ਸੌਖੀ ਨਹੀਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ

ਸੌਖੀ ਨਹੀਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ

ਪੰਜਾਬੀ ਲੋਕ ਮੁੱਢ ਤੋਂ ਹੀ ਆਪਣੇ ਸ਼ੌਕ ਅਤੇ ਮਜਬੂਰੀ ਕਾਰਨ ਦੂਜੇ ਮੁਲਕਾਂ 'ਚ ਜਾਂਦੇ ਰਹੇ ਹਨ। ਉਨ੍ਹਾਂ ਨੇ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ 'ਚ ਪੰਜਾਬ ਅਤੇ ਭਾਰਤ ਦੀ ਸੱਭਿਆਚਾਰਕ ਸੰਸਕ੍ਰਿਤੀ ਦਾ ਪ੍ਰਚਾਰ-ਪ੍ਰਸਾਰ ਵੀ ਕੀਤਾ ਹੈ।

1976 ਦੇ ਦਹਾਕੇ ਤੋਂ ਬਾਅਦ ਪਰਵਾਸ ਕਰਨ ਦੀ ਰੁਚੀ 'ਚ ਬਹੁਤ ਤੇਜ਼ੀ ਆਈ। ਪਹਿਲਾਂ ਵਿਦੇਸ਼ ਜਾਣ ਦੀ ਲਾਲਸਾ ਪੈਸਾ ਕਮਾਉਣ ਤੇ ਫਿਰ ਆਪਣੇ ਵਤਨ 'ਚ ਮਹਿੰਗੀਆਂ ਜ਼ਮੀਨਾਂ ਖਰੀਦਣ, ਵੱਡੇ-ਵੱਡੇ ਘਰ ਬਣਾਉਣ ਅਤੇ ਇੱਥੇ ਕਾਰੋਬਾਰ ਕਰਨ ਨਾਲ ਜੁੜੀ ਹੋਈ ਸੀ, ਪਰ ਜਦੋਂ ਤੋਂ ਭਾਰਤ ਖਾਸ ਕਰਕੇ ਪੰਜਾਬ 'ਚ ਰੁਜ਼ਗਾਰ ਦੇ ਮੌਕੇ ਘਟੇ ਹਨ ਤਾਂ ਪਿਛਲੇ ਦੋ ਦਹਾਕਿਆਂ 'ਚ ਨੌਜਵਾਨ ਪੀੜ੍ਹੀ ਅੰਦਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਅਤੇ ਫਿਰ ਉੱਥੇ ਪੱਕੇ ਤੌਰ 'ਤੇ ਵੱਸ ਜਾਣ ਦੀ ਰੁਚੀ ਵਧੀ ਹੈ। ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਆਦਿ ਵਿਕਸਤ ਮੁਲਕਾਂ 'ਚ ਵਿਦਿਆਰਥੀਆਂ ਦੇ ਜਾਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਇਨ੍ਹਾਂ ਮੁਲਕਾਂ 'ਚੋਂ ਇੰਮੀਗ੍ਰੇਸ਼ਨ ਸੰਬੰਧੀ ਨਿਯਮਾਂ 'ਚ ਥੋੜ੍ਹੀ ਜਿਹੀ ਨਰਮੀ ਕੈਨੇਡਾ ਵਿਖੇ ਹੋਣ ਕਾਰਨ ਪਿਛਲੇ ਦਸਾਂ ਕੁ ਵਰ੍ਹਿਆਂ ਤੋਂ ਉਥੇ ਜਾਣ ਦੀ ਭਾਵਨਾ ਵਧੀ ਹੈ, ਭਾਵੇਂ ਕਿ ਹੁਣ ਕੈਨੇਡਾ ਵਿਚ ਸਖ਼ਤੀ ਵੱਧਣ ਨਾਲ ਹੁਣ ਪੰਜਾਬੀ ਹੋਰ ਦੇਸ਼ਾਂ ਵੱਲ ਵਧੇਰੇ ਜਾਣ ਲੱਗੇ ਹਨ।

ਹਥਲੇ ਲੇਖ 'ਚ ਕੈਨੇਡਾ ਦੇ ਸ਼ਹਿਰ ਬਰੈਂਪਟਨ, ਟਰਾਂਟੋ 'ਚ ਗਏ ਵਿਦਿਆਰਥੀਆਂ ਦੀ ਜ਼ਿੰਦਗੀ ਬਾਰੇ ਮੈਂ ਆਪਣੇ ਨਿੱਜੀ ਅਨੁਭਵ ਤੋਂ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਇਹ ਠੀਕ ਹੈ ਕਿ ਵਿਦਿਆਰਥੀ ਕੈਨੇਡਾ ਵਿਖੇ ਵੈਨਕੂਵਰ, ਸਰੀ, ਬਰੈਂਪਟਨ, ਵਿਨੀਪੈਗ, ਅਲਬਰਟਾ, ਕੈਲਗਰੀ ਆਦਿ ਥਾਵਾਂ 'ਤੇ ਜਾਣਾ ਪਸੰਦ ਕਰਦੇ ਹਨ। ਇਸ ਦੇ ਦੋ ਕਾਰਨ ਹਨ ਜਾਂ ਤਾਂ ਉਨ੍ਹਾਂ ਦੇ ਕੋਈ ਰਿਸ਼ਤੇਦਾਰ ਮਿੱਤਰ ਪਹਿਲਾਂ ਤੋਂ ਹੀ ਇਨ੍ਹਾਂ ਸਥਾਨਾਂ ਉੱਪਰ ਸਥਾਪਿਤ ਹਨ ਅਤੇ ਉਨ੍ਹਾਂ ਦੀ ਅਗਵਾਈ 'ਚ ਉੱਥੇ ਜਾਂਦੇ ਹਨ ਜਾਂ ਫਿਰ ਆਪਣੀ ਨਿੱਜੀ ਦੌੜ ਦੇ ਜ਼ਰੀਏ। ਪਿਛਲੇ ਦਿਨੀਂ ਇਕ ਨਾਮੀ ਪੰਜਾਬੀ ਅਖ਼ਬਾਰ 'ਚ ਛਪੇ ਅੰਕੜਿਆਂ 'ਚ ਕੈਨੇਡਾ ਦੇ ਇਕ ਰੇਡੀਓ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਦਿੱਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਛੇ ਸਾਲਾਂ ਵਿਚ 23 ਲੱਖ 74 ਹਜ਼ਾਰ ਪ੍ਰਵਾਸੀ ਕੈਨੇਡਾ ਗਏ, ਜਿਨ੍ਹਾਂ ਵਿਚ 9 ਲੱਖ ਭਾਰਤੀ ਸਨ। ਪਿਛਲੇ ਇਕ ਸਾਲ ਦੌਰਾਨ ਵਿਦਿਆਰਥੀ ਵੀਜ਼ੇ ਲਈ ਕੈਨੇਡਾ ਸਰਕਾਰ ਨੂੰ 3 ਲੱਖ 59 ਹਜ਼ਾਰ ਅਰਜ਼ੀਆਂ ਮਿਲੀਆਂ ਹਨ, ਜਿਸ 'ਚ 1 ਲੱਖ 25 ਹਜ਼ਾਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ, ਪਰ ਫਿਰ ਵੀ ਪਿਛਲੇ ਵਰ੍ਹਿਆਂ ਦੌਰਾਨ ਕੈਨੇਡਾ ਪਹੁੰਚੇ ਵਿਦਿਆਰਥੀਆਂ ਨੇ ਜਿੱਥੇ ਆਪਣੇ ਕੋਰਸ/ਪੜ੍ਹਾਈ ਪੂਰੀ ਕੀਤੀ ਜਾਂ ਕਰ ਰਹੇ ਹਨ, ਉੱਥੇ ਨਾਲ ਹੀ ਸਖ਼ਤ ਮਿਹਨਤ ਕਰਕੇ ਆਪਣੇ ਰਹਿਣ-ਸਹਿਣ ਦਾ ਖ਼ਰਚਾ ਵੀ ਖ਼ੁਦ ਚੁੱਕਦੇ ਹਨ।

ਮੈਨੂੰ ਪਿਛਲੇ ਵਰ੍ਹੇ ਜੁਲਾਈ-ਅਗਸਤ ਵਿਚ ਬਰੈਂਪਟਨ ਕੈਨੇਡਾ ਜਾਣ ਦਾ ਮੌਕਾ ਮਿਲਿਆ, ਜਿੱਥੇ ਪੰਜਾਬੀ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਜਾਣਨ ਅਤੇ ਵੇਖਣ ਦਾ ਮੌਕਾ ਮਿਲਿਆ। ਇਸੇ ਆਧਾਰ 'ਤੇ ਮੈਂ ਆਪਣੇ ਕੁਝ ਅਨੁਭਵ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਕੈਨੇਡਾ ਦੀ ਧਰਤੀ 'ਤੇ ਪਹੁੰਚਣ ਤੋਂ ਪਹਿਲਾਂ ਦਾ ਵਿਦਿਆਰਥੀਆਂ ਦਾ ਸੰਘਰਸ਼ ਅਤੇ ਮਾਪਿਆਂ ਦੇ ਯਤਨ ਸਭ ਨੂੰ ਪਤਾ ਹਨ ਕਿ ਕਿਵੇਂ ਆਈਲਟਸ ਦੀ ਪ੍ਰੀਖਿਆ, ਵੱਖ-ਵੱਖ ਵੀਜ਼ਾ ਦਫ਼ਤਰਾਂ ਦੇ ਚੱਕਰ ਤੇ ਫਿਰ ਵੀਜ਼ਾ ਪ੍ਰਾਪਤੀ ਤੱਕ ਦਾ ਤਣਾਅ ਦਾ ਦੌਰ ਅਤੇ ਫਿਰ ਮੋਟੀਆਂ ਰਕਮਾਂ ਉੱਥੋਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫ਼ੀਸਾਂ ਦੀਆਂ। ਇਸ ਤੋਂ ਬਾਅਦ ਮਹਿੰਗੇ ਭਾਅ ਦੀਆਂ ਟਿਕਟਾਂ ਤੇ ਫਿਰ ਸੱਤ ਸਮੁੰਦਰ ਪਾਰ ਦਾ ਲੰਮੇਰਾ ਪੈਂਡਾ। ਇਸ ਸਭ ਤੋਂ ਬਾਅਦ ਸ਼ੁਰੂ ਹੁੰਦਾ ਲਾਡਾਂ ਚਾਅਵਾਂ ਨਾਲ ਪਲੇ ਇਨ੍ਹਾਂ ਪੰਜਾਬੀ/ਭਾਰਤੀ ਧੀਆਂ-ਪੁੱਤਾਂ ਦਾ ਬੇਗ਼ਾਨੇ ਮੁਲਕ 'ਚ ਆਪਣੀ ਹੋਂਦ ਅਤੇ ਜੀਵਨ ਲਈ ਸੰਘਰਸ਼।

ਮੈਂ ਵੇਖਿਆ ਕਿ ਸਭ ਤੋਂ ਪਹਿਲੀ ਚੁਣੌਤੀ ਹੁੰਦੀ ਹੈ, ਉੱਥੇ ਜਾ ਕੇ ਰਿਹਾਇਸ਼ ਦਾ ਪ੍ਰਬੰਧ ਕਰਨਾ। ਜੇਕਰ ਕੋਈ ਰਿਸ਼ਤੇਦਾਰ ਹੈ ਅਤੇ ਉਸ ਨਾਲ ਪਰਿਵਾਰ ਦੇ ਸੰਬੰਧ ਵਧੀਆ ਹਨ ਤਾਂ ਉਹ ਖਿੜੇ ਮੱਥੇ ਕੁਝ ਸਮਾਂ ਆਪਣੇ ਘਰ ਰੱਖ ਲੈਂਦੇ ਹਨ, ਪਰ ਹੌਲੀ-ਹੌਲੀ ਆਪਣੇ ਲਈ ਰਿਹਾਇਸ਼ ਦਾ ਪ੍ਰਬੰਧ ਕਰਨਾ ਵਿਦਿਆਰਥੀਆਂ ਲਈ ਵੱਡੀ ਚੁਣੌਤੀ ਹੁੰਦੀ ਹੈ, ਕਿਉਂ ਜੋ ਉੱਥੇ ਘਰਾਂ ਦੇ, ਬੇਸਮੈਂਟਾਂ ਦੇ ਜਾਂ ਇਕੱਲੇ ਕਮਰੇ ਦੇ ਕਿਰਾਏ ਬਹੁਤ ਹਨ। ਆਪਣੇ ਯਤਨਾਂ ਨਾਲ ਵਿਦਿਆਰਥੀ ਦੂਜੇ ਵਿਦਿਆਰਥੀਆਂ ਨਾਲ ਮਿਲ ਕੇ ਰਿਹਾਇਸ਼ ਦਾ ਪ੍ਰਬੰਧ ਕਰ ਲੈਂਦੇ ਹਨ, ਪਰ ਸੁੱਖਾਂ-ਸਹੂਲਤਾਂ ਦੀ ਜ਼ਿੰਦਗੀ ਛੱਡ ਕੇ ਗੁਜ਼ਾਰੇ ਲਾਇਕ ਜਗ੍ਹਾ 'ਤੇ ਰਹਿਣਾ, ਇਨ੍ਹਾਂ ਦਾ ਪਹਿਲਾ ਸਮਝੌਤਾ ਹੁੰਦਾ ਹੈ। ਅਗਲੀ ਚੁਣੌਤੀ ਹੈ ਪੜ੍ਹਾਈਆਂ ਲਈ ਕਾਲਜ ਤੱਕ ਪਹੁੰਚਣਾ। ਆਪਣੇ ਨਿੱਜੀ ਸਾਧਨਾਂ ਜਿਵੇਂ ਕਾਰ ਆਦਿ ਦੀ ਕਮੀ ਕਾਰਨ ਬੱਸਾਂ 'ਤੇ ਸਫ਼ਰ ਕਰਨਾ ਪੈਂਦਾ ਹੈ।

ਬੇਸ਼ੱਕ ਇੱਥੇ ਬੱਸ ਸਰਵਿਸ ਬਹੁਤ ਵਧੀਆ ਹੈ, ਪਰ ਕਈ ਥਾਵਾਂ 'ਤੇ ਵਿਦਿਆਰਥੀਆਂ ਨੂੰ ਕਾਫ਼ੀ ਉਡੀਕ ਕਰਨੀ ਪੈਂਦੀ ਹੈ। ਸਖ਼ਤ ਸਰਦੀ 'ਚ ਇਹ ਮੁਸ਼ਕਿਲ ਹੋਰ ਵਧ ਜਾਂਦੀ ਹੈ। ਬੜੇ ਹੀ ਨਿੱਘ-ਪਿਆਰ ਨਾਲ ਪਾਲੇ ਇਹ ਧੀਆਂ-ਪੁੱਤ ਇਸ ਆਵਾਜਾਈ ਲਈ ਆਪਣੇ ਨਿੱਜੀ ਸਰੋਤਾਂ ਦੀ ਕਮੀ ਦੀ ਮਾਰ ਝੱਲਦੇ ਭਵਿੱਖ ਲਈ ਆਸਵੰਦ ਹੁੰਦੇ ਹਨ। ਅਗਲੀ ਚੁਣੌਤੀ ਹੈ ਆਪਣੀਆਂ ਫ਼ੀਸਾਂ ਦਾ ਇੰਤਜ਼ਾਮ ਕਰਨਾ। ਜਿਨ੍ਹਾਂ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀਆਂ ਫ਼ੀਸਾਂ ਉਨ੍ਹਾਂ ਦੇ ਕੋਰਸ ਖ਼ਤਮ ਹੋਣ ਤੱਕ ਭੇਜਦੇ ਰਹਿੰਦੇ ਹਨ, ਉਨ੍ਹਾਂ ਵਿਦਿਆਰਥੀਆਂ ਦੀ ਜ਼ਿੰਦਗੀ ਮੁਕਾਬਲਤਨ ਸੌਖੀ ਹੈ, ਪਰ 20 ਘੰਟੇ ਕੰਮ ਕਰਨਾ ਉਨ੍ਹਾਂ ਦੀ ਵੀ ਮਜਬੂਰੀ ਹੈ, ਕਿਉਂ ਜੋ ਖਾਣ-ਪੀਣ ਅਤੇ ਰਿਹਾਇਸ਼ ਦਾ ਖ਼ਰਚਾ ਤਾਂ ਖ਼ੁਦ ਕਰਨਾ ਹੀ ਪੈਂਦਾ ਹੈ। ਇਹ ਠੀਕ ਹੈ ਕਿ ਉੱਥੇ ਰੁਜ਼ਗਾਰ ਦੇ ਮੌਕੇ ਬਹੁਤ ਹਨ। ਵਿਦਿਆਰਥੀਆਂ ਨੂੰ ਬਹੁਤੀ ਵਾਰ ਆਪਣੀ ਰੁਚੀ ਅਤੇ ਸਮਰੱਥਾ ਅਨੁਸਾਰ ਜਾਂ ਆਪਣੀ ਲੋੜ ਅਨੁਸਾਰ ਕੰਮ ਮਿਲ ਹੀ ਜਾਂਦਾ ਹੈ।

ਅਗਲੀ ਚੁਣੌਤੀ ਹੈ ਪੜ੍ਹਾਈ। ਕੰਮ ਅਤੇ ਰੋਟੀ ਪਕਾਉਣ ਦੇ ਸਾਰੇ ਕੰਮ ਨਾਲ-ਨਾਲ ਕਰਨਾ। ਚਾਹੇ ਆਨਲਾਈਨ ਪੜ੍ਹਾਈ ਹੋਵੇ, ਚਾਹੇ ਕਾਲਜ ਜਾ ਕੇ ਪੜ੍ਹਨਾ ਹੋਵੇ, ਦੋਹਾਂ ਸਥਿਤੀਆਂ 'ਚ ਪ੍ਰੋਫ਼ੈਸਰਾਂ ਵਲੋਂ ਦੱਸੇ ਵਿਸ਼ਿਆਂ ਉੱਪਰ ਕੰਮ ਕਰਨਾ ਆਪਣਾ ਪ੍ਰਾਜੈਕਟ/ਅਸਾਈਨਮੈਂਟ ਤਿਆਰ ਕਰਨ ਲਈ ਕਾਫ਼ੀ ਸਮਾਂ ਚਾਹੀਦਾ ਹੈ। ਖਾਂਦੇ-ਪੀਂਦੇ ਚੰਗੇ ਘਰਾਂ ਤੋਂ ਗਏ ਇਨ੍ਹਾਂ ਵਿਦਿਆਰਥੀਆਂ ਲਈ ਜ਼ਿੰਦਗੀ ਕਾਫ਼ੀ ਰੁਝੇਵੇਂ ਭਰਪੂਰ ਹੋ ਜਾਂਦੀ ਹੈ, ਕਿਉਂ ਜੋ ਇੱਥੇ (ਪੰਜਾਬ) ਰਹਿ ਕੇ ਉਨ੍ਹਾਂ ਨੂੰ ਏਨੇ ਕੰਮ ਇਕੱਠੇ ਕਰਨ ਦੀ ਆਦਤ ਨਹੀਂ ਹੁੰਦੀ। ਇਸ ਲਈ ਮੈਨੂੰ ਆਪਣੇ ਨਿੱਜੀ ਜਾਣ-ਪਛਾਣ ਵਾਲੇ ਕਈ ਵਿਦਿਆਰਥੀ ਇਸ ਸੰਬੰਧੀ ਕਾਫ਼ੀ ਤਣਾਅ 'ਚ ਨਜ਼ਰ ਆਏ ਅਤੇ ਉਨ੍ਹਾਂ ਨੂੰ ਪੜ੍ਹਾਈ/ਕੰਮ ਅਤੇ ਖਾਣਾ ਪਕਾਉਣ ਦੇ ਤਿੰਨਾਂ ਕੰਮਾਂ 'ਚ ਤਾਲਮੇਲ ਨਹੀਂ ਬਿਠਾਉਣ 'ਚ ਮੁਸ਼ਕਿਲ ਪੇਸ਼ ਆਉਂਦੀ ਹੈ।

ਅਗਲੀ ਚੁਣੌਤੀ ਹੈ, ਉੱਥੋਂ ਦੀ ਮਹਿੰਗਾਈ ਅਨੁਸਾਰ ਆਪਣੀਆਂ ਲੋੜਾਂ ਘੱਟ ਕਰਨਾ। ਰਾਸ਼ਨ, ਦੁੱਧ ਅਤੇ ਹੋਰ ਨਿੱਤ ਵਰਤੋਂ ਦਾ ਸਾਮਾਨ ਕਾਫ਼ੀ ਮਹਿੰਗਾ ਹੋ ਰਿਹਾ ਹੈ। ਇਸ ਲਈ ਬਹੁਤ ਸਾਰੀਆਂ ਲੋੜਾਂ ਨੂੰ ਮਾਰ ਕੇ ਵਿਦਿਆਰਥੀ ਆਪਣਾ ਗੁਜ਼ਾਰਾ ਕਰਦੇ ਹਨ। ਵਿਦਿਆਰਥੀਆਂ ਲਈ ਅਗਲੀ ਚੁਣੌਤੀ ਹੈ ਭਾਵਨਾਤਮਿਕ ਤੌਰ 'ਤੇ ਆਪਣੇ-ਆਪ ਨੂੰ ਮਜ਼ਬੂਤ ਕਰਨਾ। ਪਰਾਏ ਮੁਲਕ 'ਚ ਪਰਾਏ ਲੋਕਾਂ 'ਚ ਵਿਚਰਦਿਆਂ ਆਪਣੇ ਮਾਪਿਆਂ ਅਤੇ ਘਰ ਤੋਂ ਦੂਰ ਹੋਣ ਦਾ ਵਿਛੋੜੇ ਦਾ ਭਾਵ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ, ਪਰ ਆਪਣੇ ਜੀਵਨ ਦੀ ਤਰੱਕੀ ਅਤੇ ਭਵਿੱਖ ਲਈ ਆਸਵੰਦ ਹੁੰਦੇ ਇਹ ਵਿਦਿਆਰਥੀ ਫਿਰ ਹਰ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹੋ ਜਾਂਦੇ ਹਨ। ਇਸ ਮੁਲਕ 'ਚ ਆ ਕੇ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਇਕ-ਦੂਜੇ ਦੀ ਮਦਦ ਕਰਨ। ਮੈਂ ਵੇਖਿਆ ਹੈ ਕਿ ਜਿਹੜੇ ਵਿਦਿਆਰਥੀ ਇਕ-ਦੂਜੇ ਨੂੰ ਸਮਝਦੇ ਹੋਏ ਇਕ-ਦੂਜੇ ਦੀ ਮਦਦ ਕਰਦੇ ਹਨ, ਉਹ ਭਾਵਨਾਤਮਿਕ ਤੌਰ 'ਤੇ ਵਧੇਰੇ ਖ਼ੁਸ਼ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਹਨ।

ਰੱਬ ਨਾ ਕਰੇ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਸਿਹਤ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਦੇ ਕਾਲਜ ਵਲੋਂ ਦਿੱਤੀਆਂ ਗਈਆਂ ਦਾਖ਼ਲਾ ਸ਼ਰਤਾਂ 'ਚ ਬਹੁਤੀ ਵਾਰ ਉਨ੍ਹਾਂ ਦਾ ਮੈਡੀਕਲ ਇੰਸ਼ੋਰੈਂਸ (ਬੀਮਾ) ਹੋਇਆ ਹੁੰਦਾ ਹੈ, ਪਰ ਕੁਝ ਐਮਰਜੈਂਸੀ ਸਿਹਤ ਮੁਸ਼ਕਿਲਾਂ ਲਈ ਵਿਦਿਆਰਥੀਆਂ ਨੂੰ ਕਾਫ਼ੀ ਮੋਟੀ ਰਕਮ ਭਰਨੀ ਪੈਂਦੀ ਹੈ।

ਵਿਦਿਆਰਥੀਆਂ ਨੂੰ ਆਪਣੇ-ਆਪ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਅਤੇ ਤਿਆਰ ਕਰਕੇ ਇੱਥੇ ਆਉਣਾ ਚਾਹੀਦਾ ਹੈ। ਇਹ ਠੀਕ ਹੈ ਕਿ ਜਦੋਂ ਅਸੀਂ ਕਿਸੇ ਵੀ ਨਵੀਂ ਜਗ੍ਹਾ 'ਤੇ ਜਾਂਦੇ ਹਾਂ ਤਾਂ ਉੱਥੋਂ ਦੇ ਆਲੇ-ਦੁਆਲੇ ਅਨੁਸਾਰ ਢਲਣ 'ਚ ਸਮਾਂ ਲੱਗ ਜਾਂਦਾ ਹੈ। ਆਪਣੇ-ਦੋਸਤਾਂ ਮਿੱਤਰਾਂ ਨਾਲ ਚੰਗੇ ਸੰਬੰਧ ਰੱਖਣ ਨਾਲ ਕਈ ਭਾਵਨਾਤਮਿਕ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਦੋਸਤਾਂ ਦਾ ਬਹੁਤ ਵੱਡਾ ਘੇਰਾ ਬਣਾਉਣ ਦੀ ਬਜਾਏ ਥੋੜ੍ਹੇ ਪਰ ਪੱਕੇ ਮਿੱਤਰ ਬਣਾਉਣ। ਵਿਦਿਆਰਥੀਆਂ ਲਈ ਇਕ ਸਮੱਸਿਆ ਹੈ ਬੁਰੀਆਂ ਆਦਤਾਂ ਤੋਂ ਦੂਰ ਰਹਿਣਾ, ਕਿਉਂਕਿ ਇੱਥੇ ਆ ਕੇ ਵਿਦਿਆਰਥੀਆਂ ਨੂੰ ਬਹੁਤ ਆਜ਼ਾਦੀ ਮਿਲ ਜਾਂਦੀ ਹੈ। ਮਾਂ-ਬਾਪ ਨਾਲ ਨਹੀਂ ਹੁੰਦੇ। ਇਸ ਲਈ ਆਪਣੇ-ਆਪ ਨੂੰ ਇਸ ਮਾਹੌਲ 'ਚ ਬਚਾ ਕੇ ਰੱਖਣਾ ਅਤੇ ਆਪਣਾ ਸਮਾਂ ਨਸ਼ਟ ਨਾ ਕਰਨਾ, ਆਪਣੀ ਪੜ੍ਹਾਈ ਅਤੇ ਕੰਮ ਉੱਤੇ ਧਿਆਨ ਕੇਂਦਰਿਤ ਕਰਨ ਲਈ ਆਪਣੇ ਮਨ ਨੂੰ ਪੱਕਿਆਂ ਕਰਨਾ ਵੀ ਵਿਦਿਆਰਥੀਆਂ ਲਈ ਇਕ ਚੁਣੌਤੀ ਹੈ, ਜਿਹੜਾ ਇਸ ਸਮੇਂ ਨੂੰ ਸੰਭਾਲ ਲੈਂਦਾ ਹੈ, ਉਹ ਜੀਵਨ ਦੀਆਂ ਮੰਜ਼ਿਲਾਂ ਸਰ ਕਰ ਲੈਂਦਾ ਹੈ। ਵਿਦਿਆਰਥੀ ਲਈ ਕੋਰਸ ਜਾਂ ਕਾਲਜਾਂ ਬਾਰੇ ਸਹੀ ਫ਼ੈਸਲਾ ਲੈਣਾ ਸਭ ਤੋਂ ਪਹਿਲਾ ਵਿਸ਼ੇਸ਼ ਕੰਮ ਹੈ, ਜਿਸ 'ਚ ਕਾਫ਼ੀ ਸਾਵਧਾਨੀ ਰੱਖਣੀ ਚਾਹੀਦੀ ਹੈ। ਜਿਹੜੇ ਵਿਦਿਆਰਥੀ ਵਿਦੇਸ਼ 'ਚ ਆ ਕੇ ਆਪਣੀ ਪੜ੍ਹਾਈ ਨਿਯਮਾਂ ਅਨੁਸਾਰ ਪੂਰੀ ਕਰਕੇ ਅਤੇ ਕੰਮ ਵੀ ਨਿਸਚਿਤ ਘੰਟਿਆਂ ਅਨੁਸਾਰ ਕਰ ਕੇ ਸਭ ਪਾਸਿਓਂ ਆਪਣੀ ਹੋਂਦ ਨੂੰ ਨਿਖਾਰਦੇ ਹਨ, ਉਨ੍ਹਾਂ ਲਈ ਇਹ ਸਮਾਂ ਵਧੀਆ ਲੰਘ ਜਾਂਦਾ ਹੈ। ਮੈਂ ਆਪਣੀ ਕੈਨੇਡਾ ਫੇਰੀ ਦੌਰਾਨ ਬਹੁਤ ਸਾਰੇ ਅਜਿਹੇ ਵਿਦਿਆਰਥੀ ਵੀ ਦੇਖੇ ਹਨ, ਜੋ ਆਪਣੀ ਪੜ੍ਹਾਈ ਖ਼ਤਮ ਕਰਕੇ ਬਹੁਤ ਸਫ਼ਲ ਜੀਵਨ ਜੀਅ ਰਹੇ ਹਨ ਅਤੇ ਮਾਪਿਆਂ ਦੀਆਂ ਉਮੀਦਾਂ 'ਤੇ ਪੂਰੇ ਉਤਰ ਰਹੇ ਹਨ। ਮੈਂ ਕੈਨੇਡਾ 'ਚ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਇਹ ਸਲਾਹ ਦੇਣਾ ਚਾਹਾਂਗੀ ਕਿ ਉਹ ਇਸ ਗੱਲ ਲਈ ਤਿਆਰ ਹੋ ਕੇ ਜਾਣ ਕਿ ਉੱਥੇ ਜ਼ਿੰਦਗੀ ਸੰਘਰਸ਼ਪੂਰਨ ਹੈ। ਵਿਦਿਆਰਥੀਆਂ ਲਈ ਬਹੁਤ ਹੀ ਚੁਣੌਤੀਆਂ ਹਨ, ਜਿਨ੍ਹਾਂ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਜ਼ਰੂਰੀ ਹੈ। ਇੱਥੇ ਅਸੀਂ ਸਭ ਮਹਿਸੂਸ ਕਰਦੇ ਹਾਂ ਕਿ ਆਪਣੇ ਸੁਪਨਿਆਂ ਲਈ ਉਡੀਕ ਕਰਨੀ ਬਹੁਤ ਵਧੀਆ ਹੈ ਪਰ ਕਿੰਨਾ ਚੰਗਾ ਹੋਵੇ ਜੇਕਰ ਆਪਣੇ ਮੁਲਕ 'ਚ ਵੀ ਅਜਿਹੇ ਸਾਧਨ ਅਤੇ ਸਰੋਤ ਪੈਦਾ ਕੀਤੇ ਜਾਣ ਕਿ ਸਾਡੇ ਬੱਚੇ ਉੱਥੇ ਜਾ ਕੇ ਸਿੱਖਿਆ ਪ੍ਰਾਪਤ ਕਰਕੇ ਵਤਨ ਵਾਪਸੀ ਬਾਰੇ ਸੋਚਣ। ਮਾਪਿਆਂ ਨੂੰ ਵੀ ਜੇਕਰ ਮਜਬੂਰੀਵੱਸ ਜਾਂ ਸ਼ੌਕ ਨਾਲ ਬੱਚਿਆਂ ਨੂੰ ਵਿਦੇਸ਼ ਭੇਜਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਕੰਮ ਆਪ ਕਰਨ ਦੀ ਆਦਤ ਪਾ ਦੇਣੀ ਚਾਹੀਦੀ ਹੈ। ਸਭ ਤੋਂ ਵਧੀਆ ਪੱਖ ਇਹ ਵੀ ਹੈ ਕਿ ਉੱਥੇ ਹੱਥੀਂ ਕਿਰਤ ਕਰਨ ਦੀ ਜਾਚ ਆ ਜਾਂਦੀ ਹੈ।

ਮਸ਼ੀਨਾਂ 'ਤੇ ਆਧਾਰਿਤ ਜ਼ਿੰਦਗੀ ਹੋਣ ਦੇ ਬਾਵਜੂਦ ਆਪਣੇ ਕੰਮ ਆਪ ਕਰਨ ਦਾ ਸਲੀਕਾ ਸ਼ਖ਼ਸੀਅਤ ਨਿਖਾਰਨ 'ਚ ਯੋਗਦਾਨ ਪਾਉਂਦਾ ਹੈ। ਇਸ ਲਈ ਆਪਣਾ ਮਨਭਾਉਂਦਾ ਵਿਸ਼ਾ ਚੁਣ ਕੇ ਅਤੇ ਉੱਥੇ ਜਿਸ ਕਾਲਜ ਜਾਂ ਯੂਨੀਵਰਸਿਟੀ 'ਚ ਦਾਖ਼ਲਾ ਲੈਣਾ ਹੈ, ਇਸ ਦੀ ਗੁਣਵੱਤਾ ਪਰਖ ਕੇ ਹੀ ਕੈਨੇਡਾ ਜਾਣ ਦਾ ਮਨ ਪੱਕਾ ਕਰਨ ਦੀ ਲੋੜ ਹੈ, ਕਿਉਂ ਜੋ ਸੰਘਰਸ਼ਮਈ ਸਫ਼ਰ ਹੈ ਅਤੇ ਸਫ਼ਲਤਾ ਲਈ ਜੱਦੋ-ਜਹਿਦ ਕਰਨੀ ਹੀ ਪੈਂਦੀ ਹੈ।

 

ਪ੍ਰੋਫੈਸਰ ਕੁਲਜੀਤ ਕੌਰ

-ਐਚ.ਐਮ.ਵੀ. ਕਾਲਜ,

ਜਲੰਧਰ।