ਪੰਜਾਬ ਪੁਲੀਸ ਨੇ ਬਾਦਲਾਂ ਦੇ ਚਹੇਤੇ ਚੌਟਾਲਿਆਂ ਦੀ ਸੇਵਾ ‘ਚ ਲਾਏ ਗੰਨਮੈਨ ਵਾਪਸ ਬੁਲਾਏ

ਪੰਜਾਬ ਪੁਲੀਸ ਨੇ ਬਾਦਲਾਂ ਦੇ ਚਹੇਤੇ ਚੌਟਾਲਿਆਂ ਦੀ ਸੇਵਾ ‘ਚ ਲਾਏ ਗੰਨਮੈਨ ਵਾਪਸ ਬੁਲਾਏ

ਚੌਧਰੀ ਦੇਵੀ ਲਾਲ ਦਾ ਸਮਾਰਕ।

ਬਠਿੰਡਾ/ਚਰਨਜੀਤ ਭੁੱਲਰ
ਪੰਜਾਬ ਪੁਲੀਸ ਨੇ ਰਾਤੋ ਰਾਤ ਹਰਿਆਣਾ ਦੇ ਚੌਟਾਲਾ ਪਰਿਵਾਰ ਤੋਂ ਕਰੀਬ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਗਠਜੋੜ ਹਕੂਮਤ ਵੱਲੋਂ ਲੰਮੇ ਸਮੇਂ ਤੋਂ ਚੌਟਾਲਾ ਪਰਿਵਾਰ ਨੂੰ ਸੁਰੱਖਿਆ ਗਾਰਦ ਦਿੱਤੇ ਹੋਏ ਸਨ। ਪੰਜਾਬ ਦੇ ਪੁਲੀਸ ਅਫ਼ਸਰ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਐਸਵਾਈਐਲ ਦੀ ਖੁਦਾਈ ਕਰਨ ਦੇ ਐਲਾਨ ਮਗਰੋਂ ਗੰਨਮੈਨ ਵਾਪਸ ਲੈਣ ਬਾਰੇ ਸੰਜੀਦਾ ਹੋ ਗਏ ਸਨ।
ਸੂਤਰਾਂ ਅਨੁਸਾਰ ਦੋ ਹਫ਼ਤੇ ਪਹਿਲਾਂ ਚੌਟਾਲਾ ਪਰਿਵਾਰ ਦੇ ਨਾਲ ਲੱਗੇ ਗੰਨਮੈਨ ਵਾਪਸ ਬੁਲਾ ਲਏ ਸਨ ਪਰ ਮਗਰੋਂ ਪੰਜਾਬ ਸਰਕਾਰ ਦੇ ਮੁੜ ਦਬਾਅ ਕਰਕੇ ‘ਗ਼ੈਰਕਾਨੂੰਨੀ’ ਢੰਗ ਨਾਲ ਮੁੜ ਚੌਟਾਲਾ ਪਰਿਵਾਰ ਨਾਲ ਇਨ੍ਹਾਂ ਦੀ ਤਾਇਨਾਤੀ ਕਰ ਦਿੱਤੀ ਸੀ। ਜਦੋਂ ਨਹਿਰ ਦੀ ਖੁਦਾਈ ਦਾ ਮਾਮਲਾ ਉਠਿਆ ਤਾਂ 22 ਫਰਵਰੀ ਦੀ ਰਾਤ ਨੂੰ ਹੀ ਇਹ ਗੰਨਮੈਨ ਵਾਪਸ ਲੈਣ ਦੇ ਮਾਮਲੇ ‘ਤੇ ਪੁਲੀਸ ਅਫ਼ਸਰਾਂ ਵਿੱਚ ਭਾਜੜ ਪੈ ਗਈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੌਟਾਲਾ ਪਰਿਵਾਰ ਨਾਲ ਨੇੜਤਾ ਹੈ, ਜਿਸ ਕਰਕੇ ਗਠਜੋੜ ਹਕੂਮਤ ਨੇ ਪੰਜਾਬ-ਹਰਿਆਣਾ ਸੀਮਾ ‘ਤੇ ਚੌਧਰੀ ਦੇਵੀ ਲਾਲ ਦੀ ਸਮਾਰਕ ਬਣਾਈ। ਸੂਤਰਾਂ ਨੇ ਦੱਸਿਆ ਕਿ ਇਸ ਸਮਾਰਕ ‘ਤੇ ਲੱਗੇ ਇੱਕ ਸਬ ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੀ ਗਾਰਦ ਹਟਾਉਣ ਦੀ ਗੱਲ ਵੀ ਚੱਲੀ ਸੀ ਪਰ ਪੁਲੀਸ ਅਫ਼ਸਰਾਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਕਿ ਪੰਜਾਬ ਵਿੱਚ ਸਮਾਰਕ ਹੋਣ ਕਰਕੇ ਗਾਰਦ ਨਹੀਂ ਹਟਾਈ ਜਾਵੇਗੀ। ਸੂਤਰਾਂ ਅਨੁਸਾਰ ਚੌਟਾਲਾ ਪਰਿਵਾਰ ਨੂੰ ਹੋਰ ਸਮਾਂ ਗੰਨਮੈਨ ਦੇਣ ਨੂੰ ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਆਪਣੀ ਨੌਕਰੀ ਲਈ ਖ਼ਤਰਾ ਦੱਸਿਆ। ਸੂਤਰ ਦੱਸਦੇ ਹਨ ਕਿ ਗਠਜੋੜ ਦੇ ਕਾਫ਼ੀ ਨੇਤਾਵਾਂ ਦੇ ਨਾਮ ‘ਤੇ ਇਹ ਸਕਿਉਰਿਟੀ ਜਾਰੀ ਹੋਈ ਸੀ, ਜੋ ਚੌਟਾਲਾ ਪਰਿਵਾਰ ਨਾਲ ਤਾਇਨਾਤ ਸੀ। ਸੂਤਰ ਆਖਦੇ ਹਨ ਕਿ ਨਹਿਰ ਦੀ ਖੁਦਾਈ ਦੇ ਐਲਾਨ ਕਰਕੇ ਪੁਲੀਸ ਅਫ਼ਸਰ ਡਰ ਗਏ ਤੇ 22 ਫਰਵਰੀ ਦੀ ਰਾਤ ਨੂੰ ਦਿੱਲੀ ਵਿੱਚ ਵਿਸ਼ੇਸ਼ ਗੱਡੀ ਭੇਜ ਕੇ ਚੌਟਾਲਾ ਪਰਿਵਾਰ ਦੇ ਫਾਰਮ ਹਾਊਸ ਤੋਂ ਗੰਨਮੈਨ ਵਾਪਸ ਲਿਆਂਦੇ। ਇਹ ਗੰਨਮੈਨ ਪੀਏਪੀ ਬਟਾਲੀਅਨ ਪਟਿਆਲਾ ਦੇ ਦੱਸੇ ਗਏ, ਜੋ ਹੁਣ ਬਟਾਲੀਅਨ ਵਿੱਚ ਵਾਪਸ ਆ ਗਏ ਹਨ।
ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮਗਰੋਂ ਆਊਟ ਆਫ਼ ਸਟੇਟ ਜੋ ਵੀ ਗੰਨਮੈਨ ਸਨ, ਉਹ ਵਾਪਸ ਲੈ ਲਏ ਸਨ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਬਹੁਤੇ ਗੰਨਮੈਨ ਚੌਟਾਲਾ ਫਾਰਮ ਵਿੱਚ ਤਾਇਨਾਤ ਸਨ, ਜਦੋਂਕਿ ਬਾਕੀ ਗੰਨਮੈਨ ਚੌਟਾਲਾ ਪਰਿਵਾਰ ਦੇ ਵੱਖ ਵੱਖ ਮੈਂਬਰਾਂ ਨਾਲ ਲੱਗੇ ਹੋਏ ਸਨ। ਇੱਧਰ ‘ਚੌਧਰੀ ਦੇਵੀ ਲਾਲ ਦੀ ਸਮਾਰਕ’ ਉਤੇ ਪੰਜਾਬ ਪੁਲੀਸ ਦੀ ਗਾਰਦ ਸਾਲ 2008 ਤੋਂ ਤਾਇਨਾਤ ਹੈ ਅਤੇ ਦਸੰਬਰ 2016 ਤੱਕ ਸਰਕਾਰ ਇਸ ਸਮਾਰਕ ‘ਤੇ ਕਰੀਬ ਸਵਾ ਤਿੰਨ ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ।
ਪੰਜਾਬ ਪੁਲੀਸ ਦਾ ਕੋਈ ਗੰਨਮੈਨ ਨਹੀਂ ਲਿਆ: ਚੌਟਾਲਾ
ਇਨੈਲੋ ਦੇ ਸੁਪਰੀਮੋ ਅਭੈ ਚੌਟਾਲਾ ਦੇ ਵੱਡੇ ਬੇਟੇ ਕਰਨ ਸਿੰਘ ਚੌਟਾਲਾ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਚੌਟਾਲਾ ਪਰਿਵਾਰ ਕੋਲ ਸੁਰੱਖਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਪੰਜਾਬ ਪੁਲੀਸ ਦਾ ਕੋਈ ਗੰਨਮੈਨ ਨਹੀਂ ਹੈ, ਜਿਸ ਕਰਕੇ ਗੰਨਮੈਨ ਵਾਪਸੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ।