ਪਾਕਿ : ਕੋਇਟਾ ਦੇ ਹਸਪਤਾਲ ਵਿਚ ਫਿਦਾਈਨ ਹਮਲੇ ਨਾਲ 75 ਹਲਾਕ

ਪਾਕਿ : ਕੋਇਟਾ ਦੇ ਹਸਪਤਾਲ ਵਿਚ ਫਿਦਾਈਨ ਹਮਲੇ ਨਾਲ 75 ਹਲਾਕ

ਪ੍ਰਧਾਨ ਦੀ ਲਾਸ਼ ਹਸਪਤਾਲ ਲਿਆਉਣ ਮਗਰੋਂ ਇਕੱਤਰ ਹੋਏ ਸਨ ਕਰੀਬ 200 ਵਕੀਲ
ਕਰਾਚੀ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਗੜਬੜੀ ਵਾਲੇ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਸਰਕਾਰੀ ਹਸਪਤਾਲ ਵਿੱਚ ਤਾਲਿਬਾਨ ਦੇ ਫਿਦਾਈਨ ਹਮਲਾਵਰ ਨੇ ਬੰਬ ਧਮਾਕਾ ਕਰ ਦਿੱਤਾ, ਜਿਸ ਵਿੱਚ 75 ਲੋਕ ਮਾਰੇ ਗਏ ਅਤੇ 115 ਤੋਂ ਵੱਧ ਫੱਟੜ ਹੋ ਗਏ ਹਨ। ਬਲੋਚਿਸਤਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਕੀਲ ਬਿਲਾਲ ਅਨਵਰ ਕਾਸੀ, ਜਿਸ ਨੂੰ ਗੋਲੀ ਮਾਰ ਦਿੱਤੀ ਗਈ ਸੀ, ਦੀ ਲਾਸ਼ ਕੋਇਟਾ ਦੇ ਸਿਵਿਲ ਹਸਪਤਾਲ ਵਿੱਚ ਲਿਆਂਦੀ ਗਈ ਸੀ। ਇਸ ਕਾਰਨ ਤਕਰੀਬਨ 200 ਵਕੀਲ ਹਸਪਤਾਲ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ। ਐਮਰਜੈਂਸੀ ਵਾਰਡ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਥੇ ਕਾਸੀ ਦੀ ਲਾਸ਼ ਸੀ। ਰਿਪੋਰਟਾਂ ਮੁਤਾਬਕ ਇਸ ਹਮਲੇ ਵਿੱਚ ਦੋ ਪੱਤਰਕਾਰ ਵੀ ਮਾਰੇ ਗਏ ਹਨ।
ਪੁਲੀਸ ਨੇ ਦੱਸਿਆ  ਕਿ ਇਹ ਫਿਦਾਈਨ ਹਮਲਾ ਸੀ, ਜਿਸ ਲਈ ਅੱਠ ਕਿਲੋਗਰਾਮ ਧਮਾਕਾਖੇਜ਼ ਸਮੱਗਰੀ ਵਰਤੀ ਗਈ ਸੀ। ਬੰਬ ਨਕਾਰਾ ਕਰਨ ਵਾਲੇ ਦਸਤੇ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਇਕ ਧੜੇ ਜਮਾਤੁਲ ਅਹਾਰਾ ਦੇ ਤਰਜਮਾਨ ਨੇ ਕਿਹਾ ਕਿ ਉਸ ਦਾ ਧੜਾ ਦੱਖਣ-ਪੱਛਮੀ ਸ਼ਹਿਰ ਕੋਇਟਾ ਦੇ ਹਮਲੇ ਦੀ ‘ਜ਼ਿੰਮੇਵਾਰੀ ਲੈਂਦਾ’ ਹੈ ਅਤੇ ਪਾਕਿਸਤਾਨ ਵਿੱਚ ਇਸਲਾਮਿਕ ਕਾਨੂੰਨ ਲਾਗੂ ਕੀਤੇ ਜਾਣ ਤਕ ਹੋਰ ਹਮਲੇ ਕਰਨ ਦਾ ਅਹਿਦ ਲੈਂਦਾ ਹੈ।
ਸੂਬਾਈ ਸਿਹਤ ਵਿਭਾਗ ਦੇ ਮੁਖੀ ਨੇ ਦੱਸਿਆ, ‘ਮੌਤਾਂ ਦੀ ਗਿਣਤੀ 70 ਹੋ ਗਈ ਹੈ ਤੇ 112 ਜਣੇ ਜ਼ਖ਼ਮੀ ਹਨ।’ ਅਧਿਕਾਰੀਆਂ ਮੁਤਾਬਕ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਇਸ ਸਾਲ ਪਾਕਿ ਵਿਚ ਇਹ ਦੂਜਾ ਸਭ ਤੋਂ ਮਾਰੂ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਈਸਟਰ ਮੌਕੇ ਲਾਹੌਰ ਦੇ ਇਕ ਭੀੜ ਵਾਲੇ ਪਾਰਕ ਵਿੱਚ ਕੀਤੇ ਬੰਬ ਧਮਾਕੇ ਵਿੱਚ 75 ਜਣੇ ਮਾਰੇ ਗਏ ਸਨ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਕਿਹਾ, ‘ਇਹ ਸੁਰੱਖਿਆ ਵਿੱਚ ਕੁਤਾਹੀ ਹੈ ਅਤੇ ਮੈਂ ਨਿੱਜੀ ਤੌਰ ‘ਤੇ ਇਸ ਦੀ ਜਾਂਚ ਕਰ ਰਿਹਾ ਹਾਂ।’
ਪ੍ਰਧਾਨ ਮੰਤਰੀ ਨਵਾਜ਼ ਸਰੀਫ ਅਤੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸੂਬਾਈ ਸਰਕਾਰ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ। ਸ੍ਰੀ ਸ਼ਰੀਫ ਨੇ ਸਾਰੇ ਰੁਝੇਵੇਂ ਰੱਦ ਕਰਕੇ ਕੋਇਟਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, ‘ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।’