ਭਾਰਤੀ ਰਾਜਨੀਤਿਕ ਪ੍ਰਕਿਰਿਆ ਦੇ ਸੰਦਰਭ ਵਿਚ ਸ਼ੋਸਲ ਮੀਡੀਆ ਦਾ ਵਿਸ਼ਲੇਸ਼ਣਾਤਮਿਕ ਦ੍ਰਿਸ਼ਟੀਕੋਣ

ਭਾਰਤੀ ਰਾਜਨੀਤਿਕ ਪ੍ਰਕਿਰਿਆ ਦੇ ਸੰਦਰਭ ਵਿਚ ਸ਼ੋਸਲ ਮੀਡੀਆ ਦਾ ਵਿਸ਼ਲੇਸ਼ਣਾਤਮਿਕ ਦ੍ਰਿਸ਼ਟੀਕੋਣ

ਮੀਡੀਆ ਕਿਸੇ ਵੀ ਦੇਸ਼ ਦੀ ਪ੍ਰਮੁੱਖ ਆਧਾਰਸ਼ਿਲਾ ਹੁੰਦਾ ਹੈ। ਜਿਸ ਦੇ ਰਾਹੀਂ ਨਾ ਸਿਰਫ਼ ਜਨਤਾ ਦੀਆਂ ਅਵਾਜ਼ਾਂ ਨੂੰ ਹੀ ਉਭਾਰਿਆ ਜਾਂਦਾ ਹੈ, ਬਲਕਿ ਇਹ ਜਨ-ਮਾਨਸ ਦੀ ਚੇਤਨਾ ਨੂੰ ਸੰਚਾਲਿਤ ਕਰਨ ਵਿਚ ਵੀ ਆਪਣੀ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਸ਼ਾਇਦ ਇਸੇ ਭੂਮਿਕਾ ਸਦਕਾ ਹੀ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ, ਪਰ ਕਿਉਂਕਿ ਲੋਕਤੰਤਰ ਹੁਣ ਆਪਣੀ ਸਾਰਥਿਕਤਾ ਨੂੰ ਵੱਡੇ ਪੱਧਰ ਅਤੇ ਤੇਜ਼ੀ ਸਹਿਤ ਖੋ ਰਿਹਾ ਹੈ, ਇਸ ਲਈ ਲਾਜ਼ਮੀ ਬਣ ਜਾਂਦਾ ਹੈ ਕਿ ਮੀਡੀਆ ਦੀ ਪ੍ਰਾਸੰਗਿਕਤਾ ਅਤੇ ਭੂਮਿਕਾ ਨੂੰ ਬਣਾਈਂ ਰੱਖਣ ਲਈ ਸਾਨੂੰ ਜਾਂ ਤਾਂ ਇਸ ਨੂੰ ਅਜ਼ਾਦ ਕਰਵਾਉਣਾ ਪਵੇਗਾ ਜਾਂ ਇਸ ਦੇ ਸਮਾਨਾਂਤਰ ਬਦਲ ਤਲਾਸ਼ਣੇ ਪੈਣਗੇ। ਜਿੱਥੋਂ ਤੱਕ ਮੀਡੀਆ ਦੇ ਆਜ਼ਾਦ ਹੋਣ ਦੀ ਗੱਲ ਹੈ, ਸਾਧਾਰਨ ਬੁੱਧੀ ਵੀ ਇਸ ਗੱਲ ਨਾਲ ਇਤਫ਼ਾਕ ਰੱਖੇਗੀ ਕਿ ‘ਮੀਡੀਆ ਉਦਯੋਗ’ ਦੇ ਦੌਰ ਵਿਚ ਮੀਡੀਆ ਦੀ ਆਜ਼ਾਦੀ ਦਾ ਮਸਲਾ ਨਾ ਤਾਂ ਹੁਣ ਏਨਾ ਸਰਲ ਰਿਹਾ ਹੈ ਅਤੇ ਨਾ ਹੀ ਸੰਭਵ ਕਿ ਇਸ ਸਬੰਧੀ ਕੋਈ ਠੋਸ ਦਾਅਵੇ ਕੀਤੇ ਜਾਣ, ਇਸੇ ਲਈ ਇਸ ਦੇ ਦੂਸਰੇ ਬਦਲ ਵੱਲ ਜਾਣਾ ਇਕ ਢੁੱਕਵਾਂ ਉਪਾਅ ਹੋ ਸਕਦਾ ਸੀ, ਤੇ ਇਹ ਹੋਇਆ ਵੀ ਹੈ। ਅਸੀਂ ਸਾਰੇ ਇਸ ਦੇ ਪ੍ਰਤੱਖ ਗਵਾਹ ਹਾਂ, ਭਾਵੇਂਕਿ ਇਸ ਸਬੰਧੀ ਹਰ ਇਕ ਦੀਆਂ ਰਾਵਾਂ ਅੰਦਰ ਥੋੜ੍ਹਾ-ਬਹੁਤ ਫ਼ੇਰ-ਬਦਲ ਜ਼ਰੂਰ ਹੋ ਸਕਦਾ ਹੈ ਕਿ ਸਾਡੇ ਸਮਿਆਂ ਅੰਦਰ ਸ਼ੋਸਲ ਮੀਡੀਆ ਦੀ ਸਾਰਥਿਕਤਾ ਕੀ ਹੈ?

ਆਧੁਨਿਕ ਯੁਗ ਵਿਚ ਸ਼ੋਸਲ ਮੀਡੀਆ ਜਨ-ਸਾਧਾਰਨ ਦੀ ਵਿਚਾਰਕ ਅਭਿਵਿਅਕਤੀ ਦੇ ਇਕ ਮਹੱਤਵਪੂਰਨ ਸਾਧਨ ਦੇ ਰੂਪ ਵਿਚ ਸਾਡੇ ਸਾਹਮਣੇ ਉੱਭਰ ਕੇ ਆਇਆ ਹੈ। ਜਿਸ ਰਾਹੀਂ ਸਾਨੂੰ ਲੋਕਤੰਤਰ ਦੀ ਇਕ ਅਹਿਮ ਪਰਿਭਾਸ਼ਾ ਅਪਣੇ ਯਥਾਰਥਿਕ ਸਰੂਪ ਨੂੰ ਪ੍ਰਗਟ ਕਰਦੀ ਹੋਈ ਨਜ਼ਰੀਂ ਪੈ ਰਹੀ ਹੈ। ਸ਼ੋਸਲ ਮੀਡੀਆ ਰਾਹੀਂ ਸਾਡੀ ਨੌਜਵਾਨ ਪੀੜ੍ਹੀ ਹੀ ਆਕਰਸ਼ਿਤ ਨਹੀਂ ਹੋਈ, ਸਗੋਂ ਇਸ ਨੇ ਸਮਾਜ ਦੇ ਹਰ ਇਕ ਤਬਕੇ ਅੰਦਰ ਅਪਣੀ ਭਰਭੂਰ ਹਾਜ਼ਰੀ ਲਗਵਾਈ ਹੈ। ਜਿਸ ਦੀ ਬਦੌਲਤ ਸ਼ੋਸਲ ਮੀਡੀਆ ਨੇ ਸਾਨੂੰ ਪਰਸਪਰ ਸੰਵਾਦ ਦਾ ਇਕ ਅਹਿਮ ਮੰਚ ਪ੍ਰਦਾਨ ਕੀਤਾ ਹੈ। ਇਸ ਮੰਚ ਦੇ ਰਾਹੀਂ ਸਾਡੇ ਸਮਾਜਿਕ ਸਬੰਧਾਂ ਦੀ ਅਵਧਾਰਨਾ ਵੀ ਬਹੁਤ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਸਮਾਜ ਦੇ ਹਰ ਇਕ ਖੇਤਰ ਅੰਦਰ ਇਕ ਕ੍ਰਾਂਤੀਕਾਰੀ ਤਬਦੀਲੀ ਦਾ ਦੌਰ ਸ਼ੁਰੂ ਹੋਇਆ ਹੈ।

ਉਂਝ ਤਾਂ ਸ਼ੋਸਲ ਮੀਡੀਆ ਦਾ ਜਨਮ ਸੰਨ 1995 ਤੋਂ ਮੰਨਿਆ ਜਾਂਦਾ ਹੈ, ਪਰ ਇਸ ਅੰਦਰ ਸਭ ਤੋਂ ਵੱਡਾ ਬਦਲਾਅ 2004 ਈਸਵੀ ਦੌਰਾਨ ਹੋਂਦ ਵਿਚ ਆਈ ਸ਼ੋਸਲ ਨੈੱਟਵਰਕਿੰਗ ਸਾਈਟ ‘ਫੇਸਬੁੱਕ’ ਰਾਹੀਂ ਹੋਂਦ ਵਿਚ ਆਇਆ। ਫੇਸਬੁੱਕ ਤੋਂ ਬਾਅਦ ਇਸ ਖੇਤਰ ਅੰਦਰ ਦੋ ਸੌ ਦੇ ਕਰੀਬ ਸ਼ੋਸਲ ਨੈੱਟਵਰਕਿੰਗ ਸਾਈਟਸ ਦਾ ਪ੍ਰਚੱਲਣ ਹੋ ਗਿਆ, ਜਿਨ੍ਹਾਂ ਵਿਚ ਟਵਿੱਟਰ, ਵਟਸਐਪ, ਲਿੰਕਡਿੰਨ, ਇੰਸਟਾਗ੍ਰਾਮ, ਗੂਗਲ ਪਲੱਸ ਅਤੇ ਯੂ-ਟਿਊਬ ਆਦਿ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਇਨ੍ਹਾਂ ਸਾਈਟਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਤਾਦਾਦ ਅਰਬਾਂ ਦੀ ਗਿਣਤੀ ਤੱਕ ਪਹੁੰਚ ਚੁੱਕੀ ਹੈ। ਜਿਸ ’ਤੇ ਚਲਦਿਆਂ ਮੌਜੂਦਾ ਦੌਰ ਵਿਚ ਇਸ ਦੀ ਵਰਤੋਂ ਤੋਂ ਅਣਜਾਣ ਹੋਣਾ ਕਿਸੇ ਵੀ ਖੇਤਰ ਦੀ ਪ੍ਰਗਤੀ ਵਿਚ ਇਕ ਵਡੇਰੀ ਰੁਕਾਵਟ ਸਮਝਿਆ ਜਾ ਰਿਹਾ ਹੈ। ਇਸ ਕਾਰਨ ਸਮਾਜ ਦੇ ਸਮੁੱਚੇ ਖੇਤਰਾਂ ਵਿਚ ਸ਼ੋਸਲ ਮੀਡੀਆ ਅਪਣੀ ਹੋਂਦ ਦਰਜ ਕਰਵਾ ਰਿਹਾ ਹੈ। ਅਜਿਹੇ ਸਮਿਆਂ ਦੌਰਾਨ ਰਾਜਨੀਤੀ ਦੇ ਖ਼ੇਤਰ ਵਿਚ ਇਸ ਦਾ ਨਦਾਰਦ ਰਹਿਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਸਮਝਿਆ ਜਾ ਸਕਦਾ।

ਭਾਰਤੀ ਰਾਜਨੀਤੀ ਦੇ ਇਤਿਹਾਸ ਵਿਚ ਬਹੁਜਨ ਸਮਾਜ ਪਾਰਟੀ ਅਜਿਹੀ ਪਹਿਲੀ ਰਾਜਸੀ ਪਾਰਟੀ ਸੀ, ਜਿਸ ਨੇ ਚੋਣਾਂ ਨਾਲ ਸਬੰਧਿਤ ਕਾਰਜਾਂ ਦੀ ਪੂਰਤੀ ਹਿੱਤ ਪਹਿਲੀ ਵਾਰ ਮੋਬਾਇਲ ਫੋਨ ਦਾ ਇਸਤੇਮਾਲ ਕੀਤਾ ਸੀ, ਭਾਵੇਂ ਕਿ ਇਸ ਦੀ ਵਰਤੋਂ ਉਸ ਸਮੇਂ ਕਾਫ਼ੀ ਸੀਮਿਤ ਪੱਧਰ ’ਤੇ ਹੋਈ, ਪਰ ਫਿਰ ਵੀ ਇਸ ਨੇ ਸੰਚਾਰ ਸਾਧਨਾਂ ਦੀ ਚੋਣ-ਪ੍ਰਬੰਧ ਵਿਚ ਵਰਤੋਂ ਦੇ ਸਿਧਾਂਤ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ। ਇਸ ਤੋਂ ਬਾਅਦ ਸ਼ੋਸਲ ਮੀਡੀਆ ਦੇ ਪ੍ਰਚਲਨ ਦਾ ਸਭ ਤੋਂ ਵੱਡਾ ਪ੍ਰਭਾਵ ਅਪ੍ਰੈਲ 2011 ਈਸਵੀ ਵਿਚ ਜੰਤਰ-ਮੰਤਰ ਅਤੇ ਰਾਮਲੀਲਾ ਮੈਦਾਨ ਨਵੀਂ ਦਿੱਲੀ ਵਿਖੇ ਹੋਏ ‘ਅੰਨਾ ਹਜ਼ਾਰੇ ਅੰਦੋਲਨ’ ਦੌਰਾਨ ਵੇਖਣ ਨੂੰ ਮਿਲਿਆ। ਜਿਸ ਤੋਂ ਉਤਸ਼ਾਹਿਤ ਹੋ ਕੇ ਜਿੱਥੇ ‘ਆਮ ਆਦਮੀ ਪਾਰਟੀ’ ਭਾਰਤ ਦੇ ਰਾਜਸੀ ਨਕਸ਼ੇ ਉੱਪਰ ਉੱਭਰ ਕੇ ਆਈ, ਉੱਥੇ ਹੀ ਭਾਜਪਾ ਦੇ ਨਾਮਵਰ ਨੇਤਾ ਅਤੇ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਇਸਤੇਮਾਲ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਰਨ ਦਾ ਫੈਸਲਾ ਲਿਆ। ਗੋਆ ਵਿਚ ਬੀ.ਜੇ.ਪੀ. ਦੇ ਲੋਕ ਸਭਾ ਪ੍ਰਚਾਰ ਸੰਮਤੀ ਪ੍ਰਧਾਨ ਬਣਨ ਉਪ੍ਰੰਤ ਜਦੋਂ ਸ਼੍ਰੀ ਮੋਦੀ ਪਹਿਲੀ ਵਾਰ ਮੁੰਬਈ ਪਹੁੰਚੇ ਤਾਂ ਉਨ੍ਹਾਂ ਨੇ ਸਪਸ਼ਟ ਆਖ ਦਿੱਤਾ ਸੀ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 48 ਲੱਖ ਸ਼ੋਸਲ ਮੀਡੀਆ ਆਈ. ਡੀਜ਼. ਚਾਹੁੰਦੇ ਹਨ ਤਾਂ ਜੋ ਦੇਸ਼ ਦੀ ਜਨਤਾ ਨਾਲ ਵੱਡੀ ਪੱਧਰ ’ਤੇ ਸਿੱਧਾ ਸੰਪਰਕ ਕਾਇਮ ਕੀਤਾ ਜਾ ਸਕੇ। ਭਾਰਤੀ ਸੰਦਰਭਾਂ ਅੰਦਰ ਬੇਸ਼ੱਕ ਸ਼ੋਸਲ ਮੀਡੀਆ ਨੂੰ ਰਾਜਨੀਤੀ ਲਈ ਇਸਤੇਮਾਲ ਕਰਨ ਦੀ ਵੱਡੀ ਜਾਚ ਸ਼੍ਰੀ ਨਰਿੰਦਰ ਮੋਦੀ ਨੇ ਸਿਖਾਈ, ਪਰ ਸ਼ਸ਼ੀ ਥਰੂਰ ਜਿਹੇ ਕਾਂਗਰਸੀ ਨੇਤਾ ਮੋਦੀ ਤੋਂ ਕਿਤੇ ਪਹਿਲਾਂ ਸ਼ੋਸਲ ਮੀਡੀਆ ਉੱਪਰ ਸਰਗਰਮ ਸਨ, ਹਾਲਾਂਕਿ ਇੱਥੇ ਇਕ ਵੱਡਾ ਅੰਤਰ ਇਹ ਸੀ ਕਿ ਉਨ੍ਹਾਂ ਦੀ ਇਹ ਸਰਗਰਮੀ ਵਿਅਕਤੀਗਤ ਪੱਧਰ ਦੀ ਸੀ। ਇਸ ਲਈ ਇਹ ਨਰਿੰਦਰ ਮੋਦੀ ਹੀ ਸਨ ਜਿਨ੍ਹਾਂ ਨੇ ਸ਼ੋਸਲ ਮੀਡੀਆ ਦੀ ਵਡੇਰੀ ਅਹਿਮੀਅਤ ਦੀ ਪਹਿਚਾਣ ਕਰਦਿਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਨਵੇਂ ਅਤੇ ਪੁਰਾਣੇ ਮੀਡੀਆ ਦੇ ਹੋਣ ਵਾਲੇ ਇਸਤੇਮਾਲ ਸਮਾਨ ਭਾਰਤ ਅੰਦਰ ਵੀ ਇਸ ਤਰ੍ਹਾਂ ਦੇ ਪ੍ਰਯੋਗ ਕਰਨ ’ਤੇ ਜੋਰ ਦਿੱਤਾ। ਉਨ੍ਹਾਂ ਦੇ ਇਸ ਕਦਮ ਕਾਰਨ ਹੀ ਇਹ ਵੀ ਚਰਚਾ ਚੱਲੀ ਸੀ ਕਿ ਸੰਨ 2014 ਦੀਆਂ ਲੋਕ ਸਭਾ ਚੋਣਾਂ ਅਮਰੀਕੀ ਚੋਣਾਂ ਦੀ ਤਰਜ 'ਤੇ ਹੋ ਰਹੀਆਂ ਹਨ। ਵਾਸਤਵ ਵਿਚ ਅਜਿਹਾ ਕਾਫੀ ਹੱਦ ਤੱਕ ਹੋਇਆ ਵੀ ਸੀ। ਇਨ੍ਹਾਂ ਚੋਣਾਂ ਵਿਚ ਅਸੀਂ ਸ਼ੋਸਲ ਮੀਡੀਆ ਦੇ ਧਰੁਵੀਕਰਨ ਅਤੇ ਤੀਬਰ ਮੀਡੀਆ ਪ੍ਰਬੰਧਨ ਦੀ ਨਵੀਂ ਰਣਨੀਤੀ ਅਤੇ ਨਵੀਆਂ ਚਲਾਕੀਆਂ ਬਾਰੇ ਵੱਡੀ ਪੱਧਰ ’ਤੇ ਵੇਖਿਆ ਸੀ। ਜਿਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਸੀ ਕਿ ਸੰਨ 2014 ਦੀਆਂ ਚੋਣਾਂ ਸਾਫ਼ ਤੌਰ ’ਤੇ ਮੀਡੀਆ ਸੰਚਾਲਿਤ ਚੋਣਾਂ ਸਨ। ਜਿਨ੍ਹਾਂ ਨੇ ਭਾਰਤੀ ਚੋਣ ਸੰਸਕ੍ਰਿਤੀ ਦਾ ਪੁਰਾਤਨ ਸਰੂਪ ਬਦਲ ਕੇ ਰੱਖ ਦਿੱਤਾ ਸੀ।

ਸ਼ੋਸਲ ਮੀਡੀਆ ਦੀ ਭਰਪੂਰ ਵਰਤੋਂ ਕਰਦਿਆਂ ਨਰਿੰਦਰ ਮੋਦੀ ਨੇ ਭਾਜਪਾ ਦੇ ਚੋਣ-ਪ੍ਰਬੰਧ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਅਤੇ ਵਡੇਰੇ ਜਨ-ਸਮੂਹ ਤੱਕ ਅਪਣੀ ਪਹੁੰਚ ਬਣਾਉਣ ਹਿੱਤ ਸ਼ੋਸਲ ਮੀਡੀਆ ਉੱਪਰ ਹਿੰਦੀ ਅਤੇ ਉਰਦੂ ਤੋਂ ਇਲਾਵਾ ਮਰਾਠੀ, ਅਸਮੀਆਂ, ਬਾਂਗਲਾ, ਕੰਨੜ ਅਤੇ ਮਲਿਆਲਮ ਆਦਿ ਖੇਤਰੀ ਭਾਸ਼ਾਵਾਂ ਦੀ ਵਰਤੋਂ ’ਤੇ ਜੋਰ ਦਿੱਤਾ। ਜਿਸ ਵਿਚ ਉਨ੍ਹਾਂ ਦਾ ਸਹਿਯੋਗ ਕਰਨ ਲਈ ਆਈ. ਟੀ. ਮਾਹਿਰਾਂ ਦੀ ਇਕ ਵਡੇਰੀ ਫੌਜ ਨਿਯੁਕਤ ਕੀਤੀ ਗਈ। ਬੀ.ਜੇ.ਪੀ. ਨੇ ਨਵੀਂ ਦਿੱਲੀ ਵਿਚ ਨੈਸ਼ਨਲ ਡਿਜੀਟਲ ਅਪਰੇਸ਼ਨ ਕੇਂਦਰ (ਐੱਨ.ਡਾਕ.) ਦੀ ਸਥਾਪਨਾ ਕੀਤੀ। ਜਿਸ ਦੇ ਜ਼ਰੀਏ ਪਾਰਟੀ ਨੇ 155 ਅਜਿਹੀਆਂ ਸੀਟਾਂ ਦੀ ਨਿਸ਼ਾਨਦੇਹੀ ਕੀਤੀ, ਜਿੱਥੇ ਜਿੱਤ-ਹਾਰ ਦਾ ਫ਼ੈਸਲਾ ਕਰਨ ਵਿਚ ਸ਼ੋਸਲ ਮੀਡੀਆ ਦਾ ਮਹੱਤਵਪੂਰਨ ਯੋਗਦਾਨ ਸੀ। ਇਨ੍ਹਾਂ ਚੋਣਾਂ ਦੌਰਾਨ ‘ਹੈਸ਼ਟੈਗ ਵਾਰ’ ਲੜਾਈ ਦਾ ਇਕ ਨਵਾਂ ਮੈਦਾਨ ਬਣ ਗਈ ਸੀ। ਜਿਸ ਵਿਚ ਜਿੱਤ ਪ੍ਰਾਪਤ ਕਰਨ ਲਈ ਪ੍ਰੰਪਰਾਗਤ ਚੋਣ ਪ੍ਰਚਾਰ ਸਾਧਨਾਂ ਦੇ ਸਮਾਨ ਸ਼ੋਸਲ ਮੀਡੀਆ ’ਤੇ ਵੀ ਰਾਜਸੀ ਲੋਕਾਂ ਅਤੇ ਉਨ੍ਹਾਂ ਦੇ ਸਮਰੱਥਕਾਂ ਦੁਆਰਾ ਵਿਸ਼ੇਸ਼ ਮੁਹਿੰਮਾਂ ਚਲਾਈਆਂ ਗਈਆਂ। ਇਕ ਅਨੁਮਾਨ ਅਨੁਸਾਰ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿਚ ਡਿਜੀਟਲ ਮੀਡੀਆ ’ਤੇ ਚੋਣ ਪ੍ਰਚਾਰ ਕਰਨ ਹਿਤ ਕਰੀਬ 500 ਕਰੋੜ ਰੁਪਏ ਖਰਚ ਕੀਤੇ ਗਏ। ਜਿਸ ਦੇ ਫਲਸਰੂਪ ਚੋਣ ਕਮਿਸ਼ਨ ਨੂੰ ਇਸ ਸਬੰਧੀ ਖਾਸ ਦਿਸ਼ਾ-ਨਿਰਦੇਸ਼ ਵੀ ਜਾਰੀ ਕਰਨੇ ਪਏ। ਜਿਨ੍ਹਾਂ ਦੇ ਰਾਹੀਂ ਰਾਜਨੀਤਿਕ ਦਲਾਂ ਨੂੰ ਕਿਹਾ ਗਿਆ ਕਿ ਉਹ ਇੰਟਰਨੈੱਟ ’ਤੇ ਅਪਣੇ ਖ਼ਾਤਿਆਂ ਅਤੇ ਖਰਚਿਆਂ ਨੂੰ ਸਰਵਜਨਿਕ ਕਰੇ। ਚੋਣ ਕਮਿਸ਼ਨ ਅਨੁਸਾਰ, ਚੋਣ ਪ੍ਰਚਾਰ ਨਾਲ ਜੁੜੇ ਕਾਨੂੰਨੀ ਨਿਯਮ ਸ਼ੋਸਲ ਮੀਡੀਆ ਉੱਪਰ ਵੀ ਹੋਰਨਾਂ ਮੀਡੀਆ ਸਾਧਨਾਂ ਦੇ ਸਮਾਨ ਹੀ ਲਾਗੂ ਹੁੰਦੇ ਹਨ।

ਸ਼ੋਸਲ ਮੀਡੀਆ ਰਾਹੀਂ ਭਾਰਤੀ ਰਾਜਨੀਤੀ ਕਿਸ ਤਰ੍ਹਾਂ ਅਪਣਾ ਸਰੂਪ ਬਦਲ ਰਹੀ ਹੈ, ਇਸ ਦੀ ਪ੍ਰਾਸੰਗਿਕਤਾ ਨੂੰ ਸਮਝਦੇ ਹੋਏ ਹੀ ਸਰਕਾਰ ਅਤੇ ਵਿਰੋਧੀ ਧਿਰਾਂ ਅਪਣੀਆਂ ਸਫਾਈਆਂ ਅਤੇ ਪ੍ਰਾਪਤੀਆਂ ਦਾ ਵੇਰਵਾ ਸ਼ੋਸਲ ਮੀਡੀਆ ਉੱਪਰ ਦੇਣ ਨੂੰ ਤਰਜੀਹ ਦੇ ਰਹੀਆਂ ਹਨ। ਇਸ ਦੌਰ ਵਿਚ ਵਿਭਿੰਨ ਰਾਜਨੀਤਿਕ ਪਾਰਟੀਆਂ ਦੇ ਸਮੂਹ ਨੇਤਾਵਾਂ ਲਈ ਸ਼ੋਸਲ ਮੀਡੀਆ ਦੀ ਭਰਭੂਰ ਵਰਤੋਂ ਕਰਨ ’ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਨੇਤਾ ਲੋਕ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਦੇ ਹੋਏ ਅਪਣੀਆਂ ਗੱਲਾਂ ਉਨ੍ਹਾਂ ਤੱਕ ਰੱਖ ਸਕਣ। ਬੇਸ਼ੱਕ ਰਾਜਸੀ ਲੋਕਾਂ ਦੀ ਲੋਕ ਮਸਲਿਆਂ ਨਾਲ ਸਿੱਧੇ ਰੂਪ ਵਿਚ ਮੁਖ਼ਾਤਿਬ ਹੋਣ ਦੀ ਕੋਈ ਖ਼ਾਹਿਸ਼ ਨਹੀਂ ਹੁੰਦੀ, ਪਰ ਫਿਰ ਵੀ ਉਹ ਸ਼ੋਸਲ ਮੀਡੀਆ ਦੀ ਵਰਤੋਂ ਸਦਕਾ ਇਹ ਸਿੱਧ ਕਰਨ 'ਤੇ ਉਤਾਰੂ ਹੁੰਦੇ ਹਨ ਕਿ ਉਨ੍ਹਾਂ ਨੂੰ ਸਾਧਾਰਨ ਜਨਤਾ ਦੀ ਕਿੰਨੀਂ ਜਿਆਦਾ ਫ਼ਿਕਰ ਹੈ।

ਕਿਉਂਕਿ ਸਾਨੂੰ ਸ਼ੋਸਲ ਮੀਡੀਆ ਉੱਪਰ ਅਪਣੀ ਗੱਲ ਕਹਿਣ ਦਾ ਭਰਭੂਰ ਅਵਸਰ ਮਿਲਦਾ ਹੈ। ਇਸ ਲਈ ਰਾਜਸੀ ਪਾਰਟੀਆਂ ਵੱਲੋਂ ਨਕਲੀ ਨਾਮਾਂ ਦੇ ਆਧਾਰ ’ਤੇ ਬਣਾਏ ਗਏ ਫ਼ਰਜੀ ਖਾਤਿਆਂ ਰਾਹੀਂ ਅਜਿਹੇ ਲੋਕ ਸ਼ੋਸਲ ਮੀਡੀਆ ਉੱਪਰ ਸਰਗਰਮ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਕੰਮ ਸਿਰਫ ਵਿਰੋਧੀ ਪਾਰਟੀਆਂ ਦੇ ਸਮਰੱਥਕਾਂ ਨਾਲ ‘ਹੱਥੋ-ਪਾਈ’ ਕਰਨਾ ਹੀ ਹੁੰਦਾ ਹੈ। ਇਨ੍ਹਾਂ ਲੋਕਾਂ ਦੀ ਕਿਸੇ ਕਿਸਮ ਦੇ ਤਰਕ ਆਧਾਰਿਤ ਵਿਚਾਰ ਸੰਵਾਦ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ, ਸਗੋਂ ਇਨ੍ਹਾਂ ਦਾ ਇਕੋ-ਇਕ ਮਕਸਦ ਅਪਣੇ ਵਿਰੋਧੀ ਨੂੰ ਹਰ ਤਰੀਕੇ ਰਾਹੀਂ ਚੁੱਪ ਕਰਾਉਣਾ ਹੁੰਦਾ ਹੈ। ‘ਹੁਲਿੰਗਸ’ ਦੀ ਇਸ ਸ਼੍ਰੇਣੀ ਨੇ ਸ਼ੋਸਲ ਮੀਡੀਆ ਦੇ ਇਕ ਕਰੂਪ ਰੂਪ ਨੂੰ ਵੀ ਸਾਡੇ ਸਾਹਮਣੇ ਪ੍ਰਗਟ ਕੀਤਾ। ਜਿਸ ਕਾਰਨ ਸ਼ੋਸਲ ਮੀਡੀਆ ਚੋਣ ਪ੍ਰਚਾਰ ਦਾ ਇਕ ਅਜਿਹਾ ਉਤੇਜਕ ਸਾਧਨ ਬਣ ਗਿਆ ਹੈ, ਜਿਸ ਨੇ ਇਸ ਉੱਪਰਲੇ ਸਰਵਜਨਿਕ ਸੰਵਾਦ ਦੇ ਪੱਧਰ ਨੂੰ ਬਹੁਤ ਹੀ ਨਿਮਨ ਕੋਟੀ ਦਾ ਕਰ ਦਿੱਤਾ ਹੈ। ਇਸ ਦੀ ਇਕ ਉਦਾਹਰਨ ਦਿੰਦਿਆਂ ਸੀਨੀਅਰ ਪੱਤਰਕਾਰ ਸਾਗਰਿਕਾ ਘੋਸ਼ ਅਪਣੀ ਇਕ ਮੁਲਾਕਾਤ ਵਿਚ ਆਖਦੀ ਹੈ ਕਿ ਟਵਿੱਟਰ ਉੱਪਰ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਬਦਲੇ ਉਸ ਨੂੰ ਚੌਤਰਫ਼ਾ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਉੱਪਰ ਭੱਦੀਆਂ ਅਤੇ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ ਗਈਆਂ। ਉਸ ਨੇ ਇਹ ਵੀ ਕਿਹਾ ਕਿ ਉਹ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਵੀ ਆਲੋਚਨਾ ਕਰਦੀ ਰਹਿੰਦੀ ਹੈ, ਪਰ ਇਸ ਦੇ ਲਈ ਕਦੀ ਉਸ ਨੂੰ ਜਾਨ ਤੋਂ ਮਾਰਨ ਦੀ ਜਾਂ ਜਨਤਕ ਤੌਰ ’ਤੇ ਅਪਮਾਨਿਤ ਕਰਨ ਦੀ ਧਮਕੀ ਨਹੀਂ ਦਿੱਤੀ ਗਈ ਸੀ। ਜਿਸ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਸਮੂਹਿਕ ਸੰਵਾਦ ਦੇ ਇਸ ਸਾਧਨ ਦੀ ਵਰਤੋਂ ਕਰਨਾ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ਸ਼ੋਸਲ ਸਾੲਟੀਸ ਦੀ ਅਜਿਹੀ ਵਰਤੋਂ ਸਬੰਧੀ ਪ੍ਰਮੁੱਖ ਸ਼ੋਸਲ ਸਾਈਟ 'ਟਵਿੱਟਰ' ਦੇ ਸਹਿ-ਸੰਸਥਾਪਕ ਬਿਜ ਸਟੋਨ ਦਾ ਆਖਣਾ ਹੈ ਕਿ ਟਵਿੱਟਰ ਜੋੜਦਾ ਹੈ ਲੇਕਿਨ ਜੇਕਰ ਬਹੁਮੱਤ ਇਸ ਉੱਪਰ ਕਬਜ਼ਾ ਜਮਾ ਲਏ ਤਾਂ ਇਹ ਵਿਭਾਜਨਕਾਰੀ ਵੀ ਹੋ ਸਕਦਾ ਹੈ। ਟਵਿੱਟਰ ਸਬੰਧੀ ਸਟੋਨ ਦੀ ਇਹ ਧਾਰਨਾ ਵਿਆਪਕ ਰੂਪ ਵਿਚ ਅਸੀਂ ਦੂਸਰੀਆਂ ਸ਼ੋਸਲ ਨੈੱਟਵਰਕਿੰਗ ਸਾਈਟਾਂ ’ਤੇ ਵੀ ਲਾਗੂ ਕਰ ਸਕਦੇ ਹਾਂ। ਜਿਨ੍ਹਾਂ ਉੱਪਰ ਤਾਇਨਾਤ ਰਾਜਨੀਤਿਕ ਸਮਰੱਥਕਾਂ ਦੀਆਂ ਗਤੀਵਿਧੀਆਂ ਨੇ ਬਿਜ ਸਟੋਨ ਦੀ ਉਪਰੋਕਤ ਧਾਰਨਾ ਨੂੰ ਤਕੜਾ ਬਲ ਬਖਸ਼ਿਆ ਹੈ।

ਸ਼ੋਸਲ ਮੀਡੀਆ ਦੀ ਰਾਜਨੀਤਿਕ ਖੇਤਰਾਂ ਅੰਦਰ ਹੋ ਰਹੀ ਦੁਰਵਰਤੋਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਇਕ ਅਜਿਹਾ ਸਾਧਨ ਹੈ ਜਿਹੜਾ ਦੂਸਰੇ ਮੀਡੀਆ ਸਾਧਨਾਂ ਦੇ ਮੁਕਾਬਲੇ ਕਿਤੇ ਜਿਆਦਾ ਧਰੁਵੀਕਰਨ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ। ਸ਼ੋਸਲ ਮੀਡੀਆ ਉੱਪਰ ਹੋ ਰਹੀਆਂ ਟਿੱਪਣੀਆਂ ਨੇ ਇਹ ਵੀ ਦਿਖਾ ਦਿੱਤਾ ਹੈ ਕਿ ਬੇਸ਼ੱਕ ਸ਼ੋਸਲ ਮੀਡੀਆ ਉੱਪਰ ਸਾਨੂੰ ਹਰ ਤਰ੍ਹਾਂ ਦੇ ਵਿਚਾਰਕ ਪ੍ਰਗਟਾਵੇ ਦੀ ਅਜ਼ਾਦੀ ਹੈ, ਪਰ ਅਸੀਂ ਇਸ ਦੀ ਵਰਤੋਂ ਅਜੇ ਵੀ ਰੂੜ੍ਹੀਵਾਦੀ ਤਰੀਕੇ ਰਾਹੀਂ ਹੀ ਕਰ ਰਹੇ ਹਾਂ। ਜਿਸ ਕਾਰਨ ਜਿਵੇਂ ਅਸੀਂ ਸ਼ੋਸਲ ਮੀਡੀਆ ਦੇ ਦੌਰ ਤੋਂ ਪਹਿਲਾਂ ਰਾਜਸੀ ਲੋਕਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕਿ ਕੰਮ ਕਰਦੇ ਸੀ, ਉਸੇ ਪ੍ਰਕਾਰ ਸ਼ੋਸਲ ਮੀਡੀਆ ਦੇ ਜਮਾਨੇ ਵਿਚ ਵੀ ਅਸੀਂ ਉਹੀ ਪੁਰਾਤਨ ਰਵਾਇਤ ਕਾਇਮ ਰੱਖੀ ਹੈ। ਸ਼ੋਸਲ ਨੈੱਟਵਰਕਿੰਗ ਸਾਈਟਸ ਉੱਪਰ ਹੋ ਰਹੇ ਪ੍ਰਚਾਰ ਰਾਹੀਂ ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਵਿਰੋਧੀ ਪਾਰਟੀਆਂ ਦੀ ਨੁਕਤਾਚੀਨੀ ਕਰਦੇ ਹੋ ਤਾਂ ਤੁਸੀਂ ਸ਼ਰੇਆਮ ਭੱਦੀ, ਅਸ਼ਲੀਲ਼ ਅਤੇ ਅਨੈਤਿਕ ਭਾਸ਼ਾ ਦੇ ਸ਼ਿਕਾਰ ਬਣਾ ਲਏ ਜਾਂਦੇ ਹੋ।

ਪੜਿਆ-ਲਿਖਿਆ ਨੌਜਵਾਨ ਵਰਗ ਭਾਵੇਂ ਸ਼ੋਸਲ ਮੀਡੀਆ ਦੀ ਵਰਤੋਂ ਕਾਰਨ ਕਾਫ਼ੀ ਉਤਸ਼ਾਹਿਤ ਜਾਪਦਾ ਹੈ, ਪਰ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਉਹ ਅਜੇ ਵੀ ਅਪਣੀ ਕੋਈ ਪੁਖਤਾ ਰਾਏ ਸਥਾਪਿਤ ਨਹੀਂ ਕਰ ਪਾਇਆ ਕਿ ਸੁਆਰਥ ਭਰਭੂਰ ਰਾਜਸੀ ਦੌਰ ਅੰਦਰ ਉਸ ਨੇ ਅਪਣੀ ਰਾਜਨੀਤਿਕ ਚੇਤਨਾ ਦਾ ਕਿਸ ਕਦਰ ਪ੍ਰਗਟਾਵਾ ਕਰਨਾ ਹੈ। ਸ਼ੋਸਲ ਮੀਡੀਆ ਉੱਪਰ ਸਰਗਰਮ ਸਾਡੀ ਨੌਜਵਾਨ ਪੀੜ੍ਹੀ ਇਸ ਗੱਲ ਨੂੰ ਵੀ ਨਹੀਂ ਸਮਝ ਰਹੀ ਕਿ ਸ਼ੋਸਲ ਮੀਡੀਆ ਪ੍ਰਚੱਲਿਤ ਰਾਜਸੀ ਸਿਸਟਮ ਖਿਲਾਫ਼ ਖੜੇ ਹੋਣ ਵਾਲੇ ਪ੍ਰਬੰਧ ਦੇ ਵਜੋਂ ਉੱਭਰ ਕਿ ਆਇਆ ਹੈ। ਜਿਸ ਨੇ ਸੱਤਾਤਮਿਕ ਬਾਦਸ਼ਾਹਤ ਨੂੰ ਚੁਣੌਤੀ ਦਿੱਤੀ ਹੈ। ਇਸ ਗੱਲ ਨੂੰ ਨੌਜਵਾਨ ਪੀੜ੍ਹੀ ਤੋਂ ਜਿਆਦਾ ਸਾਡੇ ਰਾਜਨੀਤਿਕ ਲੋਕ ਅੱਛੀ ਤਰ੍ਹਾਂ ਸਮਝਦੇ ਹਨ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਭਾਰਤ ਅੰਦਰ ਸ਼ੋਸਲ ਮੀਡੀਆ ਅਪਣੇ ਆਰੰਭਿਕ ਦੌਰ ਵਿਚ ਹੀ ਸਮਾਜਿਕ ਵਿਖੰਡਨ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ। ਇਸ ਦਾ ਸਾਕਾਰਤਮਿਕ ਉਪਯੋਗ ਘੱਟ ਅਤੇ ਨਾਕਾਰਤਮਿਕ ਉਪਯੋਗ ਜਿਆਦਾ ਹੋ ਰਿਹਾ ਹੈ।

ਭਾਂਵੇਂਕਿ ਸ਼ੋਸਲ ਮੀਡੀਆ ਨੇ ਰਾਜਨੀਤਿਕ ਦਲਾਂ ਉੱਪਰ ਕਾਫ਼ੀ ਦਬਾਅ ਵੀ ਬਣਾਇਆ ਹੈ, ਪਰ ਜਿਵੇਂ ਕਿ ਉੱਪਰ ਉਦਾਹਰਨਾਂ ਪੇਸ਼ ਕੀਤੀਆਂ ਗਈਆਂ ਹਨ ਇਹ ਦਲ ਅਜਿਹੇ ਦਬਾਅ ਨੂੰ ਘੱਟ ਕਰਨ ਵਿਚ ਸਫ਼ਲ ਵੀ ਹੋ ਰਹੇ ਹਨ। ਰਾਜਨੀਤਿਕ ਦਲਾਂ ਦੇ ਸ਼ੋਸਲ ਮੀਡੀਆ ਉੱਪਰ ਸਰਗਰਮ ਹੋਣ ਕਾਰਨ ਉਨ੍ਹਾਂ ਦੀਆਂ ਨੀਤੀਆਂ ਅੰਦਰ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਰਾਜਸੀ ਪਾਰਟੀਆਂ ਦੇ ਵਿਰੋਧੀ ਪ੍ਰਚਾਰਾਂ ਨੂੰ ਪ੍ਰਭਾਵਹੀਣ ਸਾਬਤ ਕਰਨ ਲਈ ਰਾਜਸੀ ਨੇਤਾਵਾਂ ਦੀ ਸ਼ਹਿ 'ਤੇ ਇਕ-ਪਾਸੜ ਵਿਚਾਰਾਂ ਦੀ ਭਰਮਾਰ ਹੋ ਰਹੀ ਹੈ। ਬੇੱਸ਼ਕ ਇਸ ਸਭ ਦੇ ਅੰਦਰ ਵੀ ਕਈ ਨਵੀਂਆਂ ਸੰਭਾਵਨਾਵਾਂ ਉੱਛਲਵੱਟੇ ਲੈ ਰਹੀਆਂ ਹਨ। ਸ਼ੋਸਲ ਮੀਡੀਆ ਦੇ ਇਨ੍ਹਾਂ ਸਾਰੇ ਪੱਖਾਂ ਦੇ ਮੱਦੇਨਜ਼ਰ “ਦ ਬਿੱਗ ਕਨੈਕਟ: ਪਾਲਿਟਿਕਸ ਇਨ ਦ ਏਜ਼ ਆਫ਼ ਸ਼ੋਸਲ ਮੀਡੀਆ” ਦੀ ਲੇਖਿਕਾ ਸ਼ੈਲੀ ਚੋਪੜਾ ਦੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਸ਼ੋਸਲ ਮੀਡੀਆ ਦਾ ਯੋਗਦਾਨ ਇਹ ਹੈ ਕਿ ਇਸ ਨੇ ਰਾਜਨੀਤੀ ਦੀ ਚਰਚਾ ਨੂੰ ਸੈਕਸੀ ਬਣਾ ਦਿੱਤਾ ਹੈ। ਇਸ ਸੈਕਸ ਦਾ ਅਸੀਂ ਸਾਰੇ ਆਨੰਦ ਉਠਾਉਣ ਵਿਚ ਲੱਗੇ ਹੋਏ ਹਾਂ। ਇੱਥੇ ਬਾਲਗ਼-ਨਾਬਾਲਿਗ ਦੀ ਕੋਈ ਸ਼ਰਤ ਕੰਮ ਕਰਦੀ ਹੋਈ ਨਜ਼ਰੀਂ ਨਹੀਂ ਪੈ ਰਹੀ।

ਪਰਮਿੰਦਰ ਸਿੰਘ ਸ਼ੌਂਕੀ
ਸੰਪਰਕ: 94643-46677