ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ
ਡੂੰਘੀ ਹੋ ਰਹੀ ਸੰਸਾਰ ਆਰਥਿਕ ਮੰਦੀ ਜਿਸ ਦੇ ਸੁਧਰਨ ਲਈ ਸੰਸਾਰ ਪੂੰਜੀਵਾਦੀ ਨਵਉਦਾਰਵਾਦ ਦੇ ਦਿਵਾਲੀਆਪਣ ਹਲ ਸਭ ਅਸਫਲ ਹੋ ਰਹੇ ਹਨ।
ਇਸ ਦੇ ਉਲੱਟ ਜੋ ਪ੍ਰੋਤਸਾਹਨ ਪੈਕਜ ਤਿਆਰ ਕੀਤੇ ਗਏ ਸਨ, ਉਹ ਕਾਰਪੋਰੇਟਰਾਂ ਵਲੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਅਤੇ ਨਵ-ਉਦਾਰਵਾਦੀ ਚਾਲ ਨੂੰ ਹੀ ਹੋਰ ਮਜ਼ਬੂਤ ਕਰ ਰਹੇ ਹਨ! ਸਗੋਂ ਗਲੋਬਲ ਕਰਜਾ ਵਧ ਕੇ 315-ਬਿਲੀਅਨਜ਼ (ਮਈ, 2024) ਤੱਕ ਪੁੱਜ ਗਿਆ ਹੈ (ਕੌਮਾਂਤਰੀ ਵਿਤੀ ਸੰਸਥਾ)। ਇਸ ਸੰਸਾਰ ਮੰਦੇ ਦਾ ਕੈਨੇਡਾ ‘ਤੇ ਵੀ ਦੁਰ-ਪ੍ਰਭਾਵ ਪੈ ਰਿਹਾ ਹੈ। ਘਰਾਂ ਦੀ ਸਮੱਸਿਆ ਜੋ 30-ਲੱਖ ਘਰਾਂ ਦੀ ਥੁੜ੍ਹ ਤਕ ਪੁੱਜ ਜਾਵੇਗੀ? 2050 ਤਕ ਵਿਕਾਸ ਦਰ ਵਾਧਾ 2.00-ਫੀਸਦ ਤਕ ਪੁੱਜਣ ਦੀ ਕੋਈ ਆਸ ਨਹੀਂ ਹੈ ! ਰੁਜ਼ਗਾਰ, ਪ੍ਰਵਾਸੀ ਲੋਕਾਂ ਲਈ ਸਹੂਲਤਾਂ, ਸਨਅਤੀ ਪੈਦਾਵਾਰ, ਕੀਮਤਾਂ ‘ਚ ਵਾਧਾ, ਕੱਚਾ ਮਾਲ ਸੂਚਕ ਕੀਮਤਾਂ, ਘਰਾਂ ਦੇ ਗੈਹਣੇ ਪੈਣ ਨਾਲ ਆਮ ਖਪਤਕਾਰ ਦੀ ਆਰਥਿਕਤਾ ‘ਤੇ ਪੈ ਰਹੇ ਪ੍ਰਭਾਵ ਇਹ ਸਭ ਕੈਨੇਡਾ ਅੰਦਰ ਉੱਚੀ ਮੁਦਰਾ ਸਫੀਤੀ ਕਾਰਨ ਸੁਸਤ-ਵਾਧਾ ਦਰ (DISMAL GROWTH ) ਦੇ ਲੱਛਣ ਹਨ ! ਭਾਵੇ ਜਸਟਿਨ ਟਰੂਡੋ ਦੀ ਲਿਬਰਲ ਘੱਟ ਗਿਣਤੀ ਦੀ ਸਰਕਾਰ ਜਿਸ ਨੂੰ ਐਨ.ਡੀ.ਪੀ. ਦਾ ਠੁੱਮਣਾ ਮਿਲਿਆ ਹੋਹਿਆ ਹੈ, ਦਾ ਕੈਨੇਡੀਅਨ ਲੋਕਾਂ ਨੂੰ ਇਸ ਸਾਲ ਦੇ ਬਜਟ ਵਿੱਚ ਦਿਤੇ ਲਾਰੇ ਅਤੇ ਰਿਆਇਤਾਂ, ‘ਕਿ ਭਲੇ ਦਿਨ ਆਉਣਗੇ ਅਜੇ ਕਾਗਜ਼ਾਂ ਵਿੱਚ ਹੀ ਖੁਸ਼ੀਆਂ ਵੰਡ ਰਹੇ ਹਨ।
ਅਮਲ ਵਿੱਚ ਕੈਨੇਡਾ ਇਕ ਵਿਕਸਤ ਪੂੰਜੀਵਾਦੀ ਯੂਰਪੀ ਬਸਤੀਵਾਦੀ ਸਾਮਰਾਜੀਆਂ ਵਲੋਂ ਵਿਕਸਤ ਕੀਤਾ ਦੇਸ਼ ਹੈ। ਕੈਨੇਡਾ ਸੰਸਾਰ ਦੀ ਆਰਥਿਕਤਾ ਅੰਦਰ ਉਪਰਲੇ ਰੁਤਬਿਆ ਵਾਲੀ ਥਾਂ ਰੱਖਦਾ ਹੈ। ਇਸ ਦੀ ਨੇੜਤਾ ਮੰਡੀਕਰਨ ਅਤੇ ਆਰਥਿਕ ਪ੍ਰਨਾਲੀ ਤੇ ਪੈਦਾਵਾਰੀ ਢੰਗ ਅਮਰੀਕਾ ਵਾਲਾ ਹੀ ਹੈ। ਇਹ ਨਾਟੋ ਦਾ ਭਾਈਵਾਲ ਅਤੇ ਪੱਛਮੀ ਦੇਸ਼ਾਂ ਨਾਲ ਸਭਿਅਕ ਤੌਰ ‘ਤੇ ਨੇੜੇ ਹੈ। ਇਹ ਦੁਨੀਆ ਦਾ ਖੇਤਰਫਲ ਵਿੱਚ, ‘ਰੂਸ ਦੇ ਬਾਅਦ ਦੂਸਰੀ ਥਾਂ ਰੱਖਦਾ ਹੈ ਤੇ ਇਸ ਦੀ ਆਬਾਦੀ 4-ਕਰੋੜ ਹੀ ਹੈ। ਇਥੋਂ ਦੇ ਮੂਲਵਾਸੀ ਜੋ ਇਸ ਦੇਸ਼ ਦੀ ਧਰਤੀ ਦੇ ਮਾਲਕ ਹਨ ਅਤਿ ਗਰੀਬੀ-ਗੁਰਬਤ ਵਿੱਚ ਹੀ ਜੀਅ ਰਹੇ ਹਨ ! ਕੈਨੇਡਾ ਪੂੰਜੀਵਾਦੀ ਉਦਾਰੀਵਾਦੀ ਆਰਥਿਕਤਾ ‘ਤੇ ਚਲਣ ਵਾਲਾ ਦੇਸ਼ ਹੈ। ਇਸ ਦਾ ਰਾਜਨੀਤਕ ਢਾਂਚਾ ਪਾਰਲੀਮਾਨੀ ਜਮਹੂਰੀਅਤ ਤਰਜ਼ ਵਾਲਾ ਹੈ। 1867 ਤੋਂ ਇਥੇ ਆਮ ਤੌਰ ‘ਤੇ ਦੋ ਪਾਰਟੀਆਂ ਲਿਬਰਲ ਅਤੇ ਕੰਜ਼ਰਵੇਟਿਵ (ਟੋਰੀ) ਪਾਰਟੀਆਂ ਦਾ ਹੀ ਬੋਲ-ਬਾਲਾ ਰਿਹਾ ਹੈ। ਕੈਨੇਡਾ ਦੀ ਆਰਥਿਕਤਾ ‘ਤੇ ਪੂੰਜੀਵਤੀਆਂ, ਕਾਰਪੋਰੇਟ ਘਰਾਣਿਆ ਦਾ ਹੀ ਰਾਜਸਤਾ ਤੇ ਦਬ-ਦਬਾ ਚੱਲਿਆ ਆ ਰਿਹਾ ਹੈ। ਜਮਾਤੀ ਤੌਰ ‘ਤੇ ਹੇਠਲਾ ਵਰਗ ਅਤੇ ਕਿਰਤੀ ਵਰਗ ਇਥੋ ਦੇ ਪੂੰਜੀਵਾਦੀ ਸ਼ੋਸ਼ਣ ਦੇ ਵਿਰੁੱਧ ਅਤੇ ਸਮਾਜਕ ਪ੍ਰੀਵਰਤਨ ਲਿਆਉਣ ਲਈ ਅੱਜੇ ਨਿਗਰ ਨਹੀ ਹਨ। ਹਾਂ ! ਸਰਕਾਰ ਉਹਨਾਂ ਨੂੰ ਜਿਊਣ ਜੋਗੀ ਸਹਾਇਤਾ ਦੇ ਕੇ ਪੈਰਾਂ ਤੇ ਖੜਾ ਰੱਖਦੀ ਹੈ ?
ਇਸ ਪਾਸੇ ਤਾਂ ਕੈਨੇਡਾ ਅੰਦਰ ਮੰਦਾ ਮਾਰੋ ਮਾਰ ਕਰਦਾ ਆ ਰਿਹਾ ਹੈ। ਜਿਸ ਲਈ ਉਚ ਵਿਆਜ ਦਰਾਂ ਜੋ ਬੈਂਕ ਆਫ ਕੈਨੇਡਾ ਨੇ ਹੁਣ 4.75 ਫੀਸਦੀ ਕਰ ਦਿੱਤੀਆਂ ਹਨ, ਜਿਹੜੀਆਂ 2001 ਤੋਂ ਬਾਦ ਸਭ ਤੋਂ ਟੀਸੀ ‘ਤੇ ਹਨ। ਪਰ ਦੂਸਰੇ ਪਾਸੇ ਘਰਾਂ ਦੇ ਮਾਲਕਾਂ, ਜਿਹਨਾਂ ਨੇ ਲੋਕਾਂ ਨੂੰ ਮਕਾਨ ਗੈਹਣੇ ਕਰਕੇ ਕਰਜ਼ੇ ਦਿੱਤੇ ਹਨ, ਹੁਣ ਬੈਂਕਾ ਵਲੋਂ ਹਰ ਸਮੇਂ ਵਿਆਜ ਦਰਾਂ ਵਧਾਈਆਂ ਜਾ ਰਹੀਆਂ ਕਿਸ਼ਤਾਂ ਦਾ ਭਾਰ ਵੱਧਣ ਨਾਲ, ਖਪਤਕਾਰ ਦੇ ਬਜਟ ਡਾਵਾਂਡੋਲ ਹੋ ਗਏ ਹਨ, ਸਰਕਾਰ ਦੀਆਂ ਇਨ੍ਹਾਂ ਨੀਤੀਆ ਕਾਰਨ ਜਿਥੇ ਖਪਤਕਾਰਾਂ ‘ਤੇ ਅਥਾਹ ਬੋਝ ਪੈ ਰਿਹਾ ਹੈ, ਉਥੇ ਲੈਣ ਦੇਣ ਅੰਦਰ ਸੰਕਟ ਆ ਰਿਹਾ ਹੈ (29-ਫਰਵਰੀ 2024 ਦੀ ਇਕ ਰਿਪੋਰਟ)। ਦੇਸ਼ ਅੰਦਰ ਵਸਤੂਆਂ ਦੀ ਪੈਦਾਵਾਰ ਘੱਟਣ ਕਾਰਨ ਤੇ ਮੰਗ ਵੱਧਣ ਕਾਰਨ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਕੈਨੇਡਾ ਅੰਦਰ ਕੌਮੀ ਭੰਡਾਰ ਤਾਂ ਹਨ ਅਤੇ ਵਿਭਿੰਨਤਾ ਵਾਲੀ ਆਰਥਿਕਤਾ ਵੀ ਹੈ। ਖਾਨਾਂ, ਸੋਨਾ, ਯੂਰੇਨੀਅਮ, ਜਿੰਕ, ਕੌਪਰ, ਨਿਕਲ, ਤੇਲ ਦੇ ਭਰਪੂਰ ਸੋਮੇ ਹਨ। ਪਰ ਅਸਿੱਧੇ ਤੌਰ ‘ਤੇ ਇਨ੍ਹਾਂ ਸੋਮਿਆ ‘ਤੇ 80-ਫੀ ਸਦ ਕਬਜਾ ਅਮਰੀਕਾ ਦੀਆਂ ਬਹੁ-ਕੌਮੀ ਕਾਰਪੋਰੇਸ਼ਨਾਂ ਦਾ ਹੈੈ। ਬੇਰੁਜ਼ਗਾਰੀ ਦਰ 6.10 ਫੀ ਸਦ ਪੁੱਜ ਗਈ ਹੈ ਜੋਸ ਪਿਛਲਿਆ ਮਹੀਨਿਆ ਦੌਰਾਨ 5.10 ਫੀ ਸਦ ਸੀ। ਖੁਰਾਕੀ ਵਸਤਾਂ ਦੀਆਂ ਕੀਮਤਾਂ 30.2 ਫੀ ਸਦ, ਕਰੀਮ ‘ਚ 30.9 ਫੀ ਸਦ , ਆਂਡਿਆ ‘ਚ 39.9 ਫੀ ਸਦ, ਚਿਕਨ ‘ਚ 17.5 ਫੀ ਸਦ, ਦੁੱਧ ‘ਚ 25.7 ਫੀ ਸਦ, ਦਹੀ ‘ਚ 27.1 ਫੀ ਸਦ ਵਾਧਾ ਅਤੇ ਗੈਸ ਦੀਆਂ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਹਨ !
ਭਾਵੇ ਟਰੂਡੋ ਸਰਕਾਰ ਜੋ ਘੱਟ ਗਿਣਤੀ ਵਿੱਚ ਹੈ ਅਤੇ ਜਿਸ ਨੂੰ ਠੁਮਣਾ ਐਨ.ਡੀ.ਪੀ. ਜੋ ਲਫ਼ਾਜੀ ਸਮਾਜਵਾਦੀ ਪਾਰਟੀ ਹੈ ਵਲੋਂ ਦੇ ਕੇ ਬਚਾਇਆ ਹੋਇਆ ਹੈ, ਪਰ ਦੋਨਾਂ ਦੀਆਂ ਆਰਥਿਕ ਨੀਤੀਆਂ ਕਾਰਪੋਰੇਟ ਪੱਖੀ ਹੀ ਹਨ। ਹਾਂ ! ਕਈ ਵਾਰ ਰਿਉੜੀਆਂ ਵੰਡ ਕੇ ਆਵਾਮ ਨੂੰ ਸੰਘਰਸ਼ਾਂ ‘ਚ ਪੈਣ ਤੋਂ ਰੋਕਦੀਆਂ ਹਨ। ਕੈਨੇਡਾ ਅੰਦਰ ਜੀਵਨ ਦੀਆਂ ਕਦਰਾਂ ਕੀਮਤਾਂ ਬੜੀ ਤੇਜ਼ੀ ਨਾਲ ਡਿਗ ਰਹੀਆਂ ਹਨ ‘ਤੇ ਪਿਛਲੇ ਚਾਰ-ਦਹਾਕਿਆ ਤੋਂ ਅੱਜ ਤਕ (-) 3.0 ਫੀ ਸਦ ਹੇਠਾਂ ਆ ਗਈਆਂ ਹਨ। ਬੈਂਕਿੰਗ ਸੇਵਾਵਾਂ ਵਿੱਚ ਉਚ ਵਿਆਜ ਦਰਾਂ ਜੋ ਪਲ ਪਲ ‘ਤੇ ਵਧਾਈਆ ਜਾ ਰਹੀਆਂ ਹਨ। ਮਕਾਨਾਂ ਦਾ ਮਾਰਟਗੇਜ਼ ਲੋਕਾਂ ਦਾ ਕਈ ਦਹਾਕਿਆ ਤਕ ਖੂਨ ਚੂਸਦਾ ਰਹਿੰਦਾ ਹੈ। ਕਰੈਡਿਟ ਕਾਰਡ ਦਾ ਫੰਦਾ ਪਿਛਾ ਨਹੀਂ ਛੱਡਦਾ ਹੈ। ਮਕਾਨਾਂ ਦਾ ਮਾਰਟਗੇਜ਼ ਮਹਿੰਗਾ ਹੋਣ ਕਰਕੇ ਆਮ ਕੈਨੇਡੀਅਨ ਹੁਣ ਮਕਾਨ ਵੀ ਨਹੀਂ ਖਰੀਦ ਸਕਦਾ ਹੈ। ਚਾਰ ਕੈਨੇਡੀਅਨਾਂ ਵਿਚੋਂ ਤਿੰਨਾਂ ਨੇ ਮਹਿੰਗਾਈ ਕਾਰਨ ਅਤੇ ਦਸ ਵਿੱਚੋਂ ਤਿੰਨ ਨੇ ਮਕਾਨ ਖਰੀਦਣ ਤੋਂ ਅਸਮਰਥਾ ਪ੍ਰਗਟਾਈ ਹੈ ? 2022 ਤੋਂ ਹੁਣ ਤਕ 44-ਫੀ ਸਦ ਮਕਾਨਾਂ ਦੀ ਥੁੜ ਪਾਈ ਗਈ ਤੇ 500 ਡਾਲਰ ਦਾ ਲੋਕਾਂ ਤੇ ਹੋਰ ਵਾਧੂ ਬੋਝ ਪਿਆ ਹੈ। ਮਕਾਨਾਂ ਦੀਆ ਵੱਧੀਆਂ ਕੀਮਤਾਂ ਕਾਰਨ ਮੁਦਰਾ-ਸਫੀਤੀ ਦਰ 4.8 ਫੀ ਸਦ ਵੱਧੀ ਹੈ। ਕੈਨੇਡਾ ਦੀ ਆਰਥਿਕਤਾ ਨੂੰ ਵੱਡੀ ਢਾਅ ਜੋ ਮੁਦਰਾ-ਸਫੀਤੀ ਰਾਹੀਂ ਹੀ ਲਗ ਰਹੀ ਹੈ।
ਕੈਨੇਡਾ ਦੇ ਅੰਕਾਂ ਵਿਭਾਗ ਦੀ ਆਰਥਿਕ ਰਿਪੋਰਟ ਜਨਵਰੀ, 2024 ਅਨੁਸਾਰ ਘਰੇਲੂ ਕੁਲ ਪੈਦਾਵਾਰ ਵਾਧਾ (ਜੀ.ਡੀ.ਪੀ.) ਮੁਢਲੀਆ ਕੀਮਤਾਂ ‘ਤੇ ਕੇਵਲ 0.6-ਫੀਸਦ ਹੀ ਨੋਟ ਕੀਤਾ ਗਿਆ ਹੈ, (ਸਲਾਨਾ ਦਰ 7.4-ਫੀਸਦ)। ਇਸ ਤੋਂ ਪਹਿਲਾ ਐਸਟੀਮੇਟ 0.4-ਫੀ ਸਦ ਵਾਧਾ (ਫਰਵਰੀ ‘ਚ 4.9-ਫੀ ਸਦ ਸਲਾਨਾ) ਅੰਕਿਆ ਸੀ। ਇਹ ਹੁਣ ਦਰਸਾਉਂਦਾ ਹੈ ਕਿ ਕੈਨੇਡਾ ‘ਚ ਮੰਦਾ ਪਨਪ ਰਿਹਾ ਹੈ। ਭਾਵੇਂ ਸਰਕਾਰ ਇਹ ਕਹਿ ਰਹੀ ਹੈ ਮੰਦਾ ਟਲ ਜਾਵੇਗਾ। (DELOTTE)। ਪਰ ਇਹ ਹਾਲਾਤ ਵਿਆਜ ਦਰਾਂ ਘਟਾਉਣ ਲਈ ਪੈ ਰਹੇ ਦਬਾਅ ਕਾਰਨ ਹੀ ਹੋਣਗੇ। (ਇਕ ਰਿਪੋਰਟ ਅਪ੍ਰੈਲ, 2024)। ਪਿਛਲੇ ਮੰਦਵਾੜੇ ਦੌਰਾਨ ਕੈਨੇਡਾ ਦੀ ਜੀ.ਡੀ.ਪੀ. 3.3 ਫੀਸਦ ਤੋਂ ਘੱਟ ਕੇ 3.00-ਫੀ ਸਦ ਰਹਿ ਗਈ ਸੀ ! ਇਹ ਵਿਕਾਸ ਦਰ 1980 ਤੋਂ 1990 ਤੋਂ ਖਿਸਕਦੀ 2.2-ਫੀ ਸਦ ਤੋਂ ਘੱਟ ਕੇ 1.9-ਫੀ ਸਦ ਪੁੱਜ ਗਈ ਸੀ। ਐਮਰਜੈਂਸੀ ਫੰਡ ਅਤੇ ਕਰਜੇ ‘ਤੇ ਵੱਧੇ ਵਿਆਜ ਦੇ ਭੁਗਤਾਨ ‘ਤੇ ਰੋਕ ਨਾਲ ਹੀ ਘੇਰੇ ‘ਚ ਰਿਹਾ ਜਾ ਸਕਦਾ ਹੈ।ਕੈਨੇਡਾ 1981-82 ਤੋਂ 1990-91 ਤਕ ਭਿਆਨਕ ਮੰਦੇ ਦਾ ਸ਼ਿਕਾਰ ਰਿਹਾ ਹੈ। ਜਦ ਕੈਨੇਡਾ ਦੀ ਜੀ.ਡੀ.ਪੀ. 0.7-ਫੀ ਸਦ ਤਕ ਹੇਠਾਂ ਆ ਗਈ ਸੀ। ਇਹ ਲੱਛਣ ਪੂੰਜੀਵਾਦੀ ਵਿਕਾਸ ਵਾਲੀਆਂ ਉਦਾਰੀਵਾਦੀ ਆਰਥਿਕ ਨੀਤੀਆ ਦੇ ਸਿੱਟੇ ਦਾ ਹੀ ਨਤੀਜਾ ਹਲ।
ਕੈਨੇਡਾ ਅੰਦਰ ਮੰਦੇ ਦਾ ਕਾਰਨ ਕਾਰਪੋਰੇਟ ਘਰਾਣਿਆਂ ਨੂੰ ਦਿਤੀਆਂ ਖੁਲ੍ਹੀਆ ਛੋਟਾਂ, ਉਹਨਾਂ ਨੂੰ ਕਾਰਪੋਰੇਟ ਟੈਕਸਾਂ ਵਿੱਚ ਮਿਲ ਰਹੀਆਂ ਰਿਆਇਤਾਂ ਅਤੇ ਹਾਊਸ ਹੋਲਡ ਮਾਲਕਾਂ ਨੂੰ ਵਾਧੂ ਮਕਾਨਾਂ ਦੀ ਵੇਚ ਤੋਂ ਰੋਕ ਕਾਰਨ ਪੂੰਜੀ ਦਾ ਵਹਾ ਮੰਡੀ ਵਲ ਨਾ ਆਉਣਾ, ਨਾ ਪੂੰਜੀ ਦਾ ਨਿਵੇਸ਼ ਹੋ ਰਿਹਾ ਅਤੇ ਨਾ ਹੀ ਖਪਤਕਾਰਾਂ ਦੀਆਂ ਜੇਬਾਂ ‘ਚ ਡਾਲਰ ਆ ਰਹੇ ਹਨ। ਕੰਮ ਮਿਲ ਨਹੀਂ ਰਿਹਾ ਹੈ। ਦੂਸਰੇ ਪਾਸੇ ਕੈਨੇਡਾ ਅੰਦਰ ਮਿਡਲ ਕਲਾਸ ਅੰਦਰ ਮੁਕਾਬਲੇਬਾਜ਼ੀ ਨਿਯਮ, ਟੈਕਸਾਂ ਦੀਆਂ ਭਾਰੀ ਦਰਾਂ ਦਾ ਬੋਝ, ਆਮ ਲੋੜੀਦੀਆਂ ਜ਼ਰੂਰੀ ਵਸਤਾਂ ਤੇ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾ ਦਾ ਅਸਮਾਨੀ ਚੜਨਾ। ਵੱਧੇ ਸਰਵਿਸ ਖੇਤਰ ਦੇ ਖਰਚੇ ਅਤੇ ਤਰ੍ਹਾਂ-ਤਰ੍ਹਾਂ ਦੇ ਟੈਕਸਾਂ ਦਾ ਬੋਝ ਪੈਣ ਕਾਰਨ ਹੇਠਲੇ ਵਰਗ ‘ਤੇ ਪੈ ਰਹੇ ਜ਼ਿੰਦਗੀ ਢੋਣ ਦੇ ਇਨ੍ਹਾਂ ਖਰਚਿਆਂ ਕਾਰਨ ਹਰ ਨਾਗਰਿਕ ਮਹਿੰਗਾਈ ਕਾਰਨ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ। ਜਿਹੜੇ ਕੈਨੇਡੀਅਨ ਖਾਸ ਕਰਕੇ ਪ੍ਰਵਾਸ ਕਰਕੇ ਆਏ ਲੋਕ ਪਹਿਲਾ ਕੈਨੇਡਾ ਅੰਦਰ ਝਾੜੂਆ ਨਾਲ ਡਾਲਰ ਇਕੱਠੇ ਕਰਨ ਦੀਆਂ ਗੱਲਾਂ ਸਥਾਂ ਵਿੱਚ ਕਦੀ ਕਰਦੇ ਹਨ, ਉਹ ! ਅੱਜ ਕਹਿ ਰਹੇ ਹਨ ਕਿ ਹੁਣ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ! ਜੋ ਇਕ -ਦਹਾਕੇ ਹੀ ਪਹਿਲਾ ਆਏ ਸਨ ਹੁਣ ਕਹਿ ਰਹੇ ਹਨ ਕਿ ਵਾਪਸ ਮੁੜਨਾ ਹੀ ਚੰਗਾ ਹੈ। ਪਰ ਪ੍ਰਵਾਸ ਦਾ ਕਰੇਜ਼ ਉਹਨਾਂ ਦਾ ਪਿਛਾ ਨਹੀਂ ਛੱਡ ਰਿਹਾ ਹੈ। ਇਸ ਵੇਲੇ ਪ੍ਰਵਾਸ ਤੇ ਪ੍ਰਵਾਸੀ ਇਕ ਵੱਡੀ ਸਮੱਸਿਆ ਹੈ।
ਕੈਨੇਡਾ ਦੇ ਅੰਕੜਾ ਵਿਭਾਗ ਦੀ ਇਕ ਹੋਰ ਤਾਜ਼ਾ ਆਰਥਿਕ ਰਿਪੋਰਟ ਅਨੁਸਾਰ ਭਾਵੇਂ ਆਰਥਿਕਤਾ ਨੂੰ 2023 ਦੀ ਚੌਥੀ ਤਿਮਾਹੀ ਤੋਂ ਹੀ ਖੋਰਾ 3.5-ਫੀ ਸਦ ਦਿਸਣ ਲੱਗਣਾ ਸ਼ੁਰੂ ਹੋ ਗਿਆ ਹੈ ਸੀ। ਪਰ ਸਰਕਾਰ ਨੇ ਹਾਲਤ ਕੁਝ ਹੱਦ ਤਕ ਸੁਧਰਨ ਦੀ ਗੱਲ ਬਜਟ ਵਿੱਚ ਵੀ ਕਹੀ ਹੈ। ਪਰ ਸਾਲ 2024 ਦੌਰਾਨ ਤਕਨੀਕੀ ਤੌਰ ‘ਤੇ ਮੰਦਾ ਅੱਜੇ ਵੀ ਸਾਹਮਣੇ ਖੜਾ ਹੈ। ਮੁਦਰਾ-ਸਫੀਤੀ ਦਰ ਪਿਛਲੇ 30-ਸਾਲਾਂ ਤੋਂ ਵੱਧ ਕੇ 4.8-ਫੀ ਸਦ ਪਾਈ ਗਈ ਹੈ। ਮਕਾਨਾਂ ਦੀ ਥੁੜ ਧੁਰ ਚੋਟੀ ਤੇ ਪੁੱਜ ਗਈ ਹੈ। ਮਾਰਟਗੇਜ਼ ਵਿਆਜ ਦਰ ਅਸਮਾਨੀ ਚੜ੍ਹ ਗਈ ਹੈ ਅਤੇ ਮਕਾਨਾਂ ਦੀਆਂ ਕੀਮਤਾਂ ਵੱਧਣ ਕਾਰਨ ਮਕਾਨ ਖਰੀਦਣਾ ਹੁਣ ਆਮਦ ਆਦਮੀ ਦੀ ਪਹੰੁਚ ਤੋਂ ਬਾਹਰ ਹੋ ਗਿਆ ਹੈ। ਇਹ ਸਮੱਸਿਆ ਅਜੇ ਛੇਤੀ ਖੱਤਮ ਨਹੀਂ ਹੋਵੇਗੀ ? ਸੈਲਟਰ-ਕਾਸਟ, ਕਿਰਾਏ ਅਤੇ ਬੇਸਮੈਂਟਾਂ ਦੀਆਂ ਵਿਆਜ ਦਰ੍ਹਾਂ ਵੱਧਣ ਕਾਰਨ ਸਮੁੱਚੇ ਕੈਨੇਡਾ ਅੰਦਰ ਮਕਾਨਾਂ ਦੀ ਥੁੜ ਪੈਦਾ ਹੋਈ ਸੀ। ਮਹਿੰਗਾਈ ਨੇ ਪਹਿਲਾ ਹੀ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ। ਜਿਸ ਕਾਰਨ ਕੈਨੇਡਾ ਦਾ ਹੇਠਲਾ ਵਰਗ, ਮੂਲਵਾਸੀ ਅਤੇ ਨਵੇਂ ਪ੍ਰਵਾਸ ਕਰਕੇ ਆਏ ਲੋਕਾਂ ‘ਤੇ ਕੋਵਿਡ-19 ਤੋਂ ਬਾਦ ਸਭ ਤੋਂ ਵੱਡੀ ਮਹਿੰਗਾਈ ਦੀ ਮਾਰ ਪਈ ਹੈ। ਜਿਸ ਦਰ ਨਾਲ ਮੁਦਰਾ-ਸਫੀਤੀ ਵੱਧ ਰਹੀ ਹੈ, ਜੇਕਰ ਮੁਦਾ ਸਫੀਤੀ ਨੂੰ ਖੋਰਨ ਲਈ ਵਾਜਬ ਕਦਮ ਨਾ ਚੁੱਕੇ ਗਏ ਤਾਂ ਇਹ ਜੂਨ, 2024 ਤਕ 8-ਫੀ ਸਦ ਤਕ ਪੁਜ ਜਾਵੇਗੀ।
ਟਰੂਡੋ ਸਰਕਾਰ ਨੇ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਸਾਲ, 2024 ਦੇ ਬਜਟ ‘ਚ ਮਨੁੱਖੀ ਸਹਾਇਤਾ ਦੇ ਨਾਂ ਹੇਠ 350 ਮਿਲਅਨ ਡਾਲਰ ਦੋ ਸਾਲਾਂ ਲਈ ਰੱਖੇ ਹਨ। ਪਰ ਜਿਸ ਰੇਟ ਨਾਲ ਮਹਿੰਗਾਈ ਵਧ ਰਹੀ ਹੈ, ਬੇਰੁਜ਼ਗਾਰੀ ਫੈਲ ਰਹੀ ਹੈ, ਵਿਆਜ ਦਰ੍ਹਾਂ ‘ਚ ਹੋਇਆ ਬੇ-ਤਿਹਾਸ਼ਾ ਵਾਧਾ, ਇਹ ਨਿਗੂਣੀ ਰਾਹਤ ਊਠ ਤੋਂ ਛਾਣਨੀ ਲਾਹੁਣ ਬਰਾਬਰ ਹੈ।(Rates DOT CA AND BNN BLOOM Berg)। ਕੈਨੇਡਾ ਦੀ ਮੌਜੂਦਾ ਆਰਥਿਕਤਾ ਸਾਲ 2024 ਦੇ ਅੱਧ ‘ਚ ਪੁੱਜ ਗਈ ਹੈ । ਫਿਰ ਕਦੋਂ ਵਿਆਜ ਦਰਾਂ ਘੱਟ ਕਰਨ ਲਈ ਆਸ ਹੋਵੇਗੀ, ਫਿਰ ਕਦੋਂ ਮਕਾਨਾਂ ਦੀ ਮੰਡੀ ਵਿੱਚ ਮੰਦਾ ਰੁਕੇਗਾ ਅਤੇ ਮਹਿੰਗਾਈ ਹੇਠਾਂ ਆਵੇਗੀ, ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ ? ਕੈਨੇਡਾ ਅੰਦਰ ਮਕਾਨਾਂ ਦੀ ਥੁੜ ਅਤੇ ਅਸਮਾਨੀ ਪੁੱਜੀਆਂ ਵਿਆਜ ਦਰਾਂ ਕਰਕੇ ਹੀ ਮੁਦਰਾ-ਸਫੀਤੀ ਉਪਰ ਨੂੰ ਜਾ ਰਹੀ ਹੈ। ਮਕਾਨਾਂ ਦੀਆ ਕੀਮਤਾਂ ‘ਚ ਵਾਧਾ 4.8-ਫੀ ਸਦ ਹੋਇਆ ਹੈ, ਜੋ ਪਿਛਲੇ 30-ਸਾਲਾਂ ਵਿੱਚ ਸਭ ਤੋਂ ਵੱਧ ਹੈ। ਵਿਰੋਧੀ ਧਿਰ ਕਨਜ਼ਰਵੇਟਿਵ (ਟੋਰੀ ਪਾਰਟੀ) ਦੇ ਆਗੂ ਨੇ ਸੰਸਦ ਵਿੱਚ ਕਿਹਾ ਕਿ ਹਾਕਮ ਪਾਰਟੀ ਨੇ 400-ਬਿਲੀਅਨ ਦੇ ਨੋਟ ਛਾਪੇ ਹਨ ਤੇ ਮਕਾਨ-ਮੰਡੀ ਦਾ ਗੁਬਾਰਾ ਕਦੇ ਵੀ ਫੱਟ ਸਕਦਾ ਹੈ। ਭਾਵ ਸੰਕਟ ਹੋ ਵਧ ਸਕਦਾ ਹੈ ? ਰੀਅਲ ਐਸਟੇਟ ਕੈਨੇਡਾ ਦੀ ਆਰਥਿਕਤਾ ਵਿੱਚ ਇਕ ਵੱਡਾ ਰੋਲ ਅਦਾ ਕਰਦਾ ਹੈ।
ਕੈਨੇਡਾ ਦੇ ਦੇਸ਼ ਜੋ ਕੁਦਰਤੀ ਤੌਰ ‘ਤੇ ਇਕ ਠੰਡਾ, ਜੰਗਲੀ ਅਤੇ ਝੀਲਾਂ ਵਾਲਾ ਸੁੰਦਰ ਦੇਸ਼ ਹੈ। ਇਥੋਂ ਦੇ ਮੂਲਵਾਸੀ ਜੋ ਇਸ ਦੀ ਧਰਤੀ ਦੇ ਅਸਲੀ ਵਸਨੀਕ ਅਤੇ ਮਾਲਕ ਹਨ, ਉਹਨਾਂ ਨੂੰ ਛੱਡ ਕੇ ਇਥੋਂ ਦੀ ਬਾਕੀ ਸਾਰੀ ਆਬਾਦੀ ਪ੍ਰਵਾਸ ਕਰਕੇ ਆਏ ਲੋਕਾਂ ਵਲੋਂ ਵਿਕਸਤ ਕੀਤੇ ਕੈਨੇਡਾ ਦੀ ਹੈ। ਇਸ ਦੇਸ਼ ਦੀ ਵੱਖੋ ਵੱਖ ਵਿਭਿੰਨਤਾ ਵਾਲੀ ਦਿੱਖ ਹੈ। ਮੁੱਖ ਧਰਮ ਇਸਾਈ ਅਤੇ ਹੋਰ ਧਰਮਾਂ ਤੇ ਬੋਲੀਆਂ ਤੋਂ ਬਿਨਾਂ ਇਥੇ ਮੁੱਖ ਦੋ ਕੌਮੀ ਅੰਗਰੇਜ਼ੀ ਅਤੇ ਫਰਾਂਸੀਸੀ ਬੋਲੀ ਬੋਲੀਆਂ ਜਾਂਦੀਆਂ ਹਨ। ਇਸ ਵੇਲੇ ਕੈਨੇਡਾ ਦੇ ਲੋਕਾਂ ਸਾਹਮਣੇ ਬੇਰੁਜ਼ਗਾਰੀ, ਮੁਦਰਾ-ਸਫੀਤੀ ਵੱਧਣ ਕਾਰਨ ਮਹਿੰਗਾਈ, ਮਕਾਨਾਂ ਦੇ ਲਏ ਕਰਜ਼ੇ ‘ਤੇ ਵੱਧ ਰਹੀਆ ਕਿਸ਼ਤਾਂ ਦਾ ਬੋਝ ਅਤੇ ਮਕਾਨ ਖਰੀਦਣ ਦੀਆਂ ਵੱਡੀਆਂ ਚੁਣੌਤੀਆ ਹਨ। ਜਿਨ੍ਹਾਂ ਕਾਰਨ ਆਬਾਦੀ ਦਾ ਇਕ ਬਹੁਤ ਵੱਡਾ ਹਿੱਸਾ ਤਨਾਅ, ਬੀ.ਪੀ. ਅਤੇ ਸ਼ੂਗਰ ਜਿਹੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਿਹਾ ਹੈ। ਕਿਉਂਕਿ ਅਜੇ ਕੈਨੇਡਾ ਅੰਦਰ ਸਮਾਜਕ-ਆਰਥਿਕ ਤਬਦੀਲੀ ਜੋ ਲੋਕਾਂ ਨੂੰ ਮੁਕਤੀ ਦਿਵਾ ਸੱਕੇ, ਦੀ ਕੋਈ ਸੰਭਾਵਨਾ ਨਹੀਂ ਹੈ ? ਲੋਕ ਪੱਖੀ ਬਦਲ ਕਿਵੇਂ ਆਵੇ ਇਥੋਂ ਦੀ ਕਿਰਤੀ ਜਮਾਤ ਸਾਹਮਣੇ ਇਕ ਮੁੱਖ ਸਵਾਲ ਹੈ ? ਭਾਵੇਂ ਆਬਾਦੀ ਦਾ ਵੱੜਾ ਹਿੱਸਾ ਤਬਦੀਲੀ ਤਾਂ ਚਾਹੁੰਦਾ ਹੈ, ਪਰ ਸਮਾਜਕ ਪ੍ਰੀਵਰਤਨ ਲਈ ਤਿਆਰ ਨਹੀਂ ਦਿਸਦਾ ਲਗਦਾ ਹੈ ! ਅੱਜੇ ਮੁਕਤੀ ਦੂਰ ਹੈ !
91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਹੁਸ਼ਿਆਰਪੁਰ
Email-jagdishchohka@gmail.com
Comments (0)