ਸਰਬੱਤ ਖ਼ਾਲਸਾ ਨੇ ਮਲੂਕਾ ਦੀ ਸਜ਼ਾ ਰੱਦ ਕੀਤੀ, 24 ਜਨਵਰੀ ਨੂੰ ਮੁੜ ਪੇਸ਼ ਹੋਣ ਦੇ ਹੁਕਮ

ਸਰਬੱਤ ਖ਼ਾਲਸਾ ਨੇ ਮਲੂਕਾ ਦੀ ਸਜ਼ਾ ਰੱਦ ਕੀਤੀ, 24 ਜਨਵਰੀ ਨੂੰ ਮੁੜ ਪੇਸ਼ ਹੋਣ ਦੇ ਹੁਕਮ
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ। 

 

ਅੰਮ੍ਰਿਤਸਰ/ਬਿਊਰੋ ਨਿਊਜ਼ :
ਰਾਮਪੁਰਾ ਫੂਲ ਵਿਚ ਚੋਣ ਦਫ਼ਤਰ ਦੇ ਉਦਘਾਟਨ ਦੌਰਾਨ ਅਰਦਾਸ ਨੂੰ ਲੈ ਕੇ ਫਸੇ ਮੰਤਰੀ ਸਿਕੰਦਰ ਸਿੰਘ ਮਲੂਕਾ ਫ਼ਿਲਹਾਲ ਹੁਣ ਜਥੇਦਾਰਾਂ ਦੇ ਫੇਰ ਵਿਚ ਫਸ ਗਏ ਹਨ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ ਤਨਖ਼ਾਹੀਆ ਕਰਾਰ ਦਿੰਦਿਆਂ ਭਾਂਡੇ ਮਾਂਜਣ ਅਤੇ ਜੋੜੇ ਦੀ ਸੇਵਾ ਦੀ ਸਜ਼ਾ ਲਾਈ ਗਈ ਸੀ। ਪਰ ਸੋਮਵਾਰ ਨੂੰ ਸਰਬੱਤ ਖ਼ਾਲਸਾ ਵਿਚ ਥਾਪੇ ਗਏ ਜਥੇਦਾਰਾਂ ਨੇ ਇਸ ਸਜ਼ਾ ਨੂੰ ਸਰਕਾਰੀ ਕਰਾਰ ਦਿੰਦਿਆਂ  ਰੱਦ ਕਰ ਦਿੱਤਾ ਹੈ ਤੇ ਮੁੜ 24 ਜਨਵਰੀ ਨੂੰ ਤਲਬ ਕੀਤਾ ਹੈ। ਇਸ ਤੋਂ ਇਲਾਵਾ ਨੀਲਧਾਰੀ ਸੰਪਰਦਾ ਦੇ ਸੰਤ ਸਤਨਾਮ ਸਿੰਘ ਪਿੱਪਲੀਵਾਲੇ ਸੰਬਧੀ ਕੀਤੇ ਫੈਸਲੇ ਨੂੰ ਵੀ ਰੱਦ ਕਰਦਿਆਂ ਸੰਤ ਪਿੱਪਲੀ ਵਾਲਾ ਤੇ ਹੋਰਨਾਂ ਨੂੰ 24 ਜਨਵਰੀ ਨੂੰ ਮੁੜ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਭਾਈ ਸੂਬਾ ਸਿੰਘ, ਭਾਈ ਮੇਜਰ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੈਠਕ ਕੀਤੀ ਗਈ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸੰਤ ਸਤਨਾਮ ਸਿੰਘ ਪਿੱਪਲੀ ਵਾਲੇ ਤੇ ਸਿਕੰਦਰ ਸਿੰਘ ਮਲੂਕਾ, ਮੇਜਰ ਸਿੰਘ ਤੇ ਸਤਨਾਮ ਸਿੰਘ ਭਾਈਰੂਪਾ ਨੂੰ ਉਨ੍ਹਾਂ ਨੇ ਆਪਣਾ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੱਦਿਆ ਸੀ, ਪਰ ਉਹ ਹਾਜ਼ਰ ਨਹੀਂ ਹੋਏ, ਜਿਸ ‘ਤੇ ਉਨ੍ਹਾਂ ਨੂੰ 24 ਜਨਵਰੀ ਨੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ। ਜੇਕਰ ਉਹ ਇਸ ਦਿਨ ਪੇਸ਼ ਨਹੀਂ ਹੰਦੇ ਤਾਂ ਉਨ੍ਹਾਂ ਖਿਲਾਫ਼ ਗੁਰਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਆਪਣੇ ਸੁਝਾਅ 24 ਜਨਵਰੀ ਤੱਕ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿਚ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੋਸ਼ੀ ਪਾਇਆ ਗਿਆ ਹੈ।
ਇਸ ਤੋਂ ਪਹਿਲਾਂ ਮੁਤਵਾਜੀ ਜਥੇਦਾਰਾਂ ਦੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਪੁੱਜਣ ‘ਤੇ ਪੁਲੀਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਚੌਕਸ ਹੋ ਗਿਆ ਸੀ। ਜਿਵੇਂ ਹੀ ਇਹ ਪ੍ਰਕਰਮਾ ਵਿਚ ਦਾਖਲ ਹੋਏ ਤਾਂ ਟਾਸਕ ਫੋਰਸ ਨੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ।