ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ- ਕਵੀ ਸੰਤ ਰਾਮ ਉਦਾਸੀ

ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ- ਕਵੀ ਸੰਤ ਰਾਮ ਉਦਾਸੀ

ਪ੍ਰਿੰ. ਸਰਵਣ ਸਿੰਘ


ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ 
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਸੰਤ ਰਾਮ ਉਦਾਸੀ ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਉਹ ਖ਼ੁਦ ਭਾਵੇਂ ਛਿਪ ਗਿਆ ਪਰ ਉਹਦੇ ਗੀਤਾਂ ਤੇ ਨਜ਼ਮਾਂ ਦਾ ਤਪ-ਤੇਜ ਭਖਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ। ਉਦਾਸੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਐਸੀ ਅੱਗ ਬਾਲੀ ਜੋ ਹਾਕਮਾਂ ਤੇ ਲੋਟੂਆਂ ਦੇ ਬੁਝਾਉਣ ਦੇ ਬਾਵਜੂਦ ਬੁਝਣ ਵਾਲੀ ਨਹੀਂ। ਜਦੋਂ ਉਹ ਗਾਉਂਦਾ ਤਾਂ ਉਹਦੇ ਗੀਤਾਂ ਵਿਚਲੀ ਰੋਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ। ਉਹ ਖੱਬਾ ਹੱਥ ਕੰਨ ‘ਤੇ ਧਰ ਕੇ ਸੱਜੀ ਬਾਂਹ ਅਸਮਾਨ ਵੱਲ ਉਗਾਸਦਾ ਤਾਂ ਉਹਦੇ ਹਾਕ ਮਾਰਵੇਂ ਬੋਲ ਦੂਰ ਤਕ ਗੂੰਜਦੇ। ਮਲਵਈ ਪੁੱਠ ਵਾਲੀ ਗਰਾਰੀਦਾਰ ਆਵਾਜ਼ ਦੀਆਂ ਤਰੰਗਾਂ ਨਾਲ ਚਾਰਚੁਫੇਰਾ ਲਰਜ਼ ਉੱਠਦਾ। ਉਹ ਆਪਣੀ ਸੰਖ ਵਰਗੀ ਗੂੰਜਵੀਂ ਆਵਾਜ਼ ਨਾਲ ਹਜ਼ਾਰਾਂ ਸਰੋਤਿਆਂ ਦੇ ‘ਕੱਠਾਂ ਨੂੰ ਕੀਲ ਲੈਂਦਾ। ਲੋਕ ਪੱਬਾਂ ਭਾਰ ਹੋ ਕੇ ਉਦਾਸੀ ਨੂੰ ਸੁਣਦੇ ਤੇ ਉਹਦੇ ਗੀਤਾਂ ਦੇ ਰੰਗ ਵਿਚ ਰੰਗੇ ਜਾਂਦੇ। ਜਿੰਨੇ ਜਾਨਦਾਰ ਉਹਦੇ ਗੀਤ ਸਨ ਉਨੀ ਹੀ ਧੜੱਲੇਦਾਰ ਉਹਦੀ ਆਵਾਜ਼ ਸੀ। ਗੀਤਾਂ ਤੇ ਕਵਿਤਾਵਾਂ ਨੂੰ ਪੇਸ਼ ਕਰਨ ਦਾ ਉਹਦਾ ਅੰਦਾਜ਼ ਵੀ ਅਦੁੱਤੀ ਸੀ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:
-

ਦੇਸ਼ ਹੈ ਪਿਆਰਾ ਸਾਨੂੰ ਜਿ਼ੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ...।
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕੀਂ ਹਿੱਕਾਂ ਠੋਕ ਹਾਣੀਆਂ।
ਹੜ੍ਹ ਲੋਕਤਾ ਦਾ, ਹੜ੍ਹ ਲੋਕਤਾ ਦਾ ਕਿਹੜਾ ਸਕੂ ਰੋਕ ਹਾਣੀਆਂ...।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ।
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ...।


ਉਦਾਸੀ ਮੈਥੋਂ ਇਕ ਸਾਲ ਵੱਡਾ ਸੀ ਤੇ ਅਸੀਂ ਕੁਝ ਸਾਲ ਨੇੜੇ ਤੇੜੇ ਵਿਚਰੇ। ਉਹ 20 ਅਪ੍ਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਕੰਮੀ ਵੀ ਉਹ ਜਿਨ੍ਹਾਂ ਨੂੰ ਮਜ਼੍ਹਬੀ ਸਿੱਖ ਕਿਹਾ ਜਾਂਦੈ। ਉਸ ਦੇ ਪਿਤਾ ਦਾ ਨਾਂ ਮਿਹਰ ਸਿੰਘ ਤੇ ਮਾਤਾ ਦਾ ਧੰਨ ਕੌਰ ਸੀ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਵਿਰਸੇ ਵਿਚ ਮਿਲੀ। ਉਨ੍ਹਾਂ ਦੇ ਵਡੇਰੇ ਦਿਆਲਪੁਰਾ ਭਾਈਕਾ ਤੋਂ ਉੱਠ ਕੇ ਰਾਏਸਰ ਆਏ ਸਨ। ਇਨ੍ਹਾਂ ਦੋਹਾਂ ਪਿੰਡਾਂ ਵਿਚਕਾਰ ਵੀਹ ਕੁ ਮੀਲਾਂ ਦਾ ਫਾਸਲਾ ਹੈ।

ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਪੱਚੀ ਕੁ ਕਿਲੋਮੀਟਰ ਦੂਰ ਹੈ ਜਿਥੇ ਉਹ ਕਈ ਵਾਰ ਆਇਆ। ਸਾਡੇ ਗੁਆਂਢੀ ਮਾਸਟਰ ਗੁਰਪ੍ਰੀਤ ਸਿੰਘ ‘ਧੰਨਾ’ ਦਾ ਉਹ ਦੋਸਤ ਸੀ ਜੋ ਉਦਾਸੀ ਦੇ ਗੀਤ ਵੀ ਗਾਇਆ ਕਰਦਾ ਸੀ। ਧੰਨੇ ਦੀ ਉਹਦੇ ਨਾਲ ਦੋਸਤੀ ਅਧਿਆਪਕ ਯੂਨੀਅਨ ਤੇ ‘ਕੱਠਿਆਂ ਖਾਣ ਪੀਣ ਤੋਂ ਹੋਈ ਸੀ। ਜਦੋਂ ਉਹ ਚਕਰ ਆਇਆ ਹੁੰਦਾ ਤਾਂ ਉਹਦੇ ਗੀਤ ਸੁਣਨ ਦਾ ਮੈਨੂੰ ਵੀ ਮੌਕਾ ਮਿਲਦਾ। ਉਹ ਕਦੇ-ਕਦੇ ਢੁੱਡੀਕੇ ਕਾਲਜ ਵਿਚ ਵੀ ਫੇਰਾ ਪਾਉਂਦਾ ਜਿਥੇ ਮੈਂ ਤੀਹ ਸਾਲ ਦੇ ਕਰੀਬ ਪੜ੍ਹਾਇਆ। ਉਹਦੀਆਂ ਕਵਿਤਾਵਾਂ ਤੇ ਗੀਤ ਕਾਲਜ ਦੇ ਵਿਦਿਆਰਥੀ ਹੁੱਬ ਕੇ ਗਾਉਂਦੇ। 

ਜਦੋਂ ਢੁੱਡੀਕੇ ਕਾਲਜ ਚਾਲੂ ਹੋਇਆ ਤੇ ਮੈਂ ਦਿੱਲੀ ਦੇ ਕਾਲਜ ਛੱਡ ਕੇ ਢੁੱਡੀਕੇ ਆਇਆ ਉਦੋਂ ਉਦਾਸੀ ਦੇ ਗੀਤਾਂ ਦੀ ਗੁੱਡੀ ਚੜ੍ਹੀ ਹੋਈ ਸੀ। ਮੋਗੇ-ਜਗਰਾਓਂ ਤੇ ਬਰਨਾਲੇ-ਬਠਿੰਡੇ ਦੇ ਇਲਾਕੇ ਵਿਚ ਉਦਾਸੀ-ਉਦਾਸੀ ਹੋ ਰਹੀ ਸੀ। ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ। ਉਹਦੇ ਗੀਤ ਵੱਡੇ-ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ। ਟੋਲੀਆਂ ਦੀਆਂ ਟੋਲੀਆਂ ਉਹਨੂੰ ਇਓਂ ਸੁਣਨ ਜਾਂਦੀਆਂ ਜਿਵੇਂ ਕਦੇ ਅਮਰ ਸਿੰਘ ਸੌ਼ਕੀ, ਯਮਲੇ ਜੱਟ ਤੇ ਸੁਰਿੰਦਰ ਕੌਰ ਨੂੰ ਸੁਣਨ ਜਾਂਦੀਆਂ। ਸ਼ਿਵ ਕੁਮਾਰ ਦੀ ਆਪਣੀ ਥਾਂ ਸੀ ਤੇ ਉਦਾਸੀ ਨੇ ਆਪਣੀ ਥਾਂ ਬਣਾ ਲਈ ਸੀ। ਸ਼ਿਵ ਕੁਮਾਰ ਬਿਰਹਾ ਗਾਉਂਦਾ ਸੀ ਜਦ ਕਿ ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ।
 ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਹੀ ਬੀਤਿਆ ਪਰ ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਉਨ੍ਹਾਂ ਦਾ ਪਰਿਵਾਰ ਨਾਮਧਾਰੀ ਬਣ ਗਿਆ ਸੀ ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਸੀ। ਉਹ ਚਿੱਟੀਆਂ ਗੋਲ ਪੱਗਾਂ ਬੰਨ੍ਹਦੇ ਸਨ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵੱਲ ਪ੍ਰੇਰਿਆ ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿੱਤੇ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ ਨੌਕਰੀ ਕੀਤੀ। ਫਿਰ ਉਹ ਬਖਤਗੜ੍ਹ ਤੋਂ ਜੇ. ਬੀ. ਟੀ. ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਪਿੰਡ ਦੇ ਜੱਟ ਕਹਿੰਦੇ, “ਢੇਡ ਪੈਂਟਾਂ ਪਾ-ਪਾ ਦਿਖਾਉਂਦੈ!”

ਮਾਸਟਰ ਲੱਗ ਕੇ ਉਹਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ ਉਹਦਾ ਦਾਇਰਾ ਖੁੱਲ੍ਹ ਗਿਆ। ਬਚਪਨ ਵਿਚ ਉਹਦੀਆਂ ਅੱਖਾਂ ‘ਚ ਕੁੱਕਰੇ ਪੈ ਜਾਣ ਕਾਰਨ ਸਾਰੀ ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਕਹਾਉਂਦਾ ਰਿਹਾ। ਉਹਤੋਂ ਕੁੱਟ ਖਾਣੇ ਵਿਦਿਆਰਥੀ ਉਹਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਹੀ ਕਹਿੰਦੇ। 

ਉਸ ਦਾ ਇਹ ਕਾਵਿ-ਬੰਦ ਉਹਦੀ ਤੇ ਉਹਦੇ ਵਿਹੜੇ ਦੇ ਜੁਆਕਾਂ ਦੀ ਹਾਲਤ ਹੀ ਬਿਆਨਦਾ ਹੈ:
-

ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ...


ਸੰਤ ਰਾਮ ਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਤਖੱਲਸ ਵਾਂਗ ਹਮੇਸ਼ਾਂ ਲਈ ਜੁੜ ਗਿਆ। ਬਚਪਨ ਵਿਚ ਉਹ ਧਾਰਮਿਕ ਕਵਿਤਾਵਾਂ ਕੰਠ ਕਰਦਾ ਤੇ ਧਾਰਮਿਕ ਸਮਾਗਮਾਂ ‘ਤੇ ਸੁਣਾਇਆ ਕਰਦਾ ਸੀ। ਉਹਦੇ ਮਾਪੇ ਨਾਮਧਾਰੀਏ ਹੋਣ ਕਾਰਨ ਉਸ ਨੂੰ ਧਰਮ ਦੀ ਗੁੜ੍ਹਤੀ ਬਚਪਨ ਵਿਚ ਹੀ ਮਿਲ ਗਈ ਸੀ। ਸਿੱਖ ਧਰਮ ਦਾ ਵਿਰਸਾ ਉਹਦੇ ਹੱਡਾਂ ‘ਚ ਰਚ ਗਿਆ ਜੋ ਉਹਦੀਆਂ ਰਚਨਾਵਾਂ ਵਿਚ ਨਮੂਦਾਰ ਹੁੰਦਾ ਰਿਹਾ। ਉਹ ਬਾਹਰੋਂ ਖੁੱਗੀ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਨਹੀਂ ਸਗੋਂ ਪੰਜਾਬ ਦੀ ਧਰਤੀ ‘ਚੋਂ ਉੱਗੀ ਆਪਣੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਅਨੁਕੂਲ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਸੀ। ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਸੇ ਤੇ ਸਿੱਖ ਬਿੰਬਾਂ ਦੀ ਰੂਹ ਨਾਲ ਵਰਤੋਂ ਕੀਤੀ। ਉਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬਾਂ ‘ਤੇ ਗਾਉਂਦਾ:
-

ਮੈਂ ਏਸੇ ਲਈ ਮੰਨਿਆ ਸੀ ਆਪਣੇ ਆਪ ਨੂੰ ਗੁਰੂ-ਚੇਲਾ,

ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ। 

ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,

ਕਿ ਕੱਚੇ ਕੋਠੜੇ ਮੂਹਰੇ ਮਹਿਲ ਮਿਨਾਰ ਝੁਕ ਜਾਵੇ।

ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਹੈ,

ਤਾਂ ਮੈਂ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ।

ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ,

ਵਾਰ ਲੋਕਾਂ ਤੋਂ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ।

ਰੰਘਰੇਟੇ ਆਖ ਕੇ ਕਿਰਤੀ ਦਾ ਮੈਂ ਸਤਿਕਾਰ ਕਰਦਾ ਹਾਂ,

ਇਹਨਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ।

ਮੈਂ ਨਾਈਆਂ, ਛੀਂਬਿਆਂ, ਝਿਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,

ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ।


ਤੇ ਗੁਰੂ ਨਾਨਕ ਦੇ ਗੁਰਪੁਰਬਾਂ ‘ਤੇ ਗੁਰੂ ਨੂੰ ਸਿਜਦਾ ਕਰਦਾ ਕਹਿੰਦਾ:
-

ਕਿਰਤ ਕਰੋ ਤੇ ਆਪੋ ‘ਚ ਵੰਡ ਖਾਓ, 
ਸਾਰੀ ਧਰਤ ਦੇ ਉਤੇ ਪਰਚਾਰਿਆ ਸੀ।

ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ, 
ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।

ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ, 
ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ।

ਰਾਜੇ ਅਫ਼ਸਰਾਂ ਤੋਂ ਕਦੇ ਭਲਾ ਨਾਹੀਂ, 
ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।


ਸੰਤ ਰਾਮ ਉਦਾਸੀ ਦੇ ਗੀਤਾਂ ਤੇ ਕਵਿਤਾਵਾਂ ਉਤੇ ਕੁਝ ਕੱਟੜ ਮਾਰਕਸਵਾਦੀ ਆਲੋਚਕਾਂ ਦਾ ਕਿੰਤੂ ਹੈ ਕਿ ਉਸ ਵਿਚ ਧਾਰਮਿਕਤਾ ਦਾ ਅੰਸ਼ ਹੱਦੋਂ ਵੱਧ ਹੈ। ਇਸ ਦਾ ਕਾਰਨ ਇਹ ਹੈ ਕਿ ਉਦਾਸੀ ਪੰਜਾਬ ਦੇ ਇਤਿਹਾਸ ਤੇ ਮਿਥਿਹਾਸ ਵਿਚ ਦਿਲ ਦੀਆਂ ਡੂੰਘਾਣਾਂ ਤਕ ਖੁੱਭਿਆ ਤੇ ਭਿੱਜਿਆ ਹੋਇਆ ਸੀ। ਉਸ ਨੇ ਪੰਜਾਬ ਦੇ ਤੇ ਖ਼ਾਸ ਕਰ ਕੇ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਨੂੰ ਸਮਾਜਵਾਦੀ ਇਨਕਲਾਬ ਲਿਆਉਣ ਲਈ ਰੱਜ ਕੇ ਵਰਤਿਆ। ਉਸ ਨੇ ਲਿਖਿਆ ਤੇ ਉੱਚੀ ਸੁਰ ਵਿਚ ਗਾਇਆ:
-

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, 
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। 

ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ, 
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।

ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, 
ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ।

ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, 
ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।


ਉਸ ਦੀ ਕਵਿਤਾ ‘ਦਿੱਲੀਏ ਦਿਆਲਾ ਦੇਖ’ ਨੀਝ ਨਾਲ ਪੜ੍ਹਨ ਤੇ ਸੁਣਨ ਵਾਲੀ ਹੈ:
-

ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, 
ਅਜੇ ਤੇਰਾ ਦਿਲ ਨਾ ਠਰੇ।

ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ, 
ਅਜੇ ਮਨ ਮੱਤੀਆਂ ਕਰੇ।

ਲਾਲ ਕਿਲ੍ਹੇ ਵਿਚ ਲਹੂ ਲੋਕਾਂ ਦੋ ਜੋ ਕੈਦ ਹੈ, 
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ। 

ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ, 
ਤੇਰੇ ਮਹਿਲੀਂ ਵੜੇ ਕਿ ਵੜੇ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ, 
ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ।

ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ, 
ਸਿੰਘ ਤੈਥੋਂ ਜਾਣੇ ਨਾ ਫੜੇ...।


ਉਹ ਨਕਸਲਵਾੜੀਆਂ ਨੂੰ ਵੀ ਗੁਰੂ ਦੇ ਸਿੰਘ ਕਹਿੰਦਾ ਸੀ। ਉਹ ਧਰਮ ਦੇ ਨਾਂ ‘ਤੇ ਇਕ ਦੂਜੇ ਦਾ ਵਿਰੋਧ ਕਰਨ ਨੂੰ ਬੇਹੱਦ ਮਾੜਾ ਸਮਝਦਾ ਸੀ। 1984 ਵਿਚ ਜੋ ਕੁਛ ਵਾਪਰਿਆ ਉਹਦੇ ਬਾਰੇ ਉਹਨੇ ਇਥੋਂ ਤਕ ਲਿਖਿਆ:

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ,
ਪੁੱਟ ਸੁੱਟੀਆਂ ਸਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ...

ਪ੍ਰਿੰ. ਸਰਵਣ ਸਿੰਘ