ਗੁਰਬਾਣੀ ਅਨੁਸਾਰ ਅਜ਼ਾਦੀ ਕੀ ਹੈ ਤੇ ਅਜ਼ਾਦ ਮਨੁੱਖ ਦਾ ਵਰਤਾਰਾ ਤੇ ਸਭਿਆਚਾਰ ਕੀ ਹੈ?
ਆਜ਼ਾਦੀ ਲੋਕਤੰਤਰ ਦਾ ਧੁਰਾ ਹੈ। ਆਜ਼ਾਦੀ ਦਾ ਮਤਲਬ ਹਰ ਤਰ੍ਹਾਂ ਦੀ ਆਜ਼ਾਦੀ ਹੈ। ਹਰ ਵਿਅਕਤੀ ਆਪਣੇ ਦਿਲ ਅਤੇ ਦਿਮਾਗ ਦਾ ਮਾਲਕ ਹੈ।
ਉਹ ਮਹਿਸੂਸ ਕਰਨ, ਸੋਚਣ ਲਈ ਆਜ਼ਾਦ ਹੈ ਅਤੇ ਉਸ ਅਨੁਸਾਰ ਫੈਸਲੇ ਲੈਣ ਅਤੇ ਉਨ੍ਹਾਂ ਫੈਸਲਿਆਂ 'ਤੇ ਅਮਲ ਕਰਨ ਲਈ ਵੀ ਆਜ਼ਾਦ ਹੈ।ਗੁਰਮਤਿ ਨੇ ਸਰੀਰਾਂ ਨੂੰ ਕੈਦ ਕਰ ਲੈਣਾ ਨੂੰ ਗੁਲਾਮੀ ਨਹੀਂ ਕਿਹਾ, ਗੁਰਮਤਿ ਨੇ ਗੁਲਾਮੀ ਉਸ ਨੂੰ ਕਿਹਾ ਜੋ ਆਪਣੀ ਸੋਚ ਨੂੰ ਦੂਜੇ ਦੇ ਅਧੀਨ ਕਰ ਲਵੇ, ਆਪਣੀ ਜ਼ਮੀਰ ਨੂੰ ਗੈਰ ਦੇ ਪੈਰਾਂ ਵਿੱਚ ਸੁੱਟ ਦੇਵੇ, ਭਾਵ ਮਾਨਸਿਕ ਤੌਰ 'ਤੇ ਖਤਮ ਹੋ ਜਾਵੇ। ਜੇ ਕਿਸੇ ਕੌਮ ਅਤੇ ਸੱਭਿਅਤਾ ਦਾ ਗਿਆਨ ਪ੍ਰਬੰਧ ਹੀ ਅਜ਼ਾਦ ਨਾ ਹੋਵੇ ਅਤੇ ਗਿਆਨ ਦਾ ਪ੍ਰਕਾਸ਼ ਹਰ ਕੋਨੇ ਅਤੇ ਹਰ ਨੁੱਕਰ ਤੱਕ ਨਾ ਹੋਵੇ ਤਾਂ ਫਿਰ ਉਸ ਖਿੱਤੇ ਵਿੱਚ ਵਸਣ ਵਾਲੀ ਲੋਕਾਈ ਮਾਨਸਿਕ ਤੌਰ ਤੇ ਗੁਲਾਮ ਹੋ ਜਾਇਆ ਕਰਦੀ ਹੈ। ਸੱਭਿਅਤਾ ਦੇ ਵਿਕਾਸ ਲਈ ਗਿਆਨ ਦਾ ਅਜ਼ਾਦ ਹੋਣਾਂ ਬਹੁਤ ਜਰੂਰੀ ਹੈ। ਗੁਰੂ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਗਿਆਨ ਪ੍ਰਬੰਧ ਨੂੰ ਅਜ਼ਾਦ ਕਰਵਾਉਣ ਅਤੇ ਸ਼ਬਦ ਦੀ ਧੁੰਨ ਹਰ ਘਰ ਵਿੱਚ ਪਹੁੰਚਾਣ ਦੇ ਲੇਖੇ ਲਾ ਦਿੱਤੀ। ਘਰ ਘਰ ਅੰਦਰਿ ਧਰਮਸ਼ਾਲ ਵਾਲਾ ਸ਼ਬਦ ਗੁਰੂ ਸਾਹਿਬ ਦੀ ਇਸ ਕੋਸ਼ਿਸ ਦੀ ਗਵਾਹੀ ਭਰਦਾ ਹੈ।ਗੁਰੂ ਸਾਹਿਬਾਨ ਸਮੇਂ ਭਾਵੇਂ ਰਾਜ ਮੁਗਲਾਂ ਦਾ ਸੀ, ਸ਼ਾਹੀ ਫੁਰਮਾਨ ਮੁਗਲ ਸਰਕਾਰਾਂ ਦੇ ਸਨ, ਦੇਸ਼ ਵਿੱਚ ਸਿੱਕੇ ਮੁਗਲ ਸਰਕਾਰ ਦੇ ਚੱਲਦੇ ਸਨ ਜਹਾਂਗੀਰ, ਔਰੰਗਜੇਬ ਵਰਗੇ ਬਾਦਸਾਹ ਹੋਏ, ਪਰ ਗੁਰੂ ਸਾਹਿਬਾਂ ਨੇ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਨੇ ਹਰ ਬੁਰਾਈ ਦਾ, ਜ਼ੁਲਮ ਦਾ ਵਿਰੋਧ ਕੀਤਾ, ਗੁਰੂ ਸਾਹਿਬਾਨਾਂ ਨੇ ਸਿਧਾਂਤ ਨੂੰ ਹੀ ਉੱਚਾ ਰੱਖਿਆ ਤੇ ਸਿਧਾਂਤ ਲਈ ਹੀ ਸ਼ਹਾਦਤਾਂ ਦਿੱਤੀਆਂ। ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਨੇ ਜੰਗਲਾਂ ਵਿੱਚ ਰਹਿਣਾ ਪ੍ਰਵਾਨ ਕਰ ਲਿਆ, ਦਰਖਤਾਂ ਦੇ ਪੱਤੇ ਖਾਣੇ ਪਰਵਾਨ ਲਏ, ਠੰਡੀਆਂ ਰਾਤਾਂ ਵਿੱਚ ਗੁਜਰਨਾ ਪ੍ਰਵਾਨ ਕਰ ਲਿਆ, ਪਰ ਗੁਲਾਮੀ ਕਬੂਲ ਨਹੀਂ ਕੀਤੀ, ਆਪਣੀ ਵਿਚਾਰਧਾਰਾ ਤੇ ਸਭਿਆਚਾਰ ਤੋਂ ਦੂਰ ਨਹੀਂ ਹੋਏ।ਸਿੱਖਾਂ ਨੇ ਗੁਰੂ ਦੇ ਸਿਧਾਂਤ ਨੂੰ ਸਦਾ ਬਰਕਰਾਰ ਰੱਖਿਆ, ਜਿਸ ਕਰਕੇ ਕੋਈ ਵੀ ਸਰਕਾਰ ਸਿੱਖਾਂ ਦੀ ਸੋਚ ਨੂੰ ਕਾਬੂ ਨਾ ਕਰ ਸਕੀ।ਸਿੱਖਾਂ ਨੂੰ ਮਾਨਸਿਕ ਤੌਰ 'ਤੇ ਮਾਰਨ ਵਿੱਚ ਅਸਫਲ ਰਹੀ । ਇਹ ਸਾਡੇ ਇਤਿਹਾਸ ਤੇ ਫਲਸਫੇ ਦਾ ਵਡਾ ਪ੍ਰਮਾਣ ਹੈ ,ਜਿਸਨੂੰ ਅੱਜ ਅਸੀਂ ਸਮਝ ਨਹੀਂ ਰਹੇ।
ਸਤਿਗੁਰੂ ਨਾਨਕ ਦਾ ਫੁਰਮਾਨ ਹੈ ਕਿ ਗੁਲਾਮੀ ਖਤਰਨਾਕ ਹੈ।ਗੁਲਾਮੀ ਵਿਚ ਖਾਣਾ ਪੀਣਾ ਸਭ ਹਰਾਮ ਹੈ।ਅਰਥਾਤ ਜਿੰਦਗੀ ਦਾ ਅਨੰਦ ਨਹੀਂ
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥
ਲੰਮੇ ਸਮੇਂ ਦੇ ਜਮਹੂਰੀਅਤ ਦੇ ਸਫ਼ਰ ਦੇ ਇਸ ਪੜਾਅ ’ਤੇ ਜਾਪਦਾ ਹੈ ਕਿ ਮਨੁੱਖ ਪਹਿਲਾਂ ਨਾਲੋਂ ਵੀ ਬੇਵੱਸ ਹੋ ਗਿਆ ਹੈ। ਅਸੀਂ ਸਿਖ ਵੀ ਇਸ ਵਿਚ ਸ਼ਾਮਲ ਹਾਂ।ਅਤੇ ਮਜ਼ੇਦਾਰ ਗੱਲ ਇਹ ਹੈ ਕਿ ਉਹ ਇਸ ਗੱਲ ਤੋਂ ਵੀ ਅਣਜਾਣ ਹੈ ਕਿ ਉਹ ਅਜ਼ਾਦ ਹੈ ਜਾਂ ਨਹੀਂ।
ਤੁਸੀਂ ਮਾਰਕੀਟ ਵਿੱਚੋਂ ਜੋ ਚਾਹੁੰਦੇ ਹੋ ਉਸਨੂੰ ਚੁਣਨ ਦੀ ਥੋਨੂੰ ਕੀ ਆਜ਼ਾਦੀ ਹੈ?
ਪਰ ਕੀ ਤੁਸੀਂ ਸੱਚਮੁੱਚ ਇਹ ਫੈਸਲਾ ਕਰ ਸਕਦੇ ਹੋ ਕਿ ਤੁਹਾਡੀ ਚੋਣ ਕੀ ਹੈ? ਕਿਸਨੇ ਕੀਤੀ ਹੈ ? ਤੁਹਾਡੇ ਉਪਰ ਕਿਸਦਾ ਪ੍ਰਭਾਵ ਹੈ?
ਤੁਹਾਡੀ ਪਸੰਦ ,ਤੁਹਾਡੀ ਬੋਲੀ ,ਤੁਹਾਡੇ ਕਲਚਰ ਨੂੰ ਕਾਰਪੋਰੇਟ ਸਿਸਟਮ ਤਹਿ ਕਰਦਾ ਹੈ,ਜਿਨ੍ਹਾਂ ਕੋਲ ਉਪਕਰਨਾਂ, ਮੀਡੀਆ ਤੱਕ ਪਹੁੰਚ ਹੈ ,ਜਿਨ੍ਹਾਂ ਦਾ ਮਾਇਆ ਉਪਰ ਗਲਬਾ ਹੈ,ਜਿਨ੍ਹਾਂ ਕੋਲ ਇਸ਼ਤਿਹਾਰਾਂ ਦਾ ਮਾਇਆ ਜਾਲ ਹੈ। ਜੋ ਤੁਹਾਡੇ ਜਦ ਪੁਸ਼ਤੀ ਭੋਜਨ ਨੂੰ ਫਾਸਟ ਫੂਡ ਵਿਚ ਬਦਲ ਦਿੰਦੇ ਹਨ। ਤੁਹਾਡੇ ਸਭਿਆਚਾਰਕ ਪਹਿਰਾਵੇ ਨੂੰ ਪਛੜਿਆ ਦਸਕੇ ਆਪਣੇ ਅਨੁਸਾਰ ਬਦਲ ਦਿੰਦੇ ਹਨ।ਤੁਹਾਡੇ ਸਭਿਆਚਾਰਕ ਰਿਸ਼ਤਿਆਂ ਦਾ ਅਜੀਬ ਨਾਮਕਰਨ ਕਰਦੇ ਹਨ।ਜਿਵੇਂ ਮਾਮਾ ਤੋਂ ਮਾਮੂ ,ਨਾਨਾ ਤੋਂ ਨਾਨੂੰ, ਜੀਜਾ ਤੋਂ ਜੀਜੂ।ਤਾਏ,ਮਾਮੇ ,ਹਰੇਕ ਲਈ ਅੰਕਲ,ਭੂਆ ਮਾਸੀ ਲਈ ਆਂਟੀ।
ਕਾਰਪੋਰੇਟ ਸਿਸਟਮ ਵਿਚ ਮਨੁੱਖ ਦੀ ਪਸੰਦ, ਉਸਦੀ ਚੋਣ ਸਿਰਫ ਉਸਦਾ ਭਰਮ ਹੈ, ਇਹ ਕਾਰਪੋਰੇਟ ਤੈਅ ਕਰਦਾ ਹੈ । ਇਸ ਪ੍ਰਣਾਲੀ ਨੂੰ ਪੂੰਜੀਵਾਦ ਕਿਹਾ ਜਾਂਦਾ ਹੈ ਅਤੇ ਇਹ ਦਾਅਵਾ ਕਰਦਾ ਹੈ ਕਿ ਪੂੰਜੀਵਾਦ ਹੀ ਲੋਕਤੰਤਰ ਲਈ ਸਭ ਤੋਂ ਢੁਕਵਾਂ ਪ੍ਰਬੰਧ।
ਆਖ਼ਰਕਾਰ, ਕਾਰਲ ਮਾਰਕਸ ਨੇ ਇਹ ਵੀ ਕਿਹਾ ਸੀ ਕਿ ਪੂੰਜੀਵਾਦ ਆਪਣੀਆਂ ਸਾਰੀਆਂ ਪਿਛਲੀਆਂ ਪ੍ਰਣਾਲੀਆਂ ਨਾਲੋਂ ਵਧੇਰੇ ਜਮਹੂਰੀ ਹੈ ਕਿਉਂਕਿ ਇਹ ਮਨੁੱਖ ਦੇ ਅੰਦਰਲੇਪਣ ਨੂੰ ਪਛਾਣਦਾ ਅਤੇ ਖੋਲ੍ਹਦਾ ਹੈ। ਪੂੰਜੀਵਾਦ ਮਨੁੱਖ ਨੂੰ ਜ਼ਿੰਮੇਵਾਰੀ ਵੀ ਪ੍ਰਦਾਨ ਕਰਦਾ ਹੈ।
ਕਾਰਲ ਮਾਰਕਸ ਨੇ ਖੁਦ ਕਿਹਾ ਸੀ ਕਿ ਪੂੰਜੀਵਾਦ ਇਹ ਵਾਅਦਾ ਨਹੀਂ ਨਿਭਾਉਂਦਾ ਕਿ ਕਿਰਤ ਪ੍ਰਭੂਸੱਤਾ ਨਹੀਂ ਹੈ। ਖਪਤਕਾਰੀ ਸਿਸਟਮ ਵਿਚ ਨਾ ਤਾਂ ਆਪਣੀ ਕਿਰਤ ਉੱਤੇ ਮਨੁੱਖ ਦਾ ਕੋਈ ਹੱਕ ਹੈ ਅਤੇ ਨਾ ਹੀ ਉਨ੍ਹਾਂ ਚੀਜ਼ਾਂ ਉੱਤੇ ਜੋ ਉਸ ਕਿਰਤ ਦਾ ਫਲ ਹਨ ਜਾਂ ਕੁਦਰਤ ਦੀ ਦੇਣ ਹਨ। ਮਾਰਕਸ ਪੂੰਜੀਵਾਦ ਦੀ ਆਲੋਚਨਾ ਕਰਦਾ ਹੈ ,ਕਿਉਂਕਿ ਇਹ ਮਨੁੱਖ ਦੀ ਸ਼ਕਤੀ ,ਸਭਿਆਚਾਰ, ਬੋਲੀ ਨੂੰ ਹੜੱਪਦਾ ਹੈ।
ਜਦੋਂ ਅਸੀਂ ਕਾਰਪੋਰੇਟ ਦੀ ਆਰਥਿਕ ਪ੍ਰਣਾਲੀ ਦਾ ਹਿੱਸਾ ਹਾਂ ਜਿਸ ਵਿੱਚ ਅਸੀਂ ਆਪਣੀ ਭੂਮਿਕਾ ਦਾ ਫੈਸਲਾ ਨਹੀਂ ਕਰ ਸਕਦੇ, ਤਾਂ ਫਿਰ ਅਸੀਂ ਅਸਲ ਵਿੱਚ ਲੋਕਤੰਤਰ ਕਿਵੇਂ ਪ੍ਰਦਾਨ ਕਰ ਸਕਦੇ ਹਾਂ? ਅਸੀਂ ਅਜ਼ਾਦ ਕਿਵੇਂ ਹਾਂ? ਮਨੁੱਖ ਨੂੰ ਕੁਦਰਤ ਦੀ ਅਧੀਨਗੀ ਤੋਂ ਮੁਕਤ ਕਰਕੇ ਪੂੰਜੀਵਾਦ ਮਨੁੱਖ ਨੂੰ ਪੂੰਜੀ ਅਤੇ ਵਸਤੂਆਂ ਦਾ ਗੁਲਾਮ ਬਣਾ ਦਿੰਦਾ ਹੈ। ਇਸ ਦੀ ਬਜਾਏ, ਇਹ ਮਨੁੱਖ ਨੂੰ ਇੱਕ ਵਸਤ ਵਿੱਚ ਬਦਲ ਦਿੰਦਾ ਹੈ।
ਮਨੁੱਖੀ ਆਜ਼ਾਦੀ ਦੇ ਹੌਲੀ-ਹੌਲੀ ਖੋਹੇ ਜਾਣ ਦੀ ਕਹਾਣੀ ਪੂੰਜੀਵਾਦ ਦੇ ਵਿਕਾਸ ਦੀ ਕਹਾਣੀ ਹੈ। ਜਿੰਨਾ ਵੱਡਾ ਕਾਰਪੋਰੇਟ ਸਿਸਟਮ ਉਸਰਦਾ ਹੈ, ਮਨੁੱਖ ਓਨਾ ਹੀ ਮਾਮੂਲੀ ਬਣ ਜਾਂਦਾ ਹੈ। ਪੂੰਜੀਵਾਦ ਦੇ ਸਾਹਮਣੇ ਮਨੁੱਖ ਦੀ ਸਥਿਤੀ ਜਾਂ ਤਾਂ ਖਰੀਦਦਾਰ ਦੀ ਹੈ ਜਾਂ ਵੇਚਣ ਵਾਲੇ ਦੀ ਪਰ ਮਾਲਕ ਦੀ ਨਹੀਂ ਹੈ । ਉਹ ਕਿੰਨਾ ਕੁ ਖਰੀਦ ਸਕਦਾ ਹੈ ਇਹ ਉਸਦੀ ਸਮਾਜਿਕ ਸਥਿਤੀ ਨੂੰ ਨਿਰਧਾਰਤ ਕਰਦਾ ਹੈ।
ਫਿਰ ਅਸੀਂ ਇਸ ਚਮਕ ਦਮਕ ਵਾਲੇ ਆਰਥਿਕ ਸਿਸਟਮ ਵਿਚ ਹੌਲੀ-ਹੌਲੀ ਅਸੀਂ ਸੋਚਣ, ਫੈਸਲਾ ਕਰਨ ਅਤੇ ਚੁਣਨ ਦੀ ਆਜ਼ਾਦੀ ਗੁਆ ਦਿੰਦੇ ਹਾਂ।ਸਾਡੀ ਸਥਿਤੀ ਇਕ ਰੋਬੋਟ ਵਾਲੀ ਹੋ ਜਾਂਦੀ ਹੈ।
ਅਸੀਂ ਇਸ ਵਿਸ਼ਵ ਮੰਡੀ ਨੂੰ ਚੱਲਦਾ ਰੱਖਣ ਲਈ ਆਪਣੇ ਆਪੇ ਨੂੰ ਬਾਲਣ ਵਿੱਚ ਬਦਲਦੇ ਹਾਂ।
ਇਥੋਂ ਤੱਕ ਕਿ ਸਾਡੇ ਰਾਜਸੀ,ਧਾਰਮਿਕ ਨੇਤਾ ਵੀ ਸਾਡੇ ਸਾਹਮਣੇ ਇੱਕ ਉਤਪਾਦ ਦੀ ਤਰ੍ਹਾਂ ਤਿਆਰ ਅਤੇ ਪੇਸ਼ ਕੀਤੇ ਜਾਂਦੇ ਹਨ,ਕਿਉਂ ਕਿ ਕਾਰਪੋਰੇਟ ਸਿਸਟਮ ਇਨ੍ਹਾਂ ਨੂੰ ਵੀ ਆਪਣੀ ਮਰਜੀ ਅਨੁਸਾਰ ਚਲਾਉਂਦਾ ਤੇ ਉਸਾਰਦਾ ਹੈ।ਸਾਨੂੰ ਮੀਡੀਆ , ਇਸ਼ਤਿਹਾਰਾਂ ਤੇ ਸ਼ੋਸ਼ਲ ਮੀਡੀਆ ਰਾਹੀਂ ਦੱਸਿਆ ਜਾਂਦਾ ਹੈ ਕਿ ਇਸ ਲੀਡਰਸ਼ਿਪ ਜਾਂ ਉਤਪਾਦ ਦਾ ਕੋਈ ਬਦਲ ਨਹੀਂ ਹੈ।
ਸਾਮਰਾਜ ਅਜੋਕਾ ਪੂੰਜੀਵਾਦੀ ਰੂਪ ਧਾਰ ਕੇ ਲੋਕਾਂ ਦਾ ਸ਼ੋਸ਼ਣ ਕਰਨ ਲੱਗਾ ਹੋਇਆ ਹੈ ਅਤੇ ਸ਼ਕਤੀ ਦਾ ਰੋਹਬ ਪਾਉਣ ਤੇ ਹਥਿਆਰ ਵੇਚਣ ਲਈ ਜੰਗਾਂ ਛੇੜ ਕੇ ਮਾਸੂਮਾਂ ਨੂੰ ਮਾਰ ਤੇ ਉਜਾੜ ਰਿਹਾ ਹੈ।ਲੋਕਤੰਤਰ ਦੇ ਨਾਮ ਉਪਰ ਕਾਲੇ ਕਨੂੰਨਾਂ ਤੇ ਰਾਜਸੀ ਤੇ ਫੌਜੀ ਤਾਕਤ ਤਹਿਤ ਮਨੁੱਖ ਨੂੰ ਗੁਲਾਮ ਬਣਾ ਰਿਹਾ ਹੈ। ਉਸ ਦੇ ਵਿਗਿਆਨੀ ਮਾਰੂ ਹਥਿਆਰ ਬਣਾ ਕੇ ਦੁਨੀਆਂ ਵਿਚ ਤਬਾਹੀ ਮਚਾਉਣ ਦੀਆਂ ਵਿਉਂਤਾਂ ਬਣਾ ਰਹੇ ਹਨ। ਇਹ ਸਭ ਮਨੁੱਖਤਾ ਦੇ ਵਿਨਾਸ਼ ਵਲ ਸੰਕੇਤ ਹਨ।
ਜਮਹੂਰੀਅਤ ਦਾ ਸੰਘਰਸ਼ ਮਨੁੱਖੀ ਮਨ ਨੂੰ ਆਜ਼ਾਦ ਰੱਖਣ ਦਾ ਸੰਘਰਸ਼ ਹੈ। ਅਤੇ ਇਹ ਪੂੰਜੀਵਾਦ ਨਾਲ ਲੜੇ ਬਿਨਾਂ ਨਹੀਂ ਹੋ ਸਕਦਾ।ਜੇ ਸਾਨੂੰ ਪੂੰਜੀਵਾਦ ਸੁਭਾਵਿਕ ਕੁਦਰਤੀ ਜਾਪਦਾ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ। ਪਰ ਜੇਕਰ ਮਨੁੱਖ ਇਸ ਨੂੰ ਹੁਕਮ ਮੰਨਕੇ ਸਵੀਕਾਰ ਕਰ ਲਵੇ ਤਾਂ ਮਨੁੱਖ ਕਿਵੇਂ ਜੀਵੇਗਾ? ਬੰਧਨ ਕਿਵੇਂ ਟੁਟਣਗੇ।
ਗੁਰਬਾਣੀ ਵਿਚ ਮਾਇਆ ਨੂੰ “ਮਾਈ ਮਾਇਆ ਛਲੁ॥” (ਪੰਨਾ 717) ਅਤੇ “ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥” (ਪੰਨਾ 643) ਆਖਿਆ ਗਿਆ ਹੈ। ਮਾਇਆ ਅਸਥਿਰ ਹੋਣ ਕਾਰਨ ਧਰਮ ਤੇ ਰੱਬੀ ਸੱਚ ਤੋਂ ਭੈਅ ਖਾਂਦੀ ਹੈ ਅਤੇ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਪਰ ਧਰਮ ਰੱਬੀ ਤੇ ਕੁਦਰਤ ਦੀ ਸੱਤਾ ਹੈ ਅਤੇ ਪਦਾਰਥ, ਮਾਇਆ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਮਾਇਆ ਸੰਸਾਰ ਵਿਚੋਂ ਧਰਮ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਸਮਾਜਕ ਸ਼ਕਤੀਆਂ ਨੂੰ ਉਸ ਦੇ ਸਮਰੂਪ ਦੁਨਿਆਵੀ ਧਰਮ ਦਾ ਨਿਰਮਾਣ ਕਰਨ ਲਈ ਉਤਸ਼ਾਹਤ ਕਰਦੀ ਹੈ।
ਗੁਰਮਤਿ ਮਾਨਵਤਾ ਦੇ ਕਲਿਆਣ ਦੀ ਵਿਧੀ ਹੈ। ਇਹ ਸੰਸਾਰ ਦੀ ਅਸਲੀਅਤ ਬਿਆਨ ਕਰਦੀ ਉਸ ਨੂੰ ਭਵਜਲ ਆਖਦੀ ਹੈ ਅਤੇ ਮਨੁੱਖ ਦੀਆਂ ਸੰਸਾਰਕ ਪ੍ਰਾਪਤੀਆਂ ਨੂੰ ਤੁੱਛ ਦੱਸਦੀ ਹੈ। ਇਹ ਸੰਸਾਰਕ ਸੁੱਖ ਨੂੰ ਦੁੱਖ ਦਾ ਹੀ ਦੂਜਾ ਰੂਪ ਆਖਦੀ ਹੈ ਅਤੇ ਮਨੁੱਖ ਨੂੰ ਸੰਸਾਰਕ ਪ੍ਰਾਪਤੀਆਂ ਲਈ ਦੌੜ ਭੱਜ ਕਰਨ ਦੀ ਥਾਂ ਆਪਣੇ ਮਨ ਨੂੰ ਵਸ ਕਰ ਧਰਮ ਦਾ ਰਾਹ ਅਪਨਾ ਕੇ ਆਤਮਕ ਅਨੰਦ ਮਾਣਨ ਅਤੇ ਪ੍ਰਭੂ ਦੀ ਵਿਸ਼ਾਲ ਸ਼ਕਤੀ ਦਾ ਭਾਗੀਦਾਰ ਬਣਨ ਲਈ ਪ੍ਰੇਰਿਤ ਕਰਦੀ ਹੈ ਤੇ ਅਜ਼ਾਦੀ ਦਾ ਅਸਲ ਮਾਰਗ ਦਰਸਾਉਂਦੀ ਹੈ। ਜੁਲਮ ਤੇ ਅਨਿਆਂ ਵਿਰੁਧ ਜੂਝਣ ਲਈ ਮਨੁੱਖ ਨੂੰ ਮਾਨਸਿਕ ਤੌਰ ਉਪਰ ਬਲਵਾਨ ਕਰਦੀ ਹੈ।ਅੱਜ ਵੀ ਗੁਰੂ ਗਰੰਥ ਸਾਹਿਬ ਦਾ ਰੂਹਾਨੀ ,ਸਮਾਜਿਕ ,ਸਭਿਆਚਾਰਕ ,ਰਾਜਨੀਤਕ ਮਾਡਲ ਹੀ ਇਸ ਸੰਸਾਰ ਨੂੰ ਬਚਾ ਸਕਦਾ ਹੈ। ਅੱਜ ਸੰਸਾਰ ਵਿੱਚ ਜੋ ਸੰਕਟ ਪੈਦਾ ਹੋਇਆ ਹੈ ਉਹ ਮਨੁੱਖਤਾ ਦੇ ਇੱਕ ਹਿੱਸੇ ਵੱਲ਼ੋਂ ਦੂਜੇ ਦੀ ਪਹਿਚਾਣ ਨੂੰ ਸਹਿਣ ਨਾ ਕਰਨ ਕਰਕੇ ਪੈਦਾ ਹੋਇਆ ਹੋਇਆ ਹੈ।ਸਿਖ ਵੀ ਇਸ ਸੰਕਟ ਨੂੰ ਹੰਡਾ ਰਹੇ ਹਨ।
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
Comments (0)