ਗੁਰਦੁਆਰਾ ਸਿੰਘ ਸਭਾ ਰੈਨਟਨ ਦੀ 11 ਮੈਂਬਰੀ ਨਵੀਂ ਪ੍ਰਬੰਧਕ ਕਮੇਟੀ ਕਾਇਮ, ਜਗਮੋਹਰ ਸਿੰਘ ਵਿਰਕ ਬਣੇ ਮੁੱਖ ਸੇਵਾਦਾਰ

ਗੁਰਦੁਆਰਾ ਸਿੰਘ ਸਭਾ ਰੈਨਟਨ ਦੀ 11 ਮੈਂਬਰੀ ਨਵੀਂ ਪ੍ਰਬੰਧਕ ਕਮੇਟੀ ਕਾਇਮ, ਜਗਮੋਹਰ ਸਿੰਘ ਵਿਰਕ ਬਣੇ ਮੁੱਖ ਸੇਵਾਦਾਰ

ਸਿਆਟਲ/ਬਿਊਰੋ ਨਿਊਜ਼ :
ਸਿਆਟਲ ਦੇ ਪ੍ਰਮੁੱਖ ਗੁਰਦੁਆਰਾ ਸਿੰਘ ਸਭਾ ਰੈਨਟਨ ਦੀ 11 ਮੈਂਬਰੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜ ਮੈਂਬਰੀ ਪੈਨਲ ਵੱਲੋਂ ਚੁਣੇ ਗਏ ਮੈਂਬਰਾਂ ਦਾ ਐਲਾਨ ਕੀਤਾ ਗਿਆ, ਜਿਸ ਦੀ ਸੰਗਤ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ। ਗੁਰਦੁਆਰਾ ਦੇ ਮੈਨੇਜਰ ਹਰਸ਼ਰਨ ਸਿੰਘ ਤੇ ਖਜ਼ਾਨਚੀ ਹਰਜਿੰਦਰ ਸਿੰਘ ਕਲੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਪ੍ਰਬੰਧਕ ਕਮੇਟੀ ਵਿਚ ਜਗਮੋਹਰ ਸਿੰਘ ਵਿਰਕ ਮੁੱਖ ਸੇਵਾਦਾਰ, ਜਰਨੈਲ ਸਿੰਘ ਪੰਨੂ ਮੀਤ ਮੁੱਖ ਸੇਵਾਦਾਰ, ਅਵਤਾਰ ਸਿੰਘ ਆਦਮਪੁਰੀ ਜਨਰਲ ਸਕੱਤਰ, ਸਨਮੋਹਣ ਸਿੰਘ ਮੀਤ ਪ੍ਰਧਾਨ, ਮੋਹਣ ਸਿੰਘ ਖਜ਼ਾਨਚੀ, ਗਗਨਦੀਪ ਸਿੰਘ ਮੀਤ ਖਜ਼ਾਨਚੀ ਅਤੇ ਜੋਗਿੰਦਰ ਸਿੰਘ ਮਾਣਕੂ, ਸੰਦੀਪ ਸਿੰਘ ਗੁਰਨਾ, ਜੁਝਾਰ ਸਿੰਘ, ਦਲਬੀਰ ਸਿੰਘ ਗੁਰਾਇਆ ਤੇ ਗੁਰਦੇਵ ਸਿੰਘ ਸੰਘਾ ਨੂੰ ਮੈਂਬਰ ਚੁਣਿਆ ਗਿਆ ਹੈ, ਜੋ ਦੋ ਸਾਲ ਲਈ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਲਈ ਸੇਵਾ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜ ਮੈਂਬਰੀ ਪੈਨਲ ਵੀ ਦੋ ਸਾਲ ਲਈ ਕੰਮ ਕਰਦਾ ਰਹੇਗਾ। ਜੇਕਰ ਕੋਈ ਅਹੁਦੇਦਾਰ ਜਾਂ ਮੈਂਬਰ ਗ਼ੈਰ-ਹਾਜ਼ਰ ਜਾਂ ਸੇਵਾ ਵਿਚ ਕੁਤਾਹੀ ਕਰਦਾ ਹੈ ਤਾਂ ਉਸ ਨੂੰ ਪੈਨਲ ਰਾਹੀਂ ਬਦਲਿਆ ਜਾ ਸਕਦਾ ਹੈ। ਖ਼ਾਲਸਾ ਸਾਜਨਾ ਦਿਵਸ 21 ਮਈ ਨੂੰ ਸੋਵੈਅਰ ਸੈਂਟਰ ਕੈਂਟ ਵਿਚ ਮਨਾਉਣ ਲਈ ਦੋਨੋਂ ਕਮੇਟੀਆਂ ਮਿਲ ਕੇ ਕੰਮ ਕਰਨਗੀਆਂ ਪ੍ਰੰਤੂ ਜੂਨ ਦੇ ਪਹਿਲੇ ਹਫ਼ਤੇ ਨਵੀਂ ਕਮੇਟੀ ਚਾਰਜ ਸੰਭਾਲੇਗੀ।