ਕੋਣ ਕਹਿੰਦਾ ਹੈ ਕਿ ਪੰਜਾਬ ਵਿਚ ਬੇਅਦਬੀ ,ਬੰਦੀ ਸਿਖਾਂ ਦੀ ਰਿਹਾਈ ਦੇ ਮੁਦੇ ਨਹੀਂ ਉਭਰੇ?

ਕੋਣ ਕਹਿੰਦਾ ਹੈ ਕਿ ਪੰਜਾਬ ਵਿਚ ਬੇਅਦਬੀ ,ਬੰਦੀ ਸਿਖਾਂ ਦੀ ਰਿਹਾਈ ਦੇ ਮੁਦੇ ਨਹੀਂ ਉਭਰੇ?

*ਆਪ ਤੇ ਅਕਾਲੀ ਦਲ ਦੀ ਹਾਰ ਦਾ ਕਾਰਣ ਤਿੰਨ ਮੁਦੇ ਬਣੇ

*    ਪੰਥਕ ਮਸਲਿਆਂ ਦੇ ਨਾਲ ਹੀ ਪੰਜਾਬ ਦੇ ਭਖਦੇ ਮੁੱਦੇ ਸੰਸਦ ਵਿਚ ਉਠਾਉਣਗੇ  -ਸਰਬਜੀਤ ਸਿੰਘ ਖ਼ਾਲਸਾ

ਕੇਂਦਰੀ ਪਾਰਟੀਆਂ ਤੇ ਅਕਾਲੀ ਦਲ ਵਲੋਂ ਲੋਕਾਂ ਦੇ ਮੁਦੇ ਬੇਅਦਬੀ ,ਬੰਦੀ ਸਿਖਾਂ ਦੀ ਰਿਹਾਈ ,ਨਸ਼ੇ ਦਬਾਅ ਦਿਤੇ।ਪੰਜਾਬੀਆਂ ਦਾ ਰੋਸ ਹੈ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਨੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਠੋਕਵੇਂ ਵਾਅਦੇ ਕੀਤੇ ਹਨ, ਪਰ ਨਸ਼ਿਆਂ ਨੂੰ ਠੱਲ ਨਹੀਂ ਪਈ ਹੈ।ਹਰ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਤਾਜੀਆਂ ਖਬਰਾਂ ਅਖਬਾਰ ਵਿਚ ਪੜ੍ਹੋ ਨਸ਼ਿਆਂ ਕਾਰਣ ਮੌਤਾਂ ਹਾਲੇ ਵੀ ਜਾਰੀ ਹਨ।ਬੇਅਦਬੀ,ਬੰਦੀ ਸਿਖਾਂ ਦੀ ਰਿਹਾਈ ਬਾਰੇ ਇਨਸਾਫ ਨਾ ਮਿਲਣ ਕਾਰਣ ਸਿਖ ਤੇ ਪੰਜਾਬੀ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਹਨ।

ਫਰੀਦਕੋਟ ਤੋਂ  ਸਰਬਜੀਤ ਸਿੰਘ ਤੇ ਖਡੂਰ ਸਾਹਿਬ ਤੋਂ ਅੰਮ੍ਰਿਤ ਪਾਲ ਸਿੰਘ ਇਨ੍ਹਾਂ ਤਿੰਨਾਂ ਮੁਦਿਆਂ ਦੇ ਉਭਾਰਨ ਕਾਰਣ ਜਿਤੇ ਹਨ।ਇਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਸਾਨੂੰ ਸਰਕਾਰਾਂ ਦਾ 1000 ਰੁਪਏ ਜਾਂ ਆਟਾ ਦਾਲ ਨਹੀਂ ਚਾਹੀਦੀ। ਜਦੋਂ ਸਾਡੇ ਘਰਾਂ ਵਿੱਚ ਸਾਡੇ ਪੁੱਤ ਹੀ ਨਾ ਰਹੇ ਫਿਰ ਅਸੀਂ ਆਟਾ ਦਾਲ ਕੀ ਕਰਨਾ ਹੈ।"

ਇਸ ਗਲ ਦਾ ਸੁਨੇਹਾ ਵੱਡਾ ਗਿਆ ਜਿਥੇ ਸ਼ਰਾਬਾਂ ,ਪੈਸੇ ਵੋਟ ਖਰੀਦਣ ਲਈ ਨਹੀਂ ਵੰਡੇ ਗਏ।ਫਰੀਦਕੋਟ ਵਿਚ ਸਰਬਜੀਤ ਸਿੰਘ ਦੇ ਸਮਰਥਕਾਂ ਵਲੋਂ ਗੰਨੇ ਦੇ ਰਸ ਦੀ ਛਬੀਲ ਲਗ ਗਈ।

ਫਰੀਦਕੋਟ ਤੋਂ ਜਿਤੇ ਲੋਕ ਸਭਾ ਮੈਂਬਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਤੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਦਾਅਵੇ ਨਾਲ ਆਖਿਆ ਹੈ ਕਿ ਉਹ ਪੰਥਕ ਮਸਲਿਆਂ ਦੇ ਨਾਲ ਹੀ ਪੰਜਾਬ ਦੇ ਭਖਦੇ ਮੁੱਦੇ ਸੰਸਦ ਵਿਚ ਉਠਾਉਣਗੇ ।  ਭਾਈ ਖ਼ਾਲਸਾ ਨੇ  ਦੱਸਿਆ ਕਿ ਉਨ੍ਹਾਂ ਦੀ ਪਹਿਲ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਧਾਰਾ 302 ਦਰਜ ਕਰਵਾ ਕੇ ਸਜ਼ਾਵਾਂ ਦਿਵਾਉਣਾ, ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਕਰਨਾ, ਨਸ਼ਿਆਂ ਦਾ ਖ਼ਾਤਮਾ ਕਰਵਾਉਣਾ ਅਤੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣਾ ਹੋਵੇਗਾ ।ਉਨ੍ਹਾਂ ਨਾਲ ਹੀ ਕਿਹਾ ਕਿ ਉਹ ਦਰਿਆਈ ਪਾਣੀਆਂ, ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੂਬੇ ਵਿਚ ਸ਼ਾਮਿਲ ਕਰਵਾਉਣ ਲਈ ਵੀ ਆਵਾਜ਼ ਬੁਲੰਦ ਕਰਨਗੇ ।ਉਨ੍ਹਾਂ ਇਹ ਵੀ ਕਿਹਾ ਕਿ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਨੂੰ ਯਕੀਨੀ ਬਣਾਉਣ ਲਈ ਵੀ ਹਰ ਫ਼ਰੰਟ 'ਤੇ ਲੜਾਈ ਲੜੀ ਜਾਵੇਗੀ । ਜ਼ਿਕਰਯੋਗ ਹੈ ਕਿ ਭਾਈ ਖ਼ਾਲਸਾ ਨੇ ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ 70 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ।

ਸਰਬਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਨਹੀਂ ਕੀਤੀ ਅਤੇ ਪੰਥਕ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਗੰਭੀਰ ਬਣਾ ਦਿੱਤਾ ਹੈ, ਜਿਸ ਕਰਕੇ ਪੰਥਕ ਦਰਦੀਆਂ ਵਿਚ ਰੋਸ ਹੈ ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਥਕ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਕਾਰਜ ਲਈ ਉਹ ਪੰਥਕ ਨੁਮਾਇੰਦਿਆਂ ਨਾਲ ਸਿਰ ਜੋੜ ਕੇ ਚੱਲਣਗੇ । ਪੰਜਾਬ ਸਰਕਾਰ ਨੂੰ ਸਿਰੇ ਦੀ ਨਿਕੰਮੀ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੀਆਂ ਗਰੰਟੀਆਂ ਨੂੰ ਪੂਰੇ ਨਾ ਕਰਨ ਵਾਲੀ 'ਆਪ' ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਨ ਪੁੱਗ ਗਏ ਹਨ । ਉਨ੍ਹਾਂ ਕਿਹਾ ਕਿ ਉਹ ਫ਼ਰੀਦਕੋਟ ਹਲਕੇ ਦੇ ਵੋਟਰਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਗੇ ਅਤੇ ਵਿਕਾਸ ਕਾਰਜ ਕਰਵਾਉਣ ਵਿਚ ਕਸਰ ਨਹੀਂ ਛੱਡੀ ਜਾਵੇਗੀ ।

ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਦਾ ਕਹਿਣਾ ਕਿ ਪੰਜਾਬ ਗੁਰੂਆਂ ਦੇ ਨਾਮ ਵਸਦਾ ਹੈ।ਗੁਰੂ ਦੇ ਓਟ ਆਸਰੇ ਨਾਲ ਹੀ ਨਸ਼ਾ ਖਤਮ ਹੋ ਸਕਦਾ ਹੈ, ,ਸਾਡੀ ਮੁਕਤੀ ਸੰਭਵ ਹੈ।ਪਰ ਸਾਨੂੰ ਸਿਖਾਂ ਨੂੰ ਪੰਜਾਬੀਆਂ ਦਾ ਸਮਰਥਨ ਲੈਕੇ ਗੁਰੂ ਦੇ ਹੁਕਮ ਅਨੁਸਾਰ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ  ਸਫਾਂ ਵਿਛਾਕੇ ਆਦਰਸ਼ਵਾਦੀ ਰਾਜਨੀਤੀ ਤਹਿਤ ਆਪਣਾ ਮਜਬੂਤ ਸੰਗਠਨ ਸਿਰਜਕੇ ਪੰਜਾਬ ਤੇ ਪੰਥ ਦੀ ਅਗਵਾਈ ਕਰਨ ਦੀ ਲੋੜ ਹੈ।ਗੁਰੂ ਦੇ ਰਾਹ ਉਪਰ ਚਲਣ ਵਾਲਿਆਂ ਦਾ ਰਾਜਨੀਤਕ ਉਭਾਰ ਹੀ ਪੰਥਕ ਸਮਸਿਆਵਾਂ ਤੇ ਪੰਜਾਬ ਦੀਆਂ ਸਮਸਿਆਵਾਂ ਦਾ ਹਲ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਥਕ ਮੁਦੇ ਲੋਕ ਮਨਾਂ ਵਿਚ ਜੀਉਂਦੇ ਹਨ।ਸਰਕਾਰਾਂ ਨੂੰ ਇਹ ਮੁਦੇ ਪਹਿਲ ਦੇ ਆਧਾਰ ਉਪਰ ਹਲ ਕਰਨੇ ਚਾਹੀਦੇ ਹਨ।

ਅਕਾਲੀ ਦਲ ਦਾ ਇਨ੍ਹਾਂ ਚੋਣਾਂ ਵਿਚ ਨਾਮੋ ਨਿਸ਼ਾਨ ਮਿਟਣਾ ਇਸ ਗਲ ਦਾ ਇਸ਼ਾਰਾ ਹੈ ਕਿ ਸਿਖ ਪੰਥ ਦੀ ਲੀਡਰਸ਼ਿਪ ਸਿਧਾਂਤ ਹੀਣ ਤੇ ਗੈਰਤਹੀਣ ਹੋ ਜਾਵੇ  ਤਾਂ ਸੰਗਤ ਵਿਚੋਂ ਹਮੇਸਾਂ ਸ਼ਾਮ ਸਿੰਘ ਅਟਾਰੀ ,ਬਾਬਾ ਬਿਕਰਮ ਸਿੰਘ ਬੇਦੀ,ਬਾਬਾ ਮਹਾਰਾਜ ਸਿੰਘ ,ਦੀਵਾਨ ਮੂਲ ਰਾਜ,ਜਵਾਹਰ ਸਿੰਘ ਨਲਵਾ,ਰਾਮ ਸਿੰਘ ਪਠਾਣੀਆ ਵਾਂਗ ਨਾਇਕ ਉਠ ਖੜਦੇ ਹਨ।ਉਹੀ ਅਗਵਾਈ ਕਰਦੇ ਹਨ।ਟਟੀਹੀਰੀਆਂ ਨੂੰ ਭੁਲੇਖਾ ਹੈ ਕਿ ਅੰਬਰ ਉਸਦੀਆਂ ਟੰਗਾਂ ਉਪਰ ਖਲੌਤਾ ਹੈ।ਅਜਿਹੀ ਰਾਜਨੀਤਕ ਈਗੋ ਹਮੇਸ਼ਾ ਭਸਮ ਹੋ ਜਾਂਦੀ ਹੈ।ਸਤਿਗੁਰੂ ਨਾਨਕ ਜੀ ਦਾ ਬਚਨ ਹੈ ਕਿ ਸਚਾ ਪਾਤਸ਼ਾਹ ਕੀੜੇ ਵਰਗੀ ਜੂਨ ਭੋਗ ਰਹੇ ਸਾਧਾਰਨ ਮਨੁੱੱਖਾਂ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ) , (ਤੇ ਹੰਕਾਰੀ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਮਿਟੀ ਵਿਚ ਰੋਲ ਦਿੰਦਾ ਹੈ।ਇਹ ਰਬੀ ਸਚ ਹੈ ਜਿਸਨੂੰ ਉਲਟਾਇਆ ਨਹੀਂ ਜਾ ਸਕਦਾ।ਇਹ ਸਾਰੇ ਸੰਸਾਰ ਵਿਚ ਵਾਪਰ ਰਿਹਾ ਹੈ।ਰਾਜਨੀਤੀ ਉਹੀ ਹੈ ਜੋ ਰਬੀ ਸਚ ਨੂੰ ਸਮਰਪਿਤ ਹੋਵੇ ਤੇ ਲੋਕ ਪਖੀ ਹੋਵੇ।ਸਤਿਗੁਰੂ ਨਾਨਕ ਦਾ ਹੁਕਮ ਹੈ-

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥

ਪੰਜਾਬ ਵਿਚ ਸਿਖਾਂ ਬਾਰੇ ਕਿਹਾ ਜਾਂਦਾ ਹੈ ਕਿ ਸਿਖ ਜਾਤੀਪ੍ਰਸਤ ਹਨ।ਪਰ ਸਰਬਜੀਤ ਸਿੰਘ ਜੋ ਐਸਟੀ ਕੈਟਾਗਿਰੀ ਵਿਚ ਹਨ ,ਉਹ ਸਿਖ ਪੰਥ ਨੇ ਕਿਵੇਂ ਜਿਤਾ ਦਿਤੇ?ਸਿਖਾਂ ਨੇ ਉਸਦੀ ਰਾਜਨੀਤਕ ਅਗਵਾਈ ਕਿਉਂ ਮੰਨੀ? ਇਸ ਗਲ ਦਾ ਸਿਖ ਵਿਰੋਧੀਆਂ ਕੋਲ ਕੋਈ ਜਵਾਬ ਨਹੀਂ।ਇਹ ਵੱਖਰੀ ਗਲ ਹੈ ਕਿ ਇਹ ਸਿਖ ਭਾਵਨਾਵਾਂ ਉਪਰ ਖਰੇ ਉਤਰ ਸਕਣ ਜਾਂ ਨਾ।ਸਿਖ ਪੰਥ ਦਾ ਪਾਤਸ਼ਾਹ ,ਬਾਦਸ਼ਾਹ ਸਤਿਗੁਰੂ ਹੈ,ਉਸਦਾ ਹੀ ਹੁਕਮ ਵਜਾਉਂਦੇ ਹਨ।ਭਾਰਤ ਵਿਚ ਸਿਖ ਹੀ ਅਜਿਹਾ ਪੰਥ ਹੈ ਜਿਸ ਵਿਚ ਜਾਤੀਵਾਦੀ ਮੂਰਖ ਬਹੁਤ ਘਟ ਹਨ।

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ