ਸਿੱਖਾਂ ਦੇ ਮਨੁੱਖੀ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਕੈਨੇਡੀਅਨ ਸਿੱਖ ਖਿਲਾਫ ਐਨ.ਆਈ.ਏ ਨੇ ਦੋ ਕੇਸ ਦਰਜ ਕੀਤੇ

ਸਿੱਖਾਂ ਦੇ ਮਨੁੱਖੀ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਕੈਨੇਡੀਅਨ ਸਿੱਖ ਖਿਲਾਫ ਐਨ.ਆਈ.ਏ ਨੇ ਦੋ ਕੇਸ ਦਰਜ ਕੀਤੇ

ਚੰਡੀਗੜ/ਸਿੱਖ ਸਿਆਸਤ ਬਿਊਰੋ:
ਭਾਰਤ ਦੀ ਕੌਮੀ ਜਾਂਚ ਅਜੈਂਸੀ (ਐਨ.ਆਈ.ਏ) ਨੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਖਿਲਾਫ ਦੋ ਮਾਮਲੇ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਸਾਲ 2016 ਵਿਚ ਪੰਜਾਬ ਪੁਲਿਸ ਵਲੋਂ ਨਿੱਝਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਗੌਰਤਲਬ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਹਿਣਾ ਹੈ ਕਿ ਉਸਦੇ ਰਾਜਨੀਤਕ ਵਿਚਾਰਾਂ ਕਰਕੇ ਭਾਰਤ ਵਲੋਂ ਉਸਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਐਨ.ਆਈ.ਏ ਦੀ ਵੈਬਸਾਈਟ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਨਿੱਝਰ ਨੂੰ ਦੋ ਕੇਸਾਂ ਕ੍ਰਮਵਾਰ- RC/15/DLI/2018 ਅਤੇ RCI/18/DLI/2018 ਵਿਚ ਨਾਮਜ਼ਦ ਕੀਤਾ ਗਿਆ ਹੈ।
ਕੇਸ ਨੰਬਰ  RCI/18/DLI/2018  ਐਨ.ਆਈ.ਏ ਪੁਲਿਸ ਥਾਣੇ ਦਿੱਲੀ ਵਿਚ 2 ਮਈ, 2018 ਨੂੰ ਦਰਜ ਕੀਤਾ ਗਿਆ। ਇਹ ਕੇਸ ਭਾਰਤੀ ਪੈਨਲ ਕੋਡ ਦੀ ਧਾਰਾ 120ਬੀ (ਸਾਜਿਸ਼) ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, 1967 ਦੀ ਧਾਰਾ 13 (ਗੈਰਕਾਨੂੰਨੀ ਗਤੀਵਿਧੀਆਂ), 17 (ਗੈਰਕਾਨੂੰਨੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ), 18 (ਸਾਜਿਸ਼ ਲਈ ਸਜ਼ਾ, ਆਦਿ) ਅਤੇ 20 (ਸਰਕਾਰ ਵਲੋਂ ਬੰਦ ਕੀਤੀ ਗਈ ਸੰਸਥਾ ਦੀ ਮੈਂਬਰਸ਼ਿਪ ਲੈਣਾ) ਅਧੀਨ ਦਰਜ ਕੀਤਾ ਗਿਆ ਹੈ।
ਕੇਸ ਨੰਬਰ RC/15/DLI/2018  ਐਨ.ਆਈ.ਏ ਪੁਲਿਸ ਥਾਣੇ ਦਿੱਲੀ ਵਿਚ 14 ਅਪ੍ਰੈਲ, 2018 ਨੂੰ ਦਰਜ ਕੀਤਾ ਗਿਆ। ਇਹ ਕੇਸ ਭਾਰਤੀ ਪੈਨਲ ਕੋਡ ਦੀ ਧਾਰਾ 120ਬੀ (ਸਾਜਿਸ਼), 124 (ਦੇਸ਼ਧ੍ਰੋਹ), 153ਏ (ਭਾਈਚਾਰਕ ਹਿੰਸਾ ਭੜਕਾਉਣਾ), ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, 1967 ਦੀ ਧਾਰਾ 10 (ਗੈਰਕਾਨੂੰਨੀ ਇਕੱਠ ਦਾ ਮੈਂਬਰ ਹੋਣ ਦੀ ਸਜ਼ਾ, ਆਦਿ), 16 (‘ਅੱਤਵਾਦੀ’ ਕਾਰਵਾਈ ਲਈ ਸਜ਼ਾ), 18 (ਸਾਜਿਸ਼ ਲਈ ਸਜ਼ਾ, ਆਦਿ) ਅਤੇ ਅਸਲਾ ਕਾਨੂੰਨ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ 2016 ਵਿਚ ਪੰਜਾਬ ਪੁਲਿਸ ਵਲੋਂ ਕੇਸ ਦਰਜ ਕਰਨ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਰਾਜਨੀਤਕ ਕਾਰਨਾਂ ਕਰਕੇ ਨਿਸ਼ਾਨਾ ਬਣਾ ਰਹੀ ਹੈ। ਨਿੱਝਰ ਨੇ ਚਿੱਠੀ ਵਿਚ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਕ ਕਾਰਵਾਈ ਵਿਚ ਨਾ ਯਕੀਨ ਰੱਖਦੇ ਹਨ, ਨਾ ਸਮਰਥਨ ਕਰਦੇ ਹਨ ਤੇ ਨਾ ਹੀ ਉਨ੍ਹਾਂ ਦੀ ਕਿਸੇ ਹਿੰਸਕ ਕਾਰਵਾਈ ਵਿਚ ਕੋਈ ਸ਼ਮੂਲੀਅਤ ਹੈ।
ਉਨ੍ਹਾਂ ਚਿੱਠੀ ਵਿਚ ਲਿਖਿਆ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਹੱਕਾਂ ਲਈ ਅਵਾਜ਼ ਚੁੱਕਣ ਕਾਰਨ, ਉਨ੍ਹਾਂ ਦੀਆਂ ਮਨੁੱਖੀ ਹੱਕਾਂ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਭਾਰਤ ਸਰਕਾਰ ਅੱਤਵਾਦੀ ਕਾਰਵਾਈਆਂ ਵਜੋਂ ਪੇਸ਼ ਕਰ ਰਹੀ ਹੈ।