ਅਮਰੀਕਾ ਵਿਚ ਮਨੁੱਖੀ ਹੱਕਾਂ ਬਾਰੇ ਸੰਸਥਾ ਵਿੱਚ  ਕੰਮ ਕਰਦੇ ਇਕ ਸਿੱਖ ਬਾਰੇ ਮੰਦਾ ਬੋਲਣ ਤੇ ਧਮਕੀ ਦੇਣ ਦੇ ਮਾਮਲੇ ਵਿੱਚ ਸੰਘੀ ਨਫ਼ਰਤੀ ਅਪਰਾਧ ਤਹਿਤ ਦੋਸ਼ ਆਇਦ

ਅਮਰੀਕਾ ਵਿਚ ਮਨੁੱਖੀ ਹੱਕਾਂ ਬਾਰੇ ਸੰਸਥਾ ਵਿੱਚ  ਕੰਮ ਕਰਦੇ ਇਕ ਸਿੱਖ ਬਾਰੇ ਮੰਦਾ ਬੋਲਣ ਤੇ ਧਮਕੀ ਦੇਣ ਦੇ ਮਾਮਲੇ ਵਿੱਚ ਸੰਘੀ ਨਫ਼ਰਤੀ ਅਪਰਾਧ ਤਹਿਤ ਦੋਸ਼ ਆਇਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭੂਸ਼ਨ ਅਠਾਲੇ (48) ਨਾਮੀ ਵਿਅਕਤੀ ਵਿਰੁੱਧ ਇਕ ਨਾਨ ਪ੍ਰਾਫਿਟ ਸੰਸਥਾ ਵਿਚ ਕੰਮ ਕਰਦੇ ਇਕ ਸਿੱਖ ਨੂੰ ਮੰਦਾ ਬੋਲਣ ਤੇ ਧਮਕੀ ਦੇਣ ਦੇ ਮਾਮਲੇ ਵਿੱਚ ਸੰਘੀ ਨਫ਼ਰਤੀ ਅਪਰਾਧ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਨਿਆਂ ਵਿਭਾਗ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ 17 ਸਤੰਬਰ 2022 ਨੂੰ ਕੀਤੀ ਸ਼ਿਕਾਇਤ ਅਨੁਸਾਰ ਅਠਾਲੇ ਨੇ ਅਮਰੀਕਾ ਵਿਚ ਸਿੱਖਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਦੀ ਇਕ ਸੰਸਥਾ ਨੂੰ ਕਥਿੱਤ ਤੌਰ 'ਤੇ ਫੋਨ ਕੀਤਾ ਤੇ 7 ''ਵਾਇਸ ਮੇਲ'' ਭੇਜੀਆਂ ਜਿਨਾਂ ਵਿਚ ਸੰਸਥਾ ਵਿੱਚ ਕੰਮ ਕਰਦੇ ਇਕ ਸਿੱਖ ਵਿਅਕਤੀ ਲਈ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਤੇ  ਧਮਕੀ ਦਿੱਤੀ ਕਿ ਉਹ ਉਸ ਨੂੰ ਮਾਰ ਦੇਵੇਗਾ। ਨਿਆਂ ਵਿਭਾਗ ਅਨੁਸਾਰ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਅਠਾਲੇ ਦਾ ਧਾਰਮਿੱਕ ਆਧਾਰ 'ਤੇ ਟਿਪਣੀਆਂ ਕਰਨ ਤੇ ਧਮਕੀਆਂ ਦੇਣ ਦਾ ਲੰਬਾ ਇਤਿਹਾਸ ਹੈ। ਉਸ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਤੇ ਮੁਸਲਮਾਨਾਂ ਪ੍ਰਤੀ ਨਫ਼ਰਤੀ ਬਿਆਨ ਦਿੱਤੇ ਸਨ। ਨਿਆਂ ਵਿਭਾਗ ਅਨੁਸਾਰ ਅਠਾਲੇ ਨੂੰ  ਉਸ ਵਿਰੁੱਧ ਆਇਦ ਦੋਸ਼ਾਂ ਲਈ ਵਧ ਤੋਂ ਵਧ 10 ਸਾਲ ਤੱਕ ਕੈਦ ਤੇ  2,50,000 ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।