ਖੇਤੀ ਵਾਲੇ ਸੂਬੇ ‘ਚ ਕੋਈ ਪੱਕਾ ਖੇਤੀ ਮੰਤਰੀ ਹੀ ਨਹੀਂ

ਖੇਤੀ ਵਾਲੇ ਸੂਬੇ ‘ਚ ਕੋਈ ਪੱਕਾ ਖੇਤੀ ਮੰਤਰੀ ਹੀ ਨਹੀਂ

ਸੁਖਪਾਲ ਖਹਿਰਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਉਨ੍ਹਾਂ ਨਾਲ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੇ ਅਜੈਪਾਲ ਸਿੰਘ ਢਿੱਲੋਂ। 
ਜਗਰਾਉਂ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਖੇਤੀ ਪ੍ਰਧਾਨ ਸੂਬੇ ਵਿੱਚ ਖੇਤੀ ਮੰਤਰੀ ਨਾ ਹੋਣ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਨਲਾਇਕੀ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀ ਮੰਤਰੀ ਦੇ ਅਹੁਦੇ ‘ਤੇ ਕਈ ਸਾਲਾਂ ਤੋਂ ਦੂਰਅੰਦੇਸ਼ੀ ਤੇ ਯੋਗ ਆਗੂ ਨਾ ਬੈਠਣਾ ਵੀ ਖੇਤੀ ਸੰਕਟ ਦਾ ਇਕ ਕਾਰਨ ਹੈ। ਇਸ ਲਈ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀਬਾੜੀ ਬਾਰੇ ਵੱਖਰਾ ਮੰਤਰੀ ਅਜਿਹੇ ਆਗੂ ਨੂੰ ਬਣਾਏ ਜੋ ਕਿਸਾਨ ਨੀਤੀਆਂ ਤੇ ਹੋਰਨਾਂ ਕੰਮਾਂ ਵਿੱਚੋਂ ‘ਹਿੱਸਾ ਪੱਤੀ’ ਛਕਣ ਦੀ ਝਾਕ ਰੱਖਣ ਵਾਲਾ ਨਾ ਹੋਵੇ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸੱਤਾ ਵਿੱਚ ਆਇਆਂ ਨੌਂ ਮਹੀਨੇ ਬੀਤੇ ਗਏ ਹਨ ਤੇ ਇਸ ਸਮੇਂ ਦੌਰਾਨ 300 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਅਜਿਹੇ ਗੰਭੀਰ ਹਾਲਾਤ ਵਿੱਚ ਯੋਗ ਖੇਤੀ ਮੰਤਰੀ ਦੀ ਲੋੜ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਜੋ ਪੂਰੀ ਤਰ੍ਹਾਂ ਖੇਤੀ ਤੇ ਕਿਸਾਨਾਂ ਦੇ ਹਿੱਤਾਂ ਨੂੰ ਸਮਰਪਿਤ ਭਾਵਨਾ ਵਾਲਾ ਹੋਵੇ। ਇਥੇ ਪੀਡੀਐੱਫਏ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੁਖਪਾਲ ਖਹਿਰਾ ਅਤੇ ‘ਆਪ’ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਹਾਕਮ ਧਿਰ ਕਾਂਗਰਸ ਸਮੇਤ ਅਕਾਲੀਆਂ ਨੂੰ ਚੰਗੇ ਰਗੜੇ ਲਾਏ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਪ੍ਰੈਸ ਸਕੱਤਰ ਅਜੈਪਾਲ ਸਿੰਘ ਢਿੱਲੋਂ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਜਗਤਾਰ ਸਿੰਘ ਜੱਗਾ ਆਦਿ ਦੀ ਮੌਜੂਦਗੀ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਨਲਾਇਕੀ ਲੁਕਾਉਣ ਲਈ ਹੀ ਵਿਧਾਨ ਸਭਾ ਦਾ ਸੈਸ਼ਨ ਬੇਹੱਦ ਛੋਟਾ ਕੀਤਾ । ਅਗਲੇ ਸੈਸ਼ਨ ਵਿੱਚ ਉਨ੍ਹਾਂ ਦੁੱਧ ਸਮੇਤ ਹੋਰ ਖਾਧ ਪਦਾਰਥਾਂ ਦੀ ਮਿਲਾਵਟਖੋਰੀ ਨੂੰ ਪ੍ਰਮੁੱਖ ਮੁੱਦੇ ਵਜੋਂ ਚੁੱਕਣ ਦਾ ਐਲਾਨ ਕੀਤਾ। ਮਿਲਾਵਟਖੋਰੀ ਮਨੁੱਖੀ ਸਿਹਤ ‘ਤੇ ਮਾਰੂ ਅਸਰ ਪਾ ਰਹੀ ਹੈ। ਦੁੱਧ ਵਿੱਚ ਮਿਲਾਵਟਖੋਰੀ ਨੂੰ ਹੋਰ ਵੀ ਗੰਭੀਰ ਦੱਸਦਿਆਂ ਉਨ੍ਹਾਂ ਕਿਹਾ ਕਿ ਸਵੇਰ ਦੀ ਸ਼ੁਰੂਆਤ ਤੋਂ ਲੈ ਕੇ ਰਾਤ ਸੌਣ ਤੱਕ ਬੱਚੇ ਤੋਂ ਬੁੱਢੇ ਤੱਕ ਦੁੱਧ ਦੀ ਵਰਤੋਂ ਕਰਦੇ ਹਨ। ਪਰ ਮਿਲਾਵਟਖੋਰ ਇਸ ਧੰਦੇ ਨੂੰ ਸਿਖਰ ‘ਤੇ ਲੈ ਗਏ ਹਨ ਤੇ ਇਸ ਦੇ ਬਾਵਜੂਦ ਸਰਕਾਰ ਘੂਕ ਸੁੱਤੀ ਪਈ ਹੈ। ਬਿਜਲੀ ਬਿੱਲਾਂ ਵਿੱਚ ਗਊ ਸੈੱਸ ਲਾਉਣ ਦੇ ਬਾਵਜੂਦ ਬਦਲੇ ਵਿੱਚ ਲੋਕਾਂ ਨੂੰ ਲੋੜੀਂਦੀ ਸਹੂਲਤ ਤੇ ਪ੍ਰਬੰਧ ਨਾ ਕਰਨ ਦਾ ਵੀ ਉਨ੍ਹਾਂ ਸਰਕਾਰ ‘ਤੇ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਅਧਿਕਾਰ ਤਹਿਤ ਸਰਕਾਰ ਤੋਂ ਜਾਣਕਾਰੀ ਮੰਗੀ ਹੈ।
ਅਕਾਲੀਆਂ ਵੱਲੋਂ ਪਿਛਲੇ ਦਿਨੀਂ ਲਾਏ ਧਰਨਿਆਂ ਨੂੰ ਉਨ੍ਹਾਂ ਗ਼ਲਤ ਦੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਹੋਰਾਂ ਜੋ ਬੀਜਿਆ ਸੀ ਉਹੀ ਵੱਢ ਰਹੇ ਹਨ। ਡਰੱਗ ਮਾਮਲੇ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਇਕ ਸਾਬਕਾ ਅਕਾਲੀ ਮੰਤਰੀ ਨੂੰ ਬਚਾਉਣ ਲਈ ਦੋਵੇਂ ਸਿਆਸੀ ਧਿਰਾਂ ਧਿਆਨ ਭਟਕਾ ਰਹੀਆਂ ਹਨ। ਇਸ ਮਾਮਲੇ ਸਮੇਤ ਅਮਿਤ ਚੌਧਰੀ ਦੀ ਆਡੀਓ ਕਲਿੱਪ ਬਾਰੇ ਉਨ੍ਹਾਂ ਸੀਬੀਆਈ ਜਾਂਚ ਮੰਗੀ।