ਨਗਰੋਟਾ ਨੇੜ੍ਹੇ ਫੌਜੀ ਕੈਂਪ ਉੱਤੇ ਦਹਿਸ਼ਤੀ ਹਮਲੇ ‘ਚ ਦੋ ਅਫਸਰਾਂ ਤੇ 5 ਫੌਜੀ ਜਵਾਨਾਂ ਦੀ ਮੌਤ

ਨਗਰੋਟਾ ਨੇੜ੍ਹੇ ਫੌਜੀ ਕੈਂਪ ਉੱਤੇ ਦਹਿਸ਼ਤੀ ਹਮਲੇ   ‘ਚ ਦੋ ਅਫਸਰਾਂ ਤੇ 5 ਫੌਜੀ ਜਵਾਨਾਂ ਦੀ ਮੌਤ

ਜੰਮੂ/ਬਿਊਰੋ ਨਿਊਜ਼:
ਨਗਰੋਟਾ ਵਿਖੇ ਫੌਜ ਦੇ ਹਥਿਆਰਾਂ ਵਾਲੇ ਯੂਨਿਟ ਉੱਤੇ ਮੰਗਲਵਾਰ ਸਵੇਰੇ ਇੱਕ ਦਹਿਸ਼ਤੀ ਹਮਲੇ ਵਿੱਚ ਦੋ ਅਫਸਰਾਂ ਸਮੇਤ 5 ਫੌਜੀ ਜਵਾਨ ਮਾਰੇ ਗਏ। ਦਹਿਸ਼ਤਗਰਦਾਂ ਨੇ ਸਵੇਰੇ 5:30 ਵਜੇ ਦੇ ਕਰੀਬ ਫੌਜੀ ਕੈਂਪ ਉੱਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਫੌਜੀ ਜਵਾਨਾਂ ਵਲੋਂ ਕੀਤੀ ਕਾਰਵਾਈ ‘ਚ ਤਿੰਨੇ ਦਹਿਸ਼ਤਗਰਦਵੀ ਮਾਰੇ। ਸਮਝਿਆ ਜਾਂਦਾ ਹੈ ਕਿ ਹਮਲਾ ਕਰਨ ਵਾਲੇ ਦਹਿਸ਼ਤਗਰਦ ਸੰਘਣੇ ਜੰਗਲ ਵਿੱਚ ਘਿਰੇ ਫੌਜੀ ਕੈਂਪ ਦੇ ਪਿਛੇ ਵਗਦੇ ਦਰਿਆ ਵਾਲੇ ਪਾਸੇ ਦੀ ਦਾਖ਼ਲ ਹੋਏ ਸਨ।
ਦਹਿਸ਼ਤਗਰਦਾਂ ਨੇ ਫੌਜੀ ਮੈਸ ਵਿਚ ਘੁਸ ਕੇ ਗ੍ਰਨੇਡ ਸੁੱਟਣ ਦੇ ਨਾਲ ਨਾਲ ਅੰਨ੍ਹੇਵਾਹ ਫਾਇੰਰਿੰਗ ਵੀ ਸ਼ੁਰੂ ਕੀਤੀ। ਇਸ ਅਚਾਨਕ ਹੋਏ ਹਮਲੇ ‘ਚ ਇੱਕ ਅਫਸਰ ਤੇ ਤਿੰਨ ਜਵਾਨ ਮਾਰੇ ਗਏ।
ਫੌਜੀਆਂ ਨੇ ਬਾਅਦ ‘ਚ ਦਹਿਸ਼ਤਗਰਦਾਂ ਨੂੰ ਘੇਰਾ ਪਾ ਲਿਆ ਤੇ ਦੋਵਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਗਈ। ਦਹਿਸ਼ਤਗਰਦ ਦੋ ਰਿਹਾਇਸ਼ੀ ਇਮਾਰਤਾਂ ਵਿੱਚ ਜਾ ਵੜੇ ਜਿੱਥੇ ਫੌਜੀ ਅਫਸਰ ਅਤੇ ਉਨ੍ਹਾਂ ਦੇ ਪਰਿਵਾਰ ਰਹਿੰਦੇ ਹਨ। ਫੌਜੀ ਬੁਲਾਰੇ ਅਨੁਸਾਰ 12 ਜਵਾਨਾਂ, ਦੋ ਔਰਤਾਂ ਤੇ ਦੋ ਬਚਿਆਂ ਨੂੰ ਰਿਹਾਇਸ਼ੀ ਇਮਾਰਤਾਂ ਵਿੱਚੋਂ ਸੁਰਖਿਅਤ ਬਚਾ ਲਿਆ ਗਿਆ, ਪਰ ਇੱਕ ਹੋਰ ਅਫ਼ਸਰ ਤੇ ਦੋ ਜਵਾਨ ਮਾਰੇ ਗਏ। ਤਿੰਨ ਹਮਲਾਵਰਾਂ ਦੀਆਂ ਲਾਸ਼ਾਂ ਵੀ ਉਸ ਥਾਂ ਤੋਂ ਬਰਾਮਦ ਕਰ ਲਈਆਂ।
ਭਾਵੇਂ ਫੌਜੀ ਕੈਂਪ ਦੁਆਲੇ ਸਖ਼ਤ ਪਹਿਰਾ ਹੈ ਪਰ ਅਫਸਰਾਂ ਦੇ ਕਹਿਣ ਅਨੁਸਾਰ ਫਿਦਾਇਨ ਧੜੇ ਦੇ ਖਾੜਕੂ ਜਾਨ ਜੋਖ਼ਮ ਵਿੱਚ ਪਾ ਕੇ ਵੀ ਅਜਿਹੀਆਂ ਵਾਰਦਾਤਾਂ ਕਰਨ ਲਈ ਅੱਗੇ ਵਧਦੇ ਹਨ। ਉਹ ਕਈ ਵਿਅਕਤੀਆਂ ਨੂੰ ਬੰਦੀ ਬਣਾਉਣ ਦੇ ਯਤਨਾਂ ਵਿੱਚ ਸਨ ਤਾਂ ਜੋ ਇਸ ਆੜ ਵਿੱਚ ਬਚ ਨਿਕਲਣ ਪਰ ਫੌਜ ਨੇ ਇਸ ਯਤਨ ਅਸਫਲ ਬਣਾ ਦਿੱਤੇ।
ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਦਹਿਸ਼ਤਗਰਦਾਂ ਵਿਰੁਧ ਕਾਰਵਾਈ ਹਨੇਰਾ ਹੋਣ ਕਾਰਨ ਰੋਕਣੀ ਪਈ ਜੋ ਬੁੱਧਵਾਰ ਸਵੇਰੇ ਮੁੜ ਸ਼ੁਰੂ ਕੀਤੀ ਜਾਣੀ ਸੀ। ਇਸ ਵਾਰਦਾਤ ਵਿੱਚ ਕਿਸੇ ਸਿਵਲੀਅਨ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ।
ਜੰਮ ਤੋਂ 20 ਕੁ ਕਿਲੋਮੀਟਰ ਦੀ ਦੂਰੀ ਉੱਤੇ ਸਥਿੱਤ ਨਗਰੋਟ ਭਾਰਤੀ ਫੌਜ ਦੀ 16ਵੀਂ ਕੋਰ ਦਾ ਹੈਡਕੁਆਟਰ ਹੈ ਜਿੱਥੇ ਭਾਰੀ ਮਾਤਰਾ ਵਿੱਚ ਹਥਿਆਰਾਂ ਦਾ ਭੰਡਾਰ ਜਮ੍ਹਾਂ ਰਖਿਆ ਹੁੰਦਾ ਹੈ । ਇਹ ਹਥਿਆਰ ਸਰਹੱਦਾਂ ਦੀ ਰਾਖੀ ਅਤੇ ਦਹਿਸ਼ਤਗਰਦਾਂ ਦੇ ਟਾਕਰੇ ਲਈ ਵਰਤੇ ਜਾਂਦੇ ਹਨ. ਫੌਜ ਨੇ ਹਮਲੇ ਬਾਅਦ ਇਲਾਕੇ ਨੂੰ ਘੇਰਾ ਪਾ ਕੇ ਸਾਰੇ ਸਕੂਲ ਬੰਦ ਕਰਵਾਉਣ ਦੇ ਇਲਾਵਾ ਹਾਈਵੇ ਉੱਤੇ ਟਰੈਫਿਕ ਵੀ ਬੰਦ ਕਰਵਾਈ। ਇਹ ਫੌਜੀ ਕੈਂਪ ਹਾਈਵੇ ਦੇ ਨੇੜ੍ਹੇ ਹੀ ਪੈਂਦਾ ਹੈ।
ਤਿੰਨ ਦਹਿਸ਼ਤਗਰਦ ਹਲਾਕ
ਇੱਕ ਹੋਰ ਵਾਰਦਾਤ ਵਿੱਚ ਬੀਐਸਐਫ ਨੇ ਜੰਮੂ ਕਸ਼ਮੀਰ ਦੇ ਸਾਂਭਾ ਖੇਤਰ ਵਿੱਚ ਰਾਮਗੜ੍ਹ ਨੇੜ੍ਹੇ ਸਰਹੱਦ ਪਾਰ ਕਰਕੇ ਭਾਰਤ ਦਾਖ਼ਲ ਹੋਣ ਦਾ ਯਤਨ ਕਰ ਰਹੇ ਦਹਿਸ਼ਤਗਰਦਾਂ ਦੇ ਟੋਲੇ ਉੱਤੇ ਹਮਲਾ ਕਰਕੇ ਦੋ ਦਹਿਸ਼ਤਗਰਦ ਮਾਰ ਮੁਕਾਏ।