ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ (ਨਵੀਂ ਕਿਤਾਬ “ਸਿੱਖ ਦ੍ਰਿਸ਼ਟੀ ਦਾ ਗੌਰਵ” ਬਾਰੇ ਸ. ਅਜਮੇਰ ਸਿੰਘ ਦਾ ਲੇਖ)

ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ (ਨਵੀਂ ਕਿਤਾਬ “ਸਿੱਖ ਦ੍ਰਿਸ਼ਟੀ ਦਾ ਗੌਰਵ” ਬਾਰੇ ਸ. ਅਜਮੇਰ ਸਿੰਘ ਦਾ ਲੇਖ)

(ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵੱਲੋਂ ਸਿੱਖ ਸਾਹਿਤ ਦੇ ਵਿਹੜੇ ਇੱਕ ਨਵੀਂ ਕਿਤਾਬ ਪੇਸ਼ ਕੀਤੀ ਹੈ ਜਿਸ ਵਿੱਚ ਉਹਨਾਂ ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਵੱਲੋਂ ਆਪਣੇ ਜੀਵਨ ਦੌਰਾਨ ਵੱਖ-ਵੱਖ ਮੌਕਿਆਂ ਉੱਤੇ ਵੱਖ-ਵੱਖ ਵਿਸ਼ਿਆਂ ਬਾਰੇ ਲਿਖੇ ਗਏ 30 ਲੇਖਾਂ ਨੂੰ “ਸਿੱਖ ਦ੍ਰਿਸ਼ਟੀ ਦਾ ਗੌਰਵ” ਸਿਰਲੇਖ ਹੇਠ ਸੰਪਾਦਤ ਕੀਤਾ ਹੈ। ਇਹ ਲੇਖ "ਡਾ: ਗੁਰਭਗਤ ਸਿੰਘ ਦੀ ਚਿੰਤਨ ਵਿਸ਼ੇਸ਼ਤਾ" ਸ. ਅਜਮੇਰ ਸਿੰਘ ਵੱਲੋਂ ਇਸ ਕਿਤਾਬ ਬਾਰੇ ਲਿਖਿਆ ਗਿਆ ਹੈ।)

 


ਸ. ਅਜਮੇਰ ਸਿੰਘ

ਸੰਸਾਰ ਵਿਚ ਇਤਿਹਾਸ ਅੰਦਰ ਅੱਡ ਅੱਡ ਸਮਿਆਂ ‘ਤੇ ਵੱਖੋ ਵੱਖਰੀਆਂ ਚਿੰਤਨ ਧਾਰਾਵਾਂ ਜਾਂ ਲਹਿਰਾਂ ਪੈਦਾ ਹੁੰਦੀਆਂ ਆਈਆਂ ਹਨ। ਹਰ ਚਿੰਤਨ ਧਾਰਾ ਨੇ ਆਪਣੇ ਸਮਕਾਲੀ ਮਾਨਵੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦੀ ਸਿਧਾਂਤਕ ਵਿਆਖਿਆ ਕੀਤੀ ਅਤੇ ਇਨ੍ਹਾਂ ਦਾ ਹੱਲ ਪੇਸ਼ ਕੀਤਾ। ਇਸ ਦੌਰਾਨ ਸਿਧਾਂਤ ਤੇ ਪਰਿਪੇਖ ਸਿਰਜੇ ਗਏ। ਇਹ ਸਿਧਾਂਤ ਅਮਲ ਦੀ ਕਸਵੱਟੀ ਉਤੇ ਪਰਖੇ ਜਾਂਦੇ ਰਹੇ। ਇਸ ਤਰ੍ਹਾਂ ਅਮਲ ਵਿਚੋਂ ਹਰ ਚਿੰਤਨ ਧਾਰਾ ਦੇ ਕੱਚ-ਸੱਚ ਦਾ ਨਿਤਾਰਾ ਹੁੰਦਾ ਆਇਆ ਹੈ।

ਕਿਸੇ ਵੀ ਚਿੰਤਨ ਧਾਰਾ ਦਾ ਯੋਗ ਮੁਲੰਕਣ ਕਰਨ ਲਈ ਉਸ ਦੇ ਕੇਂਦਰੀ ਤੱਤ (essence) ਨੂੰ ਸਮਝਣਾ ਜ਼ਰੂਰੀ ਹੈ। ਅਰਥਾਤ ਇਹ ਜਾਨਣਾ ਜ਼ਰੂਰੀ ਹੈ ਕਿ ਉਸ ਦੀ ਕੇਂਦਰੀ ਗੱਲ ਕਿਹੜੀ ਹੈ, ਉਹ ਕਿੰਨ੍ਹਾਂ ਮੂਲ ਵਿਸ਼ਵਾਸਾਂ ਤੇ ਧਾਰਨਾਵਾਂ ਉਤੇ ਖੜ੍ਹੀ ਹੈ? ਇਵੇਂ ਹੀ ਕਿਸੇ ਨਾਮਵਰ ਚਿੰਤਕ ਦੀ ਬੌਧਿਕ ਸਿਰਜਣਾ ਨੂੰ ਵੀ ਉਸ ਕਾਲ ਦੀਆਂ ਬੌਧਿਕ ਚੁਣੌਤੀਆਂ ਦੀ ਰੋਸ਼ਨੀ ਵਿਚ ਹੀ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ।


ਡਾ. ਗੁਰਭਗਤ ਸਿੰਘ

ਪੱਛਮੀ ਯੂਰਪ ਅੰਦਰ ਸਤਾਰਵੀਂ ਸਦੀ ਤੋਂ ਆਰੰਭ ਹੋਈ ‘ਬੁੱਧ-ਵਿਵੇਕ ਦੀ ਲਹਿਰ’ (ਐਨਲਾਈਟਨਮੈਂਟ) ਦੀ ਪ੍ਰਮੁੱਖ ਗੱਲ ਇਹ ਸੀ ਕਿ ਇਸ ਨੇ ਮਨੁੱਖ ਅੰਦਰ ਗਿਆਨ ਪ੍ਰਾਪਤੀ ਦੇ ਸੋਮਿਆਂ (ਸਾਡੀਆਂ ਗਿਆਨ ਇੰਦਰੀਆਂ ਤੇ ਪ੍ਰਾਵਰਗਾਂ) ਦੀ ਸੰਪੂਰਨਤਾ (absoluteness) ਵਿਚ ਅਟੁੱਟ ਵਿਸ਼ਵਾਸ ਪੈਦਾ ਕਰ ਦਿਤਾ ਸੀ। ਇਹ ਧਾਰਨਾ ਪੈਦਾ ਹੋ ਗਈ ਸੀ ਕਿ ਸੰਪੂਰਨ ਸੱਚ ਭਾਲਿਆ ਤੇ ਬਿਆਨ ਕੀਤਾ ਜਾ ਸਕਦਾ ਹੈ। ਇਸ ਅਨੁਸਾਰ ਪੱਛਮੀ ਗਿਆਨੀਆਂ (ਵਿਗਿਆਨੀਆਂ ਤੇ ਵਿਦਵਾਨਾਂ) ਨੇ ਨਾ ਸਿਰਫ਼ ਕੁਦਰਤੀ ਵਰਤਾਰਿਆਂ ਬਾਰੇ ਸਗੋਂ ਮਨੁੱਖੀ ਮਾਮਲਿਆਂ ਤੇ ਸਮਾਜੀ ਵਰਤਾਰਿਆਂ ਬਾਰੇ ਵੀ ‘ਸੰਪੂਰਨ ਸਿਧਾਂਤ’ ਸਿਰਜਣ ਦਾ ਭਰਪੂਰ ਜ਼ੋਸ਼ ਦਿਖਾਇਆ, ਜਿਸ ਵਿਚੋਂ ਪੱਛਮੀ ਗਿਆਨ ਦਾ ਵਜੂਦ (body of knowledge) ਵਿਕਸਤ ਹੋਇਆ। ਇਸ ਗਿਆਨ ਦੇ ਆਸਰੇ ਪੱਛਮੀ ਸਮਾਜਾਂ ਨੇ ਵੱਡੀਆਂ ‘ਮੱਲਾਂ’ ਮਾਰੀਆਂ। ਪੁਰਾਤਨ ਜਾਗੀਰੂ ਸਮਾਜੀ ਪ੍ਰਬੰਧ ਨੂੰ ਹੂੰਝ ਕੇ ਆਧੁਨਿਕ ਪੂੰਜੀਵਾਦੀ ਸਮਾਜਾਂ ਦੀ ਸਿਰਜਣਾ ਕੀਤੀ। ਦੇਸੀ ਸਨਅਤਾਂ ਲਈ ਕੱਚੇ ਮਾਲ ਦੀ ਲੋੜ ਪੂਰਤੀ ਅਤੇ ਸਨਅਤੀ ਵਸਤੂਆਂ ਦੀ ਖਪਤ ਲਈ ਨਵੀਆਂ ਮੰਡੀਆਂ ਦੀ ਤਲਾਸ਼ ਵਿਚੋਂ ਗੈਰ-ਯੂਰਪੀ ਧਰਤੀਆਂ ਵੱਲ ਮੂੰਹ ਕੀਤਾ। ਜਿਸ ਵਿਚੋਂ ਪੂੰਜੀਵਾਦੀ ਸਾਮਰਾਜਵਾਦ ਤੇ ਬਸਤੀਵਾਦ ਦੇ ਵਰਤਾਰੇ ਪ੍ਰਗਟ ਹੋਏ। ਬਸਤੀਆਂ ਦੇ ਲੋਕਾਂ ਨੂੰ ਪਹਿਲਾਂ ਗ਼ੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜਨ ਤੇ ਫਿਰ ਇਸ ਜਕੜ ਨੂੰ ਲਗਾਤਾਰ ਕਾਇਮ ਰੱਖਣ ਲਈ ਬੇਰਹਿਮ ਤੇ ਬੇਤਹਾਸ਼ੀ ਹਿੰਸਾ ਦਾ ਆਸਰਾ ਲਿਆ ਗਿਆ। ਇਸ ਤਰ੍ਹਾਂ ਪੂੰਜੀ ਦੀ ਲੋੜ ਤੇ ਹਵਸ਼ ਵਿਚੋਂ ਇਕ ਪਾਸੇ ਬਸਤੀਆਂ ਅੰਦਰ ਬੇਹਿਸਾਬਾ ਮਨੁੱਖੀ ਲਹੂ ਡੋਲ੍ਹਿਆ ਗਿਆ, ਅਤੇ ਦੂਜੇ ਪਾਸੇ ਦੌਲਤ ਤੇ ਸੱਤਾ ਦੀ ਸਦੀਵੀ ਭੁੱਖ ਵਿਚੋਂ ਸਾਮਰਾਜੀ ਤਾਕਤਾਂ ਵਿਚਕਾਰ ਆਪਸੀ ਖਹਿ-ਭੇੜ ਦਾ ਸਿਲਸਿਲਾ ਖ਼ੂਨੀ ਰੂਪ ਧਾਰਨ ਕਰ ਗਿਆ, ਜਿਸ ਵਿਚੋਂ ਸੰਸਾਰ ਮਹਾਂ-ਯੁੱਧਾਂ ਦਾ ਭਿਅੰਕਰ ਵਰਤਾਰਾ ਪ੍ਰਗਟ ਹੋਇਆ। ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਅੰਦਰ ਤੀਹ ਸਾਲਾਂ ਦੇ ਵਕਫ਼ੇ ਵਿਚ ਹੀ ਉਪਰੋਥਲੀ ਛਿੜੇ ਦੋ ਸੰਸਾਰ ਯੁੱਧਾਂ ਅੰਦਰ ਜਿੰਨੇ ਲੋਕ ਮਾਰੇ ਗਏ ਓਨੇ ਮੱਧ ਯੁਗ ਦੀਆਂ ਜੰਗਾਂ ਅੰਦਰ ਕਈ ਸਦੀਆਂ ਵਿਚ ਨਹੀਂ ਮਰੇ ਸਨ। ਸਿਰਫ਼ ਏਨਾ ਹੀ ਨਹੀਂ। ਇਸੇ ਹੀ ਸਮੇਂ ਦੌਰਾਨ ‘ਬੁੱਧ-ਵਿਵੇਕ ਦੀ ਲਹਿਰ’ ਦੀਆਂ ਅਗਵਾਨੂੰ ਕੌਮਾਂ ਦੇ ਅੰਦਰ ਪ੍ਰਗਟ ਹੋਏ ਨਾਜ਼ੀਵਾਦ ਤੇ ਫ਼ਾਸ਼ੀਵਾਦ ਦੇ ਰੁਝਾਣਾਂ ਨੇ ਪੱਛਮ ਦੇ, ਤਰਕਵਾਦੀ (rational) ਮਨੁੱਖ ਤੇ ਸਮਾਜ ਸਿਰਜਣ ਦੇ ਦਾਅਵਿਆਂ ਦੀ ਖਿੱਲੀ ਉਡਾ ਦਿਤੀ ਸੀ। ਇਸ ਸਮੁੱਚੇ ਘਟਨਾ-ਕ੍ਰਮ ਦੇ ਸਨਮੁੱਖ ਪੱਛਮ ਦੇ ਹੀ ਕੁੱਝ ਜ਼ਹੀਨ ਚਿੰਤਕਾਂ, ਜਿੰਨ੍ਹਾਂ ’ਚੋਂ ਜ਼ਿਆਦਾਤਰ ਯਹੂਦੀ ਸਨ, ਨੇ ਐਨਲਾਈਟਨਮੈਂਟ ਦੀਆਂ ਦਾਰਸ਼ਨਿਕ ਬੁਨਿਆਦਾਂ ਤੇ ਕਦਰਾਂ-ਕੀਮਤਾਂ ਨੂੰ ਤਿੱਖੇ ਸ਼ੱਕ ਤੇ ਪੜਚੋਲ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਪੱਛਮ ਦੇ ਸਮੁੱਚੇ ਦਰਸ਼ਨ, ਰਾਜਨੀਤੀ ਤੇ ਚੱਲ ਰਹੇ ਅਭਿਆਸਾਂ ਨੂੰ ਹੰਗਾਲਿਆ। ਉਨ੍ਹਾਂ ਨੇ ਜਰਮਨੀ ਅੰਦਰ ਯਹੂਦੀਆਂ ਦੀ ਯੋਜਨਾਵੱਧ ਢੰਗਾਂ ਨਾਲ ਕੀਤੀ ਗਈ ਨਸਲਕੁਸ਼ੀ, ਜਿਸ ਨੂੰ ਯਹੂਦੀਆਂ ਨੇ ਇਤਿਹਾਸ ਅੰਦਰ ‘ਮਹਾਂਨਾਸ਼’ (holocaust) ਦਾ ਨਾਂ ਦਿੱਤਾ, ਦੇ ਕਾਰਨ ਲੱਭੇ। ਅਖੀਰ ਵਿਚ ਜਾ ਕੇ, ਉਨ੍ਹਾਂ ਨੇ, ਐਨਲਾਈਟਨਮੈਂਟ ਬਾਰੇ ਸਰਬ-ਪ੍ਰਵਾਨਿਤ ਤੇ ਸਥਾਪਤ ਹੋ ਚੁੱਕੀਆਂ ਬੁਨਿਆਦ-ਰੂਪੀ ਧਾਰਨਾਵਾਂ ਨੂੰ ਸ਼ੱਕੀ (problematic) ਕਰਾਰ ਦਿੰਦਿਆਂ ਮੁੱਢੋਂ-ਸੁੱਢੋਂ ਰੱਦ ਕਰ ਦਿਤਾ ਅਤੇ ਇਨ੍ਹਾਂ ਨੂੰ ਸਮਾਜ ਅੰਦਰ ਫੈਲੀ ਹਿੰਸਾ, ਕਤਲੋਗ਼ਾਰਤ, ਵਹਿਸ਼ੀ ਜੰਗਾਂ, ਨਸਲ-ਕੁਸ਼ੀਆਂ, ਰਾਜਸੀ ਗ਼ਲਬੇ ਤੇ ਜ਼ੁਲਮਾਂ, ਗੱਲ ਕੀ ਕੁੱਲ ਮਾਨਵ-ਦੋਖੀ ਅਮਲਾਂ ਲਈ ਸਿੱਧਾ ਦੋਸ਼ੀ ਠਹਿਰਾਇਆ।

ਆਧੁਨਿਕ ਪੱਛਮੀ ਚਿੰਤਨ ਤੇ ਅਭਿਆਸ ਦੀ ਇਸ ਅਲੋਚਨਾ ਦਾ ਮੁੱਢ ਮੁੱਖ ਤੌਰ ‘ਤੇ ਜਰਮਨੀ ਤੇ ਫਰਾਂਸ ਦੇ ਯਹੂਦੀ ਵਿਦਵਾਨਾਂ ਨੇ ਬੰਨ੍ਹਿਆ ਸੀ। ਇਸ ਦੀ ਸ਼ੁਰੂਆਤ ਭਾਵੇਂ ਵੀਹਵੀਂ ਸਦੀ ਦੇ ਮੱਧ ਵਿਚ ਹੀ ਹੋ ਗਈ ਸੀ, ਪਰ ਜਰਮਨ ਤੇ ਫਰਾਂਸੀਸੀ ਵਿਦਵਾਨਾਂ ਦੀਆਂ ਲਿਖਤਾਂ ਦਾ ਅੰਗਰੇਜ਼ੀ ਤਰਜਮਾ ਕਾਫ਼ੀ ਪਛੜਕੇ ਹੋਇਆ। ਜ਼ਿਆਦਾਤਰ ਲਿਖਤਾਂ ਦਾ ਅੰਗਰੇਜ਼ੀ ਵਿਚ ਉਲੱਥਾ ਵੀਹਵੀਂ ਸਦੀ ਦੇ ਅੱਠਵੇਂ ਤੇ ਨੌਵੇਂ ਦਹਾਕਿਆਂ ਵਿਚ ਜਾ ਕੇ ਹੋਇਆ। ਇਸ ਤਰ੍ਹਾਂ ਇਹ ਅਲੋਚਨਾ ਅੰਗਰੇਜ਼ੀ ਦੇ ਪਾਠਕਾਂ ਕੋਲ ਦੇਰ ਨਾਲ ਪਹੁੰਚੀ। ਇਸ ਭਵਿੱਖਮੁਖੀ ਚਿੰਤਨ ਦੀ ਪੰਜਾਬ ਦੇ ਬੌਧਿਕ ਜਗਤ ਨਾਲ ਜਾਣ ਪਛਾਣ ਕਰਾਉਣ ਦਾ ਮਾਣ ਪੰਜਾਬ ਦੇ ਜ਼ਹੀਨ ਵਿਦਵਾਨ (ਮਰਹੂਮ) ਡਾ: ਗੁਰਭਗਤ ਸਿੰਘ ਨੂੰ ਜਾਂਦਾ ਹੈ।

ਡਾ: ਗੁਰਭਗਤ ਸਿੰਘ ਸਮਕਾਲੀ ਵਿਚਾਰਧਾਰਕ ਤੇ ਰਾਜਸੀ ਵਾਤਾਵਰਣ ਦੇ ਪ੍ਰਭਾਵ ਹੇਠ, ਚੜ੍ਹਦੀ ਉਮਰੇ ਮਾਰਕਸਵਾਦੀ ਵਿਚਾਰਧਾਰਾ ਵੱਲ ਕੀਲੇ ਗਏ ਸਨ। ਪਰ ਉਹ ਕੁੱਝ ਗੱਲਾਂ ਵਿਚ ਹੋਰਨਾਂ ਮਾਰਕਸਵਾਦੀਆਂ ਨਾਲੋਂ ਨਿਆਰਾ ਸੀ। ਇਕ ਤਾਂ ਮਾਰਕਸਵਾਦੀ ਵਿਚਾਰਧਾਰਾ ਦਾ ਮੁਰੀਦ ਬਣ ਜਾਣ ਦੇ ਬਾਵਜੂਦ ਉਹ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲੋਂ ਟੁੱਟਿਆ ਨਹੀਂ ਸੀ। ਦੂਜਾ, ਮਾਰਕਸਵਾਦ ਦੇ ਜ਼ਿਆਦਾਤਰ ਪੈਰੋਕਾਰਾਂ ਵਾਂਗੂੰ ਉਹ ਪਿਛਲੱਗ ਤੇ ਨਕਲਚੂ ਬਿਰਤੀ ਦਾ ਮਾਲਕ ਨਹੀਂ ਸੀ। ਉਹ ਹਰ ਵਿਚਾਰ ਤੇ ਮਸਲੇ ਬਾਰੇ ਘੋਖਵੀਂ ਪਹੁੰਚ ਅਪਣਾ ਕੇ ਚਲਦਾ ਸੀ। ਤੀਜਾ, ਉਹ ਮਾਰਕਸਵਾਦ ਸਮੇਤ ਕਿਸੇ ਵੀ ਸਿਧਾਂਤ ਦਾ ਰਟਣ-ਮੰਤਰ ਨਹੀਂ ਕਰਦਾ ਸੀ। ਉਹ ਹਮੇਸ਼ਾ ਰਚਨਾਤਮਿਕ (creative) ਪਹੁੰਚ ਅਪਣਾ ਕੇ ਚਲਦਾ ਸੀ। ਉਹ ਸਿਧਾਂਤਾਂ ਨੂੰ ਸਮਕਾਲੀ ਹਾਲਤਾਂ ਨਾਲ ਜੋੜ ਕੇ ਦੇਖਣ ਸਮਝਣ ਅਤੇ ਇਨ੍ਹਾਂ ਦੀ ਰੋਸ਼ਨੀ ਵਿਚ ਸਮਕਾਲੀ ਸਮੱਸਿਆਵਾਂ ਦੇ ਹੱਲ ਲੱਭਣ ਦਾ ਯਤਨ ਕਰਦਾ ਸੀ। ਸਾਰਿਆਂ ਨਾਲੋਂ ਅਹਿਮ ਗੱਲ, ਵਾਹਿਗੁਰੂ ਨੇ ਉਸ ਨੂੰ ਜ਼ਹੀਨ ਬੁੱਧੀ ਦੇ ਨਾਲੋ-ਨਾਲ ਮੌਲਿਕ ਚਿੰਤਨ (original thinking) ਦੀ ਦਾਤ ਬਖ਼ਸ਼ੀ ਹੋਈ ਸੀ।


ਕਿਤਾਬ ਦਾ ਬਾਹਰੀ ਪੰਨਾ

ਗੁਰਭਗਤ ਸਿੰਘ ਨੂੰ ਜਿਸ ਵਕਤ ਆਧੁਨਿਕ ਪੱਛਮੀ ਚਿੰਤਨ ਦੇ ਅਲੋਚਕਾਂ ਦੀਆਂ ਲਿਖਤਾਂ ਦਾ ਅੰਗਰੇਜ਼ੀ ਤਰਜਮਾ ਨਸੀਬ ਹੋਇਆ ਤਾਂ ਉਸ ਵੇਲੇ ਉਹ ਵਿਸ਼ੇਸ਼ ਮਾਨਸਿਕ ਤੇ ਬੌਧਿਕ ਅਵਸਥਾ ੱਚੋਂ ਲੰਘ ਰਿਹਾ ਸੀ। ਜੂਨ 1984 ਵਿਚ ਹਿੰਦੂ ਹਾਕਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਅਤੇ ਉਸ ਤੋਂ ਬਾਅਦ ਨਵੰਬਰ ਵਿਚ ਦਿੱਲੀ ਤੇ ਹੋਰਨਾਂ ਸ਼ਹਿਰਾਂ ਅੰਦਰ ਸਿੱਖਾਂ ਦੇ ਵਹਿਸ਼ੀ ਤੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਮੂਹਿਕ ਕਤਲੇਆਮ ਨੇ ਗੁਰਭਗਤ ਸਿੰਘ ਨੂੰ ਧੁਰ ਅੰਦਰ ਤਕ ਹਲੂਣ ਕੇ ਰੱਖ ਦਿਤਾ ਸੀ। ਗਹਿਰੀ ਮਾਨਸਿਕ ਵੇਦਨਾ ਦੇ ਨਾਲੋ-ਨਾਲ ਉਸ ਦੇ ਬੌਧਿਕ ਜਗਤ ਅੰਦਰ ਵੀ ਖਲਬਲੀ ਮੱਚ ਗਈ ਸੀ। ਉਸ ਦੀਆਂ ਪੱਛਮੀ ਚਿੰਤਨ ਤੋਂ ਪ੍ਰਭਾਵਿਤ ਬਹੁਤ ਸਾਰੀਆਂ ਦਾਰਸ਼ਨਿਕ ਧਾਰਨਾਵਾਂ ਦੀਆਂ ਬੁਨਿਆਦਾਂ ਹਿੱਲ ਗਈਆਂ। ਕਿਸੇ ਵੀ ਸੱਚੇ ਚਿੰਤਕ ਵਾਂਗੂੰ ਉਹ ਜੂਨ 1984 ਅੰਦਰ ਵਾਪਰੇ ਘੱਲੂਘਾਰੇ ਦੀ ਤੈਅ ਤਕ ਜਾਣਾ ਚਾਹੁੰਦਾ ਸੀ। ਜਦੋਂ ਕਿ ਸਾਡੇ ਵਰਗੇ ਜ਼ਿਆਦਾਤਰ ਬੌਧਿਕ ਕਰਮੀ ਮਸਲੇ ਦੀ ਰਾਜਨੀਤਕ ਵਿਆਖਿਆ ਤਕ ਹੀ ਸੀਮਤ ਰਹਿ ਰਹੇ ਸਨ, ਗੁਰਭਗਤ ਸਿੰਘ ਵਰਤਾਰੇ ਦੀਆਂ ਦਾਰਸ਼ਨਿਕ ਪਰਤਾਂ ਫਰੋਲਣ ਤਕ ਗਿਆ। ਇਸ ਮਾਮਲੇ ਵਿਚ ਉਸ ਨੇ ਯਕੀਨਨ ਹੀ ਕੁੱਝ ਪੱਛਮੀ ਚਿੰਤਕਾਂ ਦੀਆਂ ਲਿਖਤਾਂ ਤੋਂ ਸੇਧ ਤੇ ਪ੍ਰੇਰਣਾ ਲਈ। ਪਰ ਮੌਲਿਕ ਚਿੰਤਕ ਹੋਣ ਦੇ ਨਾਤੇ ਉਸ ਨੇ ਇਸ ਚਿੰਤਨ ਨੂੰ ਆਪਣੀਆਂ ਵਿਸ਼ੇਸ਼ ਸਮੱਸਿਆਵਾਂ ਨਾਲ ਜੋੜ ਕੇ ਸਮਝਣਾ ਸ਼ੁਰੂ ਕੀਤਾ। ਇਸ ਅਮਲ ਦੌਰਾਨ ਉਸ ਨੇ ਆਪਣੀਆਂ ਕੁੱਝ ਪਹਿਲਾਂ ਤੋਂ ਬਣੀਆਂ ਦਾਰਸ਼ਨਿਕ ਮਨੌਤਾਂ ਤੇ ਧਾਰਨਾਵਾਂ ਤੋਂ ਖਹਿੜਾ ਛੁਡਾਇਆ ਅਤੇ ਇਕ ਢੰਗ ਨਾਲ ਸਭ ਕੁੱਝ ਨਵੇਂ ਸਿਿਰਓਂ ਸਿਖਣ ਦੀ ਸਚਿਆਰੂ ਤੇ ਉਸਾਰੂ ਪਹੁੰਚ ਅਪਣਾਈ। ਆਪਣੇ ਸੰਗੀ ਮਾਰਕਸਵਾਦੀ ਬੁੱਧੀਜੀਵੀਆਂ ਨਾਲੋਂ ਉਸ ਦਾ ਇਹ ਨਿਵੇਕਲਾ ਬੌਧਿਕ ਲੱਛਣ ਉਸ ਦੀ ਨਿਵੇਕਲੀ ਪਛਾਣ ਤੇ ਸੋਭਾ ਹੋ ਨਿਬੜਿਆ। ਇਸ ਨਾਲ ਉਸ ਦੇ ਚਿੰਤਨ ਅੰਦਰ ਵੱਧ ਨਿਖਾਰ ਤੇ ਜਲਾਲ ਪ੍ਰਗਟ ਹੋਇਆ। ਉਸ ਦੀ ਦ੍ਰਿਸ਼ਟੀ ਨੇ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ ਫੌਰੀ ਰਾਜਨੀਤਕ ਕਾਰਨਾਂ ਤੋਂ ਪਾਰ ਲੰਘ ਕੇ ਇਸ ਵਰਤਾਰੇ ਦੀਆਂ, ਪੱਛਮੀ ਤੇ ਬ੍ਰਾਹਮਣੀ ਚਿੰਤਨ ਧਾਰਾਵਾਂ ਨਾਲ ਜੁੜੀਆਂ ਅਦ੍ਰਿਸ਼ਟ ਤੰਦਾਂ ਦੀ ਨਿਸ਼ਾਨਦੇਹੀ ਕੀਤੀ। ਇਸ ਅਮਲ ਦੌਰਾਨ ਉਹ ਜਿੰਨ੍ਹਾਂ ਅਹਿਮ ਸਿਧਾਂਤਕ ਸਿੱਟਿਆਂ ਉਤੇ ਅੱਪੜਿਆ ਉਨ੍ਹਾਂ ਦਾ ਉਲੇਖ ਇਸ ਸੰਗ੍ਰਹਿ ਵਿਚ ਸ਼ਾਮਲ ਲੇਖਾਂ (ਅਤੇ ਉਸ ਦੀਆਂ ਹੋਰਨਾਂ ਰਚਨਾਵਾਂ) ਵਿਚ ਕੀਤਾ ਗਿਆ ਹੈ।

ਡਾ: ਗੁਰਭਗਤ ਸਿੰਘ ਵੱਲੋਂ ਸੂਤਰਬੱਧ ਕੀਤੇ ਗਏ ਵਿਚਾਰਾਂ ਦਾ ਸਾਰ ਇਸ ਪਰਕਾਰ ਹੈ:

1. ਆਧੁਨਿਕ ਵਿਿਗਆਨ ਅਤੇ ਚਿੰਤਨ ਦੀ ਸਾਂਝੀ ਗੱਲ ਇਹ ਹੈ ਕਿ ਜੀਵਨ ਦਾ ਧੁਰਾ, ਇਸ ਦੀ ਗਤੀ (ਵਿਕਾਸ) ਦਾ ਸ੍ਰੋਤ, ਪਰਮ-ਪਵਿੱਤਰ ਜਾਂ ਰੱਬ ਨਹੀਂ; ਮਨੁੱਖ ਦੀ ਇੱਛਾ ਸ਼ਕਤੀ ਅਤੇ ਇਸ ਨਾਲ ਆਉਣ ਵਾਲੀ ਤਬਦੀਲੀ ਹੈ। ਨੀਤਸ਼ੇ ਨੇ ਨਿਸ਼ਚੇ-ਭਰਪੂਰ ਲਹਿਜ਼ੇ ਨਾਲ ਇਹ ਐਲਾਨ ਕਰ ਦਿੱਤਾ ਸੀ ਕਿ “ਰੱਬ ਮਰ ਗਿਆ ਹੈ…ਅਸੀਂ ਉਸ ਨੂੰ ਮਾਰਿਆ ਹੈ…(ਇਤਿਹਾਸ ਅੰਦਰ) ਇਸ ਤੋਂ ਵੱਡਾ ਕਰਮ ਕੋਈ ਨਹੀਂ ਹੋਇਆ, ਸਾਡੇ ਤੋਂ ਪਿੱਛੋਂ ਜੋ ਵੀ ਜੰਮੇਗਾ-ਉਹ ਇਸ ਕਰਮ ਕਾਰਨ ਅਜੇ ਤਕ ਦੇ ਸਭ ਇਤਿਹਾਸ ਨਾਲੋਂ ਉਚੇਰੇ ਇਤਿਹਾਸ ਨਾਲ ਸਬੰਧਤ ਹੋਵੇਗਾ…ਇਸ (ਉਚੇਰੇ ਇਤਿਹਾਸ) ਦੀ ਸਾਜਨਾ, ਰੱਬ-ਕੇਂਦਰਿਤ ਹੋਣ ਦੀ ਥਾਂ ਨਿਸ਼ਚੇ ਭਰਪੂਰ ਮਨੁੱਖ ਨਾਲ ਹੋਵੇਗੀ।”

2. ਰੱਬ ਨੂੰ ਕੇਂਦਰ ਮੰਨਣ ਤੋਂ ਇਨਕਾਰੀ ਹੋ ਜਾਣ ਤੋਂ ਬਾਅਦ ਇਸ ਦਾ ਜੋ ਬਦਲ ਲੱਭਿਆ ਗਿਆ, ਉਹ ਪੂੰਜੀ ਦਾ ਕੇਂਦਰ ਸੀ। ਇਸ ਦੇ ਦੁਆਲੇ ਮਹਾਂ-ਪ੍ਰਬੰਧ (meta-systems) ਜਾਂ ਮਹਾਂ-ਬ੍ਰਿਤਾਂਤ (meta-narratives) ਉਸਾਰ ਦਿਤੇ ਗਏ ਜੋ ਲਘੂ-ਬ੍ਰਿਤਾਂਤਾਂ ਨੂੰ ਹਜ਼ਮ ਕਰਨ ਲੱਗੇ। ਇਹ ਪ੍ਰਚਾਰਿਆ ਗਿਆ ਕਿ ਮਨੁੱਖ ਦੀ ਮੁਕਤੀ ਇਨ੍ਹਾਂ ਮਹਾਂ-ਪ੍ਰਬੰਧਾਂ ਦੇ ਅਨੁਸਾਰੀ ਚੱਲਣ ਨਾਲ ਹੀ ਹੋ ਸਕਦੀ ਹੈ।

3. ਪੱਛਮ ਨੇ ਆਪਣੀ ਸਭਿਆਚਾਰਕ ਸਥਿਤੀ ਅਨੁਸਾਰ ਆਪਣਾ ਫ਼ਲਸਫ਼ਾ ਵਿਕਸਤ ਕੀਤਾ, ਚਿੰਤਨ ਪੈਦਾ ਕੀਤਾ। ਇਸ ਅਨੁਸਾਰ ਖ਼ਾਸ ਸ਼ਬਦਾਵਲੀ ਘੜੀ ਗਈ, ਵਿਸ਼ੇਸ਼ ਇਸਤਲਾਹਾਂ (terms) ਤੇ ਪ੍ਰਾਵਰਗ (categories) ਸਾਜੇ ਗਏ। ਇਹ ਪ੍ਰਾਵਰਗ ਨਿਸਚਤ ਕਰ ਦਿੱਤੇ ਗਏ। ਇਨ੍ਹਾਂ ਰਾਹੀਂ ਨਤੀਜੇ ਕੱਢੇ ਗਏ, ਸਿਧਾਂਤ ਸਿਰਜੇ ਗਏ, ਪਰਿਪੇਖ (prespectives) ਨਿਸਚਤ ਕੀਤੇ ਗਏ, ਸੂਤਰ ਸਥਾਪਤ ਕਰ ਦਿੱਤੇ ਗਏ। ਇਸ ਤਰੀਕੇ ਨਾਲ ਇਕ ਗਿਆਨ-ਪ੍ਰਬੰਧ ਸਿਰਜਿਆ ਤੇ ਸਥਾਪਤ ਕੀਤਾ ਗਿਆ। ਪੱਛਮ ਦੀ ਵਿਸ਼ੇਸ਼ ਸਭਿਆਚਾਰਕ ਸਥਿਤੀ ੱਚੋਂ ਪੈਦੇ ਹੋਏ ਇਸ ਵਿਸ਼ੇਸ਼ (particular) ਗਿਆਨ-ਪ੍ਰਬੰਧ ਨੂੰ ਸਰਬ-ਵਿਆਪੀ (universal) ਹੋਣ ਦੇ ਮਾਣ ਨਾਲ ਨਿਵਾਜਿਆ ਗਿਆ। ਇਸ ਦੇ ਰਾਹੀਂ ਦੂਸਰੇ (ਗੈਰ-ਪੱਛਮੀ) ਸਭਿਆਚਾਰਾਂ ਨੂੰ ਸਮਝਣ ਦੀ ਬੌਧਿਕ ਕਵਾਇਦ ਆਰੰਭ ਕੀਤੀ ਗਈ (ਅਕਾਦਮਿਕ ਬੋਲੀ ਵਿਚ ਇਸ ਨੂੰ ‘ਓਰੀਐਂਟਲਿਜਮ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ)। ਫਰਾਂਸੀਸੀ ਵਿਦਵਾਨ ਯਾਕ ਦੈਰਿਦਾ ਕਹਿੰਦਾ ਹੈ ਕਿ ਪੱਛਮ ਦਾ ਜੋ ਪ੍ਰਾਵਰਗ-ਵਿਧਾਨ ਹੈ, ਇਹਦੇ ਅਰਥ ਨਿਸਚਤ ਹਨ। ਪੱਛਮੀ ਵਿਦਵਾਨ ਜਦੋਂ ਕਿਸੇ ‘ਦੂਸਰੇ’ ਬਾਰੇ ਗਿਆਨ ਹਾਸਲ ਕਰਦੇ ਹਨ, ‘ਦੂਸਰੇ’ ਦਾ ਅਨੁਭਵ ਕਰਦੇ ਹਨ, ਤਾਂ ਇਨ੍ਹਾਂ ਪ੍ਰਾਵਰਗਾਂ ਰਾਹੀਂ ਕਰਦੇ ਹਨ। ਜਿਹੜੇ ਗਿਆਨ-ਪ੍ਰਬੰਧ ਹੋਰਨਾਂ ਥਾਵਾਂ ਤੇ ਜਨਮੇ ਤੇ ਵਿਕਸਤ ਹੋਏ ਹਨ, ਉਨ੍ਹਾਂ ਲਈ ਇਹ ਪ੍ਰਾਵਰਗ ਯੋਗ ਨਹੀਂ ਹਨ। ਇਹ ਪ੍ਰਾਵਰਗ ਗ਼ਲਬੇ ਦਾ ਸੰਦ ਬਣਦੇ ਹਨ, ਅਨਿਆਂ ਤੇ ਜ਼ੁਲਮ ਦੇ ਹਥਿਆਰ ਬਣਦੇ ਹਨ। ਇਨ੍ਹਾਂ ਦੇ ਜ਼ਰੀਏ ਗ਼ਲਬਾ ਪਾਇਆ ਤੇ ਕਾਇਮ ਰੱਖਿਆ ਜਾਂਦਾ ਹੈ, ਅਤੇ ਇਸ ਨੂੰ ਉਚਿਤ ਠਹਿਰਾਇਆ ਜਾਂਦਾ ਹੈ। ਇਸ ਤਰੀਕੇ ਨਾਲ ਗਿਆਨ ਸ਼ਕਤੀ ਵਜੋਂ, ਅਰਥਾਤ ਗ਼ਲਬਾ ਪਾਉਣ ਤੇ ਇਸ ਨੂੰ ਕਾਇਮ ਰੱਖਣ ਦੇ ਸੰਦ ਵਜੋਂ ਕੰਮ ਕਰਦਾ ਹੈ।

4. ਡਾ: ਗੁਰਭਗਤ ਸਿੰਘ ਨੇ ਇਹ ਗੱਲ ਜ਼ੋਰ ਨਾਲ ਉਭਾਰੀ ਕਿ ਪੱਛਮੀ ਪ੍ਰਾਵਰਗਾਂ ਨਾਲ ਤੁਸੀਂ ਆਪਣੇ ਸਭਿਆਚਾਰ ਨੂੰ ਨਹੀਂ ਸਮਝ ਸਕਦੇ। ਇਸ ਨੂੰ ਸੰਭਾਲ ਨਹੀਂ ਸਕਦੇ ਅਤੇ ਇਸ ਨੂੰ ਪ੍ਰਫੁਲਤ ਨਹੀਂ ਕਰ ਸਕਦੇ। ਪੱਛਮ ਦੀ ਤਰਕ–ਕੇਂਦਰਿਤ ਪਹੁੰਚ ਨੇ ਜੋ ਊਣਾਂ ਲਿਆਂਦੀਆਂ ਅਤੇ ਜਿਵੇਂ ਸਾਮਰਾਜੀ ਜਾਂ ਸੁਤੰਤਰਤਾ-ਦੋਖੀ ਚਿੰਤਨ ਅਤੇ ਅਭਿਆਸਾਂ (ਬਸਤੀਵਾਦ, ਫ਼ਾਸ਼ੀਵਾਦ) ਨੂੰ ਉਭਾਰਿਆ, ਉਸ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਪੱਛਮ ਦੇ ਚਿੰਤਕਾਂ ਨੂੰ ਹੋ ਚੁੱਕਾ ਹੈ। (ਇਸ ਦ੍ਰਿਸ਼ਟੀ ਤੋਂ ਪੰਜਾਬ ਦੇ ਮਾਰਕਸਵਾਦੀ ਬੌਧਿਕ ਪੱਖੋਂ ਪਛੜੇ ਹੋਏ ਹਨ। ਉਹ ਉਨ੍ਹੀਵੀਂ ਸਦੀ ਦੇ ਪੱਛਮੀ ਚਿੰਤਨ ਦੀ ਵਲਗਣ ਤੋਂ ਬਾਹਰ ਨਹੀਂ ਨਿਕਲੇ)

5. ਪੱਛਮੀ ਚਿੰਤਨ ਨੇ ਸੰਕਲਪ ਅਤੇ ਅਭਿਆਸ ਵਜੋਂ ਪ੍ਰਬੰਧ ਜਾਂ ਸਿਸਟਮ ਨੂੰ ਪ੍ਰਮੱੁਖਤਾ ਬਖ਼ਸ਼ੀ। ਪ੍ਰਬੰਧ ਦੀ ਸੋਚ ਇਕਾਤਮਿਕਤਾ ਉਤੇ ਅਧਾਰਿਤ ਹੁੰਦੀ ਹੈ। ਇਸ ਨੇ ਪੱਛਮੀ ਮਨ ਨੂੰ ਵਿਲੱਖਣਤਾ ਦੇ ਨਿਰਾਦਰ ਅਤੇ ਫ਼ਾਸ਼ੀਵਾਦੀ ਇੱਕਵਾਦ (unitarialism) ਲਈ ਤਿਆਰ ਕੀਤਾ। ਇਸ ਵਿਚ ਆਤਮ ਲਗਭਗ ਅਲੋਪ ਰਹੇ ਜਾਂ ਇਕ ਉਪਯੋਗੀ ਅੰਗ ਬਣ ਗਏ। ਸਾਰੇ ਜਗਤ ਦੀ ਵਿਆਖਿਆ ਇਕੋ ਪਰਿਪੇਖ ਤੋਂ ਕੀਤੀ ਗਈ। ਬਹੁ-ਪੱਖਿਤਾ ਤੋਂ ਇਨਕਾਰ ਕੀਤਾ ਗਿਆ। ਆਪਣੇ ਤੋਂ ਵਿਲੱਖਣ ਚਿੰਤਨਾਂ ਅਤੇ ਅਭਿਆਸਾਂ ਪ੍ਰਤਿ ਖਰਬ੍ਹੀ ਅਸਹਿਣਸ਼ੀਲਤਾ ਪ੍ਰਗਟਾਈ ਗਈ।

6. ਵੇਦਾਂਤਿਕ ਚਿੰਤਨ ਅਤੇ ਅਭਿਆਸ ਏਕਾਤਮਿਕ (ਯੂਨੀਟੇਰੀਅਨ) ਹੈ। ਬ੍ਰਹਮਵਾਦੀ ਪੈਰਾਡਾਈਮ ਅਤੇ ਇਸ ਦੁਆਲੇ ਰਚਿਆ ਗਿਆ ਸਮਾਜ ਇਕ ਕੇਂਦਰ (ਬ੍ਰਹਮ) ਉਤੇ ਅਧਾਰਿਤ ਸੀ। ਉਸ ਕੇਂਦਰ ਨਾਲ ਸਬੰਧ ਵੀ ਅੱਗੋਂ ਇਕ ਖ਼ਾਸ ਦਰਜੇਬੰਦੀ ਅਨੁਸਾਰ ਸਨ। ਇਸ ਦਰਜੇਬੰਦੀ ਨੇ ਮਨੁੱਖਾਂ ਦੀਆਂ ਸੀਮਾਵਾਂ ਨਿਸਚਤ ਕਰ ਦਿੱਤੀਆਂ ਸਨ। ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਅਥਾਹ ਨਹੀਂ ਮੰਨਿਆ ਗਿਆ ਸੀ। ਮਨੁੱਖਾਂ ਦੀਆਂ ਸੰਭਾਵਨਾਵਾਂ ਨੂੰ ਪੂਰਵ-ਨਿਸਚਤ ਕਰਕੇ ਸਮਾਜ ਨੂੰ ਇਕ ਕਰੜੇ ਜ਼ਾਬਤੇ ਵਿਚ ਬੰਨ੍ਹ ਦਿੱਤਾ ਗਿਆ। ਇਹ ਜ਼ਾਬਤਾ ਮਨੁੱਖਾਂ ਦੇ ਮਨ ਅਤੇ ਦੇਹ ਉਤੇ ਅੰਕਤ ਹੋ ਗਿਆ, ਜਿਸ ਨੇ ਭਾਰਤੀ ਸਮਾਜ ਦੇ ਮੈਂਬਰ ਨੂੰ ਸ਼ਕਤੀਹੀਣ ਅਤੇ ਸੰਭਾਵਨਾਵਾਂ ਤੋਂ ਸੱਖਣੇ ਬਣਾ ਦਿੱਤਾ। ਉਹ ਕਿਸੇ ਤਬਦੀਲੀ ਲਈ ਹੌਂਸਲਾ ਗੁਆ ਬੈਠਾ ਸੀ। ਉਸ ਦੇ ਮਨ ਅਤੇ ਦੇਹ ਵਿਚ ਕੰਮ ਕਰ ਰਹੇ ਰਸਾਇਣ ਅਤੇ ਦ੍ਰਵ ਪੂਰੀ ਤਰ੍ਹਾਂ ਕਾਬੂ ਕਰ ਲਏ ਗਏ ਸਨ। ਹਿੰਦੂ ਬ੍ਰਹਮ ਏਕਾਤਮਿਕ ਹੈ। ਇਸ ਨੇ ਨਿਰੰਕੁਸ਼ਵਾਦ (absolutism) ਹੀ ਫ਼ੈਲਾਇਆ ਹੈ। ਕਦੇ ਵੀ ਮਾਨਵੀ ਹਿਰਦਿਆਂ ਅੰਦਰ ਮਨੁੱਖੀ ਆਜ਼ਾਦੀ, ਗੌਰਵ ਤੇ ਭਾਈਚਾਰੇ ਦੀ ਤਰੰਗ ਪੈਦਾ ਨਹੀਂ ਕੀਤੀ।

7. ਇਸਲਾਮ ਦੀ ਪੈਰਾਡਾਈਮ ਵੀ ਇੱਕ ਅੱਲਾ ਦੇ ਕੇਂਦਰ ਉਤੇ ਅਧਾਰਿਤ ਸੀ। ਉਸ ਵਿਚ ਅੱਲਾ ਦਾ ਸਰੂਪ ਬਹੁ-ਦ੍ਰਿਸ਼ਟੀਆਂ ਤੋਂ ਨਹੀਂ ਉਭਰਦਾ। ਇਸ ਲਈ ਇਸਲਾਮੀ ਪੈਰਾਡਾਈਮ, ਬ੍ਰਹਮਵਾਦੀ ਪੈਰਾਡਾਈਮ ਅਤੇ ਇਸ ਨਾਲ ਸਬੰਧਤ ਇੱਕ-ਕੇਂਦਰਵਾਦ ਤੋਂ ਉਪਜੀ ਅਧੋਗਤੀ ਨੂੰ ਠੱਲ੍ਹ ਪਾਉਣ ਦੇ ਯੋਗ ਨਹੀਂ ਸੀ। ਸਗੋਂ ਇਸ ਇੱਕ-ਕੇਂਦਰਵਾਦ ਨੂੰ ਮੁਗ਼ਲ ਸੁਲਤਾਨਾਂ ਅਤੇ ਬਾਦਸ਼ਾਹਾਂ ਨੇ ਆਪਣੇ ਰਾਜ ਨੂੰ ਸਥਾਪਤ ਕਰਨ ਲਈ ਅਤੇ ਰਿਆਇਆ ਨੂੰ ਮਨ ਅਤੇ ਦੇਹ ਵਿਚ ਗ਼ੁਲਾਮ ਬਣਾਉਣ ਲਈ ਵਰਤਿਆ।

8. ਮਨੁੱਖ ਦਾ ਮਨ ਅਤੇ ਅਭਿਆਸ ਜ਼ਿੰਦਗੀ ਨੂੰ ਚਲਾਉਣ ਵਾਲੀ ਪਰਮ-ਸ਼ਕਤੀ ਬਾਰੇ ਦਿਤੇ ਗਏ ਸੰਕਲਪ ਅਨੁਸਾਰ ਢਲਿਆ ਹੁੰਦਾ ਹੈ। ਉਸ ਨੇ ਜੀਵਨ ਵਿਚ ਕੀ ਵਿਹਾਰ ਬਣਾਉਣਾ ਹੈ, ਵੱਖ ਵੱਖ ਸੰਸਥਾਵਾਂ ਪ੍ਰਤਿ ਕੀ ਸਮਝ ਉਸਾਰਨੀ ਹੈ, ਹੁਕਮਰਾਨਾਂ ਪ੍ਰਤਿ ਕੀ ਰਵਈਆ ਅਖ਼ਤਿਆਰ ਕਰਨਾ ਹੈ, ਆਪਣੇ ਹਾਵਾਂ-ਭਾਵਾਂ ਅਤੇ ਦੇਹ ਨੂੰ ਕਿਵੇਂ ਜ਼ਬਤਬੱਧ ਕਰਨਾ ਹੈ, ਇਹ ਸਭ ਪਰਮ-ਸ਼ਕਤੀ ਅਥਵਾ ਰੱਬ ਬਾਰੇ ਦਿਤੇ ਚਿੰਤਨ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ।

9. ਸਾਮੀ (senetic) ਧਰਮਾਂ ਅਤੇ ਬ੍ਰਾਹਮਣੀ ਧਰਮ ਪ੍ਰੰਪਰਾ ਦੇ ਉਲਟ, ਪਰਮ-ਸ਼ਕਤੀ ਦਾ ਜੋ ਸੰਕਲਪ ਸਿੱਖ ਗੁਰੂ ਸਾਹਿਬਾਨ ਦੀ ਗੁਰਬਾਣੀ ਵਿਚੋਂ ਪ੍ਰਗਟ ਹੁੰਦਾ ਹੈ ਉਹ ਕਿਸੇ ਇਕ ਸੰਕਲਪ ਉਤੇ ਅਧਾਰਿਤ ਨਹੀਂ। ‘ਬੇਦ, ਪੁਰਾਨ ਕੁਰਾਨ’ ਸਭ ਉਸ ਦੇ ਗੁਣ ਗਾ ਕੇ ਥੱਕ ਗਏ ਹਨ। ਉਹ ਅਥਾਹ ਹੈ। ਉਸ ਅਨੰਤ ਅਤੇ ਅਥਾਹ ਪਰਮ-ਸ਼ਕਤੀ ਦੀ ਪਰਿਭਾਸ਼ਾ ਅਨੇਕਾਂ ਸੋਚ-ਪ੍ਰਬੰਧਾਂ ਅਤੇ ਕੇਂਦਰਾਂ ਉਪ-ਕੇਂਦਰਾਂ ਨੂੰ ਥਕਾ ਕੇ ਦਿੱਤੀ ਗਈ ਹੈ। ਉਸ ਅਨੰਤ ਪਰਮ-ਸ਼ਕਤੀ ਦੀ ਚੇਤਨਤਾ ਦੀ ਪੱਧਰ ਉਤੇ ਉਸਾਰੀ ਅਨੇਕ ਦ੍ਰਿਸ਼ਟੀਆਂ, ਜਾਵੀਆਂ ਅਤੇ ਪਰਿਪੇਖਾਂ ਨਾਲ ਜੋੜੀ ਗਈ ਹੈ ਪਰ ਉਸ ਨੂੰ ਫਿਰ ਵੀ ਇਨ੍ਹਾਂ ਤੋਂ ਵੱਡਾ ਆਖਿਆ ਗਿਆ ਹੈ। ਦਸਮ ਪਾਤਸ਼ਾਹ ਨੇ ਖ਼ਾਲਸੇ ਨੂੰ ਜਿਸ ਮੌਡਲ ਵਿਚ ਸਾਜਿਆ ਹੈ ਉਹ ਬਹੁ-ਪੈਰਾਡਾਈਮੀ ਹੈ। ਨਿਸ਼ਚੇ ਹੀ ਖ਼ਾਲਸਾ ਵੀ ਬਹੁ-ਪੈਰਾਡਾਈਮੀ ਹੀ ਹੋਵੇਗਾ। ਬਹੁ-ਪੈਰਾਡਾਈਮੀ ਹੋਣ ਦਾ ਅਰਥ ਅਨੇਕ ਦ੍ਰਿਸ਼ਟੀਆਂ ਵਿਚੋਂ ਲੰਘਣਾ ਹੈ। ਉਨ੍ਹਾਂ ਦੀਆਂ ਸੀਮਾਵਾਂ ਨੂੰ ਮੰਨਣਾ ਹੈ, ਉਨ੍ਹਾਂ ਨੂੰ ਤ੍ਰਿਸਕਾਰਨਾ ਨਹੀਂ। ਅਕਾਲ ਪੁਰਖ ਦਾ ਬਹੁ-ਦ੍ਰਿਸ਼ਟੀਆਂ ਅਤੇ ਬਹੁ-ਅਨੁਭਵਾਂ ਉਤੇ ਅਧਾਰਰਿਤ ਅਣਸੰਯੋਗੀ ਸੰਕਲਪ ਦੇ ਕੇ, ਗੁਰੂ ਸਾਹਿਬ ਮਨੁੱਖਤਾ ਦੇ ਇਤਿਹਾਸ ਵਿਚ ਹੋਏ ਗੌਰਵਸ਼ਾਲੀ ਤਜਰਬਿਆਂ (ਅਨੁਭਵਾਂ) ਨੂੰ ਆਦਰ ਦੇ ਰਹੇ ਹਨ। ਇਕ ਅਜਿਹਾ ਬਹੁ-ਕੇਂਦਰਿਤ ਚਿੰਨ੍ਹ ਉਸਾਰ ਰਹੇ ਹਨ ਜੋ ਕਿਸੇ ਪਰਮ ਬ੍ਰਿਤਾਂਤ ਸ਼ਾਸਤਰ ਦਾ ਇਕਾਂਗੀ ਚਿੰਨ੍ਹ ਨਾ ਹੋ ਸਕੇ। ਇਕਾਂਗੀ ਚਿੰਨ੍ਹ ਇਕੋ ਕੇਂਦਰ ਤੋਂ ਆਉਂਦਾ ਹੈ, ਉਸ ਦਾ ਇਕੋ ਹੀ ਅਰਥ ਜਾਂ ਸਿਗਨੀਫਾਈਡ ਹੁੰਦਾ ਹੈ। ਇਕਹਿਰੇ ਸਿਗਨੀਫਾਈਡ ਵਾਲਾ ਚਿੰਨ੍ਹ ਚੇਤਨਤਾ ਅਤੇ ਵਿਅਕਤੀ ਦੇ ਸੰਗਠਨ ਨੂੰ ਇਕੋ ਕੇਂਦਰ ਨਾਲ ਜੋੜਦਾ ਹੈ। ਅਜਿਹਾ ਚਿੰਨ੍ਹ ਦਮਨ ਅਤੇ ਫ਼ਾਸ਼ੀਵਾਦੀ ਸੋਚ ਅਤੇ ਅਭਿਆਸ ਨੂੰ ਜਨਮ ਦੇ ਸਕਦਾ ਹੈ। ਬਹੁ-ਪੈਰਾਡਾਈਮੀ ਮਨੁੱਖ ਕਦੇ ਫ਼ਾਸ਼ੀਵਾਦੀ ਜਾਂ ਡਿਕਟੇਟਰ ਨਹੀਂ ਹੋ ਸਕਦਾ। ਉਹ ਅਨੰਤਤਾ ਨਾਲ ਜੁੜਿਆ ਮਨੁੱਖ ਹੋਵੇਗਾ, ਕਿਸੇ ਇਕ ਕੇਂਦਰ ਉਤੇ ਅਧਾਰਿਤ ਤਾਨਾਸ਼ਾਹੀ-ਮੁਖੀ (totalitive) ਸੋਚ-ਪ੍ਰਬੰਧ ਵਿਚ ਜਕੜਿਆ ਵਿਅਕਤੀ ਨਹੀਂ। ਡਾ: ਗੁਰਭਗਤ ਸਿੰਘ ਨੇ ਆਪਣੀ ਇਕ ਲਿਖਤ ਵਿਚ ਇੱਕਵਾਦੀ ਦ੍ਰਿਸ਼ਟੀਕੋਣ ਦਾ ਖ਼ੋਟ ਦਰਸਾਉਂਦਿਆਂ ਪ੍ਰੋ: ਪੂਰਨ ਸਿੰਘ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਦਾ ਹਵਾਲਾ ਦਿੱਤਾ ਹੈ:

ਇਕ ਹੋਣ ਦਾ ਨਾ ਲਾਈ ਚਾ ਤੂੰ
ਇਕ ਹੋਣ ਥੀ ਦੁਨੀਆਂ ਹੁਣ ਆਪ ਤੰਗ ਹੈ
ਇਹ ਤਾਰੇ ਅਨੇਕ ਸਾਰੇ
ਬਾਗ਼ ਬਾਗ਼ ਫੁੱਲ ਵੰਨ ਵੰਨ ਦੇ
ਇਕ ਹੋਣ ਵਿਚ ਦੱਸ ਤੂੰ ਕੀ ਸੁਆਦ ਹੈ?*

10. ਡਾ: ਗੁਰਭਗਤ ਸਿੰਘ ਨੇ ਗੁਰਬਾਣੀ ਵਿਚ ਦਰਜ ਵਿਸਮਾਦ ਦੇ ਸੰਕਲਪ ਨੂੰ ਕੇਂਦਰੀ ਅਹਿਮੀਅਤ ਦਿੱਤੀ ਹੈ। ਉਸ ਨੇ ਇਸ ਨੂੰ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਅਹਿਮ ਪ੍ਰਤੀਕ ਦਰਸਾਇਆ ਹੈ। ਉਸ ਅਨੁਸਾਰ ਵਿਸਮਾਦ ਆਸ਼ਚਰਯ (wonder) ਹੈ, ਆਸ਼ਚਰਯ ਦੀ ਖੇਡ ਹੈ, ਇਕ ਚਮਤਕਾਰ ਹੈ, ਜੋ ਕੁੱਲ ਸ੍ਰਿਸ਼ਟੀ ਵਿਚ ਵਾਪਰਿਆ ਹੋਇਆ ਹੈ। ਇਸੇ ਨਾਲ ਇਹ ਸ੍ਰਿਸ਼ਟੀ ਸਾਜੀ ਗਈ ਹੈ। ਇਸ ਦਾ ਸਾਜਣਹਾਰ ਵਾਹਿਗੁਰੂ ਹੈ। ਉਹ ‘ਵਾਹਿ’ ਜਾਂ ਆਸ਼ਚਰਯ ਦਾ ਗੁਰੂ ਹੈ। ਵਿਸਮਾਦ ਦਾ ਗੁਰੂ ਹੈ। ਇਹ ਵਿਸਮਾਦ ‘ਰਸੁ’ ਹੈ। ਜਿਸ ਨੇ ਵਿਸਮਾਦ ਬੁੱਝ ਲਿਆ, ਜਿਸ ਨੂੰ ਵਿਸਮਾਦ ਦਾ ਅਨੁਭਵ ਹੋ ਗਿਆ, ਉਹ ਆਨੰਦਿਤ ਹੋ ਉਠਦਾ ਹੈ, ਉਹ ਵਿਸਮਾਦਿਤ ਹੋ ਜਾਂਦਾ ਹੈ। ਵਿਸਮਾਦ ਸ੍ਰਿਸ਼ਟੀ ਦੀ ਸਾਰੀ ਵੰਨ-ਸੁਵੰਨਤਾ ਤੇ ਵਿਲੱਖਣਤਾ ਨੂੰ ਜੋੜਦਾ ਹੈ। ਇਸ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹਦਾ ਹੈ। ਪਰ ਇਸ ਏਕਤਾ ਦੀ ਪ੍ਰਕਿਰਤੀ ਇਕਾਤਮਿਕਤਾ ਵਾਲੀ ਅਥਵਾ ਤਾਨਾਸ਼ਾਹੀ ਵਾਲੀ ਨਹੀਂ। ਇਹ ਏਕਤਾ ਅੰਤਰ-ਸੰਵਾਦੀ ਹੈ ਜਿਸ ਵਿਚ ਵਿਲੱਖਣਤਾ ਦਾ ਆਦਰ ਹੈ ਅਤੇ ਉਸ ਵਿਚੋਂ ਝਰਨ ਵਾਲਾ ਅਨਹਦ ਨਾਦ ਸਦੀਵੀ ਹੈ। ਇਸ ਏਕਤਾ ਦੀ ਬਹੁ-ਪੱਖੀ ਵਿਆਖਿਆ ਜਾਂ ਅਨੇਕ ਵਿਆਖਿਆਵਾਂ ਸੰਭਵ ਹਨ। ਇਸ ਲਈ ਕਿਸੇ ਇਕ ਵਿਆਖਿਆ ਦੀ ਸਰਦਾਰੀ ਜਾਂ ਅਜਾਰੇਦਾਰੀ ਨਹੀਂ ਚੱਲ ਸਕਦੀ।

11. ਵਿਸਮਾਦ ਨੇ ਇਤਿਹਾਸ ਵਿਚ ਇਕ ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਇਹ ਨਵਾਂ ਮਨੁੱਖ ਇਸਲਾਮ ਤੇ ਬ੍ਰਾਹਮਣਵਾਦ-ਦੋਵਾਂ ਦੇ ਇੱਕਵਾਦ (unitarianism) ਤੋਂ ਮਨੋਵਿਿਗਆਨਕ ਤੇ ਜੀਵ-ਵਿਿਗਆਨਕ ਅਧਾਰ ‘ਤੇ (psycho-biological)  ਸੁਤੰਤਰ ਹੋ ਚੁੱਕਾ ਸੀ। ਇਸ ਨੇ ਉਸ ਅੰਦਰ ਇਨਕਲਾਬੀ ਊਰਜਾ ਜਗਾਈ।

12. ਵਿਸਮਾਦੀ ਪੂੰਜੀ ਦਾ ਸੰਕਲਪ ਗੁਰਭਗਤ ਸਿੰਘ ਦੀ ਪੰਜਾਬੀ ਚਿੰਤਨ ਨੂੰ ਮੌਲਿਕ ਦੇਣ ਹੈ। ਉਸ ਅਨੁਸਾਰ ਕੁੱਲ ਸ੍ਰਿਸ਼ਟੀ ਦੈਵੀ ਹੈ, ਵਿਸਮਾਦੀ ਹੈ। ਪੂੰਜੀ ਪ੍ਰਮਾਣਿਕ ਤਾਂ ਹੀ ਹੈ ਜੇ ਇਹ ਵੀ ਵਿਸਮਾਦੀ ਹੈ। ਵਿਸਮਾਦੀ ਪੂੰਜੀ ਦਾ ਅਰਥ ਇਸ ਦੇ, ਬਹੁ-ਪੱਖੀ ਸਿਰਜਣਾ ਦੇ ਨਾਲ ਅਤੇ ਇਸ ਬਹੁ-ਪੱਖੀ ਸਿਰਜਣਾ ਦੇ ਕਰਤਾਰ ਨਾਲ ਇਕਸੁਰ ਹੋਣਾ ਹੈ। ਇਹ ਪੂੰਜੀ ਸ੍ਰਿਸ਼ਟੀ ਦੇ ਸਿਰਜਣਹਾਰ ਦੇ ਵਿਸਮਾਦੀ ਨਿਯਮ ਵਿਚ ਹੋਣ ਕਰਕੇ ਜੀਵਨ ਦੀ ਸੁੰਦਰਤਾ ਤੇ ਸ਼ਾਇਰੀ ਨੂੰ ਵਧਾਉਣ ਵਾਲੀ ਪੂੰਜੀ ਹੋਵੇਗੀ। ਪੂੰਜੀਵਾਦ ਤੇ ਸਮਾਜਵਾਦ- ਦੋਵਾਂ ਅੰਦਰ ਪੂੰਜੀ ਵਿਸਮਾਦ ਨਾਲੋਂ ਅਤੇ ਜ਼ਿੰਦਗ਼ੀ ਦੇ ਪਾਵਨ ਸੁਰ ਸੰਗੀਤ ਨਾਲੋਂ ਵਿਯੋਗੀ ਹੋਈ ਹੈ। ਦੋਵਾਂ ਦਾ ਪ੍ਰਮੁੱਖ ਸਰੋਕਾਰ ਵਸਤ ਉਤਪਾਦਨ ਵਧਾਉਣ ਨਾਲ ਦੌਲਤ ਪੈਦਾ ਕਰਨਾ ਹੈ। ਦੋਵਾਂ ਵਿਚ ਨਿਆਂ ਦਾ ਮੁੱਦਾ ਵੀ ਦੌਲਤ ਨਾਲ ਜੁੜਿਆ ਹੋਇਆ ਹੈ ਕਿ ਇਸ ਦੀ ਵੰਡ ਕਿਵੇਂ ਹੋਵੇ? ਮਸਲਾ ਸਿਰਫ਼ ਦੌਲਤ ਵਧਾਉਣ ਤੇ ਇਸ ਦੀ ਠੀਕ ਵੰਡ ਕਰਨ ਤਕ ਸੀਮਤ ਨਹੀਂ। ਜੇ ਇਹ ਨਿਆਂ ਹੋ ਵੀ ਜਾਵੇ ਤਾਂ ਵੀ ਮਨੁੱਖ ਦੀ ਭਰਪੂਰਤਾ ਨਹੀਂ ਹੋ ਸਕਦੀ। ਕੁਦਰਤ ਬਾਰੇ ਜੋ ਵਿਰੋਧ ਵਿਕਾਸੀ ਮੌਡਲ ਸਮਾਜਵਾਦ (ਜਾਂ ਮਾਰਕਸਵਾਦ) ਦਿੰਦਾ ਹੈ, ਉਸ ਨਾਲ ਪੂੰਜੀ ਦਾ ਵਾਧਾ ਕੁਦਰਤ ਨਾਲ ਜੁੜ ਕੇ ਨਹੀਂ, ਇਸ ਨਾਲੋਂ ਟੁੱਟਕੇ, ਇਸ ਦਾ ਸ਼ਰੀਕ ਬਣ ਕੇ, ਅਤੇ ਇਸ ਉਤੇ ਫ਼ਤਿਹ ਹਾਸਲ ਕਰਨ ਨਾਲ ਹੀ ਹੋ ਸਕਦਾ ਹੈ। ਇਸ ਨਾਲ ਪੂੰਜੀਵਾਦੀ ਸਮਾਜ ਦੀ ਤਰ੍ਹਾਂ ਹੀ ਪਦਾਰਥਕ ਖੁਸ਼ਹਾਲੀ ਜ਼ਰੂਰ ਆਉਂਦੀ ਹੈ। ਪਰ ਵਿਸਮਾਦੀ, ਸ਼ਾਇਰਾਨਾ, ਅਨਹਦ-ਨਾਦੀ ਰਸ ਨਹੀਂ ਆ ਸਕਦਾ। ਸੌਂਦਰਯ ਅਤੇ ਵਿਸਮਾਦ ਅਨੁਭਵ ਕਰਨ ਨਾਲ ਕੁਦਰਤ ਬਾਰੇ ਬਿਰਤੀ ਹੀ ਬਦਲ ਸਕਦੀ ਹੈ।

13. ਸਮਕਾਲੀ ਰਾਜਨੀਤੀ ਦੀ ਚਰਚਾ ਕਰਦਿਆਂ ਡਾ: ਗੁਰਭਗਤ ਸਿੰਘ ਨੇ ਪੰਜਾਬ ਦੇ ਵਿਦਵਾਨਾਂ ਮੂਹਰੇ ਪੰਜਾਬ ਦੀ ਹਸਤੀ ਨੂੰ ਪਰਿਭਾਸ਼ਤ ਕਰਨ ਦੀ ਲੋੜ ਦਾ ਉਚੇਚਾ ਅਹਿਸਾਸ ਕਰਵਾਇਆ। ਉਸ ਦਾ ਵਿਸ਼ਵਾਸ ਸੀ ਕਿ ਪੰਜਾਬ ਦੀ ਹਸਤੀ (ਵਿਲੱਖਣਤਾ) ਨੂੰ ਸਿਧਾਂਤਬੱਧ ਕਰਨ ਅਤੇ ਇਸ ਨੂੰ ਅੱਗੇ ਤੋਰਨ ਦੇ ਯਤਨ ਅਜੋਕੇ ਸਮੇਂ ਦੀ ਅਤਿ ਜ਼ਰੂਰੀ ਲੋੜ ਹੈ। ਉਸ ਨੂੰ ਇਸ ਗੱਲ ਦਾ ਭਾਰੀ ਦੁੱਖ ਸੀ ਕਿ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਜਾਂ ਧਿਰ ਕੋਲ ਪੰਜਾਬ ਦੀ ਹਸਤੀ ਬਾਰੇ ਕੋਈ ਸਿਧਾਂਤ ਨਹੀਂ ਹੈ। ਇਸ ਮਾਮਲੇ ਵਿਚ ਪੰਜਾਬੀ ਵਿਦਵਾਨਾਂ ਨੂੰ ਸਿਧਾਂਤਕ ਸੇਧ ਦਿੰਦਿਆਂ ਉਸ ਨੇ ਦੱਸਿਆ ਕਿ ਕਿਸੇ ਇਕਾਈ ਜਾਂ ਸੰਰਚਨਾ ਦੀ ਹਸਤੀ (ਜਾਂ ਇਸ ਦੀ ਵਿਲੱਖਣਤਾ) ਨੂੰ ਸਿਧਾਂਤਬੱਧ ਕਰਨ ਲਈ, ਪਹਿਲੀ ਲੋੜ ਇਸ ਸਭਿਆਚਾਰਕ ਇਕਾਈ ਨੂੰ ਉਸਾਰਨ ਵਾਲੇ ਅੰਸ਼ਾਂ ਦੀ ਪਛਾਣ ਕਰਨਾ ਹੈ। ਇਨ੍ਹਾਂ ਅੰਸ਼ਾਂ ਦੀ ਪ੍ਰਕਿਰਤੀ (ਸੁਭਾਅ) ਨੂੰ ਜਾਣਨਾ ਹੈ। ਇਸ ਤੋਂ ਅੱਗੇ ਇਹ ਪਤਾ ਲਾਉਣਾ ਹੈ ਕਿ ਇਨ੍ਹਾਂ ਅੰਸ਼ਾਂ ਵਿਚੋਂ ਕਿਹੜਾ ਅੰਸ਼ ਪ੍ਰਧਾਨ ਹੈ ਅਤੇ ਕਿਹੜੇ ਅੰਸ਼ ਨਿਮਨ ਅਥਵਾ ਦੋਮ ਦਰਜੇ ਦੇ ਹਨ। ਠੋਸ ਰੂਪ ਵਿਚ ਗੱਲ ਕਰਨੀ ਹੋਵੇ ਤਾਂ ਇਹ ਪੜਤਾਲਣ ਦੀ ਲੋੜ ਹੈ ਕਿ ਪੰਜਾਬ ਦੇ ਚਿੰਤਨ ਵਿਚ ਅਤੇ ਇਸ ਦੀ ਸੰਰਚਨਾ ਨੂੰ ਸਾਜਣ ਵਿਚ ਕਿਹੜੇ ਅੰਸ਼ਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ? ਪੰਜਾਬ ਚਿੰਤਨ ਦੀ ਪੱਧਰ ਉਤੇ ਕਿਹੜੀਆਂ ਕ੍ਰਾਂਤੀਆਂ ਵਿਚੋਂ ਗੁਜ਼ਰਿਆ ਹੈ? ਇਨ੍ਹਾਂ ਸੁਆਲਾਂ ਨੂੰ ਮੁਖ਼ਾਤਿਬ ਹੁੰਦਿਆਂ ਡਾ: ਗੁਰਭਗਤ ਸਿੰਘ ਇਸ ਨਿਸਚਤ ਨਿਰਣੇ ਤੇ ਅੱਪੜਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਪਰਗਟ ਹੁੰਦਾ ਵਿਸਮਾਦੀ ਚਿੰਤਨ ਅਤੇ ਅਭਿਆਸ ਪੰਜਾਬ ਦੀ ਵੱਡੀ ਪ੍ਰਾਪਤੀ ਹੈ। ਇਸ ਚਿੰਤਨ ਅਨੁਸਾਰ ਕੁੱਲ ਅਸਲੀਅਤ ਵਿਸਮਾਦੀ ਹੈ। ਇਸ ਦੀ ਸਿਰਜਣਾਤਮਿਕਤਾ, ਇਸ ਦਾ ਰਹੱਸ, ਇਸ ਵਿਚ ਮੌਜੂਦ ਵਿਲੱਖਣਤਾਵਾਂ, ਭੇਦ, ਅਨੇਕਾਂ ਰੰਗ ਰੂਪ ਵਚਿੱਤਰਤਾ ਪੈਦਾ ਕਰਦੇ ਹਨ। ਜੀਵਨ ਨੂੰ ਅਜਿਹੇ ਵਿਗਾਸ ਨੂੰ ਵਧਾਉਣ ਲਈ ਉਤਸ਼ਾਹਤ ਕਰਦੇ ਹਨ ਜਿਸ ਨਾਲ ਭਰਪੂਰਤਾ ਅਤੇ ਅਨੰਦ ਵਧ ਸਕਣ। ਵੱਡੀ ਪ੍ਰੇਰਣਾ ਇਹ ਹੈ ਕਿ ਮਨੁੱਖ ਆਪਣੀਆਂ ਸਾਰੀਆਂ ਸੰਸਥਾਵਾਂ ਵਿਸਮਾਦ ਨੂੰ ਵਿਕਸਤ ਕਰਨ ਲਈ ਬਣਾਵੇ। ਆਰਥਿਕਤਾ ਤੇ ਰਾਜਨੀਤੀ ਵੀ ਇਸੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸਮਰਪਿਤ ਹੋਵੇ। (ਕਿਉਂਕਿ ਆਖਰਕਾਰ ਸਮੇਂ ਦੀਆਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸੰਸਥਾਵਾਂ ਹੀ ਮਨੁੱਖੀ ਮਨ ਨੂੰ ਘੜਦੀਆਂ ਹਨ)। ਇਸ ਤਰ੍ਹਾਂ, ਵਿਸਮਾਦੀ ਚਿੰਤਨ ਤੇ ਅਭਿਆਸ ਨੂੰ ਅੱਗੇ ਤੋਰਨਾ ਹੀ ਪੰਜਾਬ ਦੇ ਇਤਿਹਾਸ ਨਾਲ ਸਨੇਹ ਅਤੇ ਵਚਨਬੱਧਤਾ ਜ਼ਾਹਰ ਕਰਨਾ ਹੈ। ਪਰ ਪੰਜਾਬ ਦੀ ਹਸਤੀ ਨੂੰ ਵਿਸਮਾਦੀ ਪਰਿਪੇਖ ਤੋਂ ਸਮਝਣਾ ਅਤੇ ਪੁਨਰ-ਨਿਸਚਤ ਕਰਨਾ ਕਿਸੇ ਰਾਜਨੀਤਕ ਪਾਰਟੀ, ਸੰਗਠਨ ਜਾਂ ਧਿਰ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ। ਪੰਜਾਬ ਦੀਆਂ ਰਾਜਸੀ ਪਾਰਟੀਆਂ ਪੰਜਾਬ ਦੀ ਇਸ ਵਿਰਾਸਤ ਬਾਰੇ ਅਗਿਆਨੀ ਹਨ।

14. ਪੰਜਾਬ ਦੀ ਵਿਰਾਸਤ ਬਾਰੇ ਅਗਿਆਨਤਾ ਤੇ ਬੇਮੁਖਤਾ ਦੇ ਕਾਰਨਾਂ ਦੀ ਪੈੜ ਨਪਦਾ ਹੋਇਆ ਡਾ: ਗੁਰਭਗਤ ਸਿੰਘ ਇਸ ਸਿਧਾਂਤਕ ਨਿਰਣੇ ਤੇ ਅੱਪੜਿਆ ਕਿ ਬਰਤਾਨਵੀ ਸਾਮਰਾਜ ਵੱਲੋਂ ਪੰਜਾਬ ਉਤੇ ਕਬਜ਼ਾ ਕਰ ਲੈਣ ਤੋਂ ਬਾਅਦ ਖ਼ਾਲਸਾ ਪੈਰਾਡਾਈਮ ਨੂੰ ਤੋੜਨਾ, ਇਸ ਦੀ ਮੌਲਿਕਤਾ ਨੂੰ ਨਸ਼ਟ ਕਰਨਾ, ਸਾਮਰਾਜ ਦੇ ਹਥਿਆਰਾਂ ਵਿਚੋਂ ਇਕ ਵੱਡਾ ਹਥਿਆਰ ਸੀ। ਬਰਤਾਨਵੀ ਸਾਮਰਾਜ ਨੇ ਚੁਸਤੀ ਤੇ ਚਲਾਕੀ ਨਾਲ ਸਿੱਖਾਂ ਦੇ ਇਕ ਅਹਿਮ ਹਿੱਸੇ ਨੂੰ ਉਸ ਦੇ ਬ੍ਰਹਿਮੰਡੀ, ਇਨਕਲਾਬੀ ਸੋਚ-ਪ੍ਰਬੰਧ ਅਤੇ ਜੀਵਨ ਜਾਚ ਤੋਂ ਚੇਤੰਨ ਤੌਰ ‘ਤੇ ਤੋੜ ਦਿੱਤਾ ਸੀ। ਆਮ ਸਿੱਖਾਂ ਨੇ ਆਪਣੇ ਅਵਚੇਤਨ ਵਿਚ ਸਿੱਖ ਤੱਤ ਨੂੰ ਸਾਂਭੀ ਰੱਖਿਆ। ਇਹ ਸਿੱਖ ਤੱਤ ਹੀ, ਇਤਿਹਾਸ ਅੰਦਰ ਸਮੇਂ ਸਮੇਂ ਜਾਬਰ ਰਾਜ ਨਾਲ ਟਕਰਾਉਂਦਾ ਅਤੇ ਸਿੱਖ ਵਿਰਾਸਤ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਕਰਦਾ ਰਿਹਾ ਹੈ। ਸਿੱਖਾਂ ਦਾ ਅਵਚੇਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੇ ਜੀਵਨ ਦੀ ਸਿਰਜਣਾ ਹੈ। ਕੇਵਲ ਉਨ੍ਹਾਂ ਸਿੱਖਾਂ ਨੂੰ ਹੀ ਵਰਗਲਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਅਵਚੇਤਨ ਦਾ ਸਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਕਮਜ਼ੋਰ ਹੋ ਚੁੱਕਿਆ ਹੈ।

15. ਡਾ: ਗੁਰਭਗਤ ਸਿੰਘ ਇਕਮਾਤਰ ਪੰਜਾਬੀ ਵਿਦਵਾਨ ਸੀ ਜਿਸ ਨੇ ਅਨੁਵਾਦਾਂ ਪਿੱਛੇ ਕੰਮ ਕਰਦੀ ਰਾਜਨੀਤੀ ਦੇ ਲੱਛਣ ਬੁੱਝੇ। ਉਸ ਨੇ ਇਹ ਸਚਾਈ ਬਾਖ਼ੂਬੀ ਜਾਣ ਲਈ ਸੀ ਕਿ ਬਲਵਾਨ ਸਭਿਆਚਾਰਾਂ ਦੀਆਂ ਭਾਸ਼ਾਵਾਂ ਮੁਕਤੀ ਹਥਿਆਉਣ ਦੇ ਸਾਧਨ ਹਨ। ਇਨ੍ਹਾਂ ਭਾਸ਼ਾਵਾਂ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਸਬੰਧਤ ਸਭਿਆਚਾਰਾਂ ਦੀਆਂ ਰਾਜਨੀਤਕ ਇਛਾਵਾਂ ਅਤੇ ਮੁੱਦਿਆਂ ਨਾਲ ਜੁੜੇ ਹੋਏ ਹਨ। ਹਰ ਭਾਸ਼ਾ ਦਾ ਇਤਿਹਾਸ ਅਤੇ ਉਸ ਦੀ ਇਤਿਹਾਸਕ ਯਾਤਰਾ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਲੈ ਆਉਂਦੇ ਹਨ ਜਿੰਨ੍ਹਾਂ ਨਾਲ ਉਨ੍ਹਾਂ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਦੂਜੀ ਭਾਸ਼ਾ ਵਿਚ ਨਹੀਂ ਉਲਥਾਏ ਜਾ ਸਕਦੇ। ਮਿਸਾਲ ਵਜੋਂ ‘ਵਾਹਿਗੁਰੂ’ ਦਾ ਅਨੁਵਾਦ ‘ਗੌਡ’ ਕਰਨਾ ਭਾਰੀ ਗ਼ਲਤੀ ਹੈ। ਇਸ ਨਾਲ ‘ਵਾਹਿਗੁਰੂ’ ਦੀ ਮੌਲਿਕਤਾ ਗੁਆਚ ਜਾਂਦੀ ਹੈ। ਇਵੇਂ ਹੀ ‘ਦਾਸ’ ਦਾ ਅਨੁਵਾਦ ‘ਸਲੇਵ’, ‘ਗੁਰੂ’ ਦਾ ਅਨੁਵਾਦ ‘ਟੀਚਰ’ ਜਾਂ ‘ਮਾਸਟਰ’ ਕਰਨਾ ਵੀ ਗ਼ਲਤ ਹੈ। ਇਸ ਨਾਲ ਅਨੁਵਾਦ ਈਸਾਈ ਪੱਛਮੀ ਪਰਿਪੇਖ ਨਾਲ ਜੁੜ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ, ਈਸ਼ਵਰ, ਬ੍ਰਹਮ ਆਦਿ ਸ਼ਬਦ ਹਿੰਦੂ ਬ੍ਰਾਹਮਣੀ ਪਰਿਪੇਖ ਦੇ ਪ੍ਰਤੀਕ ਹਨ। ਅਨੁਵਾਦ ਵਿਚ ਹੋਈਆਂ ਇਨ੍ਹਾਂ ਗੜਬੜਾਂ ਨੂੰ ਦਰੁਸਤ ਕਰਨ ਦੇ ਇਰਾਦੇ ਨਾਲ ਡਾ: ਗੁਰਭਗਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖ਼ੁਦ ਅੰਗਰੇਜ਼ੀ ਵਿਚ ਅਨੁਵਾਦ ਕਰਨ ਦਾ ਮਹਾਂ ਕਾਰਜ ਛੋਹਿਆ ਸੀ। ਪਰ ਉਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ ਕਾਰਨ ਇਹ ਕਾਰਜ ਸੰਪੂਰਨ ਨਾ ਹੋ ਸਕਿਆ। ਉਨ੍ਹਾਂ ਦੀ ਮੌਤ ਉਪਰੰਤ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਤਤਕਾਲੀ ਵਾਈਸ ਚਾਂਸਲਰ ਸਰਦਾਰ ਜਸਪਾਲ ਸਿੰਘ ਨੇ ਡਾ: ਗੁਰਭਗਤ ਸਿੰਘ ਵੱਲੋਂ ਕੀਤੇ ਗਏ ਅਨੁਵਾਦ ਨੂੰ ਯੂਨੀਵਰਸਿਟੀ ਦੀ ਤਰਫ਼ੋਂ ਛਪਵਾਉਣ ਦਾ ਐਲਾਨ ਕੀਤਾ ਸੀ। ਪਰ ਅਫ਼ਸੋਸ ਹੈ ਕਿ ਤਿੰਨ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਅਜੇ ਤਕ ਇਸ ਐਲਾਨ ਉਤੇ ਕੋਈ ਅਮਲ ਨਹੀਂ ਹੋਇਆ।

ਸਾਡਾ ਇਹ ਲੇਖ-ਸੰਗ੍ਰਹਿ ਛਾਪਣ ਦਾ ਮਨੋਰਥ ਪਾਠਕਾਂ ਨੂੰ ਡਾ: ਗੁਰਭਗਤ ਸਿੰਘ ਦੇ ਚਿੰਤਨ ਦੀ ਗੁਣ-ਵਿਸ਼ੇਸ਼ਤਾ ਤੋਂ ਜਾਣੂੰ ਕਰਾਉਣਾ ਹੈ। ਕਿਸੇ ਵੀ ਖ਼ਰੇ ਵਿਦਵਾਨ ਦਾ ਇਹ ਜ਼ਰੂਰੀ ਗੁਣ ਹੁੰਦਾ ਹੈ ਕਿ ਉਸ ਦਾ ਚਿੰਤਨ ਪਰਵਾਹ ਕਦੇ ਵੀ ਰੁਕਦਾ ਨਹੀਂ ਹੈ। ਉਹ ਲਗਾਤਾਰ ਨਵਾਂ ਸਿੱਖਣ ਦੇ ਅਮਲ ਵਿਚ ਜੁਟਿਆ ਰਹਿੰਦਾ ਹੈ। ਉਹ ਆਪਣੇ ਕਿਸੇ ਵੀ ਵਿਚਾਰ ਜਾਂ ਧਾਰਨਾ ਨੂੰ ਪੱਥਰ ਉਤੇ ਲੀਕ ਮੰਨ ਕੇ ਨਹੀਂ ਚਲਦਾ। ਉਹ ਇਨ੍ਹਾਂ ਨੂੰ ਮੁੜ ਘੋਖਦਾ ਅਤੇ ਨਵੇਂ ਅਧਿਐਨ ਅਤੇ ਅਨੁਭਵ ਦੀ ਰੋਸ਼ਨੀ ਵਿਚ ਇਨ੍ਹਾਂ ਅੰਦਰ ਲਗਾਤਾਰ ਲੁੜੀਦੀ ਸੋਧ ਕਰਦਾ ਰਹਿੰਦਾ ਹੈ। ਆਪਣੇ ਚਿੰਤਨ ਅੰਦਰ ਤਾਜ਼ਗੀ ਤੇ ਨਵੀਨਤਾ ਬਣਾਈ ਰੱਖਣਾ ਸੱਚੇ ਵਿਦਵਾਨ ਦੇ ਹੋਣਹਾਰ ਹੋਣ ਦੀ ਗੂੜ੍ਹੀ ਨਿਸ਼ਾਨੀ ਹੁੰਦੀ ਹੈ। ਇਸ ਸੰਗ੍ਰਹਿ ਅੰਦਰ ਸ਼ਾਮਲ ਲੇਖਾਂ ਤੋਂ ਪਾਠਕ ਆਪ ਅੰਦਾਜ਼ਾ ਲਾ ਲੈਣਗੇ ਕਿ ਡਾ: ਗੁਰਭਗਤ ਸਿੰਘ ਨੂੰ ਜਦੋਂ ਹੀ ਆਪਣੇ ਕਿਸੇ ਪਹਿਲਾਂ ਪ੍ਰਗਟਾਏ (ਲਿਖੇ) ਵਿਚਾਰ, ਧਾਰਨਾ ਜਾਂ ਫਾਰਮੂਲੇਸ਼ਨ ਅੰਦਰ ਕੋਈ ਊਣ ਮਹਿਸੂਸ ਹੋਈ ਤਾਂ ਉਸ ਨੇ ਕਦੇ ਵੀ ਇਸ ਨੂੰ ਸੁਧਾਰਨ ਵਿਚ ਝਿਜਕ ਨਹੀਂ ਦਿਖਾਈ। ਉਸ ਦੇ ਲੇਖਾਂ ਦੇ ਧਿਆਨਪੂਰਬਕ ਪਾਠ ਤੋਂ ਇਹ ਗੱਲ ਪਾਠਕਾਂ ਦੇ ਸਹਿਜੇ ਹੀ ਧਿਆਨ ਵਿਚ ਆ ਜਾਵੇਗੀ।

(10 ਅਗਸਤ 2018)

* ਗੁਰਭਗਤ ਸਿੰਘ, ਇਕੀਵੀਂ ਸਦੀ ਦੀ ਚੇਤਨਤਾ ਅਤੇ ਪੂਰਨ ਸਿੰਘ, ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿੱਤ, ਸਫ਼ਾ 136.

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ