ਸਿੱਖ ਪੰਥ ਦਾ ਜਨਮ ਦਿਹਾੜਾ ‘ਵਿਸਾਖੀ’

ਸਿੱਖ ਪੰਥ ਦਾ ਜਨਮ ਦਿਹਾੜਾ ‘ਵਿਸਾਖੀ’

ਪ੍ਰੋ. ਬਲਵਿੰਦਰਪਾਲ ਸਿੰਘ
ਵਿਸਾਖੀ ਦਾ ਤਿਉਹਾਰ ਪੁਰਾਤਨ ਸਮੇਂ ਤੋਂ ਹੀ ਮਨਾਉਣ ਦੀ ਪਰੰਪਰਾ ਰਹੀ ਹੈ। ਬਾਕੀ ਮਹੀਨਿਆਂ ਨਾਲੋਂ ਮਾਘ ਤੇ ਵਿਸਾਖ ਦੀ ਸੰਗਰਾਂਦ ਨੂੰ ਖਾਸ ਮਹਾਨਤਾ ਪ੍ਰਾਪਤ ਹੈ। ਸਿੱਖ ਧਰਮ, ਸਿੱਖ ਸਾਹਿਤ ਤੇ ਸਿੱਖ ਪੰਥ ਵਿਚ ਵਿਸਾਖੀ ਦਾ ਵਿਸ਼ੇਸ਼ ਮਹੱਤਵ ਅਤੇ ਮਹਾਨਤਾ ਹੈ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਕਰਮਵਾਰ-‘ਤੁਖਾਰੀ ਬਾਰਹਮਾਹਾ ਅਤੇ ਮਾਝ ਵਿਚ ਵਿਸਾਖੀ ਮਹੀਨੇ ਦਾ ਉਦੇਸ਼ ਪੇਸ਼ ਕੀਤਾ ਹੈ:-
ਨਾਨਕ ਵੈਸਾਖੀ ਪ੍ਰਭੂ ਭਾਵੈ।
ਸੁਰਤਿ ਸਬਦਿ ਮਨੁ ਮਾਨਾ।। (ਬਾਰਹਮਾਹਾ ਤੁਖਾਰੀ)
ਜਾਂ
ਵੈਸਾਖ ਸੁਹਾਵਾ ਤਾ ਲਗੈ ਜਾ ਸੰਤੁ ਭੇਟੈ ਹਰਿ ਸੋਇ।। (ਬਾਰਾਮਾਹਾ ਮਾਝ)
ਸਿੱਖ ਇਤਿਹਾਸ ਵਿਚ ਵਿਸਾਖੀ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਵਿਸਾਖ ਦੇ ਮਹੀਨੇ ਵਾਪਰੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ 20 ਵਿਸਾਖ 1526 ਬਿਕਰਮੀ ਨੂੰ ਹੋਇਆ। ਉਨ੍ਹਾਂ ਨੇ ਵਿਸਾਖੀ ਵਾਲੇ ਦਿਨ ਹੀ ਹਰਿਦੁਆਰ ਵਿਖੇ ਲਹਿੰਦੇ ਵੱਲ ਪਾਣੀ ਦੇ ਕੇ ਪਿੱਤਰਾਂ ਨੂੰ ਪਹੁੰਚਾਣ ਵਾਲੇ ਪਾਣੀ ਸੰਬੰਧੀ ਪਏ ਭਰਮਜਾਲ ਨੂੰ ਤੋੜਿਆ ਸੀ। ਉਨ੍ਹਾਂ ਨੇ ਸਮਾਜ ਸੁਧਾਰ ਲਈ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਵੀ ਪਹਿਲੀ ਵਿਸਾਖ ਨੂੰ ਕੀਤੀ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ 5 ਵਿਸਾਖ ਸੰਮਤ 1561 ਬਿਕਰਮੀ ਨੂੰ ਹੋਇਆ। ਗੁਰੂ ਅਮਰਦਾਸ ਜੀ ਦਾ ਜਨਮ ਵਿਸਾਖ ਸੁਦੀ 14 ਸੰਮਤ 1536 ਨੂੰ ਹੋਇਆ ਅਤੇ 3 ਵਿਸਾਖ 1609 ਬਿਕਰਮੀ ਨੂੰ ਆਪ ਸਿੱਖਾਂ ਦੇ ਤੀਸਰੇ ਗੁਰੂ ਬਣੇ। ਉਨ੍ਹਾਂ ਨੇ ਵਿਸਾਖੀ ਪੁਰਬ ‘ਤੇ ਗੋਇੰਦਵਾਲ ਵਿਖੇ ਅਧਿਆਤਮਕ ਮੇਲਾ ਲਗਾਉਣ ਦੀ ਸ਼ੁਰੂਆਤ ਕੀਤੀ, ਜਿਸ ਦਾ ਸਿੱਖ ਲਹਿਰ ਦੇ ਵਿਕਾਸ ਵਿਚ ਖਾਸ ਮਹੱਤਵ ਹੈ। ਇਸ ਨਾਲ ਸਿੱਖ ਸੰਗਤਾਂ ਨੂੰ ਆਪਣੇ ਕੇਂਦਰ ਵਿਚ ਇਕੱਤਰ ਹੋਣ ਦਾ ਮੌਕਾ ਮਿਲ ਗਿਆ। ਮਹਾਨ ਕੋਸ਼ ਦੇ ਰਚੈਤਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਵੈਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦੇਵ ਦੀ ਆਗਿਆ ਨਾਲ ਕਾਇਮ ਕੀਤਾ ਸੀ। ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਿਖੇ ਬਣ ਰਹੀ ਬਉਲੀ ਦਾ ਕੜ ਵੀ ਵਿਸਾਖੀ ਵਾਲੇ ਦਿਨ ਟੁੱਟਿਆ ਸੀ। (ਪੰਨਾ 1110)
ਗੁਰੂ ਅਰਜਨ ਦੇਵ ਜੀ ਦਾ ਜਨਮ 19 ਵਿਸਾਖ ਵਦੀ 7 ਸੰਮਤ 1620 ਨੂੰ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ 8 ਵੈਸਾਖ 1670 ਨੂੰ ਹਰੀ ਚੰਦ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਹੋਇਆ। ਗੁਰੂ ਹਰਕ੍ਰਿਸ਼ਨ ਸਾਹਿਬ 3 ਵੈਸਾਖ ਸੰਮਤ 1721 ਨੂੰ ਜੋਤੀ ਜੋਤ ਸਮਾਏ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘਾਸਨ ਉੱਤੇ ਬੈਠਣ ਦਾ ਦਿਨ ਵਿਸਾਖੀ ਹੀ ਸਵੀਕਾਰ ਕੀਤਾ ਜਾਂਦਾ ਹੈ। ਵਿਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਗ੍ਰੰਥ ਵਿਚ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਹੋਣ ਦਾ ਐਲਾਨ ਕੀਤਾ।
1699 ਦੀ ਵਿਸਾਖੀ ਸਿੱਖ ਇਤਿਹਾਸ ਨਾਲ ਜੁੜੇ ਵਿਸਾਖੀ ਦਿਵਸਾਂ ਵਿਚੋਂ ਸਭ ਤੋਂ ਅਹਿਮ ਹੋਂਦ ਦੀ ਲਖਾਇਕ ਹੈ, ਕਿਉਂਕਿ ਇਸ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ, ਹਰੇਕ ਤਰ੍ਹਾਂ ਦੇ ਭੇਦ ਭਾਵ ਦੇ ਜੰਜਾਲਾਂ ਨੂੰ ਭੰਨ ਕੇ ਖਾਲਸਾ ਪੰਥ ਦੀ ਆਜ਼ਾਦ ਅਤੇ ਨਿਆਰੀ ਹਸਤੀ ਸਿਰਜੀ ਸੀ। ਖਾਲਸਾ ਪੰਥ ਦੀ ਸਿਰਜਣਾ ਕੋਈ ਅਚਾਨਕ ਘਾਲਣਾ ਨਹੀਂ ਸੀ, ਸਗੋਂ ਸੰਤ ਗੁਰੂਆਂ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ) ਦੇ ਫਲਸਫੇ ੴ, ਗੁਰੂ ਸਾਹਿਬਾਨਾਂ ਦੀ ਸ਼ਹਾਦਤਾਂ ਨਾਲ ਸਿੰਜਿਆ ਗਿਆ ਅਲੌਕਿਕ ਪ੍ਰਗਟਾਵਾ ਸੀ।
ਭਾਈ ਗੁਰਦਾਸ ਜੀ ਨੇ ਆਪਣੀ ਮਹਾਨ ਵਾਰ ਵਿਚ ਖਾਲਸੇ ਦੀ ਵਿਸਾਖੀ ਦੇ ਕ੍ਰਿਸ਼ਮੇ ਅਤੇ ਖਾਲਸੇ ਦੀ ਵੱਖਰੀ ਪਛਾਣ ਨੂੰ ਇਉਂ ਬਿਆਨ ਕੀਤਾ ਹੈ।
ਇਉਂ ਤੀਸਰ ਪੰਥ ਰਚਾਇਨ, ਵਡ ਸੂਰ ਸਹੇਲਾ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਇਸ ਵਿਸ਼ੇਸ਼ ਇਕੱਠ ਵਿਚ ਅੱਸੀ ਹਜ਼ਾਰ ਤੱਕ ਸਿੱਖ ਇਕੱਠੇ ਹੋਏ। ਗੁਰੂ ਸਾਹਿਬ ਨੇ ਇਸ ਇਕੱਠ ਵਿਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰਮਰਿਯਾਦਾ ਵਿਚ ਪਰਪੱਕ ਸਨ ਅਤੇ ਸਮਾਜ ਦੀਆਂ ਵੱਖ-ਵੱਖ ਜਾਤਾਂ ਨਾਲ ਸੰਬੰਧ ਰੱਖਦੇ ਸਨ। ਰਤਨ ਸਿੰਘ ਭੰਗੂ ਇਸ ਸੰਬੰਧ ਵਿਚ ਆਖਦੇ ਹਨ,
ਪੰਚ ਭੁਜੰਗੀ ਲਏ ਉਠਾਏ।
ਚਾਰੇ ਬਰਨ ਇਕ ਕੀਏ ਭਰਾਏ।
ਭਾਈ ਦਇਆ ਸਿੰਘ ਲਾਹੌਰ (ਪੰਜਾਬ) ਦਾ ਖੱਤਰੀ ਸੀ, ਭਾਈ ਧਰਮ ਸਿੰਘ ਹਸਤਨਾਪੁਰ (ਦਿੱਲੀ ਦਾ ਇਲਾਕਾ) ਦਾ ਜੱਟ ਕਿਸਾਨ ਸੀ, ਭਾਈ ਸਾਹਿਬ ਸਿੰਘ ਬਿਦਰ (ਕਰਨਾਟਕ), ਦਾ ਨਾਈ ਸੀ, ਭਾਈ ਮੋਹਕਮ ਸਿੰਘ (ਉੜੀਸਾ) ਦਾ ਛੀਂਬਾ ਸੀ ਤੇ ਭਾਈ ਹਿੰਮਤ ਸਿੰਘ ਜ਼ਿਲ੍ਹਾ ਪਟਿਆਲਾ (ਪੰਜਾਬ) ਝੀਵਰ ਸੀ।
ਖਾਲਸਾ ਪੰਥ ਦੀ ਸਿਰਜਣਾ ਤੋਂ 27 ਸਾਲ ਉਪਰੰਤ ਸੰਮਤ 1783 ਬਿਕਰਮੀ ਦੀ ਵਿਸਾਖੀ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਸ ਦਿਨ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋਈ। ਇਸ ਮਹਾਨ ਯੋਧੇ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਇਤਿਹਾਸਕ ਗੁਰਮਤਾ ਕਰਨ ਦੀ ਪ੍ਰੇਰਣਾ ਦਿੱਤੀ, ਜਿਸ ਵਿਚ ਸ਼ਾਹੀ ਖਜ਼ਾਨਾ ਲੁੱਟਣਾ, ਸ਼ਾਹੀ ਫ਼ੌਜ ਦੇ ਘੋੜੇ ਤੇ ਹਥਿਆਰ ਲੁੱਟਣਾ ਤੇ ਪੰਥ ਦੋਖੀਆਂ ਨੂੰ ਸਜ਼ਾ ਦੇਣਾ ਸ਼ਾਮਲ ਸੀ।
ਨਤੀਜੇ ਵਜੋਂ ਮੁਗਲ ਹਕੂਮਤ ਨੇ ਸੰਮਤ 1790 ਬਿਕਰਮੀ ਵਿਚ ਸਿੱਖਾਂ ਨੂੰ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ। ਵਿਸਾਖੀ ਵਾਲੇ ਦਿਨ ਇਸ ਪੇਸ਼ਕਸ਼ ‘ਤੇ ਵਿਚਾਰ ਕਰਨ ਲਈ ਅਕਾਲ ਤਖਤ ਸਾਹਿਬ ‘ਤੇ ਸਰਬੱਤ ਖਾਲਸਾ ਬੁਲਾਇਆ ਗਿਆ। ਇਸ ਮੌਕੇ ‘ਤੇ ਭਾਈ ਸੁਬੇਗ ਸਿੰਘ ਜੋ ਕਿ ਮੁਗਲ ਸਰਕਾਰ ਨਾਲ ਡੂੰਘੇ ਸੰਬੰਧ ਰੱਖਦੇ ਸਨ, ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਅਤੇ ਸਿੱਖ ਆਗੂਆਂ ਨੂੰ ਝਬਾਲ, ਕੰਗਨਪੁਰ, ਦੀਮਾਲਪੁਰ ਦੀ ਜਾਗੀਰ ਸੰਬੰਧੀ ਮੁਗਲ ਹਕੂਮਤ ਦੀ ਪੇਸ਼ਕਸ਼ ਬਾਰੇ ਦੱਸਿਆ। ਇਸ ਬਾਰੇ ਪੰਥਕ ਆਗੂਆਂ ਨੇ ਡੂੰਘੀ ਵਿਚਾਰ ਕੀਤੀ। ਇਕ ਆਗੂ ਜਥੇਦਾਰ ਦਰਬਾਰਾ ਸਿੰਘ ਮੁਗਲ ਹਕੂਮਤ ਦੀ ਪੇਸ਼ਕਸ਼ ਕਰਨ ਨੂੰ ਤਿਆਰ ਨਹੀਂ ਸੀ। ਭਾਈ ਰਤਨ ਸਿੰਘ ਭੰਗੂ ਇਸ ਸੰਬੰਧ ਵਿਚ ਆਖਦਾ ਹੈ,
ਦਰਬਾਰੈ ਸਿੰਘ ਅਗਯੋਂ ਕਹੀ,
ਅਸੀਂ ਨਿਬਾਬੀ ਕਦ ਚਹੈਂ ਲਈ।
ਹਮ ਰਾਖਤ ਪਤਿਸ਼ਾਹੀ ਦਾਵਾ,
ਜਾਂ ਇਤ ਕੋ ਜਾਂ ਅਗਲੋ ਪਾਵਾ।
ਪੋ ਵਿਧਰਤ ਔ ਧਵਲ ਡੁਲਾਇ,
ਪਾਤਿਸ਼ਾਹੀ ਛਡ ਕਿਮ ਲਹੈ ਨਿਬਾਬੀ,
ਪਰਾਧੀਨ ਜਿਹ ਮਾਂਹਿ ਖਰਾਬੀ।
(ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 285)
ਪਰ ਸਿੱਖਾਂ ਦੇ ਇਕੱਠ ਨੇ ਸਰਬ ਸੰਮਤੀ ਨਾਲ ਨਵਾਬੀ ਮਨਜੂਰ ਕਰਨ ਦਾ ਗੁਰਮਤਾ ਪਾਸ ਕਰ ਦਿੱਤਾ ਅਤੇ ਇਸ ਦੀ ਜ਼ਿੰਮੇਵਾਰੀ ਨਵਾਬ ਕਪੂਰ ਸਿੰਘ ਨੂੰ ਦਿੱਤੀ ਗਈ। ਸੰਮਤ 1804 ਦੀ ਵਿਸਾਖੀ ਵਾਲੇ ਦਿਨ ਵੱਖ ਵੱਖ ਜਥਿਆਂ ਨੂੰ ਜਥੇਬੰਦ ਕੀਤਾ ਗਿਆ ਅਤੇ ਰਾਮ ਰੌਣੀ ਨਾਂ ਦਾ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਕੀਤਾ ਗਿਆ। ਇਸ ਕਿਲ੍ਹੇ ਨੇ ਸਿੱਖਾਂ ਅਤੇ ਮੁਗਲਾਂ ਦੀ ਲੜਾਈ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।
ਦਲ ਖਾਲਸਾ ਦੀ ਇਤਿਹਾਸ ਸਾਜਨਾ ਸੰਮਤ 1805 ਦੀ ਪਹਿਲੀ ਵਿਸਾਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਨਵਾਬ ਕਪੂਰ ਸਿੰਘ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ। ਸਰਬੱਤ ਖਾਲਸੇ ਦੇ ਸਮਾਗਮ ਵਿਚ ਗੁਰਮਤਾ ਪਾਸ ਕੀਤਾ ਗਿਆ ਕਿ ਖਾਲਸਾ ਪੰਥ ਦੇ 65 ਜਥਿਆਂ ਨੂੰ ਭੰਗ ਕਰਕੇ ਸਿਰਫ ਗਿਆਰਾਂ ਜਥਿਆਂ ਉੱਪਰ ਆਧਾਰਿਤ ਦਲ ਖਾਲਸਾ ਬਣਾਇਆ ਜਾਵੇ। ਸਰਬੱਤ ਖਾਲਸੇ ਦੇ 65 ਛੋਟੇ ਛੋਟੇ ਜਥਿਆਂ ਨੂੰ ਦਲ ਖਾਲਸਾ ਦੇ ਨਾਂ ਹੇਠ 11 ਮਿਸਲਾਂ ਵਿਚ ਵੰਡ ਦਿੱਤਾ ਗਿਆ। ਸਰਬ ਸੰਮਤੀ ਨਾਲ ਸਮੂਹ ਸਿੱਖ ਜਥੇਬੰਦੀਆਂ ਨੂੰ ਆਪਣਾ ਸੁਪਰੀਮ ਕਮਾਂਡਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਚੁਣ ਲਿਆ। ਇਹ ਸੈਨਾ ਸੰਮਤ 1822 ਤੱਕ ਪੰਜਾਬ ‘ਤੇ ਹੋਏ ਹਮਲਾਵਰਾਂ ਮੀਰ ਮਨੂੰ, ਅਦੀਨਾ ਬੇਗ, ਮਰਹੱਟਿਆਂ, ਅਹਿਮਦਸ਼ਾਹ ਅਬਦਾਲੀ ਦੇ ਖਿਲਾਫ ਜੂਝਦੀ ਰਹੀ ਅਤੇ ਇਨ੍ਹਾਂ ਨੇ ਮੁਗਲ ਧਾੜਵੀਆਂ ਨੂੰ ਹਰਾ ਕੇ ਪੰਜ ਦਰਿਆਵਾਂ ਦੀ ਧਰਤੀ ‘ਤੇ ਗੁਰੂਆਂ ਦੇ ਹਲੇਮੀ ਰਾਜ ਦੀ ਪੁਸ਼ਟੀ ਕਰ ਦਿੱਤੀ, ਜਿਸ ਵਿਚ ਹਰ ਫਿਰਕੇ ਦੇ ਲੋਕ ਅਨੰਦਿਤ ਸਨ। ਦਲ ਖਾਲਸੇ ਨੇ ਸਾਲ ਵਿਚ ਦੋ ਮੌਕੇ ਐਸੇ ਖੁਸ਼ ਕਰ ਦਿੱਤੇ, ਜਿਨ੍ਹਾਂ ‘ਤੇ ਉਹ ਅਕਾਲ ਤਖਤ ਸਾਹਿਬ ਉਪਰ ਸਰਬੱਤ ਖਾਲਸਾ ਦੇ ਰੂਪ ਵਿਚ ਇਕੱਠੇ ਹੁੰਦੇ ਸਨ। ਇਹ ਮੌਕੇ ਸਨ, ਵਿਸਾਖੀ ਅਤੇ ਦਿਵਾਲੀ।
ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦੋਂ 10 ਅਪ੍ਰੈਲ 1763 ਈ. ਦੀ ਵਿਸਾਖੀ ‘ਤੇ ਦਲ ਖਾਲਸਾ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਕੱਠਾ ਹੋਇਆ ਸੀ ਤਾਂ ਉਸ ਬ੍ਰਾਹਮਣ ਨੇ ਸਰਬੱਤ ਖਾਲਸੇ ਅੱਗੇ ਫਰਿਆਦ ਕੀਤੀ ਕਿ ਉਸ ਦੀ ਪਤਨੀ ਨੂੰ ਕਸੂਰ ਦਾ ਹਾਕਮ ਉਸਮਾਨ ਖਾਨ ਜ਼ਬਰਦਸਤੀ ਚੁੱਕ ਕੇ ਲੈ ਗਿਆ ਸੀ। ਸਿੰਘਾਂ ਨੇ ਇਸ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਕਿ ਇਸ ਬ੍ਰਾਹਮਣ ਦੀ ਪਤਨੀ ਨੂੰ ਜ਼ਰੂਰ ਛੁਡਾਉਣਾ ਚਾਹੀਦਾ ਹੈ। ਗੁਰਮਤਾ ਹੋਇਆ ਕਿ ਇਸ ਕਾਰਜ ਨੂੰ ਸੰਪੂਰਨ ਕੀਤਾ ਜਾਵੇ। ਸਰਬੱਤ ਖਾਲਸੇ ਵਲੋਂ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਸਰਦਾਰ ਹਰੀ ਸਿੰਘ ਭੰਗੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਕਸੂਰ ‘ਤੇ ਹਮਲਾ ਕਰਨ ਅਤੇ ਬ੍ਰਾਹਮਣ ਦੀ ਘਰਵਾਲੀ ਨੂੰ ਛੁਡਾ ਕੇ ਲਿਆਉਣ। ਫਲਸਰੂਪ ਦੋਵਾਂ ਸਰਦਾਰਾਂ ਨੇ ਆਪਣੇ ਜਥੇ ਲੈ ਕੇ ਕਸੂਰ ‘ਤੇ ਚੜ੍ਹਾਈ ਕੀਤੀ, ਉਸਮਾਨ ਖਾਂ ਮਾਰਿਆ ਅਤੇ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲੈ ਆਏ। ਜਦੋਂ ਖਾਲਸੇ ਨੇ ਬ੍ਰਾਹਮਣ ਦੀ ਪਤਨੀ ਨੂੰ ਉਸ ਦੇ ਘਰ ਭੇਜਿਆ ਤਾਂ ਅੱਗੋਂ ਉਸ ਦਾ ਪਤੀ ਬ੍ਰਾਹਮਣ ਉਸ ਨੂੰ ਦੁਬਾਰਾ ਅਪਣਾਉਣ ਤੋਂ ਇਨਕਾਰੀ ਹੋ ਗਿਆ। ਖਾਲਸੇ ਨੇ ਉਸ ਨੂੰ ਹੁਕਮ ਦਿੱਤਾ ਕਿ ਇਹ ਇਸਤਰੀ ਅੱਜ ਤੋਂ ਖਾਲਸਾ ਪੰਥ ਦੀ ਧੀ ਹੈ, ਇਸ ਲਈ ਉਸ ਨੂੰ ਹਰ ਹਾਲਤ ਵਿਚ ਅਪਣਾਉਣਾ ਪਵੇਗਾ।
10 ਅਪ੍ਰੈਲ 1765 ਦੀ ਵਿਸਾਖੀ ਨੂੰ ਸਰਬੱਤ ਖ਼ਾਲਸਾ ਦਾ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਇਕੱਠ ਹੋਇਆ ਅਤੇ ਗੁਰਮਤਾ ਕੀਤਾ ਕਿ ਲਾਹੌਰ ‘ਤੇ ਕਬਜ਼ਾ ਕੀਤਾ ਜਾਵੇ। ਦਲ ਖਾਲਸੇ ਨੇ ਭੰਗੀ ਸਰਦਾਰਾਂ ਦੀ ਅਗਵਾਈ ਹੇਠ ਦੋ ਹਜ਼ਾਰ ਸਿੰਘਾਂ ਦਾ ਜਥਾ ਭੇਜ ਕੇ ਲਾਹੌਰ ‘ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਤਿੰਨ ਭੰਗੀ ਸਰਦਾਰਾਂ (ਹਰੀ ਸਿੰਘ, ਲਹਿਣਾ ਸਿੰਘ ਅਤੇ ਗੁਜਰ ਸਿੰਘ) ਵਿਚਕਾਰ ਵੰਡ ਦਿੱਤਾ ਅਤੇ ਖਾਲਸੇ ਦਾ ਸਿੱਕਾ ਜਾਰੀ ਕੀਤਾ ਗਿਆ। ਸਿੱਕੇ ਉਪਰ ਉਲੀਕੀ ਜਾਣ ਵਾਲੀ ਇਬਾਰਤ ਉਹੀ ਰੱਖੀ ਗਈ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਸਿੱਕਿਆਂ ਉਪਰ ਉਲੀਕੀ ਸੀ,
ਦੇਗ ਤੇਗ ਫਤਿਹ ਓ ਨੁਸਰਤਿ ਬੇਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।।
ਇਸ ਦਾ ਭਾਵ ਹੈ ਕਿ ਖਾਲਸੇ ਦੀ ਰਹਿਤ ਲੰਗਰ ਦੀ ਅਮੁਕਤਾ, ਤਲਵਾਰ ਦੀ ਸਰਬਉੱਚਤਾ ਮੁਹਾਰਤ ਹੀ ਜੰਗ ਵਿਚ ਫਤਿਹ, ਅਤੇ ਅਕਾਲ ਤਖ਼ਤ ਸਾਹਿਬ ਵਿਚ ਦ੍ਰਿੜ ਵਿਸ਼ਵਾਸ ਗੁਰੂ ਗੋਬਿੰਦਸੰਘ ਤੇ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਕਾਰਨ ਹੀ ਹੈ। ਸਿੱਕੇ ਦੇ ਦੂਜੇ ਪਾਸੇ ਦੀ ਜੋ ਇਬਾਰਤ ਸੀ, ਉਸ ਦਾ ਭਾਵ ਹੈ ਕਿ ਖਾਲਸੇ ਨੇ ਸੰਮਤ 1822 ਬਿਕਰਮੀ (1765) ਵਿਚ ਲਾਹੌਰ ਰਾਜਧਾਨੀ ਤੋਂ ਆਪਣਾ ਸਿੱਕਾ ਜਾਰੀ ਕੀਤਾ।
ਇਸ ਤੋਂ ਇਲਾਵਾ ਦੂਜਾ ਗੁਰਮਤਾ ਇਹ ਪਾਸ ਕੀਤਾ ਗਿਆ ਕਿ ਧਾੜਵੀਆਂ ਵਲੋਂ ਅਪਵਿੱਤਰ ਕੀਤੇ ਸ੍ਰੀ ਦਰਬਾਰ ਸਾਹਿਬ, ਇਸ ਦੇ ਪਵਿੱਤਰ ਸਰੋਵਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕੀਤੀ ਜਾਵੇ। ਸਮੁੱਚੀ ਕਾਰ ਸੇਵਾ ਲਈ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਭਾਈ ਜੈ ਸਿੰਘ ਕਨਈਆ, ਭਾਈ ਤਾਰਾ ਸਿੰਘ ਘੇਬਾ ਅਤੇ ਬਾਬਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਕਮੇਟੀ ਬਣਾਈ ਗਈ।
ਪਹਿਲੀ ਵਿਸਾਖ 1859 ਵਿਸਾਖੀ ਵਾਲੇ ਦਿਨ ਲਾਹੌਰ ਕਿਲੇ ਵਿਚ ਕੌਮੀ ਨਾਇਕ ਬਾਬਾ ਸਾਹਿਬ ਸਿੰਘ ਜੀ ਦੀ ਜੋ ਕਿ ਗੁਰੂ ਨਾਨਕ ਸਾਹਿਬ ਜੀ ਅੰਸ਼ ਵੰਸ਼ ਵਿਚੋਂ ਸਨ, ਨੇ ਸਮੁੱਚੀਆਂ ਸਿੱਖ ਮਿਸਲਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਸੁਲ੍ਹਾ ਕਰਵਾ ਕੇ ਉਸ ਨੂੰ ਖ਼ਾਲਸਾ ਰਾਜ ਦਾ ਮੁਖੀ ਬਣਾਇਆ। ਇਸੇ ਦਿਨ ਖ਼ਾਲਸਾ ਰਾਜ ਦਾ ਨਾਨਕਸ਼ਾਹੀ ਸਿੱਕਾ ਵੀ ਜਾਰੀ ਕੀਤਾ ਗਿਆ। ਸੰਨ 1843 ਈ. ਨੂੰ ਵਿਸਾਖੀ ਵਾਲੇ ਦਿਨ ਬਾਬਾ ਰਾਮ ਸਿੰਘ ਨਾਮਧਾਰੀ ਨੇ ਅੰਮ੍ਰਿਤਸਰ ਵਿਖੇ ਸਿੱਖ ਕਾਨਫਰੰਸ ਸੱਦੀ, ਜਿਸ ਵਿਚ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤਨ ਦੀ ਜਮਹੂਰੀ ਲਹਿਰ ਬਾਰੇ ਸੰਘਰਸ਼ ਸ਼ੁਰੂ ਕੀਤਾ ਗਿਆ। ਸੰਨ 1947 ਈ. ਵਿਚ ਵਿਸਾਖੀ ਦੇ ਦਿਨ ਹੀ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ 280 ਜਥੇਦਾਰਾਂ ਦੇ ਇਕ ਇਕੱਠ ਨੇ ਅਕਾਲ ਤਖਤ ਸਾਹਿਬ ‘ਤੇ ਇਕੱਠੇ ਹੋ ਕੇ ਗੁਰਧਾਮਾਂ ਦੀ ਰਾਖੀ ਲਈ ਹਥਿਆਰਬੰਦ ਪ੍ਰਬੰਧ ਕਰਨ ਤੇ ਜਾਨ ਤਕ ਵਾਰਨ ਵਾਸਤੇ ਮਤਾ ਕੀਤਾ। 13 ਅਪ੍ਰੈਲ 1978 ਦੀ ਵਿਸਾਖੀ ਸਿੱਖ ਕੌਮ ਲਈ ਦੁਖਾਂਤਕ ਦਿਨ ਲੈ ਕੇ ਆਈ। ਇਸ ਦਿਨ ਨਕਲੀ ਨਿਰੰਕਾਰੀਆਂ ਨੇ ਸ਼ਾਂਤਮਈ 13 ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਵਿਸਾਖੀ ਅਤੇ ਵਿਸਾਖ ਦੌਰਾਨ ਵਾਪਰੀਆਂ ਘਟਨਾਵਾਂ ਸਿੱਖ ਇਤਿਹਾਸ ਲਈ ਵਿਸ਼ੇਸ਼ ਮਹੱਤਵ ਦੀਆਂ ਲਖਾਇਕ ਹਨ ਜਿਨ੍ਹਾਂ ਨੇ ਲਹਿਰ ਨੂੰ ਪ੍ਰਚੰਡ ਕਰਨ ਵਿਚ ਅਹਿਮ ਯੋਗਦਾਨ ਨਹੀਂ ਪਾਇਆ, ਸਗੋਂ ਸਿੱਖੀ ਦੀ ਵੱਖਰੀ ਪਛਾਣ ਨਿਸ਼ਚਿਤ ਕਰਨ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਘਟਨਾਵਾਂ ਸਿੱਖ ਕੌਮ ਨੂੰ ਆਪਣੀ ਨਿਆਰੀ ਹੋਂਦ ਦਾ ਅਹਿਸਾਸ ਹਮੇਸ਼ਾ ਕਰਾਉਂਦੀਆਂ ਰਹਿਣਗੀਆਂ।