ਚੋਣ ਸਰਗਰਮੀਆਂ ਦੇਖਣੀਆਂ ਨੇ, ਚੱਲੋ ਆਓ ਫੇਰ ਪੰਜਾਬ ਦੀ ਗੇੜੀ ਮਾਰੀਏ

ਚੋਣ ਸਰਗਰਮੀਆਂ ਦੇਖਣੀਆਂ ਨੇ, ਚੱਲੋ ਆਓ ਫੇਰ ਪੰਜਾਬ ਦੀ ਗੇੜੀ ਮਾਰੀਏ

ਪੰਜਾਬ ਦੀ ਪੂਰੀ ਤਰ੍ਹਾਂ ਭਖੀ ਹੋਈ ਸਿਆਸੀ ਫਿਜ਼ਾ ਦੇ ਅੰਗ ਸੰਗ

ਪੰਜਾਬ ਦੇ ਮਾਲਵਾ, ਮਾਝਾ ਤੇ ਦੋਆਬਾ ਦੇ ਚਾਰ ਦਿਨਾਂ ਦੌਰੇ ਦੌਰਾਨ ਲੋਕਾਂ ਨਾਲ ਹੋਈ ਭਰਵੀੰ 
ਗੱਲਬਾਤ ਦੌਰਾਨ ਵੋਟਰਾਂ ਦੇ ਦਰਦ ਨੂੰ ਬਿਆਨਦੀ ਕਮਲ ਦੁਸਾਂਝ ਦੀ ਵਿਸ਼ੇਸ਼ ਰਿਪੋਰਟ

ਬੇਚੈਨ ਹੋ ਰਹੇ ਹੋ ਬਹੁਤ! ਜ਼ਾਹਰਾ ਤੌਰ ‘ਤੇ ਤੁਹਾਡੀਆਂ ਸੋਚਾਂ ਵਿਚ, ਤੁਹਾਡੀਆਂ ਆਸਾਂ ਵਿਚ, ਤੁਹਾਡੇ ਫ਼ਿਕਰਾਂ ਵਿਚ ਪੰਜਾਬ ਵਸਿਆ ਹੈ। ਦਸ ਵਰ੍ਹਿਆਂ ਵਿਚ ਜੋ ਪੰਜਾਬ ਦੀ ਹਾਲਤ ਹੋ ਚੁੱਕੀ ਹੈ, ਉਸ ਤੋਂ ਤੁਸੀਂ ਸਾਰੇ ਵਧੇਰੇ ਫ਼ਿਕਰਮੰਦ ਵੀ ਹੋ ਤੇ ਰੋਹ ਵਿਚ ਵੀ। ਇਸੇ ਲਈ ਪ੍ਰਦੇਸ ਵਸਦੇ ਬਹੁਤੇ ਪੰਜਾਬੀ ਪੰਜਾਬ ਚੋਣ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਆਪਣੀ ਧਰਤੀ ‘ਤੇ ਸਿੱਜਦਾ ਕਰਨ ਵੀ ਪਹੁੰਚੇ ਹਨ। ਤੁਸੀਂ ਨਹੀਂ ਆ ਸਕੇ, ਕੋਈ ਗੱਲ ਨਹੀਂ, ਚੱਲੋ, ਆਓ ਸਾਡੇ ਨਾਲ ਤੁਸੀਂ ਵੀ ਪੰਜਾਬ ਦਾ ਗੇੜਾ ਮਾਰ ਲਓ।
ਸ਼ੁਰੂਆਤ ਹੁੰਦੀ ਹੈ ਤਲਵੰਡੀ ਸਾਬੋ ਹਲਕੇ ਤੋਂ। ਇਥੋਂ ਕਾਂਗਰਸ ਦੇ ਖ਼ੁਸ਼ਬਾਜ਼ ਸਿੰਘ ਜਟਾਣਾ, ਅਕਾਲੀ ਦਲ ਦੇ ਜੀਤਮਹਿੰਦਰ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਸਰਗਰਮ ਹਨ। ਪਰ ਮੁਕਾਬਲਾ ਸਿੱਧਾ ਦੋ ਧਿਰੀ ਹੈ। ਪਿੰਡਾਂ ਵਿਚੋਂ ਦੀ ਲੰਘਦਿਆਂ ਜਗਾ ਰਾਮ ਤੀਰਥ ਪੁੱਜੇ। ਪਿੰਡ ਦੀ ਜੂਹ ‘ਤੇ ਹੀ ਅੰਮ੍ਰਿਤਧਾਰੀ ਬਜ਼ੁਰਗ ਕਿੱਕਰ ਸਿੰਘ ਨਾਲ ਮੁਲਾਕਾਤ ਹੁੰਦੀ ਹੈ। ਰਸਤਾ ਪੁਛਣ ਦੇ ਬਹਾਨੇ ਚੋਣਾਂ ਦੀ ਚਰਚਾ ਚਲਦੀ ਹੈ। ਕਿੱਕਰ ਸਿੰਘ ਹੱਥ ਜੋੜ ਕੇ ਖੜ੍ਹਾ ਹੋ ਜਾਂਦਾ ਹੈ ਕਿ ਦੇਖੋ, ਜੀ ਇੱਥੇ ਤਾਂ ਇਸ ਵਾਰ ‘ਆਪ’ ਦੀ ਸਰਕਾਰ ਬਣਨੀ ਹੈ। ਅਸੀਂ ਤਾਂ ਡੱਟ ਕੇ ‘ਆਪ’ ਨਾਲ ਖੜ੍ਹੇ ਹਾਂ। ਮੈਂ ਤੇ ਮੇਰੇ ਨਾਲ ਦੇ 7-8 ਪਰਿਵਾਰ ਕੱਟੜ ਅਕਾਲੀ ਰਹੇ ਨੇ ਤੇ ਹਰ ਵਾਰ ਅਕਾਲੀਆਂ ਨੂੰ ਹੀ ਵੋਟ ਪਾਈ ਦੀ ਸੀ, ਤੇ ਹੁਣ ਸਿਰਫ਼ ‘ਆਪ’ ਨੂੰ ਵੋਟ ਪਾਵਾਂਗੇ। ਉਨ੍ਹਾਂ ਮੁਤਾਬਕ ਇਥੋਂ 5500 ਵੋਟ ਵਿਚੋਂ 4 ਹਜ਼ਾਰ ਦੇ ਕਰੀਬ ‘ਆਪ’ ਨੂੰ ਹੀ ਵੋਟ ਪਏਗੀ। ਅਕਾਲੀਆਂ ਖ਼ਿਲਾਫ਼ ਰੋਸੇ ਦਾ ਕਾਰਨ ਪੁਛਿਆ ਤਾਂ ਉਹ ਪੂਰੇ ਰੋਹ ਵਿਚ ਆ ਗਏ-”ਇਨ੍ਹਾਂ ਅਕਾਲੀਆਂ ਨੇ ਕੀਤਾ ਕੀ ਹੈ? ਥਾਂ-ਥਾਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਅਕਾਲੀਆਂ ਤੋਂ ਕੋਈ ਫੜਿਆ ਤਕ ਨਹੀਂ ਜਾਂਦਾ। ਵਿਕਾਸ ਇਨ੍ਹਾਂ ਨੇ ਕੋਈ ਕੀਤਾ ਨਹੀਂ, ਬੱਸ ਆਪਣੇ ਢਿੱਡਾਂ ਦਾ ਹੀ ਵਿਕਾਸ ਕਰਨ ‘ਤੇ ਰਹੇ।” ਕਿੱਕਰ ਸਿੰਘ ਕਾਂਗਰਸ ਤੋਂ ਵੀ ਓਨੇ ਹੀ ਨਾਰਾਜ਼ ਨਜ਼ਰ ਆਏ। ਸੋ, ਉਹ ਪੂਰੀ ਤਰ੍ਹਾਂ ‘ਆਪ’ ਦੇ ਨਾਲ ਹਨ।
ਅੱਗੇ ਲੰਘਦਿਆਂ ਇਕ ਘਰ ਵਿਚੋਂ ਜਵਾਕਾਂ ਦੀ ਟੋਲੀ ਸਿਰਾਂ ‘ਤੇ ‘ਆਪ’ ਦੀਆਂ ਟੋਪੀਆਂ ਸਜਾਈ, ਝੰਡੀਆਂ ਚੁੱਕੀ ਹੋਕਾ ਦੇ ਰਹੀ ਹੈ-ਕੇਜਰੀਵਾਲ ਕੇਜਰੀਵਾਰ, ਸਾਰਾ ਪੰਜਾਬ ਤੇਰੇ ਨਾਲ। ਇੱਥੇ ਨਾਲ ਹੀ ਕੁਝ ਲੋਕਾਂ ਦੀ ਢਾਣੀ ਖੜ੍ਹੀ ਹੈ। ਤੇਜ਼ਧਾਰ ਮੀਂਹ ਪੈ ਕੇ ਹਟਿਆ ਹੈ ਤੇ ਠੰਢ ਕਾਰਨ ਆਪਣੀਆਂ ਲੋਈਆਂ ਵਿਚ ਕੁੰਗੜੇ, ਸਿਆਸਤ ਦੀ ਗਰਮਾਹਟ ਲੈ ਰਹੇ ਹਨ। ਮਹਿਮਾ ਸਿੰਘ, ਰਾਜ ਸਿੰਘ, ਅਵਤਾਰ ਸਿੰਘ ਪਹਿਲਾਂ ਸਾਡੇ ਮੂੰਹਾਂ ਵੱਲ ਤੱਕਦੇ ਨੇ ਕਿ ਅਸੀਂ ਕਿਸੇ ਪਾਰਟੀ ਤੋਂ ਤਾਂ ਨਹੀਂ। ਥੋੜ੍ਹੀ ਜਿਹੀ ਤਸੱਲੀ ਹੋਣ ‘ਤੇ ਹੌਲੀ ਹੌਲੀ ਖੁੱਲ੍ਹਦੇ ਹਨ-‘ਦੇਖੋ ਜੀ! ਇੱਥੇ ਤਾਂ ‘ਆਪ’ ਵਾਲਿਆਂ ਦਾ ਜ਼ੋਰ ਹੈ। ਉਂ ਮਾੜਾ-ਮੋਟਾ ਕਾਂਗਰਸ ਨਾਲ ਵੀ ਲੋਕ ਤੁਰ ਰਹੇ ਨੇ। ਮੁਕਾਬਲਾ ਸਿਰਫ਼ ਤੇ ਸਿਰਫ਼ ਕਾਂਗਰਸ ਤੇ ‘ਆਪ’ ਵਾਲਿਆਂ ਦਾ ਹੈ ਤੇ ਅਕਾਲੀਆਂ ਦੇ ਲੋਕ ਬਹੁਤ ਖ਼ਿਲਾਫ਼ ਨੇ।’ ਕਾਰਨ ਪੁਛਣ ‘ਤੇ ਉਹ ਦੱਸਦੇ ਹਨ-”ਕਾਰਨ ਤਾਂ ਦੇਖੋ ਜੀ ਸਭ ਨੂੰ ਨਜ਼ਰ ਆ ਰਿਹੈ…ਨਾ ਤਾਂ ਇਥੇ ਕੋਈ ਵਿਕਾਸ ਹੋਇਆ, ਗਲੀਆਂ-ਨਾਲੀਆਂ ਸਾਡੀਆਂ ਕੱਚੀਆਂ ਪਈਆਂ ਨੇ…ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ…ਜਿਉਂ ਚੋਣਾਂ ਜਿੱਤ ਕੇ ਨਿਕਲੇ, ਮੁੜ ਕੇ ਪਿੰਡਾਂ ਵੱਲ ਕਿਸੇ ਨੇ ਫੇਰਾ ਨੀਂ ਪਾਇਆ। ਕੋਈ ਲੋਕ ਭਲਾਈ ਸਕੀਮਾਂ ਸਾਡੇ ਤਕ ਨਹੀਂ ਪੁੱਜੀਆਂ।”

second-pehra-bold-n-italic
ਅੱਗੇ ਤੁਰਦਿਆਂ ਪਿੰਡ ਸ਼ੇਖੁਪੁਰਾ ਪੁੱਜ ਜਾਂਦੇ ਹਾਂ। ਸੰਘਣੀ ਘਟਾ ਛਾਈ ਹੋਈ ਹੈ ਤੇ ਇੱਟਾਂ ਦੇ ਥੜ੍ਹੇ ‘ਤੇ ਰੱਖੇ ਗਾਡਰ ‘ਤੇ ਚਾਰ-ਪੰਜ ਬਜ਼ੁਰਗ ਬੈਠੇ ਨੇ। ਅਸੀਂ ਆਪਣੀ ਗੱਡੀ ਉਨ੍ਹਾਂ ਕੋਲ ਰੋਕਦੇ ਹਾਂ ਤਾਂ ਡੋਰ-ਭੋਰ ਹੋ ਕੇ ਸਾਡੇ ਵੱਲ ਦੇਖਦੇ ਨੇ ਜਿਵੇਂ ਕੋਈ ਸਰਕਾਰੀ ਅਧਿਕਾਰੀ ਕੋਈ ਅੰਕੜੇ ਲੈਣ ਆਏ ਹੋਣ। ਚੋਣਾਂ ਦਾ ਹਾਲ-ਚਾਲ ਪੁਛਦੇ ਹਾਂ ਤਾਂ ਬੱਸ ਠੀਕ ਐ ਜੀ…ਬੱਸ ਠੀਕ ਐ ਜੀ…’ਆਪ’ ਦੀ ਚੜ੍ਹਤ ਐ ਜੀ…ਤੋਂ ਚੱਲੀ ਗੱਲ ਪੂਰੀ ਤਰ੍ਹਾਂ ਭੱਖ ਜਾਂਦੀ ਹੈ ਤੇ ਹੌਲੀ ਹੌਲੀ 10-15 ਹੋਰ ਨੌਜਵਾਨ ਆ ਕੇ ਸਾਨੂੰ ਘੇਰਾ ਪਾ ਲੈਂਦੇ ਨੇ ਤੇ ਇਨ੍ਹਾਂ ਵਿਚ ਬੈਠੇ ਸੋਹਣਾ ਸਿੰਘ, ਹੁਣ ਤਕ ਕਾਂਗਰਸੀ ਰਿਹਾ ਨਾਜਰ ਸਿੰਘ (80), ਦਰਸ਼ਨ ਸਿੰਘ, ਕਾਮਰੇਡ ਜਸਵੰਤ ਸਿੰਘ ਲੰਬਰਦਾਰ ਵਰਗੇ ਬਜ਼ੁਰਗ ਬੋਲਣਾ ਸ਼ੁਰੂ ਕਰਦੇ ਹਨ-”ਦੇਖੋ ਜੀ ਅਸੀਂ ਇੱਥੇ ਸਾਰੀਆਂ ਧਿਰਾਂ ਦੇ ਬੰਦੇ ਬੈਠੇ ਹਾਂ-ਆਹ ਕਾਂਗਰਸੀ ਰਿਹਾ, ਆਹ ਅਕਾਲੀ ਰਿਹਾ ਤੇ ਆਹ ਕਾਮਰੇਡ ਰਿਹਾ ਪਰ ਹੁਣ ਅਸੀਂ ਬਦਲਾਅ ਚਾਹੁੰਦੇ ਹਾਂ। ਅਕਾਲੀਆਂ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ। ਆ ਤੁਸੀਂ ਮਾਨਸਾ ਤੋਂ ਬਠਿੰਡਾ ਤੱਕ ਜਿੱਥੇ ਮਰਜ਼ੀ ਚਲੇ ਜਾਓ, ਭੁੱਕੀ-ਅਫੀਮ ਜਿੰਨਾ ਮਰਜ਼ੀ ਲੈ ਲਓ। ਅਬੋਹਰ ਵਿਚ ਤਾਂ ਚਿੱਟੇ ਨੇ ਮਾਰ ਕੀਤੀ ਹੋਈ ਹੈ। ਸ਼ਰਾਬ ਮਾਫ਼ੀਆ ਹਰ ਥਾਂ ਬੈਠੈ…ਘਰ-ਘਰ ਸ਼ਰਾਬ ਦੇ ਠੇਕੇ ਖੁੱਲ੍ਹੇ ਨੇ…।”
ਅਸੀਂ ਪੁਛਦੇ ਹਾਂ ਕਿ ਮੁਕਾਬਲਾ ਕਿਹੜੀ ਧਿਰ ਵਿਚਾਲੇ ਹੈ ਜਾਂ ਹੈ ਹੀ ਨਹੀਂ। ਤਾਂ ਉਹ ਦੱਸਦੇ ਨੇ ਕਿ ਮੁਕਾਬਲਾ ਸਿੱਧਾ ਕਾਂਗਰਸ ਤੇ ‘ਆਪ’ ਦਾ ਹੈ। ਕਾਂਗਰਸ ਬਾਰੇ ਪੁਛਣ ‘ਤੇ ਕਾਮਰੇਡ ਜਸਵੰਤ ਸਿੰਘ ਲੰਬਰਦਾਰ ਕਹਿੰਦੇ ਨੇ-”ਦੇਖੋ, ਕਾਂਗਰਸ ਏਨੀ ਮਾੜੀ ਨਹੀਂ ਰਹੀ ਸੀ…ਕੈਪਟਨ ਨੇ ਕਦੇ ਸਾਡਾ ਨਰਮਾ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ। ਸਹੂਲਤਾਂ ਵੀ ਸਾਡੇ ਪਿੰਡਾਂ ਤਕ ਪੁੱਜਦੀਆਂ ਰਹੀਆਂ, ਪਰ ਆਹ ਬਾਦਲਾਂ ਨੇ ਤਾਂ ਨਸ਼ੇ ਆਲੀ ਅੱਤ ਈ ਕਰਤੀ।” ਸ਼ੇਖੁਪੁਰਾ ਪਿੰਡ ਦੀ ਵੋਟ 3500 ਦੇ ਕਰੀਬ ਹੈ ਤੇ ਇਨ੍ਹਾਂ ਮੁਤਾਬਕ 2800 ਵੋਟ ‘ਕੱਲੀ ‘ਆਪ’ ਨੂੰ ਹੀ ਪੈ ਜਾਣੀ ਹੈ। ਇਹ ਪੁਛਿਆਂ ਕਿ ਪਹਿਲਾਂ ਪ੍ਰੋ. ਬਲਜਿੰਦਰ ਕੌਰ ਦੀ ਮੁਹਿੰਮ ਕੁਝ ਮੱਠੀ ਸੀ, ਇਥੋਂ ਤਕ ਕਿ ਉਨ੍ਹਾਂ ਦੀ ਸੀਟ ਬਦਲਣ ਦੀਆਂ ਵੀ ਕੋਸ਼ਿਸ਼ਾਂ ਹੋਈਆਂ, ਉਨ੍ਹਾਂ ਖ਼ਿਲਾਫ਼ ਕੇਸ ਕੱਢਣ ਦੀਆਂ ਗੱਲਾਂ ਹੋਈਆਂ ਤਾਂ ਉਹ ਬੋਲੇ-” ਦੇਖੋ ਜੀ, ਬਾਦਲਾਂ ਦਾ ਹਾਲ ਤਾਂ ਇਹੋ ਐ ਜਿਵੇਂ ਬੀਜੜਾ ਸੋਹਣਾ ਜਿਹਾ ਆਲ੍ਹਣਾ ਬਣਾਉਂਦੈ ਤੇ ਬਾਂਦਰ ਆ ਕੇ ਪੁੱਟ ਸੁਟਦੈ। ਬੜੀ ਕੋਸ਼ਿਸ਼ ਹੋਈ ਕਿ ਬੀਬੀ ਨੂੰ ਇਥੋਂ ਟਿਕਟ ਨਾ ਮਿਲੇ। ਪਹਿਲਾਂ ਲੋਕ ਡਰਦੇ ਵੀ ਬੀਬੀ ਦੇ ਨਾਲ ਨਹੀਂ ਸੀ ਤੁਰਦੇ ਕਿਉਂਕਿ ਜਿਹੜਾ ਮਾੜਾ ਜਿਹਾ ਤੁਰਦਾ ਸੀ, ਉਹਦੇ ਖ਼ਿਲਾਫ਼ ਕੋਈ ਨਾ ਕੋਈ ਪਰਚਾ ਦਰਜ ਹੋ ਜਾਂਦਾ ਸੀ। ਲੋਕ ਪਰਚਿਆਂ ਤੋਂ ਡਰਦੇ ਬਾਹਰ ਨਹੀਂ ਸੀ ਨਿਕਲਦੇ ਪਰ ਹੁਣ ਜ਼ਾਬਤਾ ਲਗਦਿਆਂ ਹੀ ਲੋਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਉਂਜ ਕਾਂਗਰਸ ਦੀ ਵੀ ਹਾਲਤ ਕੋਈ ਮਾੜੀ ਨਹੀਂ…ਉਹ ਵੀ ਬਰਾਬਰ ਦੀ ਟੱਕਰ ਦੇ ਰਹੀ ਹੈ।”  ਕੇਜਰੀਵਾਲ ਖ਼ਿਲਾਫ਼ ਬਾਹਰੀ ਹੋਣ ਦੇ ਲਗ ਰਹੇ ਇਲਜ਼ਾਮਾਂ ਬਾਰੇ ਪੁਛਦੇ ਹਾਂ ਤਾਂ ਅੱਗੋਂ ਜਵਾਬ ਆਉਂਦੈ-”ਨਾ ਭਲਾ, ਉਹ ਹਿੰਦੂਸਤਾਨ ਦੇ ਨਹੀਂ…ਜਦ ਅਸੀਂ ਵਿਦੇਸ਼ਾਂ ਵਿਚ ਜਾ ਕੇ ਮੰਤਰੀ ਬਣ ਸਕਦੇ ਆਂ ਤਾਂ ਕੋਈ ਦਿੱਲੀ ਜਾਂ ਹੋਰ ਸੂਬੇ ਦਾ ਬੰਦਾ ਪੰਜਾਬ ਵਿਚ ਕਿਉਂ ਨਹੀਂ ਆ ਸਕਦਾ। ਦਿੱਲੀ ਵੀ ਭਾਰਤ ਦਾ ਹਿੱਸਾ ਹੈ ਤੇ ਉਹ ਜਿੱਥੇ ਮਰਜ਼ੀ ਜਾ ਸਕਦਾ ਹੈ। ਨਾਲੇ ਆਪਣਿਆਂ ਨੇ ਹੀ ਤਾਂ ਪੰਜਾਬ ਤਬਾਹ ਕੀਤੈ ਤੇ ਜੇ ਬਾਹਰਲਾ ਕੋਈ ਆ ਕੇ ਸੂਬੇ ਦੀ ਖੁਸ਼ਹਾਲੀ ਦੀ ਗੱਲ ਕਰਦੈ ਤਾਂ ਉਹਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਬਿਨਾਂ ਮੌਕਾ ਦਿੱਤਿਆਂ ਅਸੀਂ ਕਿਵੇਂ ਨਾ ਕਰ ਦਈਏ।”

1
ਇਥੇ ਹੀ ਸਾਨੂੰ ਪ੍ਰੋ. ਬਲਜਿੰਦਰ ਕੌਰ ਦੇ ਆਉਣ ਦਾ ਪਤਾ ਲਗਦਾ ਹੈ ਤੇ ਏਨੇ ਨੂੰ ਜ਼ੋਰਦਾਰ ਮੀਂਹ ਸ਼ੁਰੂ ਹੋ ਜਾਂਦਾ ਹੈ। ਸਾਨੂੰ ਮਜਬੂਰਨ ਗੱਡੀ ਵਿਚ ਬਹਿਣਾ ਪੈਂਦਾ ਹੈ। ਦਰਸ਼ਨ ਸਿੰਘ ਜੀ ਸਾਡੇ ਨਾਲ ਗੱਡੀ ਵਿਚ ਬਹਿ ਕੇ ਬੀਬੀ ਦੇ ਜਲਸੇ ਵੱਲ ਲੈ ਤੁਰਦੇ ਹਨ। ਪਿੰਡ ਦੇ ਵਿਹੜੇ ਵਾਲੇ ਪਾਸੇ ਬੀਬੀ ਨੂੰ ਤੋਲਿਆ ਜਾਣਾ ਹੈ। ਉਹ ਦੱਸਦੇ ਹਨ ਕਿ ਦਿਨ ਵਿਚ ਤਿੰਨ-ਤਿੰਨ ਵਾਰ ਬੀਬੀ ਨੂੰ ਥਾਂ-ਥਾਂ ਤੋਲਿਆ ਜਾਂਦਾ। ਭੀੜ ਚੀਰਦਿਆਂ ਬੀਬੀ ਨੂੰ ਮਿਲਦੇ ਹਾਂ ਤੇ ਪੂਰੇ ਨਿੱਘ ਨਾਲ ਬੀਬੀ ਸਵਾਗਤ ਕਰਦੀ ਹੈ। ਪੂਰੀ ਚੜ੍ਹਦੀ ਕਲਾ ਵਿਚ ਨਜ਼ਰ ਆਉਂਦੀ ਹੈ ਤੇ ਪੂਰੀ ਬੁਲੰਦ ਆਵਾਜ਼ ਵਿਚ ਲੋਕਾਂ ਨੂੰ ‘ਆਪ’ ਦਾ ਸਾਥ ਦੇਣ ਦਾ ਹੋਕਾ ਦੇ ਰਹੀ ਹੈ।
ਫੋਟੋ ਕੈਪਸ਼ਨ- ‘ਆਪ’ ਚੜ੍ਹਦੀ ਕਲਾ ਵਿਚ
ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਅਕਾਲੀਆਂ ਤੇ ਕਾਂਗਰਸ ਨੇ ਪੰਜਾਬ ਨੂੰ ਪੂਰੀ ਤਬਾਹ ਕਰ ਦਿੱਤਾ ਹੈ ਤੇ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਤੇ ‘ਆਪ’ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿਚ ਹੈ। ਜਿਵੇਂ ਦਿੱਲੀ ਵਿਚ ਅਸੀਂ ਸਾਰੀਆਂ ਸਹੂਲਤਾਂ ਦਿੱਤੀਆਂ, ਪੰਜਾਬ ਵਿਚ ਵੀ ਉਹੀ ਲਾਗੂ ਕਰਾਂਗੇ। ਸਾਡੇ ਸਾਰੇ ਉਮੀਦਵਾਰ ਬਹੁਤ ਮਿਹਨਤੀ ਤੇ ਇਮਾਨਦਾਰ ਹਨ। ਇਥੇ ਵੀ ਦਿੱਲੀ ਦੀ ਤਰਜ਼ ‘ਤੇ ਸਰਕਾਰ ਬਣੇਗੀ।

third-bold-n-italic
ਇਸ ਕਾਫ਼ਲੇ ਦੀ ਇਕ ਕਾਰ ‘ਚ ਪਰਵਾਸੀ ਭਾਰਤੀ ਪਰਿਵਾਰ ਸਵਾਰ ਹੈ। ਇਹ 17 ਜਨਵਰੀ ਤੋਂ ਬਲਜਿੰਦਰ ਕੌਰ ਤੇ ‘ਆਪ’ ਦੀ ਮੁਹਿੰਮ ਲਈ ਡਟਿਆ ਹੋਇਆ ਹੈ। ਦੋ ਛੋਟੇ ਛੋਟੇ ਬੱਚਿਆਂ ਨਾਲ ਅਰੀਜੋਨਾ ਸੂਬੇ ਦੇ ਫੀਨਿਕਸ ਨੇੜ੍ਹਲੇ ਸ਼ਹਿਰ ਦੇ ਅਜੈ ਪਾਲ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸਰਵੇਸ਼ ਸਿੱਧੂ ਪਿੰਡ-ਪਿੰਡ ਕਾਫ਼ਲੇ ਨਾਲ ਘੁੰਮ ਰਹੇ ਹਨ। ਇਹ ਅਮਰੀਕਾ ਤੋਂ ਉਚੇਚੇ ਤੌਰ ‘ਤੇ ਚੋਣ ਸਰਗਰਮੀਆਂ ਦਾ ਹਿੱਸਾ ਬਣਨ ਲਈ ਪੁੱਜੇ ਹੋਏ  ਹਨ। ਪਿਛੋਂ ਬਠਿੰਡੇ ਤੋਂ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਕੋਈ ਕਹਿੰਦਾ ਹੈ ਕਿ ਪੰਜਾਬ ਬਠਿੰਡਾ ਤਾਂ ਪੂਰੀ ਤਰ੍ਹਾਂ ਨਸ਼ੱਈ ਹੋ ਚੁੱਕਿਐ। ਉਹ ਇੱਥੇ ਸਿਰਫ਼ ਤੇ ਸਿਰਫ਼ ਪੰਜਾਬ ਕਰਕੇ ਆਏ ਹਨ ਤਾਂ ਜੋ ਸਾਡੇ ਪਿੱਛੇ ਰਹਿੰਦੇ ਸਾਡੇ ਪਰਿਵਾਰ, ਆਂਢ-ਗੁਆਂਢ, ਗੱਲ ਕਿ ਸਾਰਾ ਪੰਜਾਬ ਮੁੜ ਤੋਂ ਖ਼ੁਸ਼ਹਾਲੀ ਦੇਖ ਸਕੇ। ਇਥੇ ਨਸ਼ਿਆਂ ਦਾ ਖ਼ਾਤਮਾ ਹੋਵੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਹੁਣ ਅਕਾਲੀਆਂ-ਕਾਂਗਰਸੀਆਂ ਨੂੰ ਹਰਾਉਣ ਦਾ ਮੌਕਾ ਮਿਲਿਆ ਹੈ। ਪਹਿਲਾਂ ਕਹਿੰਦੇ ਸੀ ਕਿ ਕੋਈ ਤੀਜਾ ਬਦਲ ਨਹੀਂ, ਹੁਣ ਆਮ ਆਦਮੀ ਪਾਰਟੀ ਨੇ ਤੀਜਾ ਬਦਲ ਦਿੱਤਾ ਹੈ ਤਾਂ ਸਾਨੂੰ ਸਹੀ ਫ਼ੈਸਲਾ ਕਰਨਾ ਚਾਹੀਦਾ ਹੈ।
ਰਾਤ ਹੁੰਦਿਆਂ-ਹੁੰਦਿਆਂ ਪਿੰਡ ਬਾਦਲ ਪੁੱਜਦੇ ਹਾਂ। ਬੱਸ, ਇਥੇ ਦਾਖ਼ਲ ਹੁੰਦਿਆਂ ਹੀ ਵੱਡੀ ਸੁਰੱਖਿਆ ਵਿਚੋਂ ਲੰਘਣਾ ਪੈਂਦਾ ਹੈ। 7-8 ਵਜੇ ਦਾ ਸਮਾਂ ਹੈ ਪਰ ਪੂਰੀ ਸੁੰਨ ਪਸਰੀ ਹੋਈ ਹੈ। ਕੋਈ ਹਲਚਲ ਨਜ਼ਰ ਨਹੀਂ ਆਉਂਦੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਮੂਹਰ ਦੀ ਲੰਘਦਿਆਂ ਵੀ ਕੋਈ ਚੋਣਾਂ ਵਾਲਾ ਮਾਹੌਲ ਨਹੀਂ ਲਗਦਾ ਜਿਵੇਂ ਸਾਰੇ ਰੋਟੀ-ਪਾਣੀ ਛੱਕ ਕੇ ਸੌਂ ਗਏ ਹੋਣ। ਤੜਕੇ ਉਠਦਿਆਂ ਹੀ ਪਿੰਡ ਦੀ ਸੈਰ ਕਰਦਿਆਂ ਇਥੇ ਮੈਰੋਟੋਰੀਅਸ ਸਕੂਲ, ਦਸ਼ਮੇਸ਼ ਗਰਲਜ਼ ਕਾਲਜ, ਸਟੇਡੀਅਮ, ਓਲਡਏਜ ਹੋਮ, ਸਾਫ-ਸੁਥਰੀਆਂ ਸ਼ਹਿਰਾਂ ਨਾਲੋਂ ਵੀ ਵਧੀਆ ਸੜਕਾਂ ਮਿਲਦੀਆਂ ਹਨ। ਛੋਟੀਆਂ ਦੁਕਾਨਾਂ, ਖੋਖਿਆਂ ‘ਤੇ ਗੱਲ ਕਰਿਆਂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ। ਦੱਬੀ ਜ਼ੁਬਾਨ ਵਿਚ ਬੱਸ ਏਨਾ ਹੀ ਕਹਿੰਦੇ ਹਨ ਕਿ ਜੀ ਬਾਦਲ ਸਾਹਿਬ ਜਿੱਤਣਗੇ ਪਰ ਕੈਪਟਨ ਸਾਹਿਬ ਦੇ ਆਉਣ ਨਾਲ ਮੁਕਾਬਲਾ ਬਹੁਤ ਔਖਾ ਹੋ ਗਿਐ। ਬਾਦਲ ਪਿੰਡ ਦੀ ਵੋਟ ਕੋਈ 2200 ਦੇ ਕਰੀਬ ਐ ਪਰ ਇਵੇਂ ਲਗਦਾ ਸੀ ਜਿਵੇਂ ਸਾਰਾ ਪਿੰਡ ਹੀ ਖ਼ਿਲਾਫ਼ ਹੋ ਗਿਆ ਹੋਵੇ।

2
ਸਾਡਾ ਮੁਕਾਬਲਾ ਸਿਰਫ਼ ਕਾਂਗਰਸ ਨਾਲ
ਬਾਦਲ ਮਹਿਲ ਮੂਹਰੇ ਸ਼ਾਂਤੀ ਪਸਰੀ ਹੋਈ ਹੈ। ਸੁਰੱਖਿਆ ਘੇਰੇ ਦੇ ਪਹਿਲੇ ਵੱਡੇ ਸਾਰੇ ਬਾਰ ਤੋਂ ਲੰਘ ਕੇ ਵੱਡੇ ਦਲਾਨ ਵਿਚ ਖੜ੍ਹੇ ਹੋ ਜਾਂਦੇ ਹਾਂ। ਇੱਥੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਉਣਾ ਤੇ ਕਿਸੇ ਟੀ.ਵੀ. ਚੈਨਲ ਵਾਲਿਆਂ ਨੂੰ ਇੰਟਰਵਿਊ ਦੇਣੀ ਹੈ। ਉਹ ਆਪਣੇ ਕੈਮਰੇ ਫਿੱਟ ਕਰਨ ਲੱਗੇ ਹੋਏ ਹਨ। ਠੀਕ ਵਿਚਕਾਰ ਪਾਣੀ ਵਾਲਾ ਫੁਹਾਰਾ ਚੱਲ ਰਿਹਾ ਹੈ। ਉਦੋਂ ਬਾਅਦ ਇਕ ਹੋਰ ਵੱਡਾ ਸਾਰਾ ਲੱਕੜ ਦਾ ਕਿਲੇ ਵਰਗਾ ਦਰਵਾਜ਼ਾ ਹੈ ਤੇ ਉਸ ਤੋਂ ਪਾਰ ਵੱਡਾ ਸਾਰਾ ਬਾਗ਼ ਦਿਖਾਈ ਦੇ ਰਿਹਾ ਹੈ। ਰਿਹਾਇਸ਼ੀ ਮਹਿਲ ਕਿਥੋਂ ਸ਼ੁਰੂ ਹੁੰਦਾ ਹੈ, ਪਤਾ ਹੀ ਨਹੀਂ ਚਲਦਾ। ਬੀਬਾ ਜੀ ਆਉਂਦੇ ਹਨ ਤੇ ਆਉਂਦੇ ਹੀ ਟੀ.ਵੀ. ਵਾਲਿਆਂ ‘ਤੇ ਬਰਸ ਰਹੇ ਹਨ-ਜਲਦੀ ਕਰੋ, ਮੇਰੇ ਕੋਲ ਏਨਾ ਟਾਈਮ ਨਹੀਂ। ਚਿਹਰੇ ‘ਤੇ ਘਬਰਾਹਟ, ਖਿੱਝ, ਆਕੜ ਸਾਫ਼ ਦਿਖਾਈ ਦੇ ਰਹੀ ਹੈ।
ਸਾਡੇ ਵੱਲ ਨਕਲੀ ਮੁਸਕਰਾਹਟ ਸੁਟਦਿਆਂ ਬੱਸ ਏਨਾ ਹੀ ਆਖਦੇ ਨੇ-‘ਸਾਡਾ ਮੁਕਾਬਲਾ ਕਾਂਗਰਸ ਨਾਲ ਹੈ, ‘ਆਪ’ ਕਿਤੇ ਵੀ ਨਹੀਂ ਠਹਿਰਦੀ। ਅਸੀਂ ਪੰਜਾਬ ਦਾ ਬਹੁਤ ਵਿਕਾਸ ਕੀਤਾ ਹੈ ਤੇ ਲੋਕ ਵਿਕਾਸ ਦੇ ਨਾਂ ‘ਤੇ ਇਸ ਵਾਰ ਵੀ ਸਾਨੂੰ ਹੀ ਸੱਤਾ ਵਿਚ ਬਿਠਾਉਣਗੇ।’
ਪਿੰਡ ਮਹਿਣਾ ਵਿਚ ਬਾਦਲਾਂ ਦੇ ਪੋਸਟਰ ਹੇਠ ਲੱਗੇ ਥੜ੍ਹੇ ‘ਤੇ ਚਾਰ-ਪੰਜ ਬਜ਼ੁਰਗ ਬੈਠੇ ਹਨ ਤੇ ਇਕੋ ਰਾਗ ਦੇ ਰਹੇ ਹਨ-‘ਅਸੀਂ ਤਾਂ ਜੀ ਬਾਦਲ ਸਾਹਿਬ ਨਾਲ ਹੴ’ ਪਿੰਡ ਮਹਿਣਾ ਦੀ ਵੋਟ 3500 ਦੇ ਕਰੀਬ ਹੈ।

4

ਆਹ! ਜੁਆਕ ਜੇ ਉਈਂ ‘ਆਪ’ ਮਗਰ ਲੱਗੇ ਆ!
ਹਰਭਗਵਾਨ ਸਿੰਘ, ਮਿਹਰ ਸਿੰਘ ਬੋਲਦੇ ਹਨ-”ਸਿਆਸੀ ਬੰਦਾ ਤਾਂ ਜੀ ਵੋਟ ਬਾਦਲ ਨੂੰ ਹੀ ਪਾਉ…ਆਹ ਜੁਆਕ ਐਵੇਂ ਕਾਂਗਰਸ ਤੇ ‘ਆਪ’ ਪਿਛੇ ਫਿਰਦੇ ਨੇ। ਹੁਣ ਬਾਦਲ ਸਾਹਿਬ ਨੇ ਪਿੰਡਾਂ ਵਿਚ ਏਨਾ ਵਿਕਾਸ ਕੀਤਾ। ਕੱਚੇ ਘਰ ਪੱਕੇ ਕਰਾਉਣ ਲਈ 15-15 ਹਜ਼ਾਰ ਦੇ ਚੈੱਕ ਵੰਡੇ ਨੇ। ਪਰ ਹੌਲੀ ਹੌਲੀ ਦੱਬੀ ਜ਼ੁਬਾਨ ਵਿਚ ਇਹ ਵੀ ਕਹਿ ਜਾਂਦੇ ਹਨ-ਪਿੰਡ ਦੇ ਨੀਵੇਂ ਪਾਸੇ ਛੜਕਾਂ-ਛੁੜਕਾਂ ਪੱਕੀਆਂ ਨਹੀਂ ਹੋਈਆਂ…ਘਰਾਂ ਲਈ ਜਿਹੜੇ ਚੈੱਕ ਵੰਡੇ ਸੀ, ਕਿਸੇ ਨੂੰ ਚਾਰ-ਚਾਰ ਵਾਰ ਮਿਲ ਗਏ, ਕਿਸੇ ਨੂੰ ਇਕ ਵਾਰ ਨਹੀਂ ਮਿਲਿਆ। ਆਪਣੇ ਬੰਦਿਆਂ ਨੂੰ ਹੀ ਚੈੱਕ ਮਿਲ ਗਏ, ਕਈ ਤਾਂ ਪੱਕੇ ਘਰਾਂ ਵਾਲਿਆਂ ਨੂੰ ਵੀ ਮਿਲ ਗਏ। ਅਸਲ ਵਿਚ ਅਕਾਲੀਆਂ ਦੀ ਵੋਟ ਟੁੱਟੂ ਗੀ ਕਿਉਂਕਿ ਬਾਦਲ ਸਾਹਿਬ ਨੇ ਆਪ ਧਿਆਨ ਨਹੀਂ ਦਿੱਤਾ ਤੇ ਅੱਗੇ ਮਾੜੇ ਲੀਡਰ ਲਾ ਦਿੱਤੇ।
ਇਹ ਦਰਅਸਲ, ਲੰਬੀ ਹਲਕੇ ਵਿਚ ਪੈਂਦਾ ਹੈ ਤੇ ਇਥੇ ਤਿਕੋਣਾ ਮੁਕਾਬਲਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਟੱਕਰ ਕਾਂਗਰਸ ਤੇ ‘ਆਪ’ ਵਿਚਾਲੇ ਹੋ ਗਈ ਹੈ। ਬਾਦਲ ਸਾਹਿਬ ਸਾਫ਼-ਸਾਫ਼ ਪਛੜਦੇ ਨਜ਼ਰ ਆ ਰਹੇ ਹਨ।
ਪਿੰਡ ਦੀ ਹੱਦ ਖ਼ਤਮ ਹੁੰਦਿਆਂ ਹੀ ਦੋ ਨੌਜਵਾਨ ਮੋਟਰਸਾਈਕਲ ਲਈ ਖੜ੍ਹੇ ਹਨ। ਹੱਥ ਵਿਚ ‘ਆਪ’ ਦੀਆਂ ਝੰਡੀਆਂ ਹਨ। ਫੋਟੋ ਖਿਚਣ ਲੱਗਿਆਂ ਪੂਰੇ ਖ਼ੁਸ਼ ਹੋ ਜਾਂਦੇ ਹਨ। ਫਟਾਫਟ ਕਾਰ ਨੇੜੇ ਆ ਜਾਂਦੇ ਹਨ ਤੇ ਸਾਡੇ ਬਾਰੇ ਪੁਛਣ ਲਗਦੇ ਹਨ। ਗੁਰਪ੍ਰੀਤ ਸਿੰਘ ਤੇ ਦੀਪਕ ਨਾਂ ਦੇ ਇਹ ਨੌਜਵਾਨ ਬੜੇ ਉਤਸ਼ਾਹ ਵਿਚ ਹਨ।

3
ਸਾਡਾ ਤਾਂ ਜੀ ‘ਆਪ’ ਨਾਲ ਦਿਲ ਮਿਲ ਗਿਐ।
ਗੁਰਪ੍ਰੀਤ ਤੇ ਦੀਪਕ ਦਾ ਕਹਿਣਾ ਹੈ, ”ਸਾਡਾ ਤਾਂ ‘ਆਪ’ ਨਾਲ ਦਿਲ ਮਿਲ ਗਿਐ ਜੀ। ਪਾਲਸੀਆਂ-ਪੁਲਸੀਆਂ ਦਾ ਤਾਂ ਸਾਨੂੰ ਪਤਾ ਨਹੀਂ, ਪਰ ਪੰਜਾਬ ‘ਚ ਨਸ਼ੇ ਬਹੁਤ ਹੋ ਗਏ…ਸਾਨੂੰ ਹਾਲੇ ਤਕ ਕੋਈ ਕੰਮ-ਧੰਦਾ ਨੀਂ ਮਿਲਿਆ…ਮੰਡੀਰ ਵਿਹਲੀ ਤੁਰੀ ਫਿਰਦੀ ਐ…ਇਸੇ ਕਰਕੇ ਸਾਡੇ ਵਿਆਹ ਨਹੀਂ ਹੋ ਰਹੇ…ਜੇ ਸਾਡੇ ਕੋਲ ਕੋਈ ਰੁਜ਼ਗਾਰ ਹੋਊ ਤਾਂ ਆਪੇ ਕੁੜੀਆਂ ਦੇ ਵੀ ਸਾਡੇ ਨਾਲ ਦਿਲ ਮਿਲ ਜਾਣਗੇ।’ ਦੀਪਕ ਬਹੁਤ ਤਿੱਖਾ ਹੈ। ਕਹਿੰਦਾ ਹੈ, ”ਦੇਖੋ ਜਦੋਂ ਮੋਦੀ ਨੇ ਨੋਟਬੰਦੀ ਕਰਨੀ ਸੀ ਤਾਂ ਟੈਲੀਵਿਜ਼ਨ ਮੂਹਰੇ ਆ ਕੇ ਹੁਕਮ ਦੇ ਮਾਰਿਆ ਤੇ ਉਸੇ ਵੇਲੇ ਨੋਟ ਬੰਦ ਹੋ ਗਏ…ਜੇ ਹੁਣ ਕੋਈ ਸਰਕਾਰ ਚਾਹੇ ਕਿ ਨਸ਼ਾ ਬੰਦ ਹੋ ਜਾਵੇ ਤਾਂ ਇਕ ਦਿਨ ਵਿਚ ਬੰਦ ਹੋ ਜਾਊ। ਅਸੀਂ ਵੀ ਕੱਟੜ ਅਕਾਲੀ ਸੀ ਪਰ ਹੁਣ ਅਸੀਂ ‘ਆਪ’ ਨੂੰ ਮੌਕਾ ਦੇਣਾ ਚਾਹੁੰਦੇ ਹਨ। “ਉਹ ਦਸਦੇ ਹਨ ਕਿ ਹੁਣੇ ਹੁਣੇ ਪਾਰਟੀ ਉਮੀਦਵਾਰ ਜਰਨੈਲ ਸਿੰਘ ਆਉਣ ਵਾਲੇ ਹਨ। ਗੱਲ ਕਰਦਿਆਂ ਕਰਦਿਆਂ ਜਰਨੈਲ ਸਿੰਘ ਪੁੱਜ ਜਾਂਦੇ ਹਨ।
ਅਸੀਂ ਵੀ ਆਪਣੀ ਕਾਰ ਉਨ੍ਹਾਂ ਦੇ ਕਾਫ਼ਲੇ ਮਗਰ ਤੋਰ ਲੈਂਦੇ ਹਾਂ ਤੇ ਪਿੰਡ ਦੇ ਵਿਹੜੇ ਵਿਚ ਛੋਟਾ ਜਿਹਾ ਜਲਸਾ ਲੱਗਾ ਹੈ। ਜਰਨੈਲ ਸਿੰਘ ਸ਼ਾਂਤ-ਚਿਤ ਨਜ਼ਰ ਆਉਂਦੇ ਹਨ। ਉਹ ਆਪਣਾ ਭਾਸ਼ਣ ਸ਼ੁਰੂ ਕਰਦੇ ਹਨ ਤੇ ਅਸੀਂ ਭੀੜ ਦੇ ਪਿਛੇ ਖੜ੍ਹੀਆਂ ਔਰਤਾਂ ਵੱਲ ਹੋ ਜਾਂਦੇ ਹਾਂ। ਸ਼ੌਲਾਂ ਦੀਆਂ ਬੁੱਕਲਾਂ ਮਾਰੀ, ਉਹ ਪੱਲੇ ਨਾਲ ਮੂੰਹ ਢੱਕ ਲੈਂਦੀਆਂ ਹਨ ਤੇ ਕੁਝ ਵੀ ਬੋਲਣ ਤੋਂ ਝਿਜਕਦੀਆਂ ਹਨ। ਇਕ-ਦੂਜੇ ਦੇ ਮੂੰਹ ਵੱਲ ਦੇਖਦੀਆਂ ਹਨ-ਸਾਨੂੰ ਤਾਂ ਜੀ ਕੁਝ ਨਹੀਂ ਪਤਾ, ਜਿੱਥੇ ਘਰਦੇ ਕਹਿਣਗੇ ਵੋਟ ਪਾ ਦਿਆਂਗੇ। ਪਰ ਹੌਲੀ ਹੌਲੀ ਇਕ-ਦੋ ਬੀਬੀਆਂ ਮੂਹਰੇ ਆਉਂਦੀਆਂ ਹਨ। ਫੇਰ ਬਾਕੀ ਦੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ-”ਸਾਡੇ ਘਰ ਕੱਚੇ ਨੇ…ਗਲੀਆਂ-ਨਾਲੀਆਂ ਕੱਚੀਆਂ ਨੇ…ਪੈਨਸ਼ਨ ਕਦੇ-ਕਦਾਈਂ ਮਿਲਦੀ ਐ…ਕਈ ਵਾਰ ਉਹ ਵੀ ਕੱਟ ਕੇ ਮਿਲਦੀ ਐ…ਸਰਪੰਚ ਆਖ ਦਿੰਦੈ ਕਿ ਵਾਪਸ ਚਲੀ ਗਈ…ਜਿਨ੍ਹਾਂ ਦੇ ਘਰ ਪੱਕੇ ਸੀ, ਬਾਦਲ ਸਾਹਿਬ ਨੇ ਉਨ੍ਹਾਂ ਨੂੰ ਹੋਰ ਚੈੱਕ ਦੇ ਦਿੱਤੇ…ਅਸੀਂ ਆਪਣੇ ਘਰ ਪੱਕੇ ਕਰਨ ਲਈ ਕਈ-ਕਈ ਦਿਨ ਧੱਕੇ ਖਾਂਦੇ ਰਹੇ ਪਰ ਕਿਸੇ ਨੇ ਸੁਣੀ ਨਹੀਂ…। ਸਰਕਾਰੀ ਕਾਗਜ਼ਾਂ ਵਿਚ ਹੀ ਗੈਸ ਕੁਨੈਕਸ਼ਨ ਮਿਲਦੇ ਨੇ ਤੇ ਸਾਡੇ ਵਾਲੇ ਪਾਸੇ ਤਾਂ ਲੈਟਰੀਨਾਂ ਵੀ ਨਹੀਂ ਬਣੀਆਂ। ਰਣਜੀਤ ਕੌਰ, ਬਲਦੇਵ ਕੌਰ, ਮਲਕੀਤ ਕੌਰ, ਪ੍ਰਕਾਸ਼ ਕੌਰ ਫਟਾ-ਫਟ ਆਪਣਾ ਨਾਂ ਦਰਜ ਕਰਾਉਣ ਲਗਦੀਆਂ ਹਨ ਜਿਵੇਂ ਅਸੀਂ ਉਨ੍ਹਾਂ ਨੂੰ ਫੰਡ ਦੇਣ ਆਏ ਹੋਈਏ। ਦਿਲ ਨੂੰ ਇਕ ਵਾਰ ਧੁੜਕੂ ਜਿਹਾ ਲਗਦਾ ਹੈ ਕਿ ਇਹ ਲੋਕ ਕਿੰਨੇ ਦੁਖੀ ਨੇ ਸਾਡੇ ਕੋਲ ਕਿੰਨੀ ਉਮੀਦ ਨਾਲ ਆ ਰਹੇ ਨੇ ਕਿ ਸ਼ਾਇਦ ਕਾਗਜ਼ ‘ਤੇ ਉਨ੍ਹਾਂ ਦਾ ਨਾਂ ਲਿਖਦਿਆਂ ਹੀ ਅਸੀਂ ਕੋਈ ਚਮਕਤਾਰ ਕਰ ਦਿਆਂਗੇ। ਨਾਲ ਖੜ੍ਹਾ ਇਕ ਬੰਦਾ ਸਰਕਾਰੀ ਨੌਕਰੀ ਕਰਦਾ ਹੈ ਪਰ ਆਪਣਾ ਨਾਂ ਨਹੀਂ ਦਸਣਾ ਚਾਹੁੰਦਾ ਪਰ ਖੁੱਲ੍ਹ ਕੇ ਬਾਦਲਾਂ ਖ਼ਿਲਾਫ਼ ਆਪਣੀ ਭੜਾਸ ਕੱਢਦਾ ਹੈ-”50-55 ਫ਼ੀਸਦੀ ਵੋਟ ‘ਆਪ’, 30 ਫ਼ੀਸਦੀ ਕਾਂਗਰਸ ਤੇ 10 ਕੁ ਫ਼ੀਸਦੀ ਅਕਾਲੀਆਂ ਨੂੰ ਪਊਗੀ। ਅਸੀਂ ਤਾਂ ਜੀ ਅਕਾਲੀਆਂ ਦਾ ਸੰਤਾਪ ਭੋਗ ਰਹੇ ਹਾਂ।
” ਵੱਡਾ-ਛੋਟਾ ਬਾਦਲ ਆਪ ਤਾਂ ਚੰਡੀਗੜ੍ਹ–ਦਿੱਲੀ ਦੇ ਅਪਣੇ ਧੰਦਿਆਂ ਤੋਂ ਵਿਹਲ ਨਹੀਂ ਮਿਲਦੀ ਪਿੱਛੋਂ ਇਨ੍ਹਾਂ ਵਲੋਂ ਲਾਏ ਹਲਕਾ ਇੰਚਾਰਜਾਂ ਨੇ ਲੋਕਾਂ ਦਾ ਨੱਕ ‘ਚ ਦਮ ਕਰੀ ਰੱਖਿਐ। ਆਹ ਕੋਲਿਆਂਵਾਲੀ ਵਾਲਾ ਬਦਨਾਮ ਸਮੱਗਲਰ ਤੇ ਉਹਦੇ ਬਦਮਾਸ਼ ਹੀ ਨੀਂ ਮਾਣ…ਇਨ੍ਹਾਂ ਨੇ ਲੋਕਾਂ  ਜਿਉਣਾ ਹਰਾਮ ਕਰ ਰੱਖਿਐ। ਜਿਹੜਾ ਬੋਲਦੈ ਝੱਟ ਸੰਘੀ ਘੁਟਣ ਤੱਕ ਜਾਂਦੇ ਨੇ। ਫੇਰ ਤਜਿੰਦਰ ਮਿੱਡੂਖੇਡੇ ਨੇ ਲੁੱਟ ਮਚਾ ਰੱਖੀ ਐ੩ ਹੋਰ ਤਾਂ ਹੋਰ ਲੋਕ ਸੇਵਾ ਦੇ ਨਾਂਅ ਤੇ ਬਣਾਂਵਾਲੇ ਅਵਤਾਰ ਤੇ ਇੱਕ ਹੋਰ ਬਲਕਰਨ ਬੱਲਾ ਨੇ ਉਹ ਅੱਤ ਮਚਾਈ ਐ ਪੱਛੋ ਨਾ, ਬਾਹਲੇ ਈ ਅੱਕੇ ਪਏ ਆਂ ਜੀ੩ਝੂਠੇ ਪੁਲੀਸ ਕੇਸਾਂ ਨਾਲ ਵਿਰੋਧੀਆਂ ਤੇ ਆਮ ਲੋਕਾਂ ਦਾ ਉਹ ਹਾਲ ਕੀਤੈ ਕਿ ਜੀਅ ਕਰਦੈ ਵੱਡੇ ਬਾਦਲ ਦੇ ਢਿੱਡ ‘ਚ ਟੱਕਰ ਮਾਰ ਕੇ ਮਰਜੀਏ….”
ਸਿਪਾਹੀ ਤੋਂ ਲੈ ਕੇ ਡੀ.ਜੀ.ਪੀ. ਤਕ ਕੋਈ ਜਨਤਾ ਦਾ ਕੰਮ ਨਹੀਂ ਕਰਦਾ। ਕਿਸੇ ਸਰਕਾਰੇ-ਦਰਬਾਰੇ ਗ਼ਰੀਬਾਂ ਦੀ ਸੁਣੀ ਨਹੀਂ ਜਾਂਦੀ। ਬਾਦਲਾਂ ਕੇ ਤਾਂ ਮੰਗ ਖਾਣੀ ਜਾਤ ਨੇ, ਹੁਣ ‘ਆਪ’ ਨੂੰ ਮੌਕਾ ਦੇਣਾ ਚਾਹੀਦਾ ਹੈ। ਉਂਜ ਕੈਪਟਨ ਸਾਹਿਬ ਵੀ ਬਰਾਬਰ ਦੀ ਟੱਕਰ ਦੇ ਰਹੇ ਨੇ…ਮੈਨੂੰ ਲਗਦੈ ਉਹ ਵੀ ਜਿੱਤ ਸਕਦੇ ਨੇ…ਪਰ ਬਾਦਲਾਂ ਨੂੰ ਕਿਸੇ ਮੂੰਹ ਨਹੀਂ ਲਾਉਣਾ। ਬਾਦਲਾਂ ਦੀਆਂ ਜੜ੍ਹਾਂ ਵਿਚ ਤੇਲ ਪਊ।” ‘ਆਪ’ ਦੇ ਸੱਤਾ ਵਿਚ ਆਉਣ ਦੀ ਸੂਰਤ ‘ਚ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਪਹਿਲੀ ਪਸੰਦ ਐਚ.ਐਸ. ਫੂਲਕਾ ਹੈ ਕਿਉਂਕਿ ਉਹ ਪੜ੍ਹਿਆ-ਲਿਖਿਆ ਬੰਦਾ ਹੈ।
ਵੱਡੇ ਬਾਦਲ ਦਾ ਹਲਕਾ ਛੱਡ, ਛੋਟੇ ਬਾਦਲ ਦੇ ਹਲਕੇ ਜਲਾਲਾਬਾਦ ਪੁੱਜਦੇ ਹਾਂ। ਇਥੇ ਮੁਕਾਬਲਾ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੇ ‘ਆਪ’ ਦੇ ਭਗਵੰਤ ਸਿੰਘ ਮਾਨ ਵਿਚਾਲੇ ਹੈ ਪਰ ਜਿਉਂ ਵੋਟਾਂ ਦਾ ਦਿਨ ਨੇੜ੍ਹੇ ਆ ਰਿਹਾ ਹੈ  ਮੁਕਾਬਲਾ ਬਿੱਟੂ ਤੇ ਮਾਨ ਵਿਚਾਲੇ ਬਣਦਾ ਜਾਪਦਾ ਹੈ। ਹੈ। ਸੁਖਬੀਰ ਨਾਲੋਂ ਕਿਤੇ ਵੱਧ ਉਸ ਵਲੋਂ ਬਣਾਏ ਹਲਕਾ ਇੰਚਾਰਜ  ਸੁਖਮਿੰਦਰ ਮੰਟਾ ਖ਼ਿਲਾਫ਼ ਦਾ ਕਰੜਾ ਵਿਰੋਧ ਹੀ ਨਹੀਂ, ਨਫ਼ਰਤ ਝਲਕ ਰਹੀ ਹੈ। ਪਿੰਡ ਕਾਠਗੜ੍ਹ ਦਾ ਕ੍ਰਿਸ਼ਨ ਸਿੰਘ ਇਥੋਂ ਦੀ ਰਾਜਸੀ ਹਲਚਲ ‘ਤੇ ਪੂਰੀ ਨਜ਼ਰ ਰੱਖ ਰਿਹਾ ਹੈ। ਉਸ ਦਾ ਕਹਿਣਾ ਹੈ-‘ਅੱਗੇ ਇਥੋਂ ਅਕਾਲੀਆਂ ਨੂੰ 80 ਫ਼ੀਸਦੀ ਵੋਟ ਪੈਂਦੀ ਰਹੀ ਐ ਪਰ ਇਸ ਵਾਰ ਲਗਦੈ 10 ਫ਼ੀਸਦੀ ਵੀ ਨਹੀਂ ਪੈਣੀ। ਅਸਲ ਮੁਕਾਬਲਾ ਤਾਂ ਮਾਨ ਤੇ ਬਿੱਟੂ ਵਿਚਾਲੇ ਹੈ। ਕਾਂਗਰਸ ਇਥੇ ਥੋੜ੍ਹੀ ਲੇਟ ਹੋ ਗਈ ਪਰ ਫੇਰ ਵੀ ਉਹਨੇ ਆਪਣੀ ਸਰਗਰਮੀ ਤੇਜ਼ ਕਰ ਲਈ ਹੈ। ਅਕਾਲੀਆਂ ਦਾ ਤਾਂ ਇਥੇ ਗੁੰਡਾ ਰਾਜ ਰਿਹਾ…ਹੁਣ ਹਾਲ ਇਹ ਹੈ ਕਿ ਵੋਟਾਂ ਮੰਗਣ ਆਏ ਸੁਖਬੀਰ ਨੂੰ ਪਿੰਡਾਂ ਵਾਲੇ ਰੋਕਾਂ ਲਾ ਕੇ ਆਪਣੇ ਪਿੰਡ ਵਿਚੋਂ ਦੀ ੧*Îਣ ਵੀ ਨਹੀਂ ਦਿੰਦੇ… ਰੋੜੇ-ਵੱਟੇ ਲੈ ਕੇ ਪਿਛੇ ਪੈ ਜਾਂਦੇ ਹਨ…ਸੁਖਬੀਰ ਨੂੰ ਰਸਤਾ ਬਦਲ ਕੇ ਅੱਗੇ ਲੰਘਣਾ ਪੈਂਦਾ ਹੈ…।’ ਸੁਖਬੀਰ ਖ਼ਿਲਾਫ਼ ਏਨੀ ਨਫ਼ਰਤ ਦਾ ਕਾਰਨ ਪੁਛਿਆਂ, ਨਾਲ ਬੈਠਾ ਜਸਪਾਲ ਸਿੰਘ ਕਹਿੰਦਾ ਹੈ-‘ਏਥੇ ਨਸ਼ਿਆਂ ਨੇ ਬਹੁਤ ਮਾਰ ਕੀਤੀ ਐ…ਘਰ ਘਰ ਨਸ਼ੱਈ ਨੌਜਵਾਨ ਤੁਰੇ ਫਿਰਦੇ ਨੇ…ਕਿੰਨੀਆਂ ਮੌਤਾਂ ਹੋ ਗਈਆਂ…ਘਰਾਂ ਦੇ ਘਰ ਉਜੜ ਗਏ…ਕਈ ਘਰਾਂ ਵਿਚ ਤਾਂ ‘ਕੱਲੀਆਂ ਔਰਤਾਂ ਰਹਿ ਗਈਆਂ, ਮਰਦਾਂ ਦੀਆਂ ਤਾਂ ਦੀਵਾਰਾਂ ‘ਤੇ ਤਸਵੀਰਾਂ ਟੰਗੀਆਂ ਨੇ…ਚਿੱਟਾ, ਪੋਸਤ ਜਿੰਨਾ ਮਰਜ਼ੀ ਲੈ ਲਓ…ਨਹੀਂ ਯਕੀਨ ਤਾਂ ਹੁਣੇ ਦੱਸੋ ਕਿੰਨੀ ਚਾਹੀਦੀ ਹੈ, ਏਥੇ ਹੀ ਮੰਗਵਾ ਦਿੰਦਾ ਹਾਂ। ਔਰਤਾਂ ਸੁਖਬੀਰ ਖ਼ਿਲਾਫ਼ ਕੀਰਨੇ ਪਾਉਂਦੀਆਂ ਨੇ…ਜਦੋਂ ਏਨਾ ਮਾੜਾ ਹਾਲ ਹੋਵੇ ਤਾਂ ਲੋਕ ਸੁਖਬੀਰ ਨੂੰ ਵੋਟ ਕਿਵੇਂ ਪਾਉਣਗੇ। ਸੁਖਬੀਰ ਆਪ ਤਾਂ ਚੰਡੀਗੜ੍ਹ ਬਹਿ ਗਿਆ ਜਾ ਕੇ ਪਿਛੇ ਆਪਣੇ ਜਥੇਦਾਰ ਛੱਡ ਦਿੱਤੇ, ਲੋਕਾਂ ਦਾ ਖੂਨ ਪੀਣ ਨੂੰ।’
ਦੁਪਹਿਰ ਦਾ ਖਾਣਾ ਖਾਣ ਲਈ ਜਿਸ ਢਾਬੇ ‘ਤੇ ਰੁਕਦੇ ਹਾਂ, ਉਹਦੇ ਨੌਜਵਾਨ ਮਾਲਕ ਮੋਹਿਤ ਚਕੱਤੀ ਨਾਲ ਗੱਲਾਂ ਤੁਰ ਪੈਂਦੀਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਰਥ ਸ਼ਾਸ਼ਤਰ ਦੀ ਐਮ ਏ ਇਹ ਨੌਜਵਾਨ ਰਾਜਸੀ ਸਮਝ ਵੀ ਰੱਖਦਾ ਹੈ। ਉਹਦਾ ਕਹਿਣਾ ਹੈ,’ਇਥੇ ਰਾਏ ਸਿੱਖ ਬਰਾਦਰੀ ਵੱਡਾ ਅਸਰ ਰੱਖਦੀ ਐ। ਇਥੇ ਇਕ ਲੱਖ 86 ਹਜ਼ਾਰ ਦੇ ਕਰੀਬ ਵੋਟ ਐ ਤੇ ‘ਕੱਲੀ ਰਾਏ ਸਿੱਖ ਬਰਾਦਰੀ ਦੀ ਵੋਟ ਹੀ 69000 ਦੇ ਕਰੀਬ ਐ…ਪਹਿਲਾਂ-ਪਹਿਲਾਂ ਜਦੋਂ ਮਾਨ (ਭਗਵੰਤ) ਦੀ ਮੁਹਿੰਮ ਚੱਲੀ ਤਾਂ 80 ਫ਼ੀਸਦੀ ਲੋਕ ਝਾੜੂ ਨਾਲ ਸਨ ਪਰ ਬਿੱਟੂ ਦੇ ਆਉਣ ਮਗਰੋਂ ਵੀ ਮੈਦਾਨ ਪੂਰੀ ਤਰ੍ਹਾਂ ਭਖ ਗਿਐ…ਲੋਕਾਂ ਦਾ ਤਾਂ ਇਹ ਐ ਬਈ ਸਰਕਾਰ ਕੋਈ ਵੀ ਆਵੇ ਬੱਸ ਸੁਖਬੀਰ ਨੂੰ ਇਥੋਂ ਭਜਾਓ। ਸੁਖਬੀਰ ਇਥੋਂ ਪਹਿਲੀ ਵਾਰ 80000 ਵੋਟਾਂ ਦੀ ਲੀਡ ਨਾਲ ਜਿੱਤਿਆ ਸੀ, ਫੇਰ 50000 ਤੇ ਹੁਣ ਕਹਿੰਦੇ ਨੇ ਇਹਨੂੰ ਵੱਧ ਤੋਂ ਵੱਧ ਲੀਡ ਨਾਲ ਹਰਾਓ। ਜਿੱਥੋਂ ਤਕ ਰਾਏ ਸਿੱਖ ਬਰਾਦਰੀ ਦਾ ਸਵਾਲ ਐ…ਤਾਂ ਬਾਦਲ ਸਾਹਿਬ ਨੇ ਪਹਿਲਾਂ ਸ਼ੇਰ ਸਿੰਘ ਘੁਬਾਇਆ ਨਾਲ ਮੁਲਾਕਾਤ ਕੀਤੀ ਸੀ ਪਰ ਮਾਮਲਾ ਸਿਰੇ ਨਹੀਂ ਚੜ੍ਹਿਆ ਪਰ ਹੁਣ ਫਾਜ਼ਿਲਕਾ ਤੋਂ ਘੁਬਾਇਆ ਦਾ ਪੁੱਤਰ ਕਾਂਗਰਸ ਵਲੋਂ ਲੜ ਰਿਹੈ ਤੇ ਜ਼ਾਹਰਾ ਤੌਰ ‘ਤੇ ਘੁਬਾਇਆ ਕਾਂਗਰਸ ਦੀ ਡਟਵੀਂ ਹਮਾਇਤ ‘ਤੇ ਹਨ। ਕਿਉਂਕਿ ਉਹ ਰਾਏ ਸਿੱਖ ਬਰਾਦਰੀ ਵਿਚੋਂ ਹਨ ਤੇ ਰਾਏ ਸਿੱਖ ਬਰਾਦਰੀ ਦੀ ਵੋਟ ਬਿੱਟੂ ਨੂੰ ਪਊਗੀ…ਰਾਏ ਸਿੱਖ ਬਰਾਦਰੀ ਦਾ ਏਕਾ ਏਨਾ ਹੈ ਕਿ ਜਿੱਥੇ ਆਗੂ ਨੇ ਕਹਿ ਦਿੱਤਾ, ਸਾਰੀ ਦੀ ਸਾਰੀ ਵੋਟ ਉਸੇ ਧਿਰ ਨੂੰ ਜਾਊਗੀ…ਇਕ ਵੀ ਵੋਟ ਇਧਰ-ਉਧਰ ਨਹੀਂ ਹੁੰਦੀ…ਇਕੋ ਰੱਸੇ ਨਾਲ ਬੱਝੇ ਨੇ ਇਹ ਤੇ ਇਨ੍ਹਾਂ ਦਾ ਫ਼ੈਸਲਾ ਵੀ ਵੋਟਾਂ ਤੋਂ ਇਕ ਦਿਨ ਪਹਿਲਾਂ ਹੀ ਹੁੰਦੈ।’
ਨਾਲ ਬੈਠੇ ਸਰਦਾਰ ਮਹਿਲ ਸਿੰਘ ਵੀ ਆਪਣੇ ਤਜਰਬੇ ਦੀ ਗੁੱਥੀ ਖੋਲ੍ਹਦੇ ਹਨ-‘ਫਾਜ਼ਿਲਕਾ ਵਿਚ ਤਾਂ ਜੀ ਦਵਿੰਦਰ ਸਿੰਘ ਘੁਬਾਇਆ ਹੀ ਜਿੱਤੂ। ਫਿਰੋਜ਼ਪੁਰ ਵਿਚ ਕਾਂਗਰਸ ਦਾ ਪਰਮਿੰਦਰ ਸਿੰਘ ਪਿੰਕੀ ਬਾਜ਼ੀ ਮਾਰੂ…ਸੁਖਬੀਰ ਦਾ ਤਾਂ ਬੁਰਾ ਹਾਲ ਐ…ਪਿੰਡ ਕੰਧਵਾਲ ਵਿਚ ਤਾਂ ਰੋੜੇ ਚੱਲੇ ਉਹਦੀਆਂ ਗੱਡੀਆਂ ‘ਤੇ…ਆਪ ਤਾਂ ਬਾਪ-ਪੁੱਤ ਚੰਡੀਗੜ੍ਹ ਦੀਆਂ ਕੋਠੀਆਂ ਵਿਚ ਬੈਠੇ ਨੇ ਤੇ ਇਥੇ ਸਤਿੰਦਰ, ਮੰਟੇ ਵਰਗੇ ਬੰਦੇ ਛੱਡ ਰੱਖੇ ਨੇ ਲੋਕਾਂ ਦੀ ਲੁੱਟ ਕਰਨ ਲਈ।
ਇਥੋਂ ਨਿਕਲਦਿਆਂ ਪਿੰਡ ਸ਼ੇਰ ਖਾਂ ਪੁੱਜਦੇ ਹਾਂ…ਇਕ ਦੁਕਾਨਦਾਰ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਤੇ 8-10 ਹੋਰ ਘੇਰਾ ਪਾ ਲੈਂਦੇ ਹਨ। ਉਹ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਤੋਂ ਜ਼ੀਰਾ ਤਕ ਪੂਰਾ ਇਲਾਕਾ ਕਾਂਗਰਸ ਦੇ ਹੱਕ ਵਿਚ ਨਿਤਰੂ। ਪਹਿਲਾਂ ਵੀ ਇਥੋਂ ਅਕਾਲੀ ਥੋੜ੍ਹੀ ਵੋਟ ‘ਤੇ ਜਿੱਤੇ ਸਨ। ਇਥੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ…ਪਿੰਡਾਂ ਵਿਚ ਵੀ ਕਾਂਗਰਸ ਦਾ ਜ਼ੋਰ ਐ… ਜ਼ੀਰੇ ਵਿਚ ਤਿਕੋਣਾ ਮੁਕਾਬਲਾ ਹੈ ਪਰ ਕਾਂਗਰਸ ਦੀ ਝੰਡੀ ਹੈ…ਫਿਰੋਜ਼ਪੁਰ ਸਿਟੀ ਤੋਂ ਪਰਮਿੰਦਰ ਸਿੰਘ ਪਿੰਕੀ ਤੇ ਗੁਰੂਹਰਸਹਾਏ ਤੋਂ ਰਾਣਾ ਗੁਰਜੀਤ ਸਿੰਘ ਸੋਢੀ ਜਿੱਤਣ ਦੇ ਰੋਂਅ ਵਿਚ ਹਨ। ਫਿਰੋਜ਼ਪੁਰ ਦਿਹਾਤ ਵਿਚੋਂ ਸਤਿਕਾਰ ਕੌਰ ਗਹਿਰੀ ਵੀ ਚੰਗੇ ਮੁਕਾਬਲੇ ਵਿਚ ਹੈ ਤੇ ਉਹ ਵੀ ਜਿੱਤ ਹਾਸਲ ਕਰੇਗੀ। ‘ਆਪ’ ਦੇ ਮੋਹਨ ਸਿੰਘ ਫਲੀਆਂਵਾਲੇ ਦਾ ਏਨਾ ਜ਼ੋਰ ਨਹੀਂ ਹੈ। ਇਹ ਪੁਛੇ ਜਾਣ ‘ਤੇ ਕਿ ਤੁਸੀਂ ‘ਆਪ’ ਦੀ ਹਮਾਇਤ ਕਿਉਂ ਨਹੀਂ ਕਰਦੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ‘ਆਪ’ ਦਾ ਇਥੋਂ ਕੋਈ ਵੀ ਲੀਡਰ ਚੱਜ ਦਾ ਨਹੀਂ…ਕੋਈ ਦਮਦਾਰ ਆਗੂ ਹੁੰਦਾ ਤਾਂ ਲੋਕ ਉਹਨੂੰ ਵੋਟ ਪਾਉਂਦੇ ਵੀ…। ਅਸੀਂ ਦੁਕਾਨਦਾਰ ਲੋਕ ਹਾਂ, ਖੁੱਲ੍ਹ ਕੇ ਕਾਂਗਰਸ ਨਾਲ ਨਹੀਂ ਚੱਲ ਸਕਦੇ…ਆਖ਼ਰ ਸਾਡੇ ਕਾਰੋਬਾਰ ਦਾ ਸਵਾਲ ਹੈ ਪਰ ਅਸੀਂ ਵੋਟ ਕਾਂਗਰਸ ਨੂੰ ਹੀ ਪਾਵਾਂਗੇ।’
ਉਥੋਂ ਨਿਕਲਦਿਆਂ ਜਲੰਧਰ ‘ਚ ਡੇਰਾ ਲਾਉਂਦੇ ਹਾਂ। ਇਥੇ ਜਿੰਨਿਆਂ ਨਾਲ ਵੀ ਗੱਲ ਕੀਤੀ ਕਿ ਬੱਸ ਏਨਾ ਹੀ ਕਿਹਾ ਕਿ ਅਕਾਲੀਆਂ ਨੂੰ ਭਜਾਉਣਾ ਹੈ ਤੇ ਕੈਪਟਨ ਨੂੰ ਲਿਆਉਣਾ ਹੈ। ਇਥੇ ‘ਆਪ’ ਦਾ ਕੋਈ ਆਧਾਰ ਨਹੀਂ ਹੈ।
ਸਵੇਰੇ ਉਠਦਿਆਂ ਹੀ ਅੰਮ੍ਰਿਤਸਰ ਜਿਲ੍ਹੇ ‘ਚ ਬਿਕਰਮ ਮਜੀਠੀਏ ਦੇ ਹਲਕੇ ਵੱਲ ਰੁਖ਼ ਕਰਦੇ ਹਾਂ। ਪਤਾ ਲਗਦਾ ਹੈ ਕਿ ਬਿਕਰਮ ਮਜੀਠੀਆ ਢੀਂਗਾ ਨੰਗਲ ਵਿਚ ਸਭਾ ਨੂੰ ਸੰਬੋਧਨ ਕਰ ਰਿਹਾ ਹੈ। ਉਥੇ ਪੁੱਜਦੇ ਹਾਂ ਤਾਂ ਵੱਡੇ ਸਾਰੇ ਘਰ ਦੇ ਖੁੱਲ੍ਹੇ ਵਿਹੜੇ ਵਿਚ 60-70 ਬੰਦਿਆਂ ਦਾ ਕੱਠ ਹੈ। ਤੇ ਬਿਕਰਮ ਮਜੀਠੀਆ ਭਾਸ਼ਣ ਦੇ ਕੇ ਹਟਦਾ ਹੈ ਤੇ ਇਕ ਬੀਬੀ ਖੜ੍ਹੀ ਹੋ ਕੇ ਕਹਿੰਦੀ ਹੈ, ‘ਮਜੀਠੀਆ ਜੀ ਸਾਡੇ ਪਿੰਡ ਨੂੰ ਬੱਸ ਹੀ ਲਵਾ ਦਿਓ…ਅੱਗੋਂ ਮਜੀਠੀਆ ਕਹਿੰਦੇ ਹਨ, ‘ਤੂੰ ਬੱਸ ਕੀ ਕਰਨੀ ਐਂ…ਪਹਿਲਾਂ ਲਵਾਈ ਸੀ, ਕੋਈ ਚੜ੍ਹਦਾ ਨਹੀਂ ਸੀ…ਖਾਲੀ ਰਹਿ ਜਾਂਦੀ ਸੀ…ਜਦੋਂ ਕਿਤੇ ਜਾਣਾ ਹੁੰਦੈ…ਆਪਣੀਆਂ ਗੱਡੀਆਂ ਕਰਕੇ ਚਲੇ ਜਾਇਆ ਕਰੋ…। ਅੱਗੋਂ ਗ਼ਰੀਬੜੀ ਹੱਸ ਕੇ ਬੋਲਦੀ ਐ ਜੀ ਮੇਰੇ ਕੋਲ ਏਨੇ ਪੈਸੇ ਕਿੱਥੇ, ਤੁਸੀਂ ਇੰਤਜ਼ਾਮ ਕਰ ਦਿਆ ਕਰੋ…। ਲੋਕ ਹੱਸ ਕੇ ਟਾਲ ਦਿੰਦੇ ਨੇ ਤੇ 8-10 ਸਕਿਊਰਟੀ ਗਾਰਡ ਤੇ ਜਥੇਦਾਰ ਘੇਰਾ ਪਾ ਕੇ ਉਨ੍ਹਾਂ ਨੂੰ ਅੰਦਰ ਲੈ ਜਾਂਦੇ ਹਨ।
ਫੋਟੋ ਕੈਪਸ਼ਨ- ਕੈਪਟਨ ਤਾਂ ਆਪਣੀ ਜ਼ਨਾਨੀ ਨੂੰ ਨਹੀਂ ਮਿਲਦਾ
ਇਸ ਹਲਕੇ ਵਿਚ ਇਕ ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਫੇਰੀ ਲਾ ਕੇ ਗਏ ਹਨ। ਬਿਕਰਮ ਮਜੀਠੀਆ ਦਾ ਨਿਸ਼ਾਨਾ ਵੀ ਇਸੇ ਕਰਕੇ ਕੈਪਟਨ ਵੱਲ ਹੈ। ਉਹ ਬੋਲ ਰਹੇ ਹਨ-‘ਦੇਖੋ, ਬਾਦਲ ਸਾਹਿਬ ਨੇ ਕਿੰਨੇ ਕੰਮ ਕਰਵਾ ਕੇ ਦਿੱਤੇ ਥੋਡੇ…ਸਾਰੀਆਂ ਸਹੂਲਤਾਂ ਥੋਨੂੰ ਮਿਲਦੀਆਂ ਨੇ…ਬਾਦਲ ਸਾਹਿਬ ਥੋਡੇ ਆਪਣੇ ਨੇ ਥੋਡੇ ਵਿਚ ਹੀ ਰਹਿੰਦੇ ਨੇ…ਕੈਪਟਨ ਦਾ ਕੀ ਐ, ਉਹ ਤਾਂ ਆਪਣੀ ਜ਼ਨਾਨੀ ਨੂੰ ਨਹੀਂ ਮਿਲਦਾ ਤੇ ਚੋਣਾਂ ਜਿੱਤ ਕੇ ਥੋਨੂੰ ਕਿਥੋਂ ਮਿਲੂ।”

ਫੋਟੋ ਕੈਪਸ਼ਨ- ਰੈਲੀ ‘ਚੋਂ ਬਾਹਰ ਨਿਕਲਦਿਆਂ ਹੀ ਬਜ਼ੁਰਗ ਸੁਭੇਗ ਸਿੰਘ ਮਿਲਦਾ ਹੈ ਜੋ ਪੂਰਾ ਵੈਲੀ ਲਗਦਾ ਹੈ। ਉਹ ਅੱਖਾਂ ਅੱਖਾਂ ਵਿਚ ਹੀ ਗੱਲਾਂ ਕਰਦਾ ਹੈ। ਦੰਦਾਂ ਵਿਚ ਹੀ ਮੁਕsਰਾ ਕੇ ਸਾਰਾ ਭੇਤ ਖੋਲ੍ਹ ਦਿੰਦਾ ਹੈ। ਸਾਡੇ ਪੁਛਣ ‘ਤੇ ਕਹਿੰਦਾ ਹੈ-ਜੇ ਸਾਰੇ ਇਕੋ ਜਿਹੇ ਨੇ…ਕੇਜਰੀਵਾਲ ਦਾ ਏਨਾ ਆਧਾਰ ਨਹੀਂ, ਜਿਨ੍ਹਾਂ ਦਾ ਜ਼ੋਰ ਐ, ਉਹੀ ਜਿੱਤ ਜਾਣਗੇ…ਪੈਸਾ ਚੜ੍ਹਦੈ ਇਥੇ…ਮੇਰੇ-ਤੇਰੇ ਵਰਗਾ ਬੋਲੇ ਤਾਂ ਪਰਚੇ ਹੋ ਜਾਂਦੇ ਨੇ…। ਅਸੀਂ ਪੁਛਦੇ ਹਾਂ ਕਿ ਸੁਣਿਆ ਹੈ ਕਿ ਮਜੀਠੀਆ ਬੜਾ ਧਾਰਮਿਕ ਬੰਦਾ ਹੈ…ਸਵੇਰੇ-ਸ਼ਾਮ ਪਾਠ ਪੂਜਾ ਕਰਨ ਵਾਲਾ…ਨਸ਼ਿਆਂ ਦਾ ਨਾਂ ਤਾਂ ਉਹਦੇ ‘ਤੇ ਉਈਂ ਮੜ੍ਹਿਆ ਜਾ ਰਿਹੈ…ਨਸ਼ੇ ਤਾਂ ਇਧਰ ਹੈ ਨਹੀਂ… ‘ਇਹ ਤਾਂ ਜੀ ਥੋਨੂੰ ਈ ਪਤਾ ਹੋਊ…ਤੁਸੀਂ ਆਪ ਸਿਆਣੇ ਓਂ…ਮੈਂ ਕੀ ਕਹਾਂ ਥੋਨੂੰ…ਆਹ ਮੇਰੇ ਨਾਲ ਨੌਜਵਾਨ ਖੜ੍ਹਾ ਹੈ, ਓਏ ਦਸ ਤੂੰਹੀਂ ਕਿੰਨੇ ਨਸ਼ੇ ਕਰਦਾ ਰਿਹੈਂ…ਬਥੇਰੇ ਮੁੰਡੇ ਮਰੇ ਆ ਜੀ ਨਸ਼ਿਆਂ ਨਾਲ ਏਥੇ…ਬਾਕੀ ਅਸੀਂ ਕੀ ਕਹੀਏ, ਤੁਸੀਂ ਆਪ ਸਿਆਣੇ ਹੋ। ਉਂ ਤਾਂ ਕਾਂਗਰਸ ਦਾ ਵੀ ਜ਼ੋਰ ਐ…ਲੋਕ ਕਹਿੰਦੇ ਨੇ ਲਾਲੀ ਮਜੀਠੀਆ ਚੰਗੀ ਵੋਟ ਲੈ ਜਾਊ…ਕੱਲ੍ਹ ਉਹ ਵੀ ਚੰਗਾ ਕੱਠ ਕਰ ਕੇ ਗਿਐ ਪਿੰਡ ਵਿਚ।
ਇਥੋਂ ਨਿਕਲਦਿਆਂ ਹੀ ਚਾਹ ਦੀ ਤਲਬ ਉਠਦੀ ਹੈ ਤੇ ਇਕ ਹਲਵਾਈ ਦੀ ਦੁਕਾਨ ਅੰਦਰ ਜਾਂਦੇ ਹਾਂ। ਚਾਹ ਪੀਣ ਮਗਰੋਂ ਦੁਕਾਨਦਾਰ ਤੋਂ ਸੂਹ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕਹਿੰਦਾ ਹੈ-‘ਮਜੀਠਾ ‘ਚ ਜਿੰਨਾ ਵਿਕਾਸ ਪਿਛਲੇ ਦਸ ਸਾਲਾਂ ਵਿਚ ਹੋਇਐ, ਓਨਾ ਕਦੇ ਨਹੀਂ ਹੋਇਆ। ਸਸਤਾ ਆਟਾ-ਦਾਲ, ਮੁਫ਼ਤ ਬਿਜਲੀ ਮਿਲਦੀ ਹੈ। ਦੇਖੋ ਜੀ ਜਿਹਨੂੰ ਤਾਂ ਸਹੂਲਤਾਂ ਮਿਲਦੀਆਂ ਨੇ, ਉਹ ਤਾਂ ਅਕਾਲੀ ਦਲ ਨੂੰ ਹੀ ਵੋਟ ਪਾਊ, ਜਿਹਨੂੰ ਨਹੀਂ ਮਿਲਦੀਆਂ, ਉਹ ਖ਼ਿਲਾਫ਼ ਜਾਉ।’ ਏਨੇ ਨੂੰ ਇਕ ਹੋਰ ਸਰਦਾਰ ਜੀ ਨਾਲ ਖੜ੍ਹਦੇ ਨੇ। ਉਹ ਅਕਾਲੀ ਹੱਕ ਵਿਚ ਸੁਰ ਅਲਾਪਦੇ ਨੇ-‘ਮਜੀਠੀਆ ਆਪ ਸਹੀ ਐ, ਉਹਦੇ ਕਰਿੰਦੇ ਮਾੜੇ ਨੇ। ਉਨ੍ਹਾਂ ਨੇ ਹੀ ਗੰਦ ਪਾਇਐ। ਲੋਕਾਂ ਨੂੰ ਏਨੀਆਂ ਸਹੂਲਤਾਂ ਮਿਲਦੀਆਂ ਨੇ, ਜੇ ਕੋਈ ਹੋਰ ਆ ਗਿਆ ਤਾਂ ਬੰਦ ਹੋ ਜਾਣਗੀਆਂ।’
ਇਸੇ ਸੜਕ ‘ਤੇ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ। ਇੱਥੇ ਦਿੱਲੀ ਵਾਲੇ ਨੌਜਵਾਨਾਂ ਦੀ ਚਹਿਲ-ਪਹਿਲ ਹੈ। ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਸਮੱਗਰੀ ਟਿਕਾਣੇ ‘ਤੇ ਭੇਜੀ ਜਾ ਰਹੀ ਹੈ। ਚਾਰ-ਪੰਜ ਲੈਪਟੌਪ ਦਗੜ ਦਗੜ ਚੱਲ ਰਹੇ ਹਨ। ‘ਆਪ’ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਅੰਮ੍ਰਿਤਸਰ ਕਿਸੇ ਟੀ.ਵੀ. ਸ਼ੋਅ ਵਿਚ ਰੁਝੇ ਹੋਏ ਹਨ। ਸ਼ਹਿਰ ਦੇ ਪੰਜਾਬੀਆਂ ਦੀ ਕੋਈ ਸਰਗਰਮੀ ਇਸ ਦਫ਼ਤਰ ਵਿਚ ਨਜ਼ਰ ਨਹੀਂ ਆਉਂਦੀ। ਸ਼ਾਇਦ ਲੋਕ ਖੁੱਲ੍ਹ ਕੇ ‘ਆਪ’ ਨਾਲ ਜੁੜਨਾ ਨਹੀਂ ਚਾਹੁੰਦੇ। ਉਹ ਚੁੱਪ-ਚਪੀਤੇ ਆਪਣੀ ਵੋਟ ਦੀ ਤਾਕਤ ਦਿਖਾਉਣਾ ਚਾਹੁੰਦੇ ਹਨ। ਲੋਕਾਂ ਦੇ ਚਿਹਰਿਆਂ ‘ਤੇ ਸਹਿਮ ਭਰੀ ਚੁੱਪ ਸਾਫ਼ ਦਿਖਾਈ ਦਿੰਦੀ ਹੈ।
ਇਥੋਂ ਪਿੰਡਾਂ ਵਿਚ ਨਿਕਲ ਕੇ ਬਟਾਲਾ ਵੱਲ ਚਾਲੇ ਪਾਉਂਦੇ ਹਾਂ। ਹੁਣ ਬਿਕਰਮ ਮਜੀਠੀਆ ਪਿੰਡ ਢੀਂਗਾ ਨੰਗਲ ਤੋਂ ਚੱਲ ਕੇ ਪਿੰਡ ਜਲਾਲਪੁਰਾ ਪੁੱਜ ਗਿਆ ਹੈ। ਇਥੇ ਸਕਿਊਰਟੀ ਵਾਲੀਆਂ ਗੱਡੀਆਂ ਦੀ ਭਰਮਾਰ ਹੈ। ਪੁਛਣ ‘ਤੇ ਪਤਾ ਲਗਦਾ ਹੈ ਕਿ ਬਿਕਰਮ ਮਜੀਠੀਏ ਦੀ ਭੈਣ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਭਰਾ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪੁੱਜ ਗਈ। ਸੜਕ ‘ਤੇ 20 ਕੁ ਮੁੰਡਿਆਂ ਦਾ ਟੋਲਾ ਅਕਾਲੀਆਂ ਦੀ ਝੰਡੀਆਂ ਲਈ ਮੋਟਰਸਾਈਕਲਾਂ ਦੀ ਕਤਾਰ ਬਣਾਈ ਖੜ੍ਹਾ ਹੈ। ਕਿਸੇ ਦੇ ਚਿਹਰੇ ‘ਤੇ ਸ਼ਰਾਫ਼ਤ ਨਜ਼ਰ ਨਹੀਂ ਆਉਂਦੀ…ਪਹਿਰਾਵੇ ਤੋਂ ਵੀ ਬਦਮਾਸ਼ਾਂ ਵਾਲੀ ਝਲਕ ਮਿਲਦੀ ਹੈ। ਨਾਲ ਹੀ ਭੰਗਾਲੀ ਪਿੰਡ ਹੈ ਜਿੱਥੇ ਨਿੱਜੀ ਤੌਰ ‘ਤੇ ਫਾਟਕ ਲਾਈ ਦੋ ਨੌਜਵਾਨ ਖੜ੍ਹੇ ਹਨ। ਥੋੜੀ ਦੂਰ ਜਾ ਕੇ ਹਾਈਵੇ ਉੱਤੇ ਚੜ੍ਹਣ ਤੋਂ ਐਨ ਪਹਿਲਘ ਨਾਕੇ ਉੱਤੇ ਅਜੈ ਪਾਲ ਤੇ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਮੁਕਾਬਲਾ ਤਿਕੋਣਾ ਹੈ। ‘ਆਪ’ ਦੇ ਹਿੰਮਤ ਸਿੰਘ ਸ਼ੇਰਗਿਲ ਵੀ ਮੁਕਾਬਲੇ ਵਿਚ ਹਨ। ਲੋਕ ਅਕਾਲੀਆਂ ਤੋਂ ਖਫ਼ਾ ਹਨ ਕਿਉਂਕਿ ਥਾਂ ਥਾਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤੇ ਕਿਸੇ ਨੂੰ ਸਜ਼ਾ ਨਹੀਂ ਹੋਈ।
ਫੋਟੋ ਕੈਪਸ਼ਨ-ਅਸੀਂ ਤਾਂ ਜੀ ਦਿਹਾੜੀ ਲਾਉਣੀ ਐ।
ਜਲੰਧਰ-ਪਠਾਨਕੋਟ ਹਾਈਵੇ ਦੇ ਐਨ ਨਾਲ ਲਗਦੇ ਫਾਰਮ ਉੱਤੇ ਪਿੰਡਾਂ ਦੀ ਚੋਣ ਗਰਮੀ ਮਗਰੋਂ ਖੇਤਾਂ ਦੀ ਠੰਢੀ, ਸਿੱਲ੍ਹੀ ਧਰਤੀ ‘ਤੇ ਜਾ ਰੁਕਦੇ ਹਾਂ। ਇਥੇ ਬਿਹਾਰ ਤੇ ਉਤਰ ਪ੍ਰਦੇਸ਼ ਤੋਂ ਆਏ ਟੱਬਰ ਮਟਰਾਂ ਦੇ ਖੇਤ ਵਿਚ ਜੁਟੇ ਹੋਏ ਹਨ। ਇਹ ਟੱਬਰ ਕਈ ਚਿਰਾਂ ਤੋਂ ਇਥੇ ਵਸਦੇ ਹੋਣ ਕਾਰਨ ਪੰਜਾਬੀ ਹੀ ਲਗਦੇ ਹਨ ਤੇ ਸੋਹਣੀ ਪੰਜਾਬੀ ਹੀ ਬੋਲਦੇ ਹਨ। ਤਸਵੀਰ ਖਿਚਦੀ ਦੇਖ ਖੇਤ ਦਾ ਮਾਲਕ ਲਖਵਿੰਦਰ ਸਿੰਘ ਤੇ ਕਾਮਾ ਜਗਤਾਰ ਸਿੰਘ ਸਾਡੇ ਲਾਗੇ ਆ ਜਾਂਦੇ ਹਨ। ਉਨ੍ਹਾਂ ਮੁਤਾਬਕ ਇਸ ਇਲਾਕੇ ਵਿਚ ਫਸਵਾਂ ਮੁਕਾਬਲਾ ਹੈ ਪਰ ਕਾਂਗਰਸ ਦਾ ਹੱਥ ਉਪਰ ਲਗਦਾ ਹੈ।
ਬਟਾਲਾ ਸ਼ਹਿਰ ਵਿਚ ਪੁਜਦਿਆਂ ਹੀ ਆਮ ਆਦਮੀ ਪਾਰਟੀ ਦੇ ਲਾਉਡ ਸਪੀਕਰ ਨਾਲ ਸਵਾਗਤ ਹੁੰਦਾ ਹੈ। ਇਥੇ ਵੀ ਮੁਕਾਬਲਾ ‘ਆਪ’ ਦੇ ਗੁਰਪ੍ਰੀਤ ਸਿੰਘ ਵੜੈਚ ਤੇ ਕਾਂਗਰਸ ਦੇ ਅਸ਼ਵਨੀ ਸ਼ੇਖੜੀ ਨਾਲ ਹੈ। ਅਕਾਲੀ ਦਲ ਦਾ ਲਖਬੀਰ ਸਿੰਘ ਲੋਧੀਨੰਗਲ ਬਹੁਤ ਪਿਛੇ ਹੈ। ਦੁਕਾਨ ‘ਤੇ ਬੈਠੇ ਵਿਨੇ ਕੁਮਾਰ, ਮੋਹਿਤ ਗਰਗ, ਰਜੇਸ਼ ਮਹਿਤਾ ਤੇ ਉਹਦੇ ਸਾਥੀਆਂ ਨਾਲ ਗੱਲ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ, ‘ਮੋਦੀ ਸਾਹਿਬ ਕਹਿੰਦੇ ਸੀ ਕਿ ਪੰਜਾਬ ਵਿਚ ਗੁਜਰਾਤ ਮਾਡਲ ਲਿਆਵਾਂਗੇ…ਗੁਜਰਾਤ ਮਾਡਲ ਤਾਂ ਕੀ, ਸਗੋਂ ਨੋਟਬੰਦੀ ਕਰਕੇ ਰਾਤੋ-ਰਾਤ ਸਾਡੇ ਕਾਰੋਬਾਰ ਠੱਪ ਕਰ ਦਿੱਤੇ। ਇਹ ਤਾਂ ਹੁਣ ਉਨ੍ਹਾਂ ਯੂ.ਪੀ. ਚੋਣਾਂ ਵਿਚ ਹੀ ਪਤਾ ਚੱਲੂ ਕਿ ਨੋਟਬੰਦੀ ਦਾ ਅਸਰ ਕਿਵੇਂ ਪੈਂਦਾ ਹੈ। ਉਂਜ ਇਥੇ ਸ਼ੇਖੜੀ ਦਾ ਪੱਲਾ ਭਾਰੀ ਹੈ। ਅਕਾਲੀ ਪੂਰੀ ਤਰ੍ਹਾਂ ਆਉਟ ਹਨ ਤੇ ਭਾਜਪਾ ਵਾਲਿਆਂ ਨੇ ਕਾਰੋਬਾਰ ਠੱਪ ਕਰ ਦਿੱਤੇ ਹਨ। ਘੁੱਗੀ ਵੀ ਕਾਫ਼ੀ ਸਰਗਰਮ ਹੈ ਪਰ ਪਿੰਡਾਂ ਵਿਚ ਓਨਾ ਆਧਾਰ ਨਹੀਂ। ਸ਼ੇਖੜੀ ਦਾ ਇੰਜ ਐ ਬਈ ਜੇ ਉਹਨੇ ਕੁਝ ਕੀਤਾ ਨਹੀਂ ਤਾਂ ਵਿਗਾੜਿਆ ਵੀ ਕੁਝ ਨਹੀਂ। ਇਸ ਲਈ ਅਸੀਂ ਤਾਂ ਉਹਨੂੰ ਪਰਖਾਂਗੇ…ਦੂਜਾ ਮਹਾਜਨਾ ਦੀ ਵੋਟ ਕਾਂਗਰਸ ਨੂੰ ਹੀ ਜਾਉ। ਸ਼ੇਖੜੀ ਦਾ ਭਰਾ ਵੀ ਖੜ੍ਹਾ ਪਰ ਉਹਦਾ ਏਨਾ ਅਸਰ ਨਹੀਂ ਹੋਣਾ।
ਸਾਹਮਣੇ ‘ਆਪ’ ਦਾ ਦਫ਼ਤਰ ਨਜ਼ਰ ਆਉਂਦਾ ਹੈ ਤੇ ਇਥੇ ਵੀ ਨੌਜਵਾਨ ਸਰਗਰਮ ਹਨ। ਗੁਰਪ੍ਰੀਤ ਸਿੰਘ ਵੜੈਚ ਦੇ ਲਾਗਲੇ ਪਿੰਡਾਂ ਵਿਚ ਹੋਣ ਬਾਰੇ ਪਤਾ ਲਗਦਿਆਂ ਹੀ, ਉਨ੍ਹਾਂ ਨਾਲ ਗੱਲਬਾਤ ਕਰਕੇ ਪਿੰਡ ਤਲਵੰਡੀ ਚੁੰਘਲਾ ਪਹੁੰਚ ਜਾਂਦੇ ਹਾਂ। ਇਥੇ ਕੋਈ ਵਿਆਹ ਸਮਾਗਮ ਹੈ, ਜਿੱਥੇ ਨਾਲ ਹੀ ਮਾਈਕ ‘ਤੇ ਅਨਾਉਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਸੱਦਿਆ ਜਾਂਦਾ ਹੈ।
ਫੋਟੋ ਕੈਪਸ਼ਨ- ਮੁਕਾਬਲਾ ‘ਆਪ’ ਵਰਸਜ਼ ਆਲ
ਗੁਰਪ੍ਰੀਤ ਸਿੰਘ ਵੜੈਚ ਸਹਿਜ ਨਜ਼ਰ ਆਉਂਦੇ ਹਨ। ਛੋਟੀ ਜਿਹੀ ਮੁਲਾਕਾਤ ਦੌਰਾਨ ਉਹ ਕਹਿੰਦੇ ਹਨ, ‘ਦੇਖੋ ਜੀ ਮੁਕਾਬਲਾ ‘ਆਪ’ ਵਰਸਜ਼ ਆਲ ਹੈ। ਅਸੀਂ ਲੋਕਾਂ ਦੀ ਉਮੀਦ ਹਾਂ। ਸਿਆਸੀ ਤੌਰ ‘ਤੇ ਸੁਚੇਤ ਹੋਣ ਕਾਰਨ ਅਸੀਂ ਪਹਿਲਾਂ ਚੌਕੀਦਾਰ ਸੀ ਤੇ ਹੁਣ ਅਮਨ-ਕਾਨੂੰਨ ਦਾ ਹਿੱਸਾ ਬਣਨ ਜਾ ਰਹੇ ਹਾਂ। ਸਾਡੇ ਨਾਲ ਪਰਵਾਸੀਆਂ ਦਾ ਵੱਡਾ ਹੌਸਲਾ ਹੈ। ਅਸੀਂ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਾ ਚਾਹੁੰਦੇ ਹਾਂ। ਦਰਅਸਲ, ਸਾਡੇ ਪਰਵਾਸੀ ਭਰਾ ਬੜੀ ਭਾਵੁਕਤਾ ਨਾਲ ਆਮ ਆਦਮੀ ਪਾਰਟੀ ਨਾਲ ਜੁੜੇ ਹਨ। ਜਿਸ ਤਰ੍ਹਾਂ ਅਕਾਲੀਆਂ-ਕਾਂਗਰਸੀਆਂ ਨੇ ਪੰਜਾਬ ਦੀ ਹਾਲਤ ਬਦਤਰ ਕਰ ਦਿੱਤੀ ਹੈ, ਉਸ ਤੋਂ ਬੇਹੱਦ ਦੁਖੀ ਹਨ। ਉਹ ਪੰਜਾਬ ਨੂੰ ਇਨ੍ਹਾਂ ਦੇ ਚੁੰਗਲ ਵਿਚੋਂ ਛੁਡਾਉਣਾ ਚਾਹੁੰਦੇ ਹਨ। ਉਹ ‘ਆਪ’ ਦਾ ਸਾਥ ਇਸ ਕਰਕੇ ਵੀ ਦੇ ਰਹੇ ਹਨ ਕਿ ਉਨ੍ਹਾਂ ਨੂੰ ਇੱਥੇ ਆਪਣੀਆਂ ਜਾਇਦਾਦਾਂ ਸੁਰੱਖਿਅਤ ਚਾਹੀਦੀਆਂ ਹਨ। ਉਨ੍ਹਾਂ ਨੂੰ ਨਿਵੇਸ਼ ਕਰਨ ਦੀਆਂ ਨਰਮ ਸ਼ਰਤਾਂ ਚਾਹੀਦੀਆਂ ਹਨ। ਉਹ ਨਹੀਂ ਚਾਹੁੰਦੇ ਕਿ ਨਿੱਕੇ ਮੋਟੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪਵੇ। ਪੰਜਾਬ ਵਿਚ ਫੈਲੇ ਨਸ਼ਿਆਂ, ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਤੋਂ ਉਹ ਬਹੁਤ ਦੁਖੀ ਹਨ। ਉਹ ਪੰਜਾਬ ਦਾ ਦਰਦ ਮਹਿਸੂਸ ਕਰਕੇ ਹੀ ਸਾਡੀ ਮਦਦ ਲਈ ਆਏ ਹਨ। ਮਜੀਠੀਆ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਮਜੀਠੀਆ ਤੇ ਉਹਦੇ ਬੰਦੇ ਲੋਕਾਂ ਨੂੰ ਡਰਾ ਧਮਕਾ ਰਹੇ ਹਨ। ਉਨ੍ਹਾਂ ਨੂੰ ਕਹਿ ਰਹੇ ਹਨ ਕਿ ‘ਕੱਲੇ-‘ਕੱਲੇ ਦੀ ਪਛਾਣ ਕਰਾਂਗੇ…ਜਿਨ੍ਹਾਂ ਸਾਡੇ ਖ਼ਿਲਾਫ਼ ਵੋਟ ਪਾਈ…ਉਹਨੂੰ ਸਬਕ ਸਿਖਾਵਾਂਗੇ। ਮੁਫ਼ਤ ਸਹੂਲਤਾਂ ਦੇ ਲਾਲਚ ਦੇ ਰਹੇ ਹਨ।
ਇਸ ਦੇ ਨਾਲ ਹੀ ਤਲਵੰਡੀ ਚੁੰਘਲਾ ਤੋਂ ਨਿਕਲ ਕੇ ਹੁਸ਼ਿਆਰਪੁਰ ਵੱਲ ਚਾਲੇ ਪਾਉਂਦੇ ਹਾਂ। ਰੋਟੀ ਖਾਣ ਲਈ ਢਾਬੇ ‘ਤੇ ਰੁਕਦੇ ਹਾਂ ਤੇ ਇਥੇ ਵੀ ਆਲੇ-ਦੁਆਲੇ ਲੋਕਾਂ ਨਾਲ ਕੀਤੀ ਗੱਲਬਾਤ ਤੋਂ ਕਾਂਗਰਸ ਤੇ ‘ਆਪ’ ਵਿਚਾਲੇ ਹੀ ਟੱਕਰ ਸਾਹਮਣੇ ਆਉਂਦੀ ਹੈ। ਅਕਾਲੀਆਂ ਪ੍ਰਤੀ ਲੋਕਾਂ ਵਿਚ ਰੋਸਾ ਹੈ ਤੇ ਅਕਾਲੀਆਂ ਨੂੰ ਹਰ ਹਾਲਤ ਵਿਚੋਂ ਇਥੋਂ ਭਜਾਉਣਾ ਚਾਹੁੰਦੇ ਹਨ। ਪਰ ਕਾਂਗਰਸ ਤੇ ‘ਆਪ’ ਦੋਹਾਂ ਵਿਚ ਕਾਂਗਰਸ ਦਾ ਪੰਜਾ ਜ਼ੋਰ ਦਿਖਾਉਂਦਾ ਨਜ਼ਰ ਆ ਰਿਹਾ ਹੈ।
ਵਾਪਸੀ ਦੇ ਆਖ਼ਰੀ ਪੜਾਅ ਦੌਰਾਨ ਦੁਆਬੇ ਦੇ ਮੁੱਖ ਸ਼ਹਿਰਾਂ ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਬੰਗਾ ਵਿੱਚ ਵੋਟਰਾਂ ਨਾਲ ਹੋਈ ਗੱਲਬਾਤ ਦੌਰਾਨ ਬਹੁਤੀਂ ਥਾਈਂ ਮੁਕਾਬਲਾ ਕਾਂਗਰਸ ਅਤੇ ਅਕਾਲੀਆਂ ਵਿਚਾਲੇ ਹੀ ਹੋਣ ਦਾ ਪ੍ਰਭਾਵ ਬਣਦਾ ਹੈ। ਪਰ ਇੱਥੇ ਵੀ
ਨੌਜਵਾਨ ਵਰਗ ਦੇ ਹੁੰਗਾਰੇ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ ।
ਰੋਪੜ ਅਤੇ ਚਮਕੌਰ ਸਾਹਿਬ ਹਲਕਿਆਂ ਵਿੱਚ ਕਾਂਗਰਸ ਦੀ ਚੜ੍ਹਤ ਦਿਸਦੀ ਹੋਣ ਦੇ ਬਾਵਜੂਦ ਕਿਸੇ ਉਮੀਦਵਾਰ ਦੀ ਜਿੱਤ ਯਕੀਨੀ ਨਹੀਂ ਅਤੇ ਕੁਰਾਲੀ ਹਲਕੇ ਵਿੱਚ ਆਪ ਦੇ ਉਮੀਦਵਾਰ ਪੱਤਰਕਾਰ ਕੰਵਰ ਸੰਧੂ ਹੋਰਨਾਂ ਨਾਲੋਂ ਕਾਫ਼ੀ ਅੱਗੇ ਦਿਸਦੇ ਸਨ। ਪਰ ਚੰਡੀਗੜ੍ਹ ਦੇ ਨੇੜ੍ਹੇ ਪੈਂਦੇ ਮੋਹਾਲੀ ਅਤੇ ਡੇਰਾਬੱਸੀ ਹਲਕਿਆਂ ਵਿੱਚ ਕਿਸੇ ਪਾਰਟੀ ਦੇ ਉਮੀਦਵਾਰ ਦੀ ਹੂੰਝਾ ਫੇਰੂ ਜਿੱਤ ਦੇ ਬਹੁਤੇ ਆਸਾਰ ਨਜ਼ਰੀਂ ਨਹੀਂ  ਸਨ ਪੈਂਦੇ।