹ ਨਾਬਾਲਗ ਸਨ। ਜੂਨ ਵਿਚ 584 ਲੋਕਾਂ ਨੂੰ ਇਸ  ਸਕੀਮ ਤਹਿਤ ਨਾਗਰਿਕਤਾ ਦਿੱਤੀ ਗਈ।