ਪੰਜਾਬ : ਹਰ ਸਾਲ ਕਰੀਬ 20 ਹਜ਼ਾਰ ਬੱਚੇ ਬਣਦੇ ਹਨ ਅਵਾਰਾ ਕੁੱਤਿਆਂ ਦਾ ‘ਸ਼ਿਕਾਰ’, ਸਰਕਾਰ ਬੇਪ੍ਰਵਾਹ

ਪੰਜਾਬ : ਹਰ ਸਾਲ ਕਰੀਬ 20 ਹਜ਼ਾਰ ਬੱਚੇ ਬਣਦੇ ਹਨ ਅਵਾਰਾ ਕੁੱਤਿਆਂ ਦਾ ‘ਸ਼ਿਕਾਰ’, ਸਰਕਾਰ ਬੇਪ੍ਰਵਾਹ

ਚੰਡੀਗੜ੍ਹ/ਬਿਊਰੋ ਨਿਊਜ਼ :
ਅਵਾਰਾ ਕੁੱਤੇ ਰੋਜ਼ਾਨਾ 50 ਤੋਂ ਵੱਧ ਬੱਚਿਆਂ ਨੂੰ ਵੱਢਦੇ ਹਨ ਪਰ ਜਦੋਂ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਦੀ ਗੱਲ ਆਉਂਦੀ ਹੈ ਤਾਂ ਲੱਗਦਾ ਹੈ ਕਿ ਸਰਕਾਰ ਘੂਕ ਸੁੱਤੀ ਪਈ ਹੈ। ਪੰਜਾਬ ਵਿਚ ਹਰ ਸਾਲ ਅਵਾਰਾ ਕੁੱਤਿਆਂ ਵੱਲੋਂ ਤਕਰੀਬਨ 20 ਹਜ਼ਾਰ ਬੱਚਿਆਂ ਨੂੰ ਵੱਢਿਆ ਜਾਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਕੈਰੋਵਾਲ ਵਿੱਚ ਅਵਾਰਾ ਕੁੱਤਿਆਂ ਨੇ ਸਾਢੇ ਚਾਰ ਸਾਲਾ ਬੱਚੇ ਨੂੰ ਮਾਰ ਦਿੱਤਾ ਸੀ। ਅਵਾਰਾ ਕੁੱਤਿਆਂ ਦੇ ਖ਼ਤਰੇ ਦਾ ਮੁੱਦਾ ਸਮੇਂ ਸਮੇਂ ਉਤੇ ਰਾਜ ਵਿਧਾਨ ਸਭਾ ਵਿੱਚ ਵੀ ਗੂੰਜਦਾ ਰਿਹਾ ਹੈ। ਪਿਛਲੇ ਸਾਲ ਸਰਕਾਰ ਨੇ ਅਸੈਂਬਲੀ ਵਿੱਚ ਮੰਨਿਆ ਸੀ ਕਿ ਪਿਛਲੇ ਦੋ ਸਾਲਾਂ ਵਿਚ ਕੁੱਤਿਆਂ ਨੇ ਤਕਰੀਬਨ 38 ਹਜ਼ਾਰ ਬੱਚਿਆਂ ਨੂੰ ਕੱਟਿਆ ਹੈ। ਪਿਛਲੇ ਦੋ ਸਾਲਾਂ ਵਿਚ ਸੂਬੇ ਦੇ ਇਕੱਲੇ ਪੇਂਡੂ ਇਲਾਕਿਆਂ ਵਿੱਚ 36 ਹਜ਼ਾਰ ਤੋਂ ਵੱਧ ਵਿਅਕਤੀਆਂ ‘ਤੇ ਅਵਾਰਾ ਕੁੱਤਿਆਂ ਨੇ ਹਮਲੇ ਕੀਤੇ ਹਨ।
ਪਿਛਲੇ ਤਿੰਨ ਸਾਲਾਂ ਵਿਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ, ਪੰਜਾਬ ਮੁਤਾਬਕ ਪਿਛਲੇ ਸਾਲ ਕੁੱਤਿਆਂ (ਅਵਾਰਾ ਤੇ ਘਰੇਲੂ) ਦੇ ਕੱਟਣ ਦੇ ਤਕਰੀਬਨ 54 ਹਜ਼ਾਰ ਕੇਸ ਸਾਹਮਣੇ ਆਏ ਸਨ। ਸਾਲ 2013 ਵਿੱਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਦੀ ਗਿਣਤੀ ਤਕਰੀਬਨ 20 ਹਜ਼ਾਰ ਸੀ। ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ ਦੀ ਪ੍ਰੋਗਰਾਮ ਅਫ਼ਸਰ ਡਾ. ਪ੍ਰੀਤੀ ਨੇ ਦੱਸਿਆ ਕਿ ਕੁੱਤਿਆਂ ਦੇ ਕੱਟਣ ਦੇ ਸਾਰੇ ਕੇਸ ਹਸਪਤਾਲਾਂ ਵਿੱਚ ਨਹੀਂ ਆਉਂਦੇ ਹਨ। ਇਸ ਲਈ ਕੁੱਤਿਆਂ ਦੇ ਵੱਢਣ ਦੇ ਕੇਸਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੁੱਤਿਆਂ ਦੇ ਕੱਟਣ ਦੇ ਕੇਸਾਂ ਦੀ ਗਿਣਤੀ ਵਧਣ ਪਿੱਛੇ ਕੁੱਤਿਆਂ ਦੀ ਗਿਣਤੀ ਕੰਟਰੋਲ ਵਿਚ ਅਸਫਲਤਾ ਮੁੱਖ ਕਾਰਨ ਹੈ। ਸਾਲ 2012 ਵਿੱਚ ਹੋਈ 19ਵੀਂ ਪਸ਼ੂ ਗਣਨਾ ਮੁਤਾਬਕ ਸੂਬੇ ਵਿੱਚ ਤਿੰਨ ਲੱਖ ਤੋਂ ਵੱਧ ਅਵਾਰਾ ਕੁੱਤੇ ਹਨ। ਮਾਹਰਾਂ ਮੁਤਾਬਕ ਸੂਬੇ ਦਾ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗ ਕੁੱਤਿਆਂ ਦੀ ਸੰਖਿਆ ਕੰਟਰੋਲ ਕਰਨ ਵਿੱਚ ਨਾਕਾਮ ਰਿਹਾ ਹੈ। ਦਹਾਕਾ ਪਹਿਲਾਂ ਸੂਬੇ ਨੇ ਪਸ਼ੂ ਜਨਮ ਪ੍ਰੋਗਰਾਮ ਸ਼ੁਰੂ ਕੀਤਾ ਸੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ ਅਤੇ ਇਕ ਫ਼ੀਸਦੀ ਤੋਂ ਘੱਟ ਕੁੱਤਿਆਂ ਦੀ ਨਸਬੰਦੀ ਹੋਈ ਸੀ।
ਪਿਛਲੇ ਸਾਲ ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗਾਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਮਾਂਬੱਧ ਐਕਸ਼ਨ ਪਲਾਨ ਬਣਾਉਣ ਲਈ ਕਿਹਾ ਸੀ ਪਰ ਹੋਇਆ ਕੁੱਝ ਨਹੀਂ। ਪਸ਼ੂ ਜਨਮ ਕੰਟਰੋਲ (ਕੁੱਤੇ) 2001 ‘ਤੇ ਆਧਾਰਤ ਨਵੀਂ ਨੀਤੀ ਮੁਤਾਬਕ ਹਰੇਕ ਜ਼ਿਲ੍ਹੇ ਲਈ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਸੰਖਿਆ ਉਤੇ ਨਜ਼ਰ ਰੱਖਣੀ ਜ਼ਰੂਰੀ ਹੈ। ਇਸ ਨੀਤੀ ਮੁਤਾਬਕ ਪੰਚਾਇਤਾਂ ਫੜੇ ਅਵਾਰਾ ਕੁੱਤਿਆਂ ਲਈ ਵਾੜੇ ਬਣਾਉਣਗੀਆਂ ਅਤੇ ਅਵਾਰਾ ਕੁੱਤਿਆਂ ਬਾਰੇ ਲਗਾਤਾਰ ਸਰਵੇਖਣ ਵੀ ਕਰਾਉਣਗੀਆਂ। ਪਰ ਜ਼ਮੀਨੀ ਪੱਧਰ ‘ਤੇ ਕੁੱਝ ਨਹੀਂ ਹੋਇਆ।