ਹਿਜ਼ਾਬ ਵਾਲੀ ਬੀਬੀ ਨੇ ਮੁਸਲਮਾਨਾਂ ਬਾਰੇ ਟਰੰਪ ਪ੍ਰਸ਼ਾਸਨ ਦੀ ਸੌੜੀ ਨੀਤੀ ਵਿਰੁੱਧ ਵ੍ਹਾਈਟ ਹਾਊਸ ਵਾਲੀ ਨੌਕਰੀ ਨੂੰ ਮਾਰੀ ਲੱਤ

ਹਿਜ਼ਾਬ ਵਾਲੀ ਬੀਬੀ ਨੇ ਮੁਸਲਮਾਨਾਂ ਬਾਰੇ ਟਰੰਪ ਪ੍ਰਸ਼ਾਸਨ ਦੀ ਸੌੜੀ ਨੀਤੀ ਵਿਰੁੱਧ ਵ੍ਹਾਈਟ ਹਾਊਸ ਵਾਲੀ ਨੌਕਰੀ ਨੂੰ ਮਾਰੀ ਲੱਤ

ਵਾਸ਼ਿੰਗਟਨ/ਬਿਊਰੋ ਨਿਊਜ਼:
ਹਿਜਾਬ ਪਹਿਨਣ ਵਾਲੀ ਬੰਗਲਾਦੇਸ਼ੀ ਮੂਲ ਦੀ ਮੁਸਲਮਾਨ ਬੀਬੀ, ਜੋ ਵ੍ਹਾਈਟ ਹਾਊਸ ਦੀ ਸਾਬਕਾ ਸਟਾਫਰ ਹੈ, ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਸਲਿਮ ਬਹੁਗਿਣਤੀ ਵਾਲੇ 7 ਮੁਲਕਾਂ ਦੇ ਨਾਗਰਿਕਾਂ ‘ਤੇ ਅਮਰੀਕਾ ‘ਚ ਦਾਖ਼ਲ ਹੋਣ ‘ਤੇ ਰੋਕ ਲਾਏ ਜਾਣ ਦੇ ਐਲਾਨ ਕਾਰਨ ਉਸ ਨੇ ਨਵੇਂ ਪ੍ਰਸ਼ਾਸਨ ਦੇ ਮਹਿਜ਼ 8 ਦਿਨਾਂ ਬਾਅਦ ਹੀ ਆਪਣੀ ਨੌਕਰੀ ਛੱਡ ਦਿੱਤੀ। ਰੁਮਾਨਾ ਅਹਿਮਦ ਨੂੰ ਸਾਲ 2011 ਵਿੱਚ ਵ੍ਹਾਈਟ ਹਾਊਸ ਵਿੱਚ ਕੰਮ ‘ਤੇ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਕੌਮੀ ਸੁਰੱਖਿਆ ਕੌ੬ਸਲ (ਐਨਐਸਸੀ) ਵਿੱਚ ਕੰਮ ਦਿੱਤਾ ਗਿਆ ਸੀ।
‘ਦਿ ਐਟਲਾਂਟਿਕ’ ਵਿੱਚ ਪ੍ਰਕਾਸ਼ਿਤ ਹੋਏ ਲੇਖ ਵਿੱਚ ਬੀਬੀ ਅਹਿਮਦ ਨੇ ਲਿਖਿਆ, ‘ਮੇਰਾ ਮੁਲਕ ਜਿਸ ਗੱਲ ਲਈ ਖੜ੍ਹਦਾ ਸੀ ਉਸ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਦੀ ਰੱਖਿਆ ਕਰਨਾ ਮੇਰਾ ਕੰਮ ਸੀ। ਮੈਂ ਹਿਜਾਬ ਪਹਿਨਣ ਵਾਲੀ ਮੁਸਲਿਮ ਔਰਤ ਹਾਂ। ਵੈਸਟ ਵਿੰਗ ਵਿੱਚ ਹਿਜਾਬ ਪਾਉਣ ਵਾਲੀ ਮੈਂ ਇਕੱਲੀ ਔਰਤ ਸਾਂ ਅਤੇ ਓਬਾਮਾ ਪ੍ਰਸ਼ਾਸਨ ਵੱਲੋਂ ਹਮੇਸ਼ਾ ਮੇਰਾ ਸਵਾਗਤ ਕੀਤਾ ਜਾਂਦਾ ਸੀ ਅਤੇ ਮੈਨੂੰ ਆਪਣੇ ‘ਚੋਂ ਇਕ ਮਹਿਸੂਸ ਕਰਾਇਆ ਜਾਂਦਾ ਸੀ।’ ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਜ਼ਿਆਦਾਤਰ ਅਮਰੀਕੀ ਮੁਸਲਿਮ ਸਾਥੀਆਂ ਵਾਂਗ 2016 ਦਾ ਜ਼ਿਆਦਾਤਰ ਸਮਾਂ ‘ਬਦਹਵਾਸੀ’ ਵਿੱਚ ਬਿਤਾਇਆ ਕਿਉਂਕਿ ਟਰੰਪ ਵੱਲੋਂ ‘ਸਾਡੇ ਭਾਈਚਾਰੇ ਨੂੰ ਬਦਨਾਮ’ ਕੀਤਾ ਗਿਆ।