ਅਖੰਡ ਕੀਰਤਨੀ ਜੱਥਾ ਜਰਮਨੀ ਵੱਲੋਂ ਵਿਸਾਖੀ 1978 ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਤਿੰਨ ਰੋਜ਼ਾ ਕੀਰਤਨ ਸਮਾਗਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 21 ਮਈ (ਮਨਪ੍ਰੀਤ ਸਿੰਘ ਖਾਲਸਾ): ਅਖੰਡ ਕੀਰਤਨੀ ਜਥਾ ਜਰਮਨੀ ਵੱਲੋਂ ਵਿਸਾਖੀ 1978 ਦੇ ਸਾਕੇ ਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਵਿੱਚ ਤਿੰਨ ਰੋਜ਼ਾ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿੱਚ ਇੰਗਲੈਂਡ, ਹਾਲੈਂਡ, ਇਟਲੀ, ਫਰਾਂਸ ਤੇ ਜਰਮਨ ਦੇ ਵੱਖ ਵੱਖ ਸ਼ਹਿਰਾਂ ਤੋਂ ਨਾਮ ਰਸੀਏ ਗੁਰਸਿੱਖ ਸ਼ਾਮਲ ਹੋਏ । ਸ਼ੁਕਰਵਾਰ ਤੋਂ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਕੀਰਤਨ ਸਮਾਗਮ ਸ਼ੁਰੂ ਹੋਏ ਅਤੇ ਸ਼ਨੀਵਾਰ ਛੇ ਵਜੇ ਤੋਂ ਰੈਣ ਸਬਾਈ ਕੀਰਤਨ ਅਰੰਭ ਹੋਏ ਜੋ ਅੰਮ੍ਰਿਤ ਵੇਲੇ ਚਾਰ ਵਜੇ ਤੱਕ ਚੱਲੇ । ਦੇਸ਼ ਵਿਦੇਸ਼ ਤੋਂ ਆਏ ਕੀਰਤਨੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।
ਭਾਰਤ ਦੀ ਹਿੰਦੂਤਵੀ ਹਕੂਮਤ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਦੁਆਰਿਆਂ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਤੇ ਸਿੱਖ ਕੌਮ ਦੇ ਸਵੈਮਾਣ, ਅਣਖ, ਗੈਰਤ ਤੇ ਸਰਬੱਤ ਦੇ ਭਲੇ ਵਾਲੇ ਅਜ਼ਾਦ ਸਿੱਖ ਰਾਜ ਦੀ ਜੰਗੇ ਅਜ਼ਾਦੀ ਵਾਸਤੇ ਸ਼ਹਾਦਤ ਦਾ ਜਾਮ ਪੀ ਗਏ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਤੇ ਜਰਮਨ ਦੀ ਨੌਜਵਾਨ ਪੀੜੀ ਨੂੰ ਜੂਨ 1984 ਦੇ ਖੂਨੀ ਘੱਲੂਘਾਰੇ ਬਾਰੇ ਤੇ ਸਿੱਖ ਰਾਜ ਦੇ ਸੰਕਲਪ ਤੋਂ ਜਾਣੂ ਕਰਾਉਣ ਵਾਸਤੇ ਸਮਾਗਮ ਦੇ ਤਿੰਨੇ ਦਿਨ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਲਗਾਈ ਗਈ ।
ਐਤਵਾਰ ਨੂੰ ਹਫਤਾਵਾਰੀ ਦੀਵਾਨਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਬੀਰ ਰਸੀ ਕੀਰਤਨ ਕੀਤਾ ਗਿਆ । ਇਸ ਮੌਕੇ ਅਖੰਡ ਕੀਰਤਨੀ ਜਥਾ ਜਰਮਨ ਦੇ ਜਥੇਦਾਰ ਭਾਈ ਸਤਨਾਮ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਪਾਕਿਸਤਾਨ ਦੇ ਗੁਰਧਾਮਾਂ ਵਿੱਚ ਚੱਲ ਰਹੀ ਕਾਰ ਸੇਵਾ ਪ੍ਰਤੀ ਸੰਗਤਾਂ ਨੂੰ ਜਾਣੂੰ ਕਰਵਾਇਆ । ਜਥੇਦਾਰ ਕਰਮ ਸਿੰਘ ਹਾਲੈਂਡ ਨੇ ਵੀਚਾਰ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ । ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਦੀ 40ਵੀ ਵਰ੍ਹੇਗੰਢ ਨੂੰ ਸਮਰਪਿਤ ਤਿਆਰ ਕੀਤੀ ਪ੍ਰਦਰਸ਼ਨੀ ਲਗਾਉਣ ਦੀ ਸ਼ੁਰੂਆਤ ਕਲੋਨ ਦੇ ਗੁਰਦੁਆਰਾ ਸਾਹਿਬ ਤੋਂ ਹੋਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਦਰਸ਼ਨੀ ਜਰਮਨ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਲਗਾਈ ਜਾਵੇਗੀ ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਥਾਪਨਾ ਦਾ ਮਤਬਲ ਇਹ ਸੀ ਕਿ ਧਰਮ ਦੀ ਪਹਿਰੇਦਾਰੀ ਜਿੱਥੇ ਮਨੁੱਖ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਚਿਆਰ ਜੀਵਨ ਜੀਉਣ ਦੀ ਅਗਵਾਈ ਲੈਣੀ ਹੈ ਤੇ ਉਥੇ ਇਸ ਸਚਿਆਰ ਜੀਵਨ ਜੀਉਣ ਦੇ ਰਸਤੇ ਵਿੱਚ ਰੁਕਵਾਟ ਪਾਉਣ ਵਾਲੇ ਨੂੰ ਮੀਰੀ ਵਾਲੇ ਸਿਧਾਤ ਨਾਲ ਵੀ ਸਮਝਾਉਣਾ ਹੈ । ਸਿੱਖ ਕੌਮ ਇਸ ਘੱਲੂਘਾਰੇ ਨੂੰ ਨਾ ਭੁੱਲੀ ਹੈ ਤੇ ਨਾ ਹੀ ਭੁਲਾਵੇਗੀ ਇਹਨਾਂ ਘਲੂਘਾਰਿਆਂ ਸਦੀਵੀ ਹੱਲ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਘਰ ਦੀ ਸਿਰਜਣਾ ਹੈ ਜੋ ਕਿ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਜਾਰੀ ਹੈ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ਨੇ ਸਾਹਿਯੋਗ ਲਈ ਸੰਗਤਾਂ ਦਾ ਧੰਨਵਾਦ ਕੀਤਾ ।
ਜੂਨ 1984 ਅਤੇ ਸਿੱਖ ਸੰਘਰਸ਼ ਨੂੰ ਦਰਸਾਉਂਦੀ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਨੂੰ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਦੇਖਿਆ । ਇਹ ਪ੍ਰਦਰਸ਼ਨੀ ਮਾਤ ਭਾਸ਼ਾ ਪੰਜਾਬੀ ਅਤੇ ਜਰਮਨੀ ਦੋਹਾਂ ਭਾਸ਼ਾ ਵਿੱਚ ਹੈ । ਸੰਗਤਾਂ ਵੱਲੋਂ ਇਸ ਪ੍ਰਦਰਸ਼ਨੀ ਰਾਹੀਂ ਇਤਿਹਾਸ ਜਾਣਨ ਵਿੱਚ ਬਹੁਤ ਹੀ ਉਤਸੁਕਤਾ ਦਿਖਾਈ ਗਈ । ਜੂਨ 84 ਦੇ ਖੂਨੀ ਘੱਲੂਘਾਰੇ ਦੇ ਵਰਤਾਰੇ ਸਬੰਧੀ ਅਤੇ ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਦਰਸਾਉਂਦਾ ਲਿਟਰੇਚਰ ਜਰਮਨ ਭਾਸ਼ਾ ਵਿੱਚ ਵੰਡਿਆ ਗਿਆ ।
Comments (0)