ਵਿਸ਼ਵ ਸ਼ਾਂਤੀ ਲਈ ਯਤਨ ਹੋਣ ਤੇਜ਼ 

ਵਿਸ਼ਵ ਸ਼ਾਂਤੀ ਲਈ ਯਤਨ ਹੋਣ ਤੇਜ਼ 

ਇਸ ਸਮੇਂ ਪੂਰੀ ਦੁਨੀਆਂ ਤੀਜੀ ਵਿਸ਼ਵ ਜੰਗ ਦੇ ਚੌਰਾਹੇ ’ਤੇ ਖੜੀ ਹੈ। ਇਸ ਤਰ੍ਹਾਂ ਲੱਗ ਰਿਹਾ ਹੈ, ਕਿ ਜਿਵੇਂ ਦੁਨੀਆਂ ਦੇ ਵੱਖ- ਵੱਖ ਹਿੱਸਿਆਂ ਵਿੱਚ ਤੀਜੀ ਵਿਸ਼ਵ ਜੰਗ ਕਿਸ਼ਤਾਂ ਵਿੱਚ ਲੜੀ ਜਾ ਰਹੀ ਹੋਵੇ।

ਇੱਕ ਪਾਸੇ ਰੂਸ-ਯੂਕ੍ਰੇਨ ਜੰਗ ਨੂੰ ਸ਼ੁਰੂ ਹੋਇਆ ਬਹੁਤ ਸਮਾਂ ਹੋ ਗਿਆ ਹੈ, ਦੂਜੇ ਪਾਸੇ ਇਜ਼ਰਾਈਲ ਹਮਾਸ ਜੰਗ ਜਾਰੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਅਨੇਕਾਂ ਹੋਰ ਇਲਾਕਿਆਂ ਵਿੱਚ ਵੀ ਸੰਘਰਸ਼ ਜਾਰੀ ਹਨ। ਕਈ ਦੇਸ਼ਾਂ ਵਿੱਚ ਤਾਂ ਅੰਦਰੂਨੀ ਜੰਗ ਹੋ ਰਹੀ ਹੈ, ਜਿਸ ਨੂੰ ਘਰੇਲੂ ਜੰਗ ਵੀ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਵਿਸ਼ਵ ਵਿੱਚ ਕਿਸੇ ਵੀ ਇਲਾਕੇ ਵਿੱਚ ਸ਼ਾਂਤੀ ਨਹੀਂ ਹੈ। 

ਪਹਿਲੀ ਵਿਸ਼ਵ ਜੰਗ 1914 ਤੋਂ 1918 ਤੱਕ ਚਾਰ ਸਾਲਾਂ ਲਈ ਯੂਰਪ ਦੇ ਪੱਛਮੀ ਅਤੇ ਪੂਰਬੀ ਮੋਰਚਿਆਂ ’ਤੇ ਲੜੀ ਗਈ। ਇਸ ਜੰਗ ਵਿੱਚ ਇੱਕ ਪਾਸੇ ਜਰਮਨੀ, ਆਸਟ੍ਰੀਆ-ਹੰਗਰੀ ਅਤੇ ਓਟੋਮੈਨ ਸਾਮਰਾਜ ਸਨ, ਜਦੋਂਕਿ ਦੂਜੇ ਪਾਸੇ ਗ੍ਰੇਟ ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਫਰਾਂਸ, ਰੂਸ, ਇਟਲੀ ਅਤੇ ਜਾਪਾਨ ਸਨ। ਇਸ ਜੰਗ ਵਿੱਚ ਨਵੀਂ ਫ਼ੌਜੀ ਤਕਨੀਕ ਨੇ ਬੇਮਿਸਾਲ ਕਤਲੇਆਮ ਕੀਤਾ ਅਤੇ ਵੱਡੀ ਪੱਧਰ ’ਤੇ ਮਨੁੱਖਤਾ ਦਾ ਘਾਣ ਹੋਇਆ। ਜਦੋਂ ਇਹ ਜੰਗ ਖਤਮ ਹੋਈ ਅਤੇ ਮਿੱਤਰ ਦੇਸ਼ਾਂ ਨੇ ਜਿੱਤ ਦਾ ਦਾਅਵਾ ਕੀਤਾ ਤਾਂ ਉਸ ਸਮੇਂ ਤੱਕ ਜੰਗ ਲੜ ਰਹੀਆਂ ਦੋਵਾਂ ਧਿਰਾਂ ਦੇ 16 ਮਿਲੀਅਨ ਤੋਂ ਵੱਧ ਲੋਕ ( ਸੈਨਿਕ ਅਤੇ ਨਾਗਰਿਕ ਦੋਵੇਂ ) ਮਾਰੇ ਗਏ ਸਨ।

ਦੂਜੀ ਵਿਸ਼ਵ ਜੰਗ (1939-45) ਮਨੁੱਖੀ ਇਤਿਹਾਸ ਦਾ ਸਭ ਤੋਂ ਖੂਨੀ ਸੰਘਰਸ਼ ਸੀ। ਇਸ ਨੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਦੋ ਵਿਰੋਧੀ ਫ਼ੌਜੀ ਗਠਜੋੜਾਂ ਵਿੱਚ ਵੰਡ ਦਿੱਤਾ। ਇਸ ਜੰਗ ਵਿੱਚ ਇੱਕ ਪਾਸੇ ਬ੍ਰਿਟੇਨ ਅਤੇ ਇਸਦੇ ਸਾਮਰਾਜ, ਸੰਯੁਕਤ ਰਾਜ ਅਮਰੀਕਾ, ਸੋਵੀਅਤ ਯੂਨੀਅਨ ਅਤੇ ਫਰਾਂਸ ਸਨ, ਜਦੋਂਕਿ ਦੂਜੇ ਪਾਸੇ ਜਰਮਨੀ, ਇਟਲੀ ਅਤੇ ਜਾਪਾਨ ਸਨ। ਦੂਜੀ ਵਿਸ਼ਵ ਜੰਗ ਇਤਿਹਾਸ ਦਾ ਸਭ ਤੋਂ ਖਤਰਨਾਕ ਸੰਘਰਸ਼ ਸੀ, ਜਿਸ ਦੇ ਨਤੀਜੇ ਵਜੋਂ 70 ਤੋਂ 85 ਮਿਲੀਅਨ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਆਮ ਨਾਗਰਿਕ ਸਨ। 

ਦੂਜੇ ਵਿਸ਼ਵ ਯੁੱਧ ਦੇ ਕਾਰਨਾਂ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਣਸੁਲਝੇ ਤਣਾਅ, ਯੂਰਪ ਵਿੱਚ ਫਾਸ਼ੀਵਾਦ ਦਾ ਉਭਾਰ ਅਤੇ ਜਾਪਾਨੀ ਫ਼ੌਜੀਵਾਦ ਅਤੇ ਇਸ ਤੋਂ ਪਹਿਲਾਂ ਮੰਚੂਰੀਆ ਉੱਤੇ ਜਾਪਾਨੀ ਹਮਲੇ, ਦੂਜਾ ਇਟਾਲੋ-ਇਥੋਪੀਅਨ ਯੁੱਧ, ਸਪੈਨਿਸ਼ ਘਰੇਲੂ ਯੁੱਧ ਅਤੇ ਮੁੜ ਹਥਿਆਰਬੰਦ ਹੋਣਾ ਸ਼ਾਮਲ ਸਨ। 

ਸਾਡੇ ਕਹਿਣ ਦਾ ਭਾਵ ਇਹ ਹੈ ਕਿ ਦੋਵੇਂ ਵਿਸ਼ਵ ਜੰਗਾਂ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਆਮ ਲੋਕਾਂ ਦਾ ਹੋਇਆ। ਇਸ ਤੋਂ ਇਲਾਵਾ ਇਹਨਾਂ ਜੰਗਾਂ ਵਿੱਚ ਕੀਤੀ ਗਈ ਬਾਰੂਦ ਅਤੇ ਹਥਿਆਰਾਂ ਦੀ ਵਰਤੋਂ ਨੇ ਵਾਤਾਵਰਣ ਅਤੇ ਕੁਦਰਤ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ। ਇਸ ਸਮੇਂ ਰੂਸ ਅਤੇ ਯੂਕ੍ਰੇਨ ਦੇ ਨਾਲ-ਨਾਲ ਇਜ਼ਰਾਇਲ ਅਤੇ ਫਲਸਤੀਨ ਅਤੇ ਹੋਰ ਇਲਾਕਿਆਂ ਵਿੱਚ ਚੱਲ ਰਹੇ ਸੰਘਰਸ਼ਾਂ ਵਿੱਚ ਖੁੱਲ ਕੇ ਬਾਰੂਦ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਮੌਜੂਦਾ ਵਾਤਾਵਰਣ ਅਤੇ ਕੁਦਰਤ ਨੂੰ ਬਹੁਤ ਨੁਕਸਾਨ ਪਹੁੰਚ ਚੁੱਕਿਆ ਹੈ। ਇਸ ਤੋਂ ਇਲਾਵਾ ਜੰਗ ਪ੍ਰਭਾਵਿਤ ਇਹਨਾਂ ਇਲਾਕਿਆਂ ਦੀ ਕੁਦਰਤੀ ਸੁੰਦਰਤਾ ਵੀ ਤਬਾਹ ਹੋ ਰਹੀ ਹੈ। ਇਹਨਾਂ ਜੰਗਾਂ ਵਿੱਚ ਦੋਵੇਂ ਦੇਸ਼ਾਂ ਦੇ ਆਮ ਲੋਕ ਵੱਡੀ ਗਿਣਤੀ ਵਿੱਚ ਮਾਰੇ ਜਾ ਰਹੇ ਹਨ। ਰੂਸ ਨੇ ਤਾਂ ਇਸ ਜੰਗ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਵੀ ਧਮਕੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ ਸੋਵੀਅਤ ਸੰਘ ਸਮੇਂ ਸੋਵੀਅਤ ਯੂਨੀਅਨ ਦਾ ਹੀ ਹਿੱਸਾ ਸੀ ਪਰ ਸੋਵੀਅਤ ਯੂਨੀਅਨ ਦੀ ਵੰਡ ਤੋਂ ਬਾਅਦ ਯੂਕ੍ਰੇਨ ਵੱਖਰਾ ਦੇਸ਼ ਬਣ ਗਿਆ ਅਤੇ ਉਸ ਤੋਂ ਬਾਅਦ ਇਸ ਦੀ ਨੇੜਤਾ ਅਮਰੀਕਾ ਨਾਲ ਹੋ ਗਈ। ਅਮਰੀਕਾ ਨੇ ਵੀ ਰੂਸ ਨੂੰ ਘੇਰਨ ਲਈ ਯੂਕ੍ਰੇਨ ਦਾ ਸਹਾਰਾ ਲਿਆ, ਜਿਸ ਕਰਕੇ ਰੂਸ ਵੀ ਪੂਰੀ ਤਿਆਰੀ ਕਰਨ ਲੱਗਿਆ, ਜਿਸਦੇ ਨਤੀਜੇ ਵਜੋਂ ਇਹ ਜੰਗ ਸ਼ੁਰੂ ਹੋ ਗਈ। ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਦੀ ਹੁਣ ਜੋ ਸਥਿਤੀ ਪੈਦਾ ਹੋਈ ਹੈ, ਉਸ ਵਿੱਚ ਕੋਈ ਵੀ ਜੇਤੂ ਬਣਕੇ ਨਹੀਂ ਉਭਰ ਸਕਦਾ, ਅਸਲ ਵਿੱਚ ਇਸ ਜੰਗ ਵਿੱਚ ਸਾਰੀਆਂ ਧਿਰਾਂ ਹਾਰ ਗਈਆਂ ਹਨ- ਰੂਸ ਵੀ ਹਾਰ ਗਿਆ ਹੈ, ਯੂਕਰੇਨ ਵੀ ਹਾਰ ਗਿਆ ਹੈ ਅਤੇ ਪੱਛਮੀ ਖੇਮਾ ਵੀ ਹਾਰ ਗਿਆ ਹੈ। ਅੱਜ ਯੂਕਰੇਨ ਵਿੱਚ ਹੋ ਰਹੀ ਬੰਬਾਰੀ ਵਿੱਚ ਬੇਕਸੂਰ ਲੋਕ ਆਪਣੇ ਘਰਾਂ ਅਤੇ ਸ਼ਹਿਰਾਂ ਵਿੱਚ ਕੈਦ ਹਨ। ਬੇਸਹਾਰਾ ਔਰਤਾਂ, ਬਜ਼ੁਰਗ ਅਤੇ ਬੱਚੇ ਸ਼ਰਨਾਰਥੀ ਬਣ ਕੇ ਭੱਜ ਰਹੇ ਹਨ। ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਦਾ ਨਤੀਜਾ ਹੁਣ ਤੱਕ ਸਿਫ਼ਰ ਰਿਹਾ ਹੈ, ਇਸ ਦੇ ਬਾਵਜੂਦ ਦੋਵਾਂ ਧਿਰਾਂ ਵਿਚਾਲੇ ਜੰਗ ਜਾਰੀ ਹੈ। ਕੁਝ ਅਜਿਹੇ ਕਾਰਨ ਹੀ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਸ਼ੁਰੂ ਹੋਣ ਦੇ ਹਨ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਵਿੱਚ 37 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਸ ਜੰਗ ਦੇ ਬਹਾਨੇ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤਾ ਜਾ ਰਿਹਾ ਬੌਧਿਕ ਨਾਸ ਜਾਂ ਵਿਦਿਆ ਘਾਤ ਫਲਸਤੀਨੀ ਨਸਲਕੁਸ਼ੀ ਦਾ ਹੀ ਹਿੱਸਾ ਹੈ। ਹਮਲੇ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਗਾਜ਼ਾ ਵਿੱਚ 80% ਸਕੂਲ ਤਬਾਹ ਹੋ ਗਏ ਹਨ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਯੋਜਨਾਬੱਧ ਤਬਾਹੀ ਨੂੰ ਵਿੱਦਿਅਕ ਤਬਾਹੀ ਕਿਹਾ ਜਾ ਰਿਹਾ ਹੈ। 400 ਤੋਂ ਵੱਧ ਸਕੂਲ ਸਿੱਧੀ ਇਜ਼ਰਾਇਲੀ ਬੰਬਾਰੀ ਦਾ ਸ਼ਿਕਾਰ ਹੋਏ ਹਨ ਤੇ 56 ਸਕੂਲ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤੇ ਗਏ ਹਨ। ਯੂ. ਐੱਨ. ਦੀ ਰਿਪੋਰਟ ਮੁਤਾਬਕ 195 ਇਤਿਹਾਸਕ ਵਿਰਾਸਤੀ ਇਮਾਰਤਾਂ, 229 ਮਸਜਿਦਾਂ, 3 ਚਰਚ, 13 ਲਾਈਬਰੇਰੀਆਂ, ਲੈਬਾਂ, ਮੁਰਦਾਘਾਟ ਤੇ ਕੁਝ ਕੇਂਦਰੀ ਪੁਰਾਲੇਖ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗਾਜ਼ਾ ਦੇ 24 ਵੱਡੇ ਹਸਪਤਾਲ ਵੀ ਤਬਾਹ ਹੋ ਗਏ ਹਨ। 

 ਜੰਗ ਇੱਕ ਕੁਸੈਲੀ ਹਕੀਕਤ ਹੁੰਦੀ ਹੈ, ਜਿਸ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਧਿਰਾਂ ਦਾ ਨੁਕਸਾਨ ਹੁੰਦਾ ਹੈ, ਪਰ ਇਹਨਾਂ ਜੰਗਾਂ ਵਿੱਚ ਸਭ ਤੋਂ ਜ਼ਿਆਦਾ ਆਮ ਲੋਕ ਮਾਰੇ ਜਾਂਦੇ ਹਨ, ਜਿਹਨਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਇਸ ਤਰ੍ਹਾਂ ਵਿਸ਼ਵ ਵਿੱਚ ਪੁਰਾਤਨ ਸਮੇਂ ਤੋਂ ਹੀ ਮਨੁੱਖਤਾ ਦਾ ਘਾਣ ਹੁੰਦਾ ਆਇਆ ਹੈ। ਜੰਗ ਵਿੱਚ ਤਾਕਤਵਰ ਧਿਰਾਂ ਵੱਲੋਂ ਹਮੇਸ਼ਾਂ ਆਪਣੀਆਂ ਵਿਰੋਧੀ ਧਿਰਾਂ ਦੇ ਵਿਦਿਅਕ ਤੇ ਵਿਰਾਸਤੀ ਢਾਂਚੇ ਦੀ ਯੋਜਨਾਬੱਧ ਤਬਾਹੀ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਦੁਸ਼ਮਣ ਦੇਸ਼ ਦੀਆਂ ਮਹਿਲਾਵਾਂ ਨਾਲ ਬਲਾਤਕਾਰ ਕਰਕੇ ਉਸ ਦੇਸ਼ ਦੀ ਨਸਲ ਬਦਲਣ ਦੇ ਕੋਝੇ ਯਤਨ ਵੀ ਕੀਤੇ ਜਾਂਦੇ ਹਨ। 

 ਚਾਹੀਦਾ ਤਾਂ ਇਹ ਹੈ ਕਿ ਵਿਸ਼ਵ ਸ਼ਾਂਤੀ ਲਈ ਸਾਰੀਆਂ ਧਿਰਾਂ ਸੁਹਿੱਰਦ ਹੋ ਕੇ ਯਤਨ ਕਰਨ। ਇਹ ਠੀਕ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਜੰਗ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਂਤੀ ਲਈ ਕੁਝ ਯਤਨ ਕੀਤੇ ਜਾ ਰਹੇ ਹਨ ਪਰ ਇਹਨਾਂ ਯਤਨਾਂ ਨੂੰ ਵੱਡੇ ਪੱਧਰ ’ਤੇ ਕਰਨ ਦੀ ਲੋੜ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ,ਅਜਿਹਾ ਕੋਈ ਵੀ ਮਸਲਾ ਨਹੀਂ ਹੁੰਦਾ ਜੋ ਗੱਲਬਾਤ ਰਾਹੀਂ ਹੱਲ ਨਾ ਹੋ ਸਕੇ। ਇਸ ਕਰਕੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਿੱਚ ਸਾਰੀਆਂ ਧਿਰਾਂ ਨੂੰ ਆਪਣੇ ਮਸਲੇ ਮਿਲ ਬੈਠ ਕੇ ਹੱਲ ਕਰਨੇ ਚਾਹੀੇਦੇ ਹਨ।

 

ਸੰਪਾਦਕ