ਬੱਸਾਂ ’ਤੇ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ ਦਾ ਮਾਮਲਾ ਭਖਿਆ

ਬੱਸਾਂ ’ਤੇ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ ਦਾ ਮਾਮਲਾ ਭਖਿਆ

*ਡੀਜੀਪੀ ਵਲੋਂ  ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਨੂੰ ਬੱਸਾਂ ਤੋਂ ਹਟਾਉਣ ਦੇ ਹੁਕਮ

ਅੰਮ੍ਰਿਤਸਰ ਟਾਈਮਜ਼

ਮਾਨਸਾ:ਪੰਜਾਬ ਵਿੱਚ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਬੱਸਾਂ ਉਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਉਣ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧੀ ਡੀਜੀਪੀ ਨੇ ਰਾਜ ਦੇ ਸਾਰੇ ਸੀਨੀਅਰ ਕਪਤਾਨ ਪੁਲੀਸ ਨੂੰ ਪੱਤਰ ਲਿਖ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਨੂੰ ਬੱਸਾਂ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੂਜੇ ਪਾਸੇ ਇਨ੍ਹਾਂ ਹੁਕਮਾਂ ਦੇ ਖਿਲਾਫ਼ ਸ਼੍ਰੋਮਣੀ  ਕਮੇਟੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਮੈਦਾਨ ਵਿੱਚ ਉਤਰ ਆਇਆ ਹੈ।

ਪ੍ਰਾਪਤ ਵੇਰਵਿਆਂ ਮੁਤਾਬਕ ਨਵੀਆਂ ਬੱਸਾਂ ’ਤੇ ਡਰਾਈਵਰਾਂ ਨੇ ਧੁੱਪ ਤੋਂ ਬਚਾਅ ਲਈ ਸ਼ੀਸ਼ਿਆਂ ’ਤੇ ਕਈ ਤਰ੍ਹਾਂ ਦੀ ਲੈਮੀਲੇਸ਼ਨ ਕਰਵਾਈ ਹੋਈ ਹੈ ਤੇ ਕਈਆਂ ਨੇ ਲੈਮੀਨੇਸ਼ਨ ਕਰਵਾਉਣ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਲਗਵਾ ਲਈ ਸੀ।

ਪੁਲੀਸ ਵੱਲੋਂ ਲਿਖੇ ਗਏ ਪੱਤਰ ਮੁਤਾਬਕ ਪੀਆਰਟੀਸੀ ਦੇ ਬਰਨਾਲਾ ਤੇ ਬਠਿੰਡਾ ਡਿੱਪੂ ਦੀਆਂ ਕੁਝ ਬੱਸਾਂ ਦੇ ਨੰਬਰ ਲਿਖ ਕੇ ਉਕਤ ਤਸਵੀਰਾਂ ਨੂੰ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਅਜਿਹੀਆਂ ਤਸਵੀਰਾਂ ਬਰਨਾਲਾ ਅਤੇ ਬਠਿੰਡਾ ਡਿੱਪੂ ਤੋਂ ਇਲਾਵਾ ਫਰੀਦਕੋਟ, ਸੰਗਰੂਰ, ਬੁਢਲਾਡਾ, ਪਟਿਆਲਾ ਅਤੇ ਚੰਡੀਗੜ੍ਹ ਦੀਆਂ ਵੀ ਕਈ ਬੱਸਾਂ ਉਪਰ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਪੱਤਰ ਮਗਰੋਂ ਕਈ ਡਿੱਪੂਆਂ ਦੇ ਪ੍ਰਬੰਧਕਾਂ ਨੇ ਅਜਿਹੀਆਂ ਤਸਵੀਰਾਂ ਨੂੰ ਤੁਰੰਤ ਹਟਾਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਅਕਾਲੀ ਦਲ (ਅ) ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਕਿਸਾਨ ਯੂਨੀਅਨ (ਅ) ਦੇ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੁਲੀਸ ਵਿਭਾਗ ਦੇ ਇਨ੍ਹਾਂ ਹੁਕਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੰਤ ਭਿੰਡਰਾਂ ਵਾਲੇ ਅਤੇ ਹੋਰ ਸਮਰਥਕਾਂ ਦੀਆਂ ਤਸਵੀਰਾਂ ਨੂੰ ਇਤਰਾਜ਼ਯੋਗ ਦੱਸਣ ਦੀ ਕਾਰਵਾਈ ਬੇਹੱਦ ਨਿੰਦਣਯੋਗ ਹੈ।