ਲੋਕਾਂ ਦਾ ਨਾਇਕ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ, ਤੇ ਅਮਰ ਸ਼ਹੀਦ ਕਾ:ਹੁਕਮ ਚੰਦ ਗੁਲਸ਼ਨ, ਨੂੰ ਸ਼ਰਧਾਂਜਲੀਆਂ

ਲੋਕਾਂ ਦਾ ਨਾਇਕ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ,  ਤੇ ਅਮਰ ਸ਼ਹੀਦ ਕਾ:ਹੁਕਮ ਚੰਦ ਗੁਲਸ਼ਨ, ਨੂੰ ਸ਼ਰਧਾਂਜਲੀਆਂ

15-ਫਰਵਰੀ ਸ਼ਰਧਾਂਜਲੀ ਸਮਾਗਮ ‘ਤੇ ਵਿਸ਼ੇਸ਼

ਮਨੁੱਖੀ ਸਮਾਜ ਅੰਦਰ ਵੱਡੀਆਂ ਤਬਦੀਲੀਆਂ ਦੇ ਵਾਹਕ ਬਣਨਾ, ਵਿਚਾਰਾਂ ਦੇ ਸਿਰਨਾਵੇਂ ਤੋਂ ਲੈ ਕੇ ਹਰ ਤਰ੍ਹਾਂ ਦੇ ਸੰਘਰਸ਼ਾਂ ਤੱਕ ਆਪਣੇ ਆਪ ਨੂੰ ਤਿਆਰ ਕਰਨ ਲਈ ਲਗਾਤਾਰ ਸੰਘਰਸ਼ਸ਼ੀਲ ਹੋਣਾ ਪੈਂਦਾ ਹੈ। ਸਮਾਜ ਅੰਦਰ ਭਵਿੱਖ ਦੇ ਵਾਰਸ ਬਣਨ ਲਈ ਖੁਦ ਨੂੰ ਕਈ ਵਾਰ ਤਿਲ-ਤਿਲ ਕਟਾਉਣਾ ਪੈਂਦਾ ਹੈ।ਇਤਫਾਕੀਆਂ ਇਕ ਵਿਦਿਆਰਥੀ ਬਣ ਕੇ ਦੇਸ਼ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਭਵਿੱਖੀ ਯੋਜਨਾ ਤੈਅ ਕਰਕੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਲਈ ਅੱਗ ਨਾਲ ਖੇਡਣਾ ਵੀ ਹੁੰਦਾ ਹੈ।ਹਰ ਤਰ੍ਹਾਂ ਦੀਆਂ ਰੋਕਾਂ ਨੂੰ ਪਾਰ ਕਰਕੇ ਸਮਾਜਕ ਪ੍ਰੀਵਰਤਨ ਲਈ ਇਕ ਰੌਸ਼ਨੀ ਨੂੰ ਵਿਕਸਿਤ ਕਰਨਾ ਹੁੰਦਾ ਹੈ। ਜਿਹੜੀ ਰੋਸ਼ਨੀ ਲੋਕਾਂ ਨੂੰ ਚਾਨਣ ਦੇ ਕੇ ਇਕ ਬਰਾਬਰਤਾ ਵਾਲੇ ਸਮਾਜ ਅੰਦਰ ਬਰਾਬਰ ਦਾ ਭਾਈਵਾਲ ਬਣਾਉਣ ਲਈ ਹੋਵੇ! ਉਹ ਸਮਾਜ ਜਿਥੇ ਲੋਕਾਈ ਦੀਆਂ ਹਰ ਤਰ੍ਹਾਂ ਦੁਸ਼ਵਾਰੀਆਂ, ਦੁੱਖ, ਜ਼ੁਰਮ ਅਤੇ ਝਗੜਿਆਂ ਦਾ ਖਾਤਮਾ ਹੋਵੇ। ਉਹ ਸਮਾਜ ਜਿਥੇ ਸਭ ਨੂੰ ਬਰਾਬਰਤਾ, ਸਤਿਕਾਰ, ਪਿਆਰ ਅਤੇ ਭਰਾਤਰੀ-ਭਾਵ ਮਿਲੇ। ਇਸ ਸਮਾਜ ਦੀ ਉਸਾਰੀ ਲਈ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ ਅਤੇ ਉਨ੍ਹਾਂ ਦੇ ਸਾਥੀ ਪੰਡਤ ਹੁਕਮ ਚੰਦ ਗੁਲਸ਼ਨ ਜੀ ਸਾਰੀ ਜ਼ਿੰਦਗੀ ਜੂਝਦੇ ਰਹੇ। ਅੱਗੇ ਵੱਧਣ ਲਈ ਸਮਾਜ ਅੰਦਰ ਕੁਰਬਾਨੀ ਦੇ ਅਗਨੀ ਦਰਿਆ ਨੂੰ ਪਾਰ ਕਰਨ ਲਈ ਲਾਮਬੰਦ ਹੋਏ।ਉਹ ਜੂਝਦੇ ਹੋਏ ਅਤੇ ਭਵਿੱਖ ਦੇ ਸਿਰਜਣਹਾਰੇ ਕਿਰਤੀਆਂ ਕਿਸਾਨਾਂ ਸੰਗ ਆਖਰੀ ਦਮਾਂ ਤਕ ਅੱਗੇ ਵੱਧਣ ਦਾ ਹੋਕਾ ਦੇ ਕੇ, 15-ਫਰਵਰੀ 1987 ਨੂੰ ਸਾਥੀ ਧੂਤ ਜੀ ਅਤੇ 20-ਫਰਵਰੀ ਨੂੰ ਸਾਥੀ ਗੁਲਸ਼ਨ ਜੀ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕਰਦੇ ਖਾਲਿਸਤਾਨੀ-ਦਹਿਸ਼ਤਗਰਦਾਂ ਦੇ ਕਮੀਨੇ-ਬੁਜ਼ਦਿਲੇ ਮਨਸੂਬਿਆਂ ਹੱਥੋ ਸ਼ਹੀਦ ਹੋ ਕੇ ਅਮਰ ਹੋ ਗਏ।

          ਸਾਥੀ ਚੰਨਣ ਸਿੰਘ ਧੂਤ ਜੀ ਇਕ ਵਧੀਆ ਇਨਸਾਨ ਜਿਸ ਨੇ ਦੇਸ਼ ਅੰਦਰ ਲੋਕਾਂ ਦੀਆਂ ਦੁਸ਼ਵਾਰੀਆਂ ਦੇ ਖਾਤਮੇ ਲਈ 53-ਵਰ੍ਹਿਆਂ ਤੋਂ ਵੱਧ ਇਕ ਰਾਜਸੀ ਕਾਰਕੁਨ ਵੱਜੋਂ, ‘ਉਹ ਵੀ ਇਕ ਕਮਿਊਨਿਸਟ ਵਜੋਂ, ‘ਸਾਰੀ ਜ਼ਿੰਦਗੀ ਸੰਘਰਸ਼ਾਂ ਵਾਲਾ ਜੀਵਨ, ਬੇ-ਲਾਗ ਜੀਵਿਆ ਹੋਵੇ, ਉਹ ਕੋਈ ਸਾਧਾਰਨ ਜੀਵਨ ਨਹੀਂ ਹੁੰਦਾ ਹੈ। ਵਿਦਿਆਰਥੀ ਜੀਵਨ ਤੋਂ ਹੀ ਦੇਸ਼ ਦੀ ਆਜ਼ਾਦੀ ਲਈ ਕੌਮੀ ਮੁਕਤੀ ਅੰਦਲੋਨਾਂ ਵਿੱਚ ਸ਼ੁਰੂਆਤ ਕਰਕੇ, ‘ਪਹਿਲਾ ਬਰਤਾਨਵੀ ਬਸਤੀਵਾਦੀ ਸਾਮਰਾਜ ਵਿਰੁੱਧ, ਕਪੂਰਥਲਾ ਰਾਜਾਸ਼ਾਹੀ ਦੇ ਲੋਕ ਵਿਰੋਧੀ ਕੁਕਰਮਾਂ ਅਤੇ ਆਜ਼ਾਦੀ ਬਾਦ ਆਰਥਿਕ ਅਸਮਾਨਤਾਂ ਵਿਰੁਧ ਸਤਾ `ਤੇ ਕਾਬਜ਼ ਲੋਕ ਵਿਰੋਧੀ ਪੂੰਜੀਪਤੀਆਂ ਪੱਖੀ ਹਾਕਮਾਂ ਵਿਰੁਧ ਬੜੀ ਬੇ-ਕਿਰਕੀ ਨਾਲ ਆਵਾਜ਼ ਉਠਾਈ। ਲੋਕਾਂ ਨੂੰ ਇਕ ਮੁਠ ਕਰਨ ਲਈ ਅਥਾਹ ਸੰਘਰਸ਼ ਕੀਤੇ। ਜਦੋਂ ਦੇਸ਼ ਦੀ ਏਕਤਾ-ਅਖੰਡਤਾ ਵਿਰੁੱਧ ਸਾਮਰਾਜੀ ਸੋਚ ਰੱਖਣ ਵਾਲੇ ਅਨਸਰਾਂ ਤੋਂ ਖਤਰਾ ਪੈਦਾ ਹੋਇਆ ਤਾਂ ਦੇਸ਼ ਅੰਦਰ ਫਿਰਕੂ ਏਕਤਾ ਨੂੰ ਕਾਇਮ ਰੱਖਣ ਲਈ ਉਹ ਅੱਗੇ ਆ ਕੇ ਲਾਸਾਨੀ ਸ਼ਹਾਦਤ ਦੇਣ ਤੋਂ ਵੀ ਕਾਮ: ਚੰਨਣ ਸਿੰਘ ਧੂਤ ਪਿਛੇ ਨਹੀਂ ਹੱਟਿਆ।ਆਜ਼ਾਦੀ ਬਾਦ ਧੂਤ ਜੀ ਦੀਆਂ ਦੇਸ਼ ਸੇਵਾ ਪੱਖੋ ਕੀਤੀਆਂ ਸੇਵਾਵਾਂ ਉਸ ਨੂੰ ਰਾਜ-ਭਾਗ ਵਿੱਚ ਸ਼ਾਮਲ ਹੋਣ ਲਈ ਪਦਾਰਥਕ ਲਾਭ, ਸੁਖ ਆਰਾਮ ਅਤੇ ਰੁਤਬਿਆਂ ਜਿਹੇ ਲਾਲਚ ਵੀ ਝੁਕਾ ਨਹੀਂ ਸੱਕੇ।ਉਹ ਬਾਕੀ ਮੌਕਾ-ਪ੍ਰਸਤ ਬੁਰਜੁਆਂ ਸੋਚ ਵਾਲੀਆਂ ਪਾਰਟੀਆਂ ਦੇ ਆਗੂਆਂ ਵਾਂਗ ਰਾਜ ਭਾਗ ਵਿੱਚ ਸ਼ਾਮਲ ਹੋ ਸਕਦੇ ਸਨ ਤੇ ਹਰ ਤਰ੍ਹਾਂ ਦਾ ਸੁਖ-ਆਰਾਮ ਵੀ ਪ੍ਰਾਪਤ ਕਰ ਸਕਦੇ ਸਨ। ਪਰ! ਉਹ ਕਿਹਾ ਕਰਦੇ ਸਨ, ‘ਕਿ ਮੇਰਾ ਤਨ, ਮਨ ਅਤੇ ਜੀਵਨ-ਪੂੰਜੀ ਕਮਿਊਨਿਸਟ ਪਾਰਟੀ ਦੇ ਹਵਾਲੇ ਹੈ। ਸਾਲ 1936 ਨੂੰ ਜਦੋਂ ਚੰਨਣ ਸਿੰਘ ਧੂਤ ਨੇ ਕਮਿਊਨਿਸਟ ਪਾਰਟੀ ਦਾ ਫਾਰਮ ਭਰਿਆ ਸੀ ਤਾਂ ਉਸ `ਤੇ ਦਸਤਖਤ ਖੂਨ ਨਾਲ ਕਰਕੇ ਉਪਰੋਕਤ ਪ੍ਰਣ ਲਿਆ ਸੀ, ਜੋ ਉਸ ਨੇ ਆਪਣੀ ਸ਼ਹਾਦਤ ਤਕ ਨਿਭਾਇਆ ਤੇ ਕੌਲ ਪਕਾਇਆ।

          ਚੰਨਣ ਸਿੰਘ ਧੂਤ 1912 ਨੂੰ ਪਿੰਡ ਧੂਤਕਲਾਂ (ਕਪੂਰਥਲਾ ਰਿਆਸਤ) ਹੁਣ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਤਾ ਮਾਨ ਕੌਰ ਅਤੇ ਪਿਤਾ ਬਸੰਤ ਸਿੰਘ ਦੇ ਘਰ ਪੈਦਾ ਹੋਏ। ਧੂਤ ਜੀ ਹੋਣਾਂ ਪ੍ਰਾਇਮਰੀ ਸਿਖਿਆ ਅੰਬਾਲਾ-ਜੱਟਾਂ, 8-ਵੀਂ ਭੂੰਗਾ ਅਤੇ 10-ਵੀਂ ਖਾਲਸਾ ਹਾਈ ਸਕੂਲ ਗੜ੍ਹਦੀਵਾਲਾ ਤੋਂ ਪਾਸ ਕੀਤੀ।ਇਨ੍ਹਾਂ ਦੇ ਪਿਤਾ ਪਨਾਮਾ ਦੇਸ਼ `ਚ ਰੁਜ਼ਗਾਰ ਲਈ ਪ੍ਰਵਾਸ ਕਰ ਗਏ ਹੋਏ ਸਨ। ਚੰਨਣ ਸਿੰਘ ਨੂੰ ਪਹਿਲੀ ਕ੍ਰਾਂਤੀਕਾਰੀ ਗੁੜਤੀ ਘਰੋਂ ਹੀ (ਬਾਬਾ-ਚਾਚਾ) ਬਾਬਾ ਕਰਮ ਸਿੰਘ ਧੂਤ (ਗਦਰੀ ਅਤੇ ਬਾਦ `ਚ ਪਰਜਾ ਮੰਡਲ ਲਹਿਰ ਦੇ ਆਗੂ) ਪਾਸੋਂ ਮਿਲੀ।ਅੱਗੋ ਖੱਬੇ ਪੱਖੀ ਚੇਤਨਾ ਦਾ ਜਾਗ ਵਿਦਿਆਰਥੀ ਜੀਵਨ ਦੌਰਾਨ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜਦਿਆ ਪ੍ਰੋ: ਵਰਿਆਮ ਸਿੰਘ ਦੀ ਸੰਗਤ ਨੇ ਪ੍ਰਵਾਨ ਚੜ੍ਹਾਇਆ। ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਉਸ ਵੇਲੇ ਸਿਆਸੀ ਸਰਗਾਮੀਆਂ ਦਾ ਕੇਂਦਰ ਸੀ, ਪੜ੍ਹਦਿਆਂ ਹੀ ਵਾਇਸਰਾਏ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ, “ਕਿ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਆਜ਼ਾਦੀ ਮੰਗਣੀ ਕੋਈ ਗੁਨਾਹ ਨਹੀ ਹੈ"?ਕਿਉਂਕਿ ਉਨ੍ਹਾਂ ਦੇ ਬਾਬਾ-ਚਾਚਾ ਕਰਮ ਸਿੰਘ ਧੂਤ ਜੂਹ-ਬੰਦ ਸਨ।

           ਇਸ ਪੱਤਰ ਤੋਂ ਹੀ ਧੂਤ ਦੀ ਪ੍ਰਤਿਭਾ ਅਤੇ ਧਾਰਨਾ ਬਾਰੇ ਦੂਰ-ਦਰਸ਼ੀ ਹੋਣ ਦਾ ਪਤਾ ਚਲਦਾ ਹੈ। ਕਾਲਜ ਦੀ ਪੜ੍ਹਾਈ ਛੱਡ ਕੇ ਕਪੂਰਥਲਾ ਰਾਜਾ ਦੇ ਕੁਕਰਮਾਂ ਵਿਰੁਧ, ‘ਮਾ: ਹਰੀ ਸਿੰਘ ਧੂਤ ਦੀ ਅਗਵਾਈ `ਚ ਚਲ ਰਹੀ ਕੇਂਦਰੀ ਜਿਮੀਦਾਰਾ-ਲੀਗ ਜੋ ਰਜਵਾੜਾਸ਼ਾਹੀ ਦੀਆਂ ਵਧੀਕੀਆਂ, ਲੋਕਾਂ ਤੇ ਪਾਏ ਜਾਂਦੇ ਟੈਕਸਾਂ ਦੇ ਬੋਝ ਘਟਾਉਣ ਅਤੇ ਇਲਾਕੇ `ਚ ਸੜਕਾਂ, ਸਕੂਲ ਅਤੇ ਹਸਪਤਾਲ ਖੋਲ੍ਹਣ ਲਈ  ਸ਼ੁਰੂ ਕੀਤੀ ਹੋਈ ਲਹਿਰ ਸੀ। ਉਸ ਵਿੱਚ ਚੰਨਣ ਸਿੰਘ ਧੂਤ ਵੀ ਸ਼ਾਮਲ ਹੋ ਗਿਆ। ਇਸ ਰਾਜਸੀ ਸਰਗਰਮੀ ਨੂੰ ਸਿਆਸੀ ਤੌਰ `ਤੇ ਉਨ੍ਹਾਂ ਨੂੰ “ਧੂਤ-ਗਰੁਪ`` ਵੱਜੋਂ ਮਾਨਤਾ ਪ੍ਰਾਪਤ ਹੋਈ ਅਤੇ ਸੰਘਰਸ਼ਾਂ ਦਾ ਸਦਕਾ ਵੱਡੀਆਂ ਜਿਤਾਂ ਪ੍ਰਾਪਤ ਵੀ ਕੀਤੀਆਂ। ਇਹ ਇਕ ਸਚਾਈ ਹੈ, ‘ਕਿ ਚੰਨਣ ਸਿੰਘ ਧੂਤ ਨੇ ਇਕ ਜੰਗਜ਼ੂ ਕਮਿਊਨਿਸਟ ਵੱਜੋ ਪਹਿਲਾ ਰਜਵਾੜਾ ਸ਼ਾਹੀ ਵਿਰੁਧ, ਫਿਰ ਕੌਮੀ ਮੁਕਤੀ ਅੰਦੋਲਨਾਂ ਵੇਲੇ ਬਰਤਾਨਵੀ ਬਸਤੀਵਾਦੀ ਸਾਮਰਾਜੀ ਗੋਰਾ ਹਾਕਮਾਂ ਅਤੇ ਆਜ਼ਾਦੀ ਬਾਦ ਲੋਕਾਂ ਲਈ ਆਰਥਿਕ ਆਜ਼ਾਦੀ, ਸਮਾਜਕ ਸਹੂਲਤਾਂ ਤੇ ਸਮਾਜਕ ਪ੍ਰੀਵਰਤਨ ਲਈ ਸੰਘਰਸ਼ਾਂ ਦੌਰਾਨ ਕੁੱਲ ਮਿਲਾ ਕੇ 8-ਸਾਲ ਤੋਂ ਵੱਧ ਸਮਾਂ ਕੈਦਾਂ ਕੱਟੀਆਂ।ਉਸ ਸਮੇਂ ਜੇਲ੍ਹਾਂ ਅੰਦਰ ਨਰਕੀ ਜੀਵਨ, ਭੁੱਖ ਹੜਤਾਲ ਤੇ ਨਜ਼ਰ-ਬੰਦੀਆਂ ਇਸ ਸਪਸ਼ਟਵਾਦੀ ਮਾਰਕਸਵਾਦੀ ਨੂੰ ਝੁਕਾਅ ਨਹੀਂ ਸਕੀਆਂ। ਸਗੋਂ ਉਹ ਖੁੱਦ ਅਤੇ ਬਾਕੀ ਸਾਥੀਆਂ ਨਾਲ ਅਡੋਲਤਾ, ਦ੍ਰਿੜ ਇਰਾਦੇ ਅਤੇ ਪੂਰੇ ਸਬਰ ਨਾਲ ਆਪਣੇ ਨਿਸ਼ਾਨੇ ਲਈ ਲੜਦੇ ਰਹੇ। ਉਹ ਇਨ੍ਹਾਂ ਟੈਸਟਾਂ `ਚ ਪਾਸ ਹੋ ਕੇ ਲੋਕਾਂ ਦੇ ਇਕ ਨਾਇਕ ਬਣ ਕੇ ਉਭਰੇ।`

          ਕਾਮ: ਚੰਨਣ ਸਿੰਘ ਧੂਤ ਦਾ ਜੀਵਨ ਇਕ ਮਿਸਾਲੀ ਜੀਵਨ ਸੀ। ਇਕ ਸੱਚੇ-ਸੁਚੇ ਕਮਿਊਨਿਸਟ ਵੱਜੋ, ‘1936 ਵੇਲੇ ਪਾਰਟੀ ਦਾ ਪ੍ਰਣ ਪੱਤਰ ਭਰਨ ਤੋਂ ਲੈ ਕੇ ਆਪਣੀ ਸ਼ਹਾਦਤ ਵਾਲੇ ਦਿਨ 15-ਫਰਵਰੀ, 1987 ਤੱਕ, ‘ਉਸ ਨੇ ਪੰਜਾਬ ਦੀ ਧਰਤੀ `ਤੇ ਇਨਸਾਫ ਲਈ ਉਠੇ ਹਰ ਲੋਕ ਸੰਘਰਸ਼ਾਂ ਦੀ ਸਫਲਤਾ ਲਈ, ਅੱਗੇ ਵੱਧ ਕੇ ਸੰਗਠਤ ਹੋ ਕੇ ਮੋਹਰਲੀਆਂ ਕਤਾਰਾਂ `ਚ ਖੜ੍ਹ ਕੇ ਹਿੱਸਾ ਲਿਆ। ਰਾਜਵਾੜਾ-ਸ਼ਾਹੀ ਦੀਆਂ ਵਧੀਕੀਆਂ ਵਿਰੁੱਧ, ਕਿਸਾਨੀ ਮੋਰਚੇ, ਲਾਹੌਰ ਕਿਸਾਨ ਮੋਰਚਾ, ਬੀਤ ਦੇ ਮੁਜਾਰਿਆਂ ਦਾ ਅੰਦੋਲਨ, ਬੈਟਰਮੈਂਟ  ਲੇਵੀ ਵਿਰੁੱਧ, ਬਸ ਕਿਰਾਇਆ ਅੰਦੋਲਨ, ਪਾਰਟੀ ਦੇ ਅੰਦੋਲਨਾ ਅਤੇ ਇਲਾਕੇ ਦੇ ਸਥਾਨਕ ਮਸਲਿਆਂ ਦੇ ਹੱਲ ਲਈ ਲੋਕਾਂ ਦਾ ਨਾਇਕ ‘ਧੂਤ` ਪੂਰੇ ਜੁਝਾਰੂਪਣ ਨਾਲ ਸ਼ਾਮਲ ਹੁੰਦਾ ਰਿਹਾ। ਇਸੇ ਕਾਰਨ ਹੀ ਜਦੋਂ ਉਹ “ਯੋਹਲ ਕੈਂਪ" `ਚ ਰਾਜਸੀ ਕੈਦ ਵਿੱਚ ਸੀ ਤਾਂ ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਵੇਲੇ ਪੰਜਾਬ ਅਸੈਂਬਲੀ `ਚ 1952 ਨੂੰ ਹਲਕਾ ਟਾਂਡਾ ਦੇ ਲੋਕਾਂ ਨੇ ਉਸ ਨੂੰ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵੱਜਂੋ ਚੁਣ ਕੇ ਆਪਣਾ ਨੁਮਾਂਇੰਦਾ ਭੇਜਿਆ ਸੀ। ਉਹ ਇਕ ਵਧੀਆ ਪਾਰਲੀਮੈਂਟੇਰੀਅਨ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਉਭਾਰ ਕੇ ਅਸੈਂਬਲੀ ਅੰਦਰ ਲੋਕਾਂ ਦਾ ਪੱਖ ਠੋਕ ਵਜਾ ਕੇ ਰੱਖਣ ਵਾਲਾ ਬੁਲਾਰਾ ਸੀ। ਧੂਤ ਜੀ ਅਸੰਬਲੀ ਮੈਂਬਰ ਵੱਜੋਂ 5-ਸਾਲਾਂ ਦੇ ਇਸ ਕਾਰਜਕਾਲ ਦੌਰਾਨ ਉਠਾਏ ਮੱਸਲਿਆਂ, `ਤੇ ਲੋਕਾਂ ਦੇ ਹਿਤਾਂ ਲਈ ਆਵਾਜ਼ ਉਠਾਉਣ ਕਾਰਨ ਅੱਜ ਵੀ ਪੰਜਾਬ ਅਸੈਂਬਲੀ ਦੇ ਰਿਕਾਰਡ ਬੋਲ ਰਹੇ ਹਨ।ਉਨ੍ਹਾਂ ਦੇ ਲੋਕ ਪੱਖੀ ਇਹ ਬੋਲ ਅੱਜ ਵੀ ਅਸੈਂਬਲੀ `ਚ ਗੂੰਜਦੇ ਸੁਣੇ ਜਾ ਸਕਦੇ ਹਨ।ਗੜ੍ਹਦੀਵਾਲਾ-ਟਾਂਡਾ ਇਲਾਕੇ ਦੇ ਮੱਸਲਿਆਂ ਦੇ ਹਲ ਲਈ ਉਚੇਚਾ ਧਿਆਨ ਦਿੰਦੇ ਰਹੇ।

          ਕਾਮ: ਚੰਨਣ ਸਿੰਘ ਧੂਤ ਇਕ ਪਿੰਡ ਤੋਂ ਲੈ ਕੇ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਦੇ ਮਸਲਿਆਂ `ਤੇ ਮਾਰਕਸਵਾਦ ਨਾਲ ਲੈਸ ਹੋ ਕੇ, ‘ਪਹਿਲਾ ਸੀ.ਪੀ.ਆਈ. ਅਤੇ ਫਿਰ 1964 ਵਿੱਚ ਸੀ.ਪੀ.ਆਈ. (ਐਮ) ਦੇ ਇਕ ਵਫ਼ਾਦਾਰ ਸਿਪਾਹੀ ਵੱਜੋਂ ਲੋਕਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹਲ ਪੂਰੀ ਪਕੜ ਰੱਖਣ ਵਾਲੇ ਚਿੰਤਕ ਸਨ। ਉਹ ਪੂਰੀ ਬੌਧਿਕ ਤੇ ਸਿਧਾਂਤਕ ਸਮੱਰਥਾ ਨਾਲ ਪਾਰਟੀ ਅੰਦਰ ਆਪਣੀ ਰਾਏ ਰੱਖਦਾ ਸੀ। ਇਹੀ ਕਾਰਨ ਹੈ, ‘ਕਿ ਉਹ ਲੰਬਾ ਸਮਾਂ ਜ਼ਿਲ੍ਹਾ ਹੁਸ਼ਿਆਰਪੁਰ ਪਾਰਟੀ ਦਾ ਸਕੱਤਰ ਅਤੇ ਸ਼ਹੀਦੀ ਸਮੇਂ ਤਕ ਸੂਬਾ ਕਮੇਟੀ ਮੈਂਬਰ ਸੀ। ਮਾਰਕਸਵਾਦੀ ਸਿਧਾਂਤ ਬਾਰੇ ਮਜ਼ਬੂਤ ਪਕੜ ਕਾਰਨ ਉਹ ਪਾਰਟੀ ਅੰਦਰ ਹਰ ਤਰ੍ਹਾਂ ਦੇ ਕੁਹਾਹਿਆ ਵਿਰੁੱਧ ਬੇ-ਕਿਰਕੀ ਨਾਲ ਲੜਨ ਤੋਂ ਕਦੀ ਵੀ ਗੁਰੇਜ ਨਹੀਂ ਕਰਦਾ ਸੀ। ਪੰਜਾਬ ਅੰਦਰ ਪਣਪੇ ਸਾਮਰਾਜੀ-ਦਹਿਸ਼ਤਗਰਦੀ ਲਹਿਰ ਤੇ ਇਸ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਮਝਣ ਅਤੇ ਇਨ੍ਹਾਂ ਵਿਰੁੱਧ ਵਿਚਾਰ-ਧਾਰਕ ਅਤੇ ਜੱਥੇਬੰਦਕ ਢੰਗ ਨਾਲ ਝੰਡਾ ਚੁੱਕਣ ਲਈ ਪਾਰਟੀ ਦੀਆਂ ਮੂਹਰਲੀਆਂ ਕਤਾਰਾਂ `ਚ ਸ਼ਾਮਲ ਰਹੇ।‘ਖਾਲਿਸਤਾਨੀ ਦਹਿਸ਼ਤਗਰਦਾਂ ਨੇ ਜਦੋਂ ਉਹ 15 ਫਰਵਰੀ, 1987 ਨੂੰ ਜਲੰਧਰ ਵਿਖੇ ਹੋਈ ਸਰਬ ਪਾਰਟੀ ਫਿਰਕੂ ਏਕਤਾ ਕਨਵੈਨਸ਼ਨ `ਚ ਭਾਗ ਲੈ ਕੇ ਆਪਣੇ ਸਾਥੀਆਂ ਸੰਤੋਖ ਸਿੰਘ ਧੂਤ ਅਤੇ ਰਜਿੰਦਰ ਕੌਰ ਚੋਹਕਾ ਨਾਲ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੇ ਬੱਸ ਅੱਡੇ ਲਾਗੇ ਦਹਿਸ਼ਤ-ਗਰਦਾ ਦੀ ਗੋਲੀ ਦਾ ਨਿਸ਼ਾਨਾ ਬਣ ਗਏ ਤੇ ਆਪਣਾ ਕੌਲ ਪੂਰਾ ਕਰਕੇ ਅਮਰ ਸ਼ਹੀਦ ਹੋ ਗਏ! ਗੜ੍ਹਦੀਵਾਲਾ ਇਲਾਕੇ ਦੇ ਪਿੰਡ ਧੂਤ ਕਲਾਂ, ਦੀ ਧਰਤੀ ਤੇ ਜਨਮ ਲੈਣ ਵਾਲੇ ਬਾਬਾ ਕਰਮ ਸਿੰਘ ਧੂਤ, ਮਾ: ਹਰੀ ਸਿੰਘ ਧੂਤ, ਕਾਮ: ਨੈਣਾ ਸਿੰਘ ਧੂਤ, ਸਰਵ ਸਾਥੀ ਸੰਤੋਖ ਸਿੰਘ, ਮਾ: ਜਸਵੰਤ ਸਿੰਘ ਧੂਤ, ਸਵਰਨ ਸਿੰਘ ਕਿਰਤੀ, ਜਵਾਲਾ ਸਿੰਘ, ਜ:ਊਧਮ ਸਿੰਘ, ਕਾਮ: ਪ੍ਰਤਾਪ ਚੰਦ, ਰਾਵਲ ਸਿੰਘ ਆਦਿ 74 ਤੋਂ ਵੱਧ ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅਤੇ ਇਕ ਇਤਿਹਾਸ ਸਿਰਜਿਆ ਸੀ।ਧੂਤਾਂ ਪਿੰਡ ‘ਲਾਲ-ਪਿੰਡ` (ਮਾਸਕੋ) ਵੱਜੋਂ ਸਦਾ ਲਈ ਇਹ ਪਿੰਡ ਯਾਦ ਕੀਤਾ ਜਾਂਦਾ ਰਹੇਗਾ।

          ਸਾਥੀ ਧੂਤ ਜੀ ਦੇ ਸਹਿ-ਸਾਥੀ ਦੇਸ਼ ਭਗਤ ਅਤੇ ਕਮਿਊਨਿਸਟ ਆਗੂ ਪੰ: ਹੁਕਮ ਚੰਦ ਗੁਲਸ਼ਨ ਜੀ ਪਿੰਡ ਬਾਹਲਾ (ਨਜ਼ਦੀਕ ਗੜ੍ਹਦੀਵਾਲਾ) ਜੋ ਅਮਰ ਸ਼ਹੀਦ ਕਾਮ: ਧੂਤ ਜੀ ਦੀ ਬਰਸੀ ਲਈ ਇਲਾਕੇ ਅੰਦਰ ਪ੍ਰਚਾਰ ਕਰ ਰਹੇ ਸਨ।20-ਫਰਵਰੀ,1987 ਨੂੰ ਜਦੋਂ ਉਹ ਆਪਣੇ ਪਿੰਡ ਨੂੰ ਵਾਪਸ ਆ ਰਹੇ ਸਨ ਤਾਂ ਘਾਤ ਲਾਈ ਖਾਲੀਸਤਾਨੀ ਦਹਿਸ਼ਤਗਰਦਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।ਸਾਥੀ ਗੁਲਸ਼ਨ ਇਕ ਪਰੌੜ੍ਹ ਮਾਰਕਸਵਾਦੀ ਆਗੂ ਸਨ।ਪਹਿਲਾ ਕਾਂਗਰਸ ਪਾਰਟੀ ਅੰਦਰ ਫਿਰ ਕਮਿਊਨਿਸਟ ਲਹਿਰਾਂ ਅੰਦਰ ਦੇਸ਼ ਦੀ ਆਜ਼ਾਦੀ ਅਤੇ ਬਾਦ ਵਿੱਚ ਸੀ.ਪੀ.ਆਈ (ਐਮ) ਪਾਰਟੀ ਦੇ ਆਗੂ ਵਜੋਂ ਦੇਸ਼ ਅੰਦਰ ਸਮਾਜਕ ਪ੍ਰੀਵਰਨ ਲਈ 8-ਸਾਲਾਂ ਤੋਂ ਵੱਧ ਸਮਾਂ ਜ਼ੇਲ੍ਹਾਂ, ਦਰਬੰਦੀਆਂ ਅਤੇ ਜੂਹ-ਬੰਦ ਕੈਦਾ ਕੱਟੀਆ।ਉਹ ਸ਼ਹੀਦੀ ਦਿਨ ਤਕ ਜੁਝਾਰੂ ਮਾਰਕਸਵਾਦੀ ਆਗੂ ਵਜੋਂ ਸਰਗਰਮ ਸਨ ਤੇ 20-ਫਰਵਰੀ,1987 ਨੂੰ ਉਹ ਅਮਰ ਸ਼ਹੀਦ ਹੋ ਗਏ।

          ਇਨ੍ਹਾਂ ਦੋਨਾਂ ਦੇਸ਼ ਭਗਤ ਆਗੂਆਂ ਦੀ ਯਾਦ ਅੰਦਰ 15-ਫਰਵਰੀ, 2024 ਨੂੰ ਪਿੰਡ ਧੂਤਾਂ (ਹੁਸ਼ਿਆਰਪੁਰ) ਵਿਖੇ ਸ਼ਰਧਾਂਜਲੀ ਸਮਾਗਮ ਕਰਕੇ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ 37-ਵੀਂ ਬਰਸੀ ਦੇ ਸ਼ੋਕ-ਸਮਾਗਮ ਦੌਰਾਨ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕਰਕੇ ਜਿਥੇ ਵਿਛੜੇ ਸਾਥੀਆਂ ਨੂੰ ਯਾਦ ਕੀਤਾ ਜਾਵੇਗਾ।ਉਥੇ ਦੇਸ਼ ਦੇ ਰਾਜਨੀਤਕ ਪਿੜ ਅੰਦਰ ਹਾਕਮ ਬੀਜੇਪੀ.ਆਰ.ਐਸ.ਐਸ. ਗਠਜੋੜ ਦੇ ਹਿੰਦੂ ਤਵੀ ਫਿਰਕੂ ਏਜੰਡੇ ਅਤੇ ਕਾਰਪੋਰੇਟੀ ਉਦਾਰੀਵਾਦੀ ਸੁਧਾਰਾਂ ਵਾਲੇ ਤਾਨਾਸ਼ਾਹੀ ਰੁਝਾਂਨਾ ਨੂੰ ਨੰਗਾ ਕੀਤਾ ਜਾਵੇਗਾ।ਅੱਜ ਦੇਸ਼ ਦੀ ਆਰਥਿਕ ਪ੍ਰਭੂਸਤਾ, ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਯੋਜਨਾਬੱਧ ਢੰਗ ਨਾਲ ਬੋਡਾ ਕੀਤਾ ਜਾ ਰਿਹਾ ਹੈ।ਦੇਸ਼ ਦੀ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਲੋਕ ਆਜ਼ਾਦੀਆਂ ਖਤਰੇ ਵਿੱਚ ਹਨ।ਅੱਜ ਜਦੋਂ ਘੱਟ-ਗਿਣਤੀਆਂ, ਇਸਤਰੀਆਂ ਅਤੇ ਦਲਿਤ ਵਰਗ ਕੱਟੜਵਾਦੀ ਹਾਕਮਾਂ ਦੇ ਨੰਗੇ ਚਿੱਟੇ ਹਮਲਿਆ ਦਾ ਸ਼ਿਕਾਰ ਹੋ ਰਹੇ ਹਨ।ਆਰਥਿਕ ਸ਼ੋਸ਼ਣ ਵਿਰੁੱਧ ਤੇ ਲੋਕਾਂ ਦੇ ਮੱਸਲਿਆਂ ਦੇ ਹਲ ਲਈ ਸੰਘਰਸ਼ ਲਾਮਬੰਦ ਕਰਨ ਲਈ ਮੁੜ ਜਾਗਰੂਕ ਲਹਿਰਾਂ ਚਲਾਉਣ ਦੀ ਲੋੜ ਹੈ।ਇਹੀ ਸਾਡੀ ਸ਼ਹੀਦਾਂ ਨੂੰ ਯਾਦ ਕਰਕੇ ਇਸ ਦਿਨ ਆਹਿਦ ਲੈਣ ਦੀ ਲੋੜ ਹੈ ਅਤੇ ਸਾਡੀ ਸ਼ਰਧਾਂਜਲੀ ਹੋਵੇਗੀ!!!

 

         

91-9217997445                                                                  ਜਗਦੀਸ਼ ਸਿੰਘ ਚੋਹਕਾ

001-403-285-4208                                                               ਕੈਲਗਰੀ (ਕੈਨੇਡਾ)

Email-jagdishchohka@gmail.com