ਕਾਬੁਲ ਦੇ ਐਂਬੂਲੈਂਸ ਧਮਾਕੇ ‘ਚ ਮੌਤਾਂ ਦੀ ਗਿਣਤੀ 100 ਤੋਂ ਵੱਧ

ਕਾਬੁਲ ਦੇ ਐਂਬੂਲੈਂਸ ਧਮਾਕੇ ‘ਚ ਮੌਤਾਂ ਦੀ ਗਿਣਤੀ 100 ਤੋਂ ਵੱਧ

ਕਾਬੁਲ/ਬਿਊਰੋ ਨਿਊਜ਼
ਇਥੋਂ ਦੇ ਭੀੜ ਭੜੱਕੇ ਵਾਲੇ ਇਲਾਕੇ ‘ਚ ਕੱਲ੍ਹ ਕੀਤੇ ਗਏ ਐਂਬੂਲੈਂਸ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਟੱਪ ਗਈ ਹੈ। ਦੱਸਣਯੋਗ ਹੈ ਕਿ ਕਾਬੁਲ ‘ਚ ਇਕ ਹਫ਼ਤੇ ਵਿੱਚ ਇਹ ਦੂਜਾ ਅਤਿਵਾਦੀ ਹਮਲਾ ਸੀ। ਕੱਲ੍ਹ ਦੁਪਹਿਰ ਦੇ ਖਾਣੇ ਸਮੇਂ ਕੀਤੇ ਗਏ ਇਸ ਹਮਲੇ ਵਿੱਚ ਘੱਟੋ ਘੱਟ 103 ਵਿਅਕਤੀ ਮਾਰੇ ਗਏ ਹਨ ਅਤੇ 235 ਜਣੇ ਜ਼ਖ਼ਮੀ ਹੋਏ ਹਨ। ਇਸ ਹਮਲੇ, ਜਿਸ ਦੀ ਤਾਲਿਬਾਨ ਨੇ ਜ਼ਿੰਮੇਵਾਰੀ ਲਈ ਹੈ, ਕਾਰਨ ਜੰਗ ਪ੍ਰਭਾਵਿਤ ਰਾਜਧਾਨੀ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਹਸਪਤਾਲ ਜ਼ਖ਼ਮੀਆਂ ਨਾਲ ਭਰੇ ਪਏ ਹਨ।
ਰਾਸ਼ਟਰਪਤੀ ਭਵਨ ਵੱਲੋਂ ਐਤਵਾਰ ਨੂੰ ਕੌਮੀ ਸੋਗ ਦਿਹਾੜਾ ਐਲਾਨੇ ਜਾਣ ਕਾਰਨ ਕੌਮੀ ਝੰਡਾ ਅੱਧਾ ਝੁਕਿਆ ਰਿਹਾ ਅਤੇ ਕਾਬੁਲ ‘ਚ ਹਾਈ ਐਲਰਟ ਰਿਹਾ। ਧਮਾਕਾ ਸਥਾਨ ਨੇੜੇ ਖਾਸ ਤੌਰ ‘ਤੇ ਗਲੀਆਂ ਵਿੱਚ ਸੁਰੱਖਿਆ ਨਾਕੇ ਵਧਾਏ ਗਏ ਹਨ ਤਾਂ ਜੋ ਸ਼ਹਿਰ ਵਿੱਚ ਸੰਭਾਵੀਂ ਹਿੰਸਾ ਨੂੰ ਟਾਲਿਆ ਜਾ ਸਕੇ। ਸੂਤਰਾਂ ਮੁਤਾਬਕ ਆਗਾ ਖਾਨ ਫਾਊਂਡੇਸ਼ਨ ਵੱਲੋਂ ਆਪਣੇ ਵਿਦੇਸ਼ੀ ਸਟਾਫ ਨੂੰ ਅਫ਼ਗਾਨਿਸਤਾਨ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ।   ਗ੍ਰਹਿ ਮੰਤਰੀ ਵਾਇਸ ਬਰਮਾਕ ਨੇ ਦੱਸਿਆ, ‘ਇਸ ਹਮਲੇ ‘ਚ ਹੁਣ ਤਕ 103 ਵਿਅਕਤੀ ਮਾਰੇ ਗਏ ਹਨ ਅਤੇ 235 ਜਣੇ ਫੱਟੜ ਹਨ।’ ਸਿਹਤ ਮੰਤਰਾਲੇ ਦੇ ਤਰਜਮਾਨ ਵਹੀਦ ਮਾਜਰੋਹ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪੁਰਸ਼ ਹਨ।
ਤਾਲਿਬਾਨ ਤੇ ਆਈਐਸ ਵੱਲੋਂ ਹਮਲੇ ਤੇਜ਼ ਕਰ ਦੇਣ ਕਾਰਨ ਕਾਬੁਲ ਵਿੱਚ ਬਦਤਰ ਹੋਏ ਸੁਰੱਖਿਆ ਇੰਤਜ਼ਾਮ ਖ਼ਿਲਾਫ਼ ਆਮ ਨਾਗਰਿਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਅਤੇ ਦੁੱਖ ਜ਼ਾਹਿਰ ਕੀਤਾ ਹੈ। ਫਰਿਸ਼ਤਾ ਕਰੀਮ ਨੇ ਟਵੀਟ ਕੀਤਾ, ‘ਸਾਨੂੰ ਨਹੀਂ ਪਤਾ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰੀਏ। ਕੀ ਅਸੀਂ ਘਰ ਰਹੀਏ ਜਾਂ ਕੰਮ ‘ਤੇ ਜਾਈਏ? ਕੀ ਅਸੀਂ ਆਪਣੇ ਦੋਸਤਾਂ ਨੂੰ ਮਿਲੀਏ ਅਤੇ ਰੋਈਏ ਜਾਂ ਸਾਨੂੰ ਦਿਲ ‘ਚ ਝੂਠੀ ਉਮੀਦ ਪਾਲਣੀ ਚਾਹੀਦੀ ਹੈ? ਕਾਬੁਲ ‘ਚ ਤੁਸੀਂ ਆਪਣਾ ਦਿਨ ਕਿਵੇਂ ਸ਼ੁਰੂ ਕਰ ਰਹੇ ਹੋ?’ ਨਾਸਿਰ ਦਾਨਿਸ਼ ਨੇ ਟਵੀਟ ਕੀਤਾ, ‘ਕਾਬੁਲ ਵਿੱਚ ਧਮਾਕੇ ਬਿਨਾਂ ਦਿਨ ਦੀ ਸ਼ੁਰੂਆਤ ਅਚੰਭੇ ਵਾਲੀ ਗੱਲ ਹੋਵੇਗੀ। ਕੋਈ ਵਿਅਕਤੀ ਅਜਿਹੇ ਦਿਨ ਦਾ ਮਹਿਜ਼ ਖਿਆਲ ਹੀ ਕਰ ਸਕਦਾ ਹੈ।’

ਯੂਐਨ ਸਲਾਮਤੀ ਕੌਂਸਲ ਵਲੋਂ ਨਿਖੇਧੀ
ਵਾਸ਼ਿੰਗਟਨ: ਯੂਐਨ ਦੇ ਸਕੱਤਰ ਜਨਰਲ ਐਂਤੋਨੀਓ ਗੁਟੇਰੇਜ਼ ਅਤੇ ਸਲਾਮਤੀ ਕੌਂਸਲ ਵੱਲੋਂ ਕਾਬੁਲ ਵਿੱਚ ‘ਬੇਤੁਕੇ ਅਤੇ ਕਾਇਰਾਨਾ ਬੰਬ ਧਮਾਕੇ’ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਯੂਐਨ ਸਲਾਮਤੀ ਕੌਂਸਲ ਨੇ ਅਜਿਹੀਆਂ ਨਿੰਦਣਯੋਗ ਅਤਿਵਾਦੀ ਕਾਰਵਾਈਆਂ ਕਰਨ ਵਾਲਿਆਂ, ਇਸ ਲਈ ਵਿੱਤੀ ਮਦਦ ਦੇਣ ਵਾਲਿਆਂ ਅਤੇ ਸ਼ਹਿ ਦੇਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਠੱਲ੍ਹਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਰੇ ਮੁਲਕਾਂ ਨੂੰ ਤਾਲਿਬਾਨ ਅਤੇ ਇਸ ਦੇ ਅਤਿਵਾਦੀ ਢਾਂਚੇ, ਜੋ ਉਸ ਦਾ ਸਮਰਥਨ ਕਰਦਾ ਹੈ, ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦੀ ਅਪੀਲ ਕੀਤੀ ਹੈ।