ਮੁੰਬਈ ਇੰਡੀਅਨਜ਼ ਨੇ ‘ਗੁਜਰਾਤੀ ਸ਼ੇਰਾਂ’ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਮੁੰਬਈ ਇੰਡੀਅਨਜ਼ ਨੇ ‘ਗੁਜਰਾਤੀ ਸ਼ੇਰਾਂ’ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਮੁੰਬਈ/ਬਿਊਰੋ ਨਿਊਜ਼ :
ਨਿਤੀਸ਼ ਰਾਣਾ (53 ਦੌੜਾਂ) ਦੇ ਇਸ ਸੀਜ਼ਨ ਵਿੱਚ ਦੂਜੇ ਅਰਧ ਸੈਂਕੜੇ ਸਦਕਾ ਮੁੰਬਈ ਇੰਡੀਅਜ਼ ਇੱਥੇ ਗੁਜਰਾਤ ਲਾਇਨਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਨਾਲ ਅੰਕ ਸੂਚੀ ਵਿੱਚ ਸਭ ਤੋਂ ਉਪਰ ਪੁੱਜ ਗਈ ਹੈ। ਗੁਜਰਾਤ ਲਾਇਨਜ਼ ਨੇ ਸਲਾਮੀ ਬੱਲੇਬਾਜ਼ ਬਰੈਂਡਨ ਮੈਕੁਲਮ ਦੀ ਤੇਜ਼ ਤਰਾਰ 68 ਦੌੜਾਂ ਦੀ ਪਾਰੀ ਤੋਂ ਬਾਅਦ ਦਿਨੇਸ਼ ਕਾਰਤਿਕ ਦੀਆਂ ਨਾਬਾਦ 48 ਦੌੜਾਂ ਨਾਲ ਚਾਰ ਵਿਕਟਾਂ ਦੇ ਨੁਕਸਾਨ ‘ਤੇ 176 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ। ਘਰੇਲੂ ਟੀਮ ਨੇ 19.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 177 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਮੁੰਬਈ ਇੰਡੀਅਨਜ਼ ਦੇ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਅੱਠ ਅੰਕ ਹੋ ਗਏ ਹਨ, ਜਦਕਿ ਗੁਜਰਾਤ ਨੇ ਚਾਰ ਵਿੱਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ ਤੇ ਉਸ ਦੇ ਸਿਰਫ਼ ਦੋ ਅੰਕ ਹਨ। ਟੀਚਾ ਸਰ ਕਰਨ ਉੱਤਰੀ ਮੁੰਬਈ ਨੇ ਵੀ ਗੁਜਰਾਤ ਵਾਂਗ ਆਪਣੇ ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਦੀ ਵਿਕਟ ਦੂਜੀ ਗੇਂਦ ‘ਤੇ ਸਿਫ਼ਰ ‘ਤੇ ਗੁਆ ਦਿੱਤੀ। ਜੋਸ ਬਟਲਰ (24 ਗੇਂਦਾਂ ਵਿੱਚ 26 ਦੌੜਾਂ) ਅਤੇ ਨਿਤੀਸ਼ ਰਾਣਾ (36 ਗੇਂਦਾਂ ਵਿੱਚ ਚਾਰ ਚੌਕਿਆਂ ਤੇ ਦੋ ਛੱਕਿਆਂ ਬਦੌਲਤ 53 ਦੌੜਾਂ) ਨੇ ਦੂਜੀ ਵਿਕਟ ਲਈ ਨੌਂ ਓਵਰਾਂ ਵਿੱਚ 85 ਦੌੜਾਂ ਦੀ ਭਾਈਵਾਲੀ ਕੀਤੀ।
ਆਪਣੇ ਪਹਿਲੇ ਮੈਚ ਵਿੱਚ ਹੈਟ੍ਰਿਕ ਕਰ ਪੰਜ ਵਿਕਟਾਂ ਝਟਕਾਉਣ ਵਾਲੇ ਐਂਡਰਿਊ ਟਾਏ (34 ਦੌੜਾਂ ਦੇ ਕੇ ਦੋ ਵਿਕਟਾਂ) ਦੀ ਗੇਂਦ ‘ਤੇ 10ਵੇਂ ਓਵਰ ਵਿੱਚ ਰਾਣਾ ਦੇ ਆਊਟ ਹੋਣ ਨਾਲ ਇਹ ਭਾਈਵਾਲੀ ਟੁੱਟੀ, ਪਰ ਉਦੋਂ ਤੱਕ ਰਾਣਾ ਨੇ ਪੰਜ ਮੈਚਾਂ ਵਿੱਚ 193 ਦੌੜਾਂ ਬਣਾ ਕੇ ਕੋਲਕਾਤਾ ਨਾਈਟਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਤੋਂ ‘ਓਰੈਂਜ ਕੈਪ’ ਹਾਸਲ ਕਰ ਲਈ।
ਕਪਤਾਨ ਰੋਹਿਤ ਸ਼ਰਮਾ ਨਾਬਾਦ 40 ਦੌੜਾਂ ਅਤੇ ਕੀਰੋਨ ਪੋਲਾਰਡ 39 ਦੌੜਾਂ ਨੇ ਤੇਜ਼ੀ ਨਾਲ ਦੌੜਾਂ ਬਣਾਉਂਦਿਆਂ ਸੱਤ ਓਵਰਾਂ ਵਿੱਚ 68 ਦੌੜਾਂ ਬਣਾਈਆਂ। ਟਾਏ ਨੇ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਪੋਲਾਰਡ ਨੂੰ ਆਊਟ ਕਰ ਦਿੱਤਾ ਅਤੇ ਟੀਮ ਦਾ ਸਕੋਰ ਚਾਰ ਵਿਕਟਾਂ 160 ਦੌੜਾਂ ਹੋ ਗਿਆ। ਇਸ ਤੋਂ ਬਾਅਦ ਰੋਹਿਤ ਅਤੇ ਪਾਂਡਿਆ ਨੇ ਆਰਾਮ ਨਾਲ ਅੱਠ ਗੇਂਦਾਂ ‘ਤੇ 17 ਦੌੜਾਂ ਬਣਾ ਕੇ ਟੀਮ ਨੂੰ ਟੀਚੇ ਤੱਕ ਪੁਚਾ ਦਿੱਤਾ।