1984 ਸਿੱਖ ਕਤਲੇਆਮ ਦੇ 12 ਪੀੜਤਾਂ ਦੀ ਸੂਚੀ ਸਤਨਾਮ ਸਿੰਘ ਨੂੰ ਸੌਂਪਣ ਲਈ ਸਿੱਖ ਪਹੁੰਚੇ ਜਮਸ਼ੇਦਪੁਰ

1984 ਸਿੱਖ ਕਤਲੇਆਮ ਦੇ 12 ਪੀੜਤਾਂ ਦੀ ਸੂਚੀ ਸਤਨਾਮ ਸਿੰਘ ਨੂੰ ਸੌਂਪਣ ਲਈ ਸਿੱਖ ਪਹੁੰਚੇ ਜਮਸ਼ੇਦਪੁਰ

200 ਦੇ ਲਗਪਗ ਸੂੱਚੀਆਂ ਹੋਈਆਂ ਇੱਕਠੀਆਂ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 14 ਜੂਨ (ਮਨਪ੍ਰੀਤ ਸਿੰਘ ਖਾਲਸਾ):-1984 ਵਿਚ ਕੀਤੇ ਗਏ ਸਿੱਖ ਕਤਲੇਆਮ ਬਾਰੇ ਝਾਰਖੰਡ ਹਾਈ ਕੋਰਟ ਨੇ ਪਟੀਸ਼ਨਰ ਸਤਨਾਮ ਸਿੰਘ ਗੰਭੀਰ ਨੂੰ ਹਦਾਇਤ ਕੀਤੀ ਸੀ ਕਿ ਉਹ ਜ਼ਿਲ੍ਹੇ ਦੇ ਹਿਸਾਬ ਨਾਲ ਦੱਸਣ ਕਿ ਕਿੰਨੇ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ। ਅਦਾਲਤ ਨੇ ਬਿਨੈਕਾਰ ਸਤਨਾਮ ਸਿੰਘ ਗੰਭੀਰ ਨੂੰ ਮੁਆਵਜ਼ਾ ਨਾ ਮਿਲਣ ਵਾਲੇ ਪੀੜਤਾਂ ਦੀ ਸੂਚੀ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ।

ਝਾਰਖੰਡ ਤੋਂ ਭਾਈ ਚਰਨਜੀਤ ਸਿੰਘ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਰਾਮਗੜ੍ਹ ਬਰਕੁੰਡਾ ਦੇ ਪੀੜਤ ਪਰਿਵਾਰ ਵਲੋਂ ਹਰਜੀਤ ਸਿੰਘ ਧਾਮੀ ਹਜ਼ਾਰੀਬਾਗ, ਰਾਮਗੜ੍ਹ ਅਤੇ ਬਰਕੁੰਡਾ ਦੇ 12 ਪੀੜਤਾਂ ਦੀ ਸੂਚੀ ਲੈ ਕੇ ਜਮਸ਼ੇਦਪੁਰ ਪਹੁੰਚੇ ।

ਜਿਨ੍ਹਾਂ ਦਾ 1984 ਦੇ ਸਿੱਖ ਦੰਗਿਆਂ ਵਿੱਚ ਮਾਲੀ ਨੁਕਸਾਨ ਹੋਇਆ ਸੀ ਅਤੇ ਉਨ੍ਹਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਉਨ੍ਹਾਂ ਪੀੜਤਾਂ ਦੀ ਸੂਚੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਈਸਟਰਨ ਇੰਡੀਆ ਦੇ ਪ੍ਰਧਾਨ ਅਤੇ ਪਟੀਸ਼ਨਰ ਸਤਨਾਮ ਸਿੰਘ ਗੰਭੀਰ ਨੂੰ ਸੌਂਪੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੂਰਬੀ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਕ ਵੀ ਪੀੜਤ ਪਰਿਵਾਰ ਮੁਆਵਜ਼ੇ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦਸਿਆ ਕਿ ਉਨ੍ਹਾਂ ਕੌਲ ਹੁਣ ਤਕ ਵੱਖ ਵੱਖ ਰਾਜਾ ਤੋਂ 200 ਦੇ ਲਗਪਗ ਸੂਚੀਆਂ ਪਹੁੰਚ ਚੁਕੀਆਂ ਹਨ ਤੇ ਓਹ ਜਲਦ ਹੀ ਅਦਾਲਤ ਕੋਲੋਂ ਇਨ੍ਹਾਂ ਤੇ ਕਾਰਵਾਈ ਕਰਵਾਣ ਲਈ ਆਪਣੀ ਕੋਸ਼ਿਸ਼ਾਂ ਜਾਰੀ ਰੱਖਣਗੇ ।

ਦੱਸ ਦੇਈਏ ਕਿ ਸਤਨਾਮ ਸਿੰਘ ਗੰਭੀਰ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਝਾਰਖੰਡ ਦਾ ਦੌਰਾ ਕਰ ਰਹੇ ਹਨ। ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੇ 40 ਸਾਲ ਬੀਤਣ ਬਾਅਦ ਵੀ ਇਨਸਾਫ਼ ਨਾ ਮਿਲਣਾ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਆਖਰੀ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਇੰਦਰਜੀਤ ਸਿੰਘ ਪਨੇਸਰ ਵੀ ਹਾਜ਼ਰ ਸਨ।