ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਮਰੀਕੀ ਸਰਕਾਰ ਤੱਕ ਪਹੁੰਚ ਕਰ ਰਹੀਆਂ ਨੇ ਪੰਥਕ ਜਥੇਬੰਦੀਆਂ

ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਮਰੀਕੀ ਸਰਕਾਰ ਤੱਕ ਪਹੁੰਚ ਕਰ ਰਹੀਆਂ ਨੇ ਪੰਥਕ ਜਥੇਬੰਦੀਆਂ

ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਮਰੀਕੀ ਸਰਕਾਰ ਤੱਕ ਪਹੁੰਚ ਕਰ ਰਹੀਆਂ ਨੇ ਪੰਥਕ ਜਥੇਬੰਦੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ - ਡਿਬਰੂਗੜ ਜੇਲ੍ਹ ਵਿਚ ਨਜ਼ਰਬੰਦ ਅਤੇ ਖਡੂਰ ਸਾਹਿਬ ਤੋਂ ਐੱਮ ਪੀ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਮਾਤਾ ਪਿਤਾ ਬੀਬੀ ਬਲਵਿੰਦਰ ਕੌਰ ਤੇ ਸ. ਤਰਸੇਮ ਸਿੰਘ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਮਿਲ ਕੇ ਉੱਥੋਂ ਦੇ ਨਾਮਵਰ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਐਂਡ ਲਾਅ ਨੂੰ ਇਹ ਸਾਰਾ ਮਾਮਲਾ ਅਮਰੀਕੀ ਸਰਕਾਰ ਅੱਗੇ ਉਠਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਤਹਿਤ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਆਧਾਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 5 ਜੂਨ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਸੀ।    ਉਪ ਰਾਸ਼ਟਰਪਤੀ ਕੈਮਿਲਾ ਹੈਰਿਸ ਦੀ ਚੀਫ਼ ਆਫ਼ ਸਟਾਫ਼ ਸ਼ੀਲਾ ਨਿੱਕਸ ਨੇ ਜਸਪ੍ਰੀਤ ਸਿੰਘ  ਨੂੰ ਲਿਖਤੀ ਰੂਪ ਵਿੱਚ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਏਸ਼ੀਆ-ਪ੍ਰਸ਼ਾਂਤ ਮਾਮਲੇ ਅਤੇ ਹਥਿਆਰ ਕੰਟਰੋਲ ਲਈ ਵਿਸ਼ੇਸ਼ ਸਲਾਹਕਾਰ ਸ੍ਰੀ ਸਿਧਾਰਥ ਅਈਅਰ ਵੱਲੋਂ ਮੰਗਲਵਾਰ ਨੂੰ 3:30 'ਤੇ ਉਪ ਰਾਸ਼ਟਰਪਤੀ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਸਪ੍ਰੀਤ ਸਿੰਘ ਨੂੰ ਇੱਕ ਸੱਦਾ ਪ੍ਰਾਪਤ ਹੋਇਆ  ਹੈ।  ਇਸ ਤੋਂ ਪਹਿਲਾਂ ਵੀ ਜਸਪ੍ਰੀਤ ਸਿੰਘ ਨਿਊ ਜਰਸੀ ਵਿੱਚ ਜਿਨ੍ਹਾਂ ਸੈਨੇਟਰਾਂ ਨੂੰ ਭਾਈ ਸਾਬ ਤੇ ਸਾਥੀ ਸਿੰਘਾਂ ਦੀ ਰਿਹਾਈ ਲਈ ਮਿਲ ਚੁੱਕੇ ਹਨ ਉਨ੍ਹਾਂ ’ਚ ਸੈਨੇਟਰ ਬੁਕਰ ਇਵੈਂਟ, ਕਾਂਗਰਸਮੈਨ ਰੌਬ ਮੇਨੇਡੇਜ਼, ਸੈਨੇਟਰ ਜੈਕੀ ਰੋਜ਼ਨ ਅਤੇ ਕਾਂਗਰਸਮੈਨ ਰੂਬੇਨ ਗੈਲੇਗੋ ਸ਼ਾਮਿਲ ਹਨ। ਮੰਗਲਵਾਰ ਨੂੰ ਵਾਈਸ ਪ੍ਰੈਜ਼ੀਡੈਂਟ ਨਾਲ ਮੀਟਿੰਗ ਵਾਲੇ ਦਿਨ ਜਸਪ੍ਰੀਤ ਸਿੰਘ ਅਟਾਰਨੀ ਹੋਰ ਦਸ ਸੈਨੇਟਰ/ ਕਾਗਰਸਮੈਨਜ ਨਾਲ ਵੀ ਮੁਲਾਕਾਤ ਕਰਨਗੇ ।   

ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਦੀ ਰਿਹਾਈ ਲਈ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਜਿਸ ਜਸਪ੍ਰੀਤ ਸਿੰਘ ਅਟਾਰਨੀ ਐਂਡ ਲਾਅ ਨੂੰ ਇਹ ਸਾਰਾ ਮਾਮਲਾ ਅਮਰੀਕੀ ਸਰਕਾਰ ਅੱਗੇ ਉਠਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ, ਉਹ ਅਮਰੀਕਾ ਦਾ ਬਹੁਤ ਵੱਡਾ ਵਕੀਲ ਹੈ ਜਿਸ ਕੋਲ ਨਿਊਯਾਰਕ ਕੈਲੇਫੋਰਨੀਆ ਵਿਚ ਮਾਹਿਰਾਂ ਦੀ ਬਹੁਤ ਵੱਡੀ ਟੀਮ ਹੈ। ਉਸ ਨੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਵਿਚ ਪੱਕੇ ਤੌਰ ’ਤੇ ਵਸਾਇਆ ਹੈ। ਅਮਰੀਕੀ ਸਰਕਾਰ 'ਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਲੋਕ ਨਿੱਜੀ ਤੌਰ 'ਤੇ ਜਸਪ੍ਰੀਤ ਸਿੰਘ ਦੇ ਕਰੀਬੀ ਹਨ।

 ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਮਿਲੇ ਏਡੇ ਵੱਡੇ ਲੋਕ ਫ਼ਤਵੇ ਦੇ ਮੱਦੇਨਜ਼ਰ ਪੰਜਾਬ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਭਾਈ ਸਾਬ੍ਹ ’ਤੇ ਲਾਏ ਗਏ ਐਨ.ਐਸ.ਏ ਨੂੰ ਤੁਰੰਤ ਹਟਾਇਆ ਜਾਵੇ ਅਤੇ ਭਾਈ ਸਾਬ ਨਾਲ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਫੜੇ ਹੋਏ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਵੀ ਐਨ ਐਸ ਏ ਅਤੇ ਝੂਠੇ ਕੇਸਾਂ ਤੋਂ ਮੁਕਤ ਕਰਦਿਆਂ ਤੁਰੰਤ ਰਿਹਾਅ ਕੀਤਾ ਜਾਵੇ।

ਇਸ ਤੋ ਇਲਾਵਾ  ਉਨ੍ਹਾਂ ਇਸ ਗਲ ਦਾ ਵੀ ਸਖ਼ਤ ਨੋਟਿਸ ਲਿਆ ਕਿ ਪੰਜਾਬ ਸਰਕਾਰ ਦਾ ਮੰਤਰੀ  ਲਾਲਜੀਤ ਸਿੰਘ ਭੁੱਲਰ ਨਾ ਕੇਵਲ ਹਾਰ ਤੋਂ ਸਗੋਂ ਆਪਣੇ ਵਾਰਡ ਤੋਂ ਵੀ ਹਾਰਨ ਕਾਰਨ ਬੌਖਲਾਹਟ ਵਿੱਚ ਆ ਕੇ ਆਮ ਸੰਗਤ ਨੂੰ ਸੱਦ ਕੇ ਉਨ੍ਹਾਂ ਤੋ ਸਪੀਕਰ ਫ਼ੋਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਗਲ ਕਰਾਉਂਦੇ ਹਨ ਕਿ ਵੋਟ ਕਿਸ ਨੂੰ ਪਾਈ ਜਦੋਂ ਘਰ ਦੀਆਂ ਬੀਬੀਆਂ ਜਵਾਬ ਦਿੰਦੀਆਂ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਨਾਲ ਹੀ ਇਹ ਮਨਿਸਟਰ ਘਰਾਂ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਤੋ ਰੇਡ ਕਰਾ ਕੇ ਜਾਂ ਕਿਸੇ ਨੂੰ ਪੁਲਿਸ ਤੋ ਦਬਕੇ ਮਰਵਾਉਂਦਾ ਹੈ। ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਇਸ ਮਨਿਸਟਰ ਨੂੰ ਨੱਥ ਨਾ ਪਾਈ ਤਾਂ ਪੱਟੀ ਇਲਾਕੇ ਵਿੱਚ ਵਿਸ਼ਾਲ ਇਕੱਠ ਕਰਕੇ ਇਸ ਧੱਕੇ ਵਿਰੁੱਧ ਧਰਨੇ ਲਾਉਣ ਲਈ ਸੰਗਤ ਨੂੰ ਮਜਬੂਰ ਹੋਣਾ ਪਵੇਗਾ ।