ਇਰਾਕੀ ਪ੍ਰਧਾਨ ਮੰਤਰੀ ਨੇ ਲਾਪਤਾ 39 ਭਾਰਤੀਆਂ ਬਾਰੇ ਜਾਣਕਾਰੀ ਹੋਣ ਤੋਂ ਕੀਤਾ ਇਨਕਾਰ

ਇਰਾਕੀ ਪ੍ਰਧਾਨ ਮੰਤਰੀ ਨੇ ਲਾਪਤਾ 39 ਭਾਰਤੀਆਂ ਬਾਰੇ ਜਾਣਕਾਰੀ ਹੋਣ ਤੋਂ ਕੀਤਾ ਇਨਕਾਰ

ਬਗਦਾਦ/ਬਿਊਰੋ ਨਿਊਜ਼ :
ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਦੀ ਦਾ ਕਹਿਣਾ ਹੈ ਕਿ ਕਰੀਬ 3 ਸਾਲ ਪਹਿਲਾਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੱਲੋਂ ਮੋਸੂਲ ਵਿਚ ਬੰਧਕ ਬਣਾਏ ਗਏ 39 ਭਾਰਤੀ ਕਾਮਿਆਂ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇਕ ਇੰਟਰਵਿਊ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸਬੰਧੀ ਜਾਂਚ ਅਜੇ ਚੱਲ ਰਹੀ ਹੈ। ਮੈਂ ਇਸ ਸਬੰਧੀ ਅਜੇ ਕੁਝ ਨਹੀਂ ਕਹਿ ਸਕਦਾ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਾਪਤਾ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਮੋਸੂਲ ਦੇ ਉੱਤਰ ਪੱਛਮੀ ਖੇਤਰ ਵਿਚ ਸਥਿਤ ਬਾਦੁਸ਼ ਵਿਚ ਕਿਸੇ ਜੇਲ੍ਹ ਵਿਚ ਹੋਣ ਦੀ ਉਮੀਦ ਹੈ, ਜਿਸ ਨੂੰ ਇਰਾਕੀ ਸੈਨਿਕਾਂ ਨੇ ਆਈ.ਐਸ. ਦੇ ਕਬਜ਼ੇ ਵਿਚੋਂ ਛੁਡਾ ਲਿਆ ਹੈ। ਜ਼ਿਕਰਯੋਗ ਹੈ ਕਿ ਲਾਪਤਾ ਭਾਰਤੀ ਕਾਮੇ ਇਰਾਕ ਦੀ ਇਕ ਨਿਰਮਾਣ ਕੰਪਨੀ ਵਿਚ ਕੰਮ ਕਰ ਰਹੇ ਸਨ। 2014 ਵਿਚ ਇਰਾਕ ਦੇ ਉੱਤਰ ਅਤੇ ਪੱਛਮ ਵਿਚ ਆਈ.ਐਸ. ਦੇ ਕਬਜ਼ੇ ਤੋਂ ਪਹਿਲਾਂ ਹਜ਼ਾਰਾਂ ਭਾਰਤੀ ਉਥੇ ਕੰਮ ਲਈ ਗਏ ਸਨ। ਹਾਲਾਂਕਿ ਇਸ ਸਾਲ ਜੁਲਾਈ ਵਿਚ ਸੈਨਿਕਾਂ ਨੇ 9 ਮਹੀਨਿਆਂ ਦੇ ਸੰਘਰਸ਼ ਪਿੱਛੋਂ ਮੋਸੂਲ ‘ਤੇ ਮੁੜ ਆਪਣਾ ਕਬਜ਼ਾ ਕਰ ਲਿਆ ਸੀ।