ਸਿੱਖ ਕਤਲੇਆਮ ਮਾਮਲਿਆਂ ‘ਚ ਸੱਜਣ-ਟਾਈਟਲਰ ਸਮੇਤ 9 ਕੇਸ ਫ਼ੈਸਲੇ ਦੇ ਨੇੜੇ : ਫੂਲਕਾ

ਸਿੱਖ ਕਤਲੇਆਮ ਮਾਮਲਿਆਂ ‘ਚ ਸੱਜਣ-ਟਾਈਟਲਰ ਸਮੇਤ 9 ਕੇਸ ਫ਼ੈਸਲੇ ਦੇ ਨੇੜੇ : ਫੂਲਕਾ

ਜਗਰਾਉਂ/ਬਿਊਰੋ ਨਿਊਜ਼ :
’84 ਦੇ ਸਿੱਖ ਕਤਲੇਆਮ ਦੇ ਲੰਬੇ ਸਮੇਂ ਤੋਂ ਅਦਾਲਤਾਂ ਵਿਚ ਲਟਕਦੇ ਆ ਰਹੇ ਕੇਸਾਂ ਸਬੰਧੀ ਮਾਮਲਿਆਂ ਦੀ ਕਨੂੰਨੀ ਪ੍ਰਕਿਰਿਆ ਨਾਲ ਜੁੜੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਇਸ ਸਮੇਂ ਵੱਖ-ਵੱਖ ਅਦਾਲਤਾਂ ਵਿਚ ਦਿੱਲੀ ਸਿੱਖ ਕਤਲੇਆਮ ਨਾਲ ਸਬੰਧਤ 9 ਮਾਮਲੇ ਫ਼ੈਸਲੇ ਨੇੜੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਵਲੋਂ ਬਣਾਈ ਐੱਸ.ਆਈ.ਟੀ. ਵਲੋਂ ਬੰਦ ਕੀਤੇ 242 ਮਾਮਲਿਆਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਵੀ ਸੁਪਰੀਮ ਦੇ ਦੋ ਸਾਬਕਾ ਜੱਜਾਂ ਦੀ ਉੱਚ ਅਦਾਲਤ ਵਲੋਂ ਬਣਾਈ ਕਮੇਟੀ ਕੇਸਾਂ ਨੂੰ ਦੇਖ ਰਹੀ ਹੈ। ਫੂਲਕਾ ਨੇ ਇਹ ਵੀ ਆਖਿਆ ਕਿ ਭਾਵੇਂ ਇਨ੍ਹਾਂ ਮਾਮਲਿਆਂ ਵਿਚ ਮੁੱਖ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਵੀ ਸ਼ਰ੍ਹੇਆਮ ਭੂਮਿਕਾ ਸਪਸ਼ਟ ਹੈ ਪਰ ਸੀ.ਬੀ.ਆਈ. ਟਾਈਟਲਰ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਮੁਤਾਬਕ ਰਾਜਧਾਨੀ ਵਿਚ ਮਰੇ 2733 ਸਿੱਖ, ਜੋ ਇਸੇ ਦੇਸ਼ ਦੇ ਨਾਗਰਿਕ ਸਨ ਦੇ ਮਾਮਲਿਆਂ ਵਿਚ ਪਹਿਲਾਂ ਉਸ ਸਮੇਂ ਪੁਲਿਸ ਵਲੋਂ ਬੇਨਾਮੇ ਮਾਮਲੇ ਦਰਜ ਕਰਨ ਖ਼ਿਲਾਫ਼ ਕਾਨੂੰਨੀ ਲੜਾਈ ਲੜ ਕੇ ਕੇਸਾਂ ਵਿਚ ਦੋਸ਼ੀਆਂ ਦੇ ਨਾਂਅ ਪਵਾਉਣ ਤੋਂ ਲੈ ਕੇ ਇਸ ਤੋਂ ਬਾਅਦ ਦਰਜ ਮਾਮਲਿਆਂ ਵਿਚ ਪੁਲੀਸ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੰਮ ਕਰਨ ਦੀ ਬਜਾਏ ਵਾਰ-ਵਾਰ ਕੇਸਾਂ ਨੂੰ ਤੋੜ ਦੇਣਾ, ਮੌਕੇ ਦੇ ਗਵਾਹਾਂ ਨੂੰ ਡਰਾ ਧਮਕਾ ਕੇ ਕੇਸਾਂ ਨੂੰ ਲਗਾਤਾਰ ਖ਼ਤਮ ਕਰਵਾਉਣ ਲਈ ਸਰਕਾਰੀ ਤੰਤਰ ਵਲੋਂ ਹੁੰਦੀ ਰਹੀ ਚਾਰਾਜ਼ੋਈ ਵਿਰੁੱਧ ਵੀ ਅਦਾਲਤਾਂ ਵਿਚ ਉਹ ਲੜਾਈ ਲੜਦੇ ਆ ਰਹੇ ਹਨ ਤੇ ਕਈ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਵੀ ਸਫ਼ਲ ਰਹੇ ਹਨ। ਉਨ੍ਹਾਂ ਸਰਕਾਰਾਂ ਦੀ ਭੂਮਿਕਾ ਦੇ ਮੁੱਦੇ ‘ਤੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਜਾਂ ਭਾਜਪਾ ਦੀਆਂ ਸਰਕਾਰਾਂ ਕਮਿਸ਼ਨ ਬਣਾ ਕੇ ਮਾਮਲਿਆਂ ਦੀਆਂ ਜਾਂਚ ਰਿਪੋਰਟ ਲੈਣ ਤੱਕ ਹੀ ਸੀਮਤ ਰਹੀਆਂ ਹਨ।