ਰਾਜਨੀਤਕ ਪਾਰਟੀਆਂ ਪੰਜਾਬ ਵਿਚ ਔਰਤਾਂ ਨੂੰ ਟਿਕਟਾਂ ਦੇਣ ਵਿਚ ਰਹੀਆਂ ਫਾਡੀ

ਰਾਜਨੀਤਕ ਪਾਰਟੀਆਂ ਪੰਜਾਬ ਵਿਚ ਔਰਤਾਂ ਨੂੰ ਟਿਕਟਾਂ ਦੇਣ ਵਿਚ ਰਹੀਆਂ ਫਾਡੀ

ਪੰਜਾਬ ਵਿਚੋਂ ਤਕਰੀਬਨ 10 ਔਰਤਾਂ ਹੀ ਸੰਸਦ ਦੀਆਂ ਪੌੜੀਆਂ ਚੜ੍ਹੀਆਂ 

*ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਪੰਜਾਬ ਦੀ ਕਿਸੇ ਮਹਿਲਾ ਸਾਂਸਦ ਨੇ ਲੋਕ ਸਭਾ ਵਿੱਚ ਪੰਜਾਬ ਦੇ ਮਸਲੇ ਨਹੀਂ ਉਠਾਏ

ਬੀਤੇ ਸਮੇਂ ਵਿਚ ਭਾਰਤ ਦੀ ਸੰਸਦ ਵਿਚ ਔਰਤਾਂ ਲਈ 33 ਪ੍ਰਤੀਸ਼ਤ ਹਿੱਸੇਦਾਰੀ ਦਾ ਸਵਾਲ ਜ਼ੋਰ-ਸ਼ੋਰ ਨਾਲ ਉੱਠਿਆ, ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਇਕ ਦੂਜੇ ਤੋਂ ਵਧ ਚੜ੍ਹ ਕੇ ਔਰਤ ਹਮਾਇਤੀ ਹੋਣ ਦਾ ਡਰਾਮਾ ਕਰਦੀਆਂ ਰਹੀਆਂ ।ਹੁਣ ਜਦੋਂ 18ਵੀਂ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਦੇਸ਼ ਭਰ ਵਿਚ ਔਰਤਾਂ ਨੂੰ ਉਹ ਹਿੱਸੇਦਾਰੀ ਨਹੀਂ ਮਿਲੀ, ਜਿਸ ਦਾ ਰਾਜਸੀ ਪਾਰਟੀਆਂ ਢੰਡੋਰਾ ਪਿੱਟਦੀਆਂ ਰਹੀਆਂ ਹਨ ।

ਇਤਿਹਾਸ ਮੁਤਾਬਕ ਪੰਜਾਬ ਵਿਚੋਂ ਹੁਣ ਤੱਕ ਕਰੀਬ ਛੇ ਦਹਾਕੇ ਦੌਰਾਨ ਪੰਜਾਬ ਵਿਚੋਂ ਤਕਰੀਬਨ 10 ਔਰਤਾਂ ਹੀ ਸੰਸਦ ਦੀਆਂ ਪੌੜੀਆਂ ਚੜ੍ਹੀਆਂ ਹਨ ਜਿਨ੍ਹਾਂ ਵਿਚ ਫ਼ਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਅਤੇ ਗੁਰਬਿੰਦਰ ਕੌਰ ਬਰਾੜ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਪਟਿਆਲਾ ਤੋਂ ਮਹਿੰਦਰ ਕੌਰ ਅਤੇ ਪ੍ਰਨੀਤ ਕੌਰ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ, ਲੁਧਿਆਣਾ ਤੋਂ ਰਾਜਿੰਦਰ ਕੌਰ ਬੁਲਾਰਾ, ਰੋਪੜ ਤੋਂ ਬਿਮਲ ਕੌਰ ਖਾਲਸਾ, ਗੁਰਦਾਸਪੁਰ ਤੋਂ ਸੁਖਬੰਸ ਕੌਰ ਭਿੰਡਰ ਅਤੇ ਸੰਗਰੂਰ ਤੋਂ ਨਿਰਲੇਪ ਕੌਰ ਸ਼ਾਮਲ ਹਨ।

ਹੁਣ ਤੱਕ ਦੇ ਚੋਣ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ 1962, 1971 ਅਤੇ 1977 ਦੀ ਲੋਕ ਸਭਾ ਵਿੱਚ ਪੰਜਾਬ ਤੋਂ ਕੋਈ ਵੀ ਮਹਿਲਾ ਲੋਕ ਸਭਾ ਸਾਂਸਦ ਨਹੀਂ ਸੀ।

ਪੰਜਾਬ ਵਿੱਚ ਹੁਣ ਤੱਕ ਸਭ ਤੋਂ ਵੱਧ 4 ਮਹਿਲਾ ਸਾਂਸਦ 2009 ਦੀ ਲੋਕ ਸਭਾ ਵਿੱਚ ਪਹੁੰਚੀਆਂ।ਹੁਣ ਤੱਕ ਸਭ ਤੋਂ ਵੱਧ ਛੇ ਵਾਰ ਮਹਿਲਾ ਸਾਂਸਦ ਚੁਨਣ ਵਾਲਾ ਲੋਕ ਸਭਾ ਹਲਕਾ ਪਟਿਆਲ਼ਾ ਹੈ।ਉਸ ਤੋਂ ਬਾਅਦ ਪੰਜ ਵਾਰ ਗੁਰਦਾਸਪੁਰ ਅਤੇ ਚਾਰ ਵਾਰ ਬਠਿੰਡਾ ਤੋਂ ਮਹਿਲਾ ਸਾਂਸਦ ਲੋਕ ਸਭਾ ਪਹੁੰਚੇ।

ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚੋਂ ਪਾਸ ਹੋਣ ਦੇ ਬਾਵਜੂਦ ਇਸ ਸਾਲ ਦੀਆਂ ਚੋਣਾਂ ਵਿਚ ਲਾਗੂ ਨਹੀਂ ਹੋਇਆ। ਸੂਬੇ ਵਿਚ ਸਾਲ 2018 ਦੀਆਂ ਪੰਚਾਇਤੀ ਚੋਣਾਂ ਵਿਚ ਕਾਂਗਰਸ ਨੇ ਔਰਤ ਉਮੀਦਵਾਰਾਂ ਨੂੰ 50 ਫ਼ੀਸਦੀ ਨੁਮਾਇੰਦਗੀ ਦਿੱਤੀ ਸੀ। ਦੇਸ਼ ਵਿਚ ਨਰਸਿਮ੍ਹਾ ਰਾਓ ਦੀ ਸਰਕਾਰ ਦੌਰਾਨ 1992 ਵਿਚ ਸੰਵਿਧਾਨ ਦੀ 72ਵੀਂ ਅਤੇ 73ਵੀਂ ਸੋਧ ਕਰ ਕੇ ਸਥਾਨਕ ਸਰਕਾਰਾਂ ਜਿਵੇਂ ਗ੍ਰਾਮ ਪੰਚਾਇਤਾਂ, ਨਗਰ ਪੰਚਾਇਤਾਂ, ਨਗਰ ਪਾਲਿਕਾਵਾਂ ਵਿਚ 33 ਫ਼ੀਸਦ ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਗਈਆਂ ਸਨ। ਪੰਚਾਇਤਾਂ ਵਿਚ ਤਾਂ ਤਿੰਨ ਦਹਾਕਿਆਂ ਤੋਂ ਔਰਤਾਂ ਸਰਪੰਚ ਬਣਦੀਆਂ ਰਹੀਆਂ ਹਨ ਪਰ ਉਨ੍ਹਾਂ ਦੇ ਪੰਚ, ਸਰਪੰਚ ਬਣਨ ਦੇ ਬਾਵਜੂਦ ਮਰਦ ਪ੍ਰਧਾਨ ਇਸ ਸਮਾਜ ਵਿਚ ਔਰਤ ਦੀ ਸਥਿਤੀ ਵਿਚ ਕੋਈ ਬੁਨਿਆਦੀ ਫਰਕ ਨਜ਼ਰ ਨਹੀਂ ਆਇਆ। ਤਿੰਨ ਦਹਾਕਿਆਂ ਬਾਅਦ ਵੀ ਬਹੁਤੀਆਂ ਥਾਵਾਂ ’ਤੇ ਔਰਤ ਸਰਪੰਚ, ਮੇਅਰ, ਪ੍ਰਧਾਨ ਦੀ ਬਜਾਏ ਉਸ ਦਾ ਪਤੀ ਹੀ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਹੈ। 

ਜੇਕਰ ਪੰਜਾਬ ਦੇ ਰਾਜਸੀ ਦਿ੍ਸ਼ 'ਤੇ ਝਾਤੀ ਮਾਰੀਏ ਤਾਂ ਅੰਕੜੇ ਚਿੰਤਾਜਨਕ ਹਨ । ਰਾਜ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 21 ਹਜ਼ਾਰ 555 ਹੈ, ਜਿਸ 'ਚ 1 ਕਰੋੜ 1 ਲੱਖ 53 ਹਜ਼ਾਰ 767 ਔਰਤਾਂ ਹਨ । ਸੂਬੇ ਦੇ 13 ਲੋਕ ਸਭਾ ਹਲਕਿਆਂ ਵਿਚ 328 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਗਿਣਤੀ ਸਿਰਫ਼ 26 ਹੈ । ਪ੍ਰਮੁੱਖ ਰਾਜਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸ਼ੋ੍ਮਣੀ ਅਕਾਲੀ ਦਲ ਵਲੋਂ ਇਕਲੌਤੀ ਹਰਸਿਮਰਤ ਕੌਰ ਬਾਦਲ ਹੀ ਹੈ, ਜੋ ਬਠਿੰਡਾ ਤੋਂ ਚੋਣ ਲੜ ਰਹੇ ਹਨ ।ਕਾਂਗਰਸ ਵਲੋਂ 2 ਔਰਤਾਂ ਅਮਰਜੀਤ ਕੌਰ ਸਾਹੋਕੇ ਫ਼ਰੀਦਕੋਟ ਅਤੇ ਯਾਮਿਨੀ ਗੋਮਰ ਨੂੰ ਹੁਸ਼ਿਆਰਪੁਰ ਤੋਂ ਚੋਣ ਲੜਾਈ ਜਾ ਰਹੀ ਹੈ।ਭਾਰਤੀ ਜਨਤਾ ਪਾਰਟੀ ਨੇ 3 ਔਰਤਾਂ ਪਟਿਆਲਾ ਤੋਂ ਪ੍ਰਨੀਤ ਕੌਰ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਅਤੇ ਬਠਿੰਡਾ ਤੋਂ ਪਰਮਪਾਲ ਕੌਰ ਮਲੂਕਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ।ਸੀ.ਪੀ.ਆਈ. 4 ਲੋਕ ਸਭਾ ਹਲਕਿਆਂ 'ਤੇ ਚੋਣ ਲੜ ਰਹੀ ਹੈ, ਜਿਨ੍ਹਾਂ ਵਿਚੋਂ ਦਸਵਿੰਦਰ ਕੌਰ ਨੂੰ ਅੰਮਿ੍ਤਸਰ ਤੋਂ ਟਿਕਟ ਦਿੱਤੀ ਗਈ ਹੈ ।ਜਲੰਧਰ ਹਲਕੇ ਤੋਂ ਰਾਜਵੰਤ ਕੌਰ ਖ਼ਾਲਸਾ ਆਪਣਾ ਸਮਾਜ ਪਾਰਟੀ, ਸੋਨੀਆ ਰਿਪਬਲੀਕਨ ਪਾਰਟੀ ਆਫ਼ ਇੰਡੀਆ ਤੇ ਪਰਮਜੀਤ ਕੌਰ ਤੇਜੀ ਆਜ਼ਾਦ ਉਮੀਦਵਾਰ ਹਨ । ਗੁਰਦਾਸਪੁਰ ਤੋਂ ਸੰਤੋਸ਼ ਕੁਮਾਰੀ ਮੇਘ ਦੇਸਮ ਪਾਰਟੀ ਅਤੇ ਗੁਰਪ੍ਰੀਤ ਕੌਰ ਬਾਜਵਾ ਤੇ ਸੰਤੋਸ਼ ਕੌਰ ਆਜ਼ਾਦ ਤੌਰ 'ਤੇ ਚੋਣ ਲੜ ਰਹੀਆਂ ਹਨ ।ਫ਼ਤਹਿਗੜ੍ਹ ਸਾਹਿਬ ਤੋਂ ਕਮਲਜੀਤ ਕੌਰ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹਨ ਅਤੇ ਬਠਿੰਡਾ ਤੋਂ ਪੂਨਮ ਰਾਣੀ ਨੈਸ਼ਨਲ ਪਾਰਟੀ ਦੇ ਉਮੀਦਵਾਰ ਹਨ । ਅੰਮਿ੍ਤਸਰ ਤੋਂ ਨਰਿੰਦਰ ਕੌਰ ਆਪ ਜਨਤਾ ਪਾਰਟੀ ਇੰਡੀਆ, ਨੀਲਮ ਤੇ ਸ਼ਰਨਜੀਤ ਕੌਰ ਆਜ਼ਾਦ ਤੌਰ 'ਤੇ ਕਿਸਮਤ ਅਜ਼ਮਾ ਰਹੀਆਂ ਹਨ।ਸੰਗਰੂਰ ਤੋਂ ਹਰਪ੍ਰੀਤ ਕੌਰ ਇੰਡੀਆ ਗਰੀਨਸ ਪਾਰਟੀ, ਫ਼ਰੀਦਕੋਟ ਤੋਂ ਕੁਲਵੰਤ ਕੌਰ ਸਾਂਝੀ ਵਿਰਾਸਤ ਪਾਰਟੀ, ਅਨੰਦਪੁਰ ਸਾਹਿਬ ਤੋਂ ਕਿਰਨ ਜੈਨ ਹਿੰਦੋਸਤਾਨ ਸ਼ਕਤੀ ਸੇਵਾ ਤੇ ਸੁਨੈਨਾ ਭਾਰਤੀ ਰਾਸ਼ਟਰੀ ਪਾਰਟੀ ਲੁਧਿਆਣਾ ਤੋਂ ਹਰਵਿੰਦਰ ਕੌਰ ਸਮਾਜਿਕ ਸੰਘਰਸ਼ ਪਾਰਟੀ, ਡਾ. ਪਲਵਿੰਦਰ ਕੌਰ ਆਜ਼ਾਦ ਅਤੇ ਪਟਿਆਲਾ ਤੋਂ ਬਿੰਦਰ ਕੌਰ ਤੇ ਡਿੰਪਲ ਆਜ਼ਾਦ ਉਮੀਦਵਾਰ ਹਨ ।ਫ਼ਿਰੋਜਪੁਰ ਤੇ ਖਡੂਰ ਸਾਹਿਬ ਹਲਕੇ ਤੋਂ ਕੋਈ ਵੀ ਔਰਤ ਚੋਣ ਮੈਦਾਨ ਵਿਚ ਨਹੀਂ।

'ਆਪ' ਨੇ ਔਰਤਾਂ ਨੂੰ ਕੀਤਾ ਨਜ਼ਰ-ਅੰਦਾਜ਼

ਆਮ ਆਦਮੀ ਪਾਰਟੀ ਔਰਤ ਸਸ਼ਕਤੀਕਰਨ ਦੇ ਮਾਮਲੇ 'ਤੇ ਸ਼ੁਰੂ-ਸ਼ੁਰੂ ਵਿਚ ਵੱਡੀਆਂ ਡੀਂਗਾਂ ਮਾਰਦੀ ਰਹੀ ਇੱਥੋਂ ਤੱਕ ਕਿ ਵਿਧਾਨ ਸਭਾ ਚੋਣਾਂ ਮੌਕੇ ਹਰ ਔਰਤ ਦੇ ਖਾਤੇ 'ਚ ਪ੍ਰਤੀ ਮਹੀਨਾ ਹਜ਼ਾਰ ਰੁਪਏ ਪਾਉਣ ਦੀ ਚੋਣ ਗਰੰਟੀ ਵੀ ਦਿੱਤੀ ਪਰ ਹਾਲੇ ਤੱਕ ਕਿਸੇ ਔਰਤ ਨੂੰ ਫੁੱਟੀ-ਕੌਡੀ ਨਹੀਂ ਮਿਲੀ । ਪਾਰਟੀ ਵਲੋਂ ਲੋਕ ਸਭਾ ਵਿਚ ਉਤਾਰੇ ਗਏ ਉਮੀਦਵਾਰਾਂ 'ਚ ਇਕ ਵੀ ਔਰਤ ਸ਼ਾਮਿਲ ਨਹੀਂ ।

 

ਬਘੇਲ ਸਿੰਘ ਧਾਲੀਵਾਲ