ਪੰਜਾਬ ਵਿਚ ਆਪਣੀ ਹੀ ਔਲਾਦ ਹੱਥੋਂ ਰੁਲ ਰਿਹਾ ਬੁਢਾਪਾ

ਪੰਜਾਬ ਵਿਚ ਆਪਣੀ ਹੀ ਔਲਾਦ ਹੱਥੋਂ ਰੁਲ ਰਿਹਾ ਬੁਢਾਪਾ

ਬਲਰਾਜ ਸਿੰਘ ਸਿੱਧੂ (ਸੀਨੀਅਰ ਪੁਲੀਸ ਅਫਸਰ)

ਪੰਜਾਬ ਵਿਚ ਅੱਜ ਬੁਢਾਪਾ ਆਪਣੀ ਹੀ ਔਲਾਦ ਹੱਥੋਂ ਰੁਲ ਰਿਹਾ ਹੈ। ਬਜ਼ੁਰਗਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਗਰੀਬਾਂ ਦੀ ਤਾਂ ਚਲੋ ਮੰਨਿਆਂ ਆਰਥਿਕ ਮਜਬੂਰੀ ਹੋ ਸਕਦੀ ਹੈ, ਪਰ ਇੱਥੇ ਤਾਂ ਚੰਗੇ ਭਲੇ ਰੱਜੇ-ਪੁੱਜੇ ਘਰਾਂ ਦੇ ਬਜ਼ੁਰਗ ਰੋਟੀ ਤੋਂ ਆਤੁਰ ਹੋਏ ਪਏ ਹਨ। ਮਹਿੰਗੇ ਭਾਅ ਖਰੀਦੇ ਵਿਦੇਸ਼ੀ ਕੁੱਤਿਆਂ ਦੀ ਉਹਨਾਂ ਨਾਲੋਂ ਵੱਧ ਸੇਵਾ ਹੁੰਦੀ ਮੈਂ ਆਪਣੀ ਅੱਖੀਂ ਵੇਖੀ ਹੈ। ਜਿਸ ਬੰਦੇ ਨੇ ਸਾਰੀ ਉਮਰ ਕਮਾਈਆਂ ਕਰ ਕੇ ਕਰੋੜਾਂ-ਅਰਬਾਂ ਦੀ ਜਾਇਦਾਦ ਬਣਾਈ ਹੁੰਦੀ ਹੈ, ਉਹ ਪਿਛਲੀ ਉਮਰੇ ਰੋਟੀ ਦੀ ਬੁਰਕੀ ਤੋਂ ਵੀ ਮੁਹਤਾਜ਼ ਹੋ ਜਾਂਦਾ ਹੈ। ਜਿੰਨਾ ਚਿਰ ਬੰਦੇ ਦੇ ਹੱਡਾਂ ਵਿਚ ਜਾਨ ਰਹਿੰਦੀ ਹੈ, ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ, ਉਸਦੀ ਕੋਈ ਆਦਤ ਬੁਰੀ ਨਹੀਂ ਲੱਗਦੀ। ਪਰ ਜਦੋਂ ਹੀ ਉਹ ਨਕਾਰਾ ਹੋ ਕੇ ਮੰਜੇ 'ਤੇ ਪੈ ਜਾਂਦਾ ਹੈ, ਉਸਦੀ ਖਾਂਸੀ ਵੀ ਬੁਰੀ ਲੱਗਣ ਲੱਗ ਜਾਂਦੀ ਹੈ। ਸਾਡੇ ਮਹਿਕਮੇ ਦੇ ਇੱਕ ਅਫਸਰ ਨੇ ਸਾਰੀ ਉਮਰ ਰੱਜ ਕੇ ਕਮਾਈ ਕੀਤੀ। ਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਕੋਈ ਅਜਿਹੀ ਬਿਮਾਰੀ ਚਿੰਬੜ ਗਈ ਕਿ ਉਸ ਦੇ ਸਰੀਰ ਵਿਚੋਂ ਬਦਬੋ ਆਉਣ ਲੱਗ ਪਈ। ਉਸ ਦੀ ਹੋਣਹਾਰ ਔਲਾਦ, ਉਸ ਨੂੰ ਉਸ ਦੀ ਹੀ ਉਸਾਰੀ ਹੋਈ ਹਜ਼ਾਰ ਗਜ਼ ਦੀ ਕੋਠੀ ਵਿੱਚੋਂ ਚੁੱਕ ਕੇ ਮੋਟਰ ਵਾਲੇ ਕੋਠੇ ਵਿਚ ਸੁੱਟ ਆਈ, ਜਿੱਥੇ ਵਿਚਾਰਾ ਬੁਰੇ ਹਾਲੀਂ ਮਰਿਆ।
ਜੇ ਕਿਸੇ ਦੇ ਦੋ-ਤਿੰਨ ਪੁੱਤਰ ਹੋਣ ਤਾਂ ਬੁੱਢੇ ਵਾਰੇ ਮਾਪਿਆਂ ਦੀਆਂ ਵੰਡੀਆਂ ਪੈ ਜਾਂਦੀਆਂ ਹਨ। ਉਹਨਾਂ ਵਿਚ ਤਲਾਕ ਵਰਗੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਹਨ। ਮਾਂ ਨੂੰ ਇਕ ਭਰਾ ਲੈ ਜਾਂਦਾ ਹੈ ਤੇ ਪਿਉ ਨੂੰ ਦੂਸਰਾ। ਦੋਵੇਂ ਵਿਚਾਰੇ ਮਿਲਣ ਲਈ ਵੀ ਤਰਸ ਜਾਂਦੇ ਹਨ। ਇਹੀ ਉਮਰ ਆਦਮੀ ਤੀਵੀਂ ਵਿਚ ਬੈਠ ਕੇ ਦੁਖ-ਸੁਖ ਫਰੋਲਣ ਦੀ ਹੁੰਦੀ ਹੈ। ਪਰ ਪੁੱਤਰਾਂ ਦੀ ਦੁਸ਼ਮਣੀ ਕਾਰਨ ਉਹਨਾਂ ਨੂੰ ਆਪਸ ਵਿਚ ਮਿਲਣ ਦਾ ਹੱਕ ਵੀ ਨਹੀਂ ਰਹਿੰਦਾ। ਮਾਪਿਆਂ ਦੀ ਸੇਵਾ ਨਾ ਕਰਨੀ ਅਤੇ ਉਹਨਾਂ ਨੂੰ ਪਿਛਲੀ ਉਮਰੇ ਬਿਰਧ ਘਰ ਵਿਚ ਛੱਡ ਆਉਣਾ, ਪੱਛਮੀ ਦੇਸ਼ਾਂ ਦੀ ਪਰੰਪਰਾ ਹੈ। ਇਸ ਦਾ ਕਾਰਨ ਇਹ ਹੈ ਕਿ ਉੱਥੇ ਪਰਿਵਾਰਕ ਰਿਸ਼ਤੇ ਬਹੁਤੇ ਮਜ਼ਬੂਤ ਨਹੀਂ ਹਨ। ਜਵਾਨ ਹੁੰਦੇ ਹੀ ਬੱਚੇ ਘਰ ਛੱਡ ਕੇ ਚਲੇ ਜਾਂਦੇ ਹਨ। ਇਸ ਕਾਰਨ ਉਹ ਬੁਢਾਪੇ ਵਿੱਚ ਆਪਣੇ ਮਾਂ ਬਾਪ ਨੂੰ ਨਹੀਂ ਸੰਭਾਲਦੇ। ਪਰ ਸਾਡਾ ਸੱਭਿਆਚਾਰ ਹੋਰ ਹੈ। ਇੱਥੇ ਮਾਪੇ ਆਪਣੇ ਬੱਚਿਆਂ ਨੂੰ ਕੀ, ਬੱਚਿਆਂ ਦੇ ਬੱਚਿਆਂ ਨੂੰ ਵੀ ਸੰਭਾਲਦੇ ਹਨ। ਇਸ ਲਈ ਬੁਢਾਪੇ ਵਿਚ ਉਹਨਾਂ ਦੀ ਸੇਵਾ ਕਰਨੀ ਬੱਚਿਆਂ ਦਾ ਫਰਜ਼ ਹੈ।
ਅੱਜ ਕੱਲ੍ਹ ਬਹੁਤੇ ਪਤੀ ਪਤਨੀ ਨੌਕਰੀ ਪੇਸ਼ਾ ਹਨ। ਉਹਨਾਂ ਕੋਲ ਤਾਂ ਆਪਣੇ ਬੱਚੇ ਸੰਭਾਲਣ ਦਾ ਟਾਈਮ ਨਹੀਂ, ਬਜ਼ੁਰਗ ਕਿੱਥੋਂ ਸੰਭਾਲਣੇ ਹਨ। ਪਰ ਜਿਹੜੇ ਲੋਕ ਨੌਕਰੀ ਨਹੀਂ ਕਰਦੇ, ਉਹ ਵੀ ਆਪਣੇ ਮਾਂ ਬਾਪ ਨੂੰ ਸੰਭਾਲਣ ਤੋਂ ਇਨਕਾਰੀ ਹਨ। ਜਿਹੜਾ ਵੀ ਬੰਦਾ ਆਪਣੇ ਮਾਪਿਆਂ ਨੂੰ ਬਿਰਧ ਘਰ ਸੁੱਟ ਕੇ ਆਉਂਦਾ ਹੈ, ਉਸ ਨੂੰ ਚਾਹੀਦਾ ਕਿ ਉਹ ਬਿਰਧ ਘਰ ਨੂੰ ਵੱਧ ਤੋਂ ਵੱਧ ਦਾਨ ਦੇਵੇ, ਉੱਥੇ ਪੱਖੇ, ਕੂਲਰ ਅਤੇ ਏ.ਸੀ. ਫਿੱਟ ਕਰਵਾਏ। ਕਿਉਂਕਿ ਸਮਾਂ ਆਉਣ 'ਤੇ ਉਸਦੀ ਔਲਾਦ ਨੇ ਵੀ ਉਸ ਨੂੰ ਉੱਥੇ ਹੀ ਪਹੁੰਚਾਉਣਾ ਹੈ। ਆਖਰ ਬੱਚੇ ਆਪਣੇ ਮਾਂ ਬਾਪ ਦੀ ਹੀ ਰੀਸ ਕਰਦੇ ਹਨ। 
ਜੇ ਕਿਸੇ ਨੂੰ ਆਪਣੇ ਮਾਪਿਆਂ ਵਿਚੋਂ ਬਦਬੋ ਆਉਂਦੀ ਹੋਵੇ ਤਾਂ ਉਸ ਨੂੰ ਇਕ ਵਾਰ ਭਗਤ ਪੂਰਨ ਸਿੰਘ ਪਿੰਗਲਵਾੜੇ ਦੀ ਜ਼ਿਆਰਤ ਜ਼ਰੂਰ ਕਰਨੀ ਚਾਹੀਦੀ ਹੈ। ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਬਜ਼ੁਰਗਾਂ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ। ਸਾਡੇ ਲਈ ਆਪਣੇ ਮਾਪੇ ਸੰਭਾਲਣੇ ਔਖੇ ਹਨ, ਪਰ ਉਹ ਹਜ਼ਾਰਾਂ ਬੇਗਾਨੇ ਮਾਪੇ ਸੰਭਾਲਦੇ ਹਨ। ਉੱਥੇ ਸੈਂਕੜੇ ਅਜਿਹੇ ਬਜ਼ੁਰਗ ਹਨ ਜਿਹਨਾਂ ਨੂੰ ਆਪਣੇ ਆਪ ਦੀ ਹੋਸ਼ ਨਹੀਂ। ਉਹ ਉਹਨਾਂ ਦਾ ਮਲ ਮੂਤਰ ਬਿਨਾਂ ਮੱਥੇ ਵੱਟ ਪਾਇਆਂ ਸਾਫ ਕਰਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਜੇ ਅਸੀਂ ਬੇਗਾਨੇ ਸੰਭਾਲਣ ਜੋਗੇ ਨਹੀਂ, ਘੱਟੋ ਘੱਟ ਆਪਣੇ ਬਜ਼ੁਰਗ ਤਾਂ ਸੰਭਾਲੀਏ।  ਡੰਗਰਾਂ ਵਾਲੇ ਕੋਠੇ ਵਿਚ ਮਲ ਮੂਤਰ ਨਾਲ ਲਿੱਬੜੇ ਬਜ਼ੁਰਗ ਦੇ ਮਰਨ 'ਤੇ ਸੰਘ ਪਾੜ ਕੇ ਰੋਣ ਅਤੇ ਉਸ ਦੇ ਭੋਗ 'ਤੇ ਲੱਡੂ ਜਲੇਬੀਆਂ ਦੇ ਲੰਗਰ ਲਾਉਣ ਦਾ ਪਾਖੰਡ ਕਰਨ ਦੀ ਬਜਾਏ ਉਸ ਦੀ ਜਿਉਂਦੇ ਜੀਅ ਰੱਜ ਕੇ ਟਹਿਲ ਸੇਵਾ ਕਰਨੀ ਚਾਹੀਦੀ ਹੈ।