ਅਮਰੀਕਾ ਵਿਚ ਸਾਬਕਾ ਪ੍ਰੇਮਿਕਾ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਦਿੱਤੀ ਮੌਤ ਦੀ ਸਜ਼ਾ

ਅਮਰੀਕਾ ਵਿਚ ਸਾਬਕਾ ਪ੍ਰੇਮਿਕਾ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਦਿੱਤੀ ਮੌਤ ਦੀ ਸਜ਼ਾ
ਕੈਪਸ਼ਨ ਡੋਵਿਡ ਹੋਸੀਰ ਦੀ ਫਾਇਲ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸੂਰੀ ਰਾਜ ਵਿਚ ਸਾਬਕਾ ਪ੍ਰੇਮਿਕਾ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ 'ਤੇ ਅਮਲ ਕਰਦਿਆਂ ਦੋਸ਼ੀ ਡੇਵਿਡ ਹੋਸੀਰ ਨੂੰ ਜ਼ਹਿਰ ਦਾ ਟੀਕਾ ਲਾਇਆ ਗਿਆ ਜਿਸ ਦੇ ਕੁਝ ਹੀ ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸਾਲ ਰਾਜ ਵਿਚ ਇਹ ਦੂਸਰਾ ਵਿਅਕਤੀ ਹੈ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਮਿਸੂਰੀ ਡਿਪਾਰਟਮੈਂਟ ਆਫ ਕੋਰੈਕਸ਼ਨਜ ਦੇ ਬੁਲਾਰੇ ਕਾਰੇਨ ਪੋਜਮੈਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਡੇਵਿਡ ਹੋਸੀਰ (69)  ਨੂੰ ਪੈਂਟੋਬਰਬੀਟਲ ਦੀ 5 ਗ੍ਰਾਮ ਡੋਜ਼ ਦੇਣ ਉਪਰੰਤ ਸ਼ਾਮ 6.11 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਹੋਸੀਰ ਨੂੰ 2009 ਵਿਚ ਆਪਣੀ ਸਾਬਕਾ ਪ੍ਰੇਮਿਕਾ ਐਂਜੇਲਾ ਗਿਲਪਿਨ ਜੋ ਸ਼ਾਦੀਸ਼ੁੱਦਾ ਸੀ ਤੇ 2 ਬੱਚਿਆਂ ਦੀ ਮਾਂ ਸੀ, ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤੀ ਰਿਕਾਰਡ ਅਨੁਸਾਰ ਹੋਸੀਰ ਆਪਣੀ ਸਾਬਕਾ ਪ੍ਰੇਮਿਕਾ ਐਂਜੇਲਾ ਗਿਲਪਿਨ ਵੱਲੋਂ ਉਸ ਨਾਲੋਂ ਸਬੰਧ ਤੋੜ ਲੈਣ ਤੋਂ ਖਫਾ ਸੀ। 28 ਸਤੰਬਰ 2009 ਦੀ ਸਵੇਰ ਨੂੰ ਗਵਾਂਢੀ ਨੇ ਗਿਲਪਿਨ ਤੇ ਉਸ ਦੇ ਪਤੀ ਰੋਡਨੀ ਦੀਆਂ ਲਾਸ਼ਾਂ ਉਸ ਦੇ ਅਪਾਰਟਮੈਂਟ ਦੀ ਦਹਿਲੀਜ਼ 'ਤੇ ਪਈਆਂ ਵੇਖੀਆਂ ਸਨ। ਇਸਤਗਾਸਾ ਪੱਖ ਨੇ ਹੋਸੀਰ ਵਿਰੁੱਧ ਰੋਡਨੀ ਦੀ ਹੱਤਿਆ ਦੇ ਲਾਏ ਦੋਸ਼ ਵਾਪਿਸ ਲੈ ਲਏ ਸਨ। ਹੋਸੀਰ ਨੇ ਆਪਣਾ ਆਖਰੀ ਖਾਣਾ ਸਵੇਰੇ 11 ਵਜੇ ਖਾਧਾ ਜਿਸ ਵਿਚ ਮਾਸ ਦੀ ਟਿੱਕੀ, ਭੁੰਨਿਆ ਆਲੂ, ਟੋਸਟ, ਸੇਬ ਪਾਈ, ਦੁੱਧ ਤੇ ਜੂਸ ਸ਼ਾਮਿਲ ਸੀ। ਇਥੇ ਜਿਕਰਯੋਗ ਹੈ ਕਿ ਮਿਸੂਰੀ ਦੇ ਰਿਪਬਲੀਕਨ ਗਵਰਨਰ ਮਾਈਕਲ ਪਰਸਨ ਨੇ ਲੰਘੇ ਸੋਮਵਾਰ ਡੇਵਿਡ ਹੋਸੀਰ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਸੀ। ਗਵਰਨਰ ਨੇ ਕਿਹਾ ਸੀ ਕਿ ਬੇਹੂਦਾ ਹਿੰਸਾ ਕਾਰਨ ਹੋਸੀਰ ਕਿਸੇ ਵੀ ਰਹਿਮ ਦਾ ਪਾਤਰ ਨਹੀਂ ਹੈ।