‘ਆਪ’ ਦੀ ਹਤਾਸ਼ਾ; ਤੂੰ-ਤੂੰ, ਮੈਂ-ਮੈਂ ਦਾ ਤਮਾਸ਼ਾ

‘ਆਪ’ ਦੀ ਹਤਾਸ਼ਾ; ਤੂੰ-ਤੂੰ, ਮੈਂ-ਮੈਂ ਦਾ ਤਮਾਸ਼ਾ

ਹਾਰ ਨਾਲ ਦਿੱਲੀ ਤੇ ਪੰਜਾਬ ‘ਚ ਪਾਰਟੀ ਦੀਆਂ ਜੜ੍ਹਾਂ ਹਿੱਲੀਆਂ
ਵਿਸ਼ਵਾਸ ਤੇ ਅਮਾਨਤੁੱਲਾ ਦੇ ਮਿਹਣੋ-ਮਿਹਣੀ ਨੇ ਉਲਝਾਈ ਤਾਣੀ
ਵਿਸ਼ਵਾਸ ਵਲੋਂ ‘ਆਪ’ ਛੱਡਣ ਦੇ ਸੰਕੇਤ
ਦਿੱਲੀ ਦੇ ਆਗੂਆਂ ਨੂੰ ਪੰਜਾਬ ਦੀ ਮੁਖ਼ਤਿਆਰੀ ਤੋਂ ਕੀਤਾ ‘ਬੇਦਖ਼ਲ’
ਗੁਰਪ੍ਰੀਤ ਘੁੱਗੀ ਦੇ ਖੰਭ ਕੁਤਰਨ ਲਈ ਸਿਆਸੀ ਧਾਰ ਤਿੱਖੀ ਹੋਈ
ਚਾਰ ਗੁੱਟਾਂ ‘ਚ ਵੰਡੇ ਪੰਜਾਬ ਆਗੂ ਵਜਾ ਰਹੇ ਨੇ  ਆਪਣੀ ਆਪਣੀ ਡਫ਼ਲੀ
ਚੰਡੀਗੜ੍ਹ/ਬਿਊਰੋ ਨਿਊਜ਼ :
ਹਾਰਨ ਵਾਲੇ ਅਕਸਰ ਡੌਂਡੀ ਪਿੱਟਦੇ ਹਨ। ਉਨ੍ਹਾਂ ਦਾ ਨਿਸ਼ਾਨਾ ਆਪਣੇ ਵਿਰੋਧੀਆਂ ਦੇ ਨਾਲ ਨਾਲ ਟੀਮ ਮੈਂਬਰਾਂ ‘ਤੇ ਵੀ ਹੁੰਦਾ ਹੈ। ਇਹੀ ਹਾਲ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ਦਾ ਹੈ। ਪੰਜਾਬ, ਗੋਆ ਵਿਧਾਨ ਸਭਾ ਚੋਣਾਂ ਵਿਚ ਹਾਰ ਮਗਰੋਂ ਹੁਣ ਦਿੱਲੀ ਵਿਚ ਨਗਰ ਨਿਗਮ ਚੋਣਾਂ ਦੀ ਵੀ ਹਾਰ ‘ਆਪ’ ਆਗੂਆਂ ਲਈ ਨਾਬਰਦਾਸ਼ਤ ਯੋਗ ਹੈ, ਇਸੇ ਲਈ ਇਕ-ਦੂਜੇ ‘ਤੇ ਇਲਜ਼ਾਮਤਰਾਸ਼ੀ ਚੱਲ ਰਹੀ ਹੈ। ਸਲਾਹ-ਮਸ਼ਵਰੇ ਅਤੇ ਖਰੀਆਂ ਖਰੀਆਂ ਸੁਣਾਉਣ ਵਾਲੇ ਕੁਮਾਰ ਵਿਸ਼ਵਾਸ ਵਰਗੇ ਆਗੂਆਂ ਦੀਆਂ ਟਿੱਪਣੀਆਂ ਮਗਰੋਂ ਪਾਰਟੀ ‘ਆਪ’ ਦੇ ‘ਸਿਆਸੀ ਖ਼ੌਫ਼’ ਤੋਂ ਘਟ ਕੇ ਸਾਧਾਰਨ ਤੂੰ-ਤੂੰ, ਮੈਂ-ਮੈਂ ਤਕ ਸੀਮਤ ਹੋ ਕੇ ਰਹਿ ਗਈ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਪਹਿਲਾਂ ਪਾਰਟੀ ਦੀਆਂ ਹਾਰਾਂ ਲਈ ਏ.ਵੀ.ਐਮ. ਮਸ਼ੀਨਾਂ ਨੂੰ ਭੰਡਦੇ ਰਹੇ ਸਨ, ਪਾਰਟੀ ਅੰਦਰੋਂ ਉਠੀਆਂ ਬਗ਼ਾਵਤੀ ਸੁਰਾਂ ਮਗਰੋਂ ਉਨ੍ਹਾਂ ਆਪਣੇ ‘ਨੁਕਸ’ ਵੀ ਕਬੂਲ ਕਰ ਲਏ ਹਨ। ਪਹਿਲੀ ਦਫ਼ਾ ਹੈ ਕਿ ਕੁਮਾਰ ਵਿਸ਼ਵਾਸ ਦੀਆਂ ਖ਼ਰੀਆਂ-ਖ਼ਰੀਆਂ ਸੁਣਨ ਮਗਰੋਂ ਵੀ ਕੇਜਰੀਵਾਲ ਦਾ ਰਵੱਈਆ ਉਨ੍ਹਾਂ ਪ੍ਰਤੀ ਨਰਮ ਰਿਹਾ ਜਦਕਿ ਵਿਸ਼ਵਾਸ ‘ਤੇ ਇਲਜ਼ਾਮ ਲਾਉਣ ਵਾਲੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਪਾਰਟੀ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੋਂ ਅਸਤੀਫ਼ਾ ਦੇਣਾ ਪਿਆ ਪਰ ਉਹ ਆਪਣੇ ਸਟੈਂਡ ‘ਤੇ ਹਾਲੇ ਵੀ ਕਾਇਮ ਹਨ। ਅਮਾਨਤੁੱਲਾ ਖ਼ਾਨ ਨੇ ਸਾਫ਼ ਕਿਹਾ ਹੈ ਕਿ ਕੁਝ ਲੋਕ ਆਮ ਆਦਮੀ ਪਾਰਟੀ ਨੂੰ ਤੋੜਨ ਲਈ ਭਾਜਪਾ ਅਤੇ ਸੰਘ ਦੇ ਸੰਪਰਕ ਵਿਚ ਹਨ। ਇਸ ਤੋਂ ਨਾਰਾਜ਼ ਕੁਮਾਰ ਵਿਸ਼ਵਾਸ ਧੜੇ ਦੇ 22 ਵਿਧਾਇਕਾਂ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਹਟਾਉਣ ਤਕ ਦੀ ਗੱਲ ਕੀਤੀ ਹੈ। ਭਾਵੇਂ ਕੇਜਰੀਵਾਲ ਕੁਮਾਰ ਵਿਸ਼ਵਾਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹਨ ਪਰ ਕੁਮਾਰ ਵਿਸ਼ਵਾਸ ਨੇ ਪਾਰਟੀ ਛੱਡਣ ਦੇ ਸੰਕੇਤ ਦਿੱਤੇ ਹਨ।
ਹਾਲੀਆ ਨਗਰ ਨਿਗਮ ਚੋਣਾਂ ਵਿਚ ਦਿੱਲੀ ਦੀ ਹਾਰ ਸਭ ਤੋਂ ਨਮੋਸ਼ੀ ਭਰੀ ਹੈ ਕਿਉਂਕਿ ਜਿਸ ਦਿੱਲੀ ਨੇ ‘ਆਪ’ ਦੇ ਹੱਕ ਵਿਚ ਜ਼ੋਰਦਾਰ ਫ਼ਤਵਾ ਦਿੱਤਾ ਸੀ, ਉਸੇ ਦਿੱਲੀ ਨੇ ਮਹਿਜ਼ 2 ਸਾਲਾਂ ਵਿਚ ਹੀ ਇਸ ਦੀਆਂ ਨਾਕਾਮੀਆਂ ਤੋਂ ਦੁਖੀ ਹੋ ਕੇ ਉਸ ਨੂੰ ਨਕਾਰ ਦਿੱਤਾ। ਦਿੱਲੀ ਤੇ ਪੰਜਾਬ ਦੀ ਹੋਣੀ ਇਕੋ ਜਿਹੀ ਰਹੀ। ਜਦੋਂ ਦਿੱਲੀ ਵਿਚ ‘ਆਪ’ ਨੇ ਜਲਵਾ ਦਿਖਾਇਆ ਤਾਂ ਪੰਜਾਬ ਵਿਚ ਵੀ ਤੀਜੀ ਧਿਰ ਦੇ ਸੱਤਾ ਵਿਚ ਆਉਣ ਦੀ ਆਸ ਬੱਝ ਗਈ ਸੀ ਪਰ ਪਾਰਟੀ ਆਗੂਆਂ ਦੀਆਂ ‘ਆਪਹੁਦਰੀਆਂ, ਧੱਕੇਸ਼ਾਹੀਆਂ, ਚਾਪਲੂਸੀਆਂ, ਹੰਕਾਰ’ ਕਾਰਨ ਪੰਜਾਬ ਦੀ ਸੱਤਾ ਵੀ ਹੱਥੋਂ ਕਿਰ ਗਈ। ਪੰਜਾਬ ਵਿਚਲੇ ਜਿਹੜੇ ਆਗੂ ‘ਜੀ ਹਜ਼ੂਰੀਆਂ’ ਵਿਚ ਲੱਗੇ ਸਨ, ਉਹ ਵੀ ਅੱਜ ਵਿਰੋਧੀ ਸੁਰ ਅਲਾਪ ਰਹੇ ਹਨ। ਪੰਜਾਬ ਵਿਚਲੇ ਆਗੂ ਜਿੱਥੇ ਹੁਣ ਦਿੱਲੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ, ਉਥੇ ਦਿੱਲੀ ਦੇ ਪੰਜਾਬ ਇੰਚਾਰਜਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਪੰਜਾਬ ਦੀ ‘ਇੰਚਾਰਜੀ’ ਤੋਂ ਅਸਤੀਫ਼ੇ ਦੇ ਦਿੱਤੇ ਹਨ। ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਜਿੱਥੇ ਪੰਜਾਬ ਵਿਚਲੀ ਹਾਰ ਲਈ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਸਿੱਧੇ ਢੰਗ ਨਾਲ ਨਿਸ਼ਾਨਾ ਬਣਾਇਆ ਹੈ, ਉਥੇ ਭਗਵੰਤ ਮਾਨ, ਪਾਰਟੀ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸੁਖਪਾਲ ਖਹਿਰਾ ਨੂੰ ਵੀ ਦਿੱਲੀ ਲੀਡਰਸ਼ਿਪ ਵਿਚ ਖਾਮੀਆਂ ਨਜ਼ਰ ਆਉਣ ਲੱਗੀਆਂ ਹਨ। ਜਦੋਂ ਦਿੱਲੀ ਲੀਡਰਸ਼ਿਪ ਨੂੰ ਪੰਜਾਬ ਵਿਚੋਂ ਭੇਜਣ ਲਈ ਆਵਾਜ਼ਾਂ ਉਠ ਰਹੀਆਂ ਸਨ, ਤਾਂ ਉਹ ਆਵਾਜ਼ਾਂ ਦਬਾ ਦਿੱਤੀਆਂ ਗਈਆਂ।
ਪਰ ਪੰਜਾਬ ਲੀਡਰਸ਼ਿਪ ਹੁਣ ‘ਆਪ’ ਤੋਂ ‘ਬਾਹਰ’ ਹੁੰਦੀ ਪ੍ਰਤੀਤ ਹੋ ਰਹੀ ਹੈ। ਇਕ ਪਾਸੇ ਪਾਰਟੀ ਵਿਧਾਇਕਾਂ ਨੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੇ ਖੰਭ ਕੁਤਰਨ ਲਈ ਆਪਣੀ ਸਿਆਸੀ ਧਾਰ ਤਿੱਖੀ ਕਰ ਲਈ ਹੈ, ਦੂਜੇ ਪਾਸੇ ਇਹ ਚਾਰ ਗੁੱਟਾਂ ਵਿਚ ਵੰਡੇ ਗਏ ਹਨ। ਡੇਢ ਦਰਜਨ ਵਿਧਾਇਕਾਂ ਨੇ ਗੁਪਤ ਮੀਟਿੰਗ ਕਰਕੇ ਨਵਾਂ ਸੂਬਾ ਕਨਵੀਨਰ ਲਾਏ ਜਾਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਦਿੱਲੀ ਦੀ ਖਿੱਚੋਤਾਣ ‘ਚ ਉਲਝੇ ਕੇਜਰੀਵਾਲ ਨੇ ਪੰਜਾਬ ਦੀ ਤਾਣੀ ਸੁਲਝਾਉਣ ਲਈ ਭਗਵੰਤ ਮਾਨ ਨੂੰ ਆਪਣਾ ਵਿਦੇਸ਼ ਦੌਰਾ ਟਾਲਣ ਲਈ ਕਿਹਾ ਹੈ। ਭਗਵੰਤ ਮਾਨ ਨੇ ਪਹਿਲੀ ਮਈ ਅਮਰੀਕਾ ਜਾਣਾ ਸੀ ਪਰ ਹੁਣ 8 ਮਈ ਨੂੰ ਜਾਣਗੇ। ਭਗਵੰਤ ਮਾਨ ਨੇ ਤਾਂ ਅਰਵਿੰਦ ਕੇਜਰੀਵਾਲ ਨਾਲ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਦੋ ਘੰਟੇ ਗੁਪਤ ਮੀਟਿੰਗ ਕਰਕੇ ਚੋਣਾਂ ਵਿੱਚ ‘ਆਪ’ ਵੱਲੋਂ ਕੀਤੀਆਂ ਗਲਤੀਆਂ ਗਿਣਾਈਆਂ ਸਨ। ਕੇਜਰੀਵਾਲ ‘ਤੇ ਸਿੱਧਾ ਹਮਲਾ ਬੋਲਦਿਆਂ ਉਨ੍ਹਾਂ ਆਖਿਆ ਕਿ ਈਵੀਐਮ ਮਸ਼ੀਨਾਂ ਅਤੇ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ, ਕਿਸੇ ਦੇ ਕਸੂਰ ਦੀ ਥਾਂ ‘ਆਪ’ ਲੀਡਰਸ਼ਿਪ ਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ‘ਆਪ’ ਨੇ ਪੰਜਾਬ ਚੋਣਾਂ ਦੌਰਾਨ ਵੱਡੀਆਂ ਗ਼ਲਤੀਆਂ ਕੀਤੀਆਂ, ਜਿਸ ਦਾ ਨੁਕਸਾਨ ਹੋਇਆ। ਉਨ੍ਹਾਂ ਆਖਿਆ ਕਿ ਕੇਜਰੀਵਾਲ ਇਹ ਨਹੀਂ ਸਮਝ ਸਕੇ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਨਾ ਕਰਨਾ ਵੱਡੀ ਗਲਤੀ ਰਹੀ ਅਤੇ ਉਸ ਤੋਂ ਵੱਡੀ ਗਲਤੀ ਗਰਮ ਖਿਆਲੀ ਆਗੂਆਂ ਨਾਲ ‘ਆਪ’ ਆਗੂਆਂ ਨੇ ਮੀਟਿੰਗ ਕਰ ਕੇ ਕਰ ਦਿੱਤੀ।
ਸੰਸਦ ਮੈਂਬਰ ਨੇ ਆਖਿਆ ਕਿ ਪਹਿਲਾਂ ਟਿਕਟਾਂ ਦੀ ਵੰਡ ਵਿੱਚ ਗ਼ਲਤ ਫੈਸਲੇ ਹੋਏ ਅਤੇ ਉਸ ਨੂੰ ਟਿਕਟਾਂ ਦੀ ਵੰਡ ਦੇ ਮਾਮਲੇ ਵਿਚੋਂ ਲਾਂਭੇ ਕੀਤਾ ਅਤੇ ਫਿਰ ਪਾਰਟੀ ਚੋਣਾਂ ਵਿੱਚ ਬਿਨਾਂ ਕਪਤਾਨ ਵਾਲੀ ਮੁਹੱਲੇ ਦੀ ਕ੍ਰਿਕਟ ਟੀਮ ਵਾਂਗ ਖੇਡੀ। ਉਨ੍ਹਾਂ ਆਖਿਆ ਕਿ ਉਸ ਨੇ ਚੋਣਾਂ ਦੌਰਾਨ 500 ਰੈਲੀਆਂ ਕੀਤੀਆਂ ਅਤੇ ਦਿਨ-ਰਾਤ ਮਿਹਨਤ ਕੀਤੀ ਪਰ ਉਸ ਨੂੰ ਦਿੱਲੀਓਂ ਕਦੇ ਸ਼ਾਬਾਸ਼ ਨਹੀਂ ਮਿਲੀ, ਉਲਟਾ ਝਿੜਕਾਂ ਜ਼ਰੂਰ ਮਿਲਦੀਆਂ ਸਨ।
ਉਧਰ ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਤੇ ਸੁਖਪਾਲ ਖਹਿਰਾ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲੜਨ ਦੇ ਸੰਕੇਤ ਦਿੱਤੇ ਹਨ। ਫੂਲਕਾ ਨੇ ਜਿਹੜੀ ‘ਪੰਜਾਬ ਯਾਤਰਾ’ ਸ਼ੁਰੂ ਕੀਤੀ ਹੈ, ਗੁਰਪ੍ਰੀਤ ਸਿੰਘ ਵੜੈਚ ਨੇ ਉਸ ਤੋਂ ਦੂਰੀ ਬਣਾਈ ਹੋਈ ਹੈ। ਖਹਿਰਾ ਨੇ ਵੀ ਇਕ ਦਿਨ ਪਹਿਲਾਂ ਅੰਮ੍ਰਿਤਸਰ ਦਾ ਦੌਰਾ ਕਰਕੇ ਸੰਕੇਤ ਦਿੱਤੇ ਕਿ ਉਨ੍ਹਾਂ ਦਾ ਇਸ ਯਾਤਰਾ ਨਾਲ ਕੋਈ ਸਬੰਧ ਨਹੀਂ। ਚੌਥੀ ਧਿਰ ਦੇ ਕੁਝ ਆਗੂ ਸਿੱਧੇ ਤੌਰ ‘ਤੇ ਕੌਮੀ ਲੀਡਰਸ਼ਿਪ ਨਾਲ ਜੁੜੇ ਹਨ ਤੇ ਪੂਰੇ ਮਾਮਲੇ ਤੋਂ ਨਿਰਾਸ਼ ਹਨ।
ਮਸਲਾ ਸਿਰਫ਼ ਹਾਰ-ਜਿੱਤ ਦਾ ਨਹੀਂ, ਸਗੋਂ ‘ਭਾਰਤ ਬਨਾਮ ਭ੍ਰਿਸ਼ਟਾਚਾਰ’ ਦੇ ਅੰਦੋਲਨ ਨਾਲ ਸਿਆਸਤ ਵਿਚ ਆਈ ‘ਆਪ’ ਨੂੰ ਆਪਣੀ ਵਿਚਾਰਧਾਰਾ ਵੀ ਸਪਸ਼ਟ ਕਰਨੀ ਪਏਗੀ। ਵਿਵਸਥਾ ਪਰਿਵਰਤਨ ਅਤੇ ਸਵਰਾਜ ਦਾ ਖਾਕਾ ਪੇਸ਼ ਕਰਕੇ ‘ਆਪ’ ਨੇ ਲੋਕਾਂ ਦਾ ਸਮਰਥਨ ਜੁਟਾਇਆ ਸੀ ਪਰ ਵਿਚਾਰਧਾਰਕ ਅਣਹੋਂਦ ਤੇ ਦਾਗ਼ੀ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਕਰਕੇ ਉਹ ਆਪਣਾ ਅਸਤਿੱਤਵ ਗਵਾਉਂਦੀ ਜਾ ਰਹੀ ਹੈ।
ਬੇਸ਼ੱਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੁਣ ਸਵੀਕਾਰ ਕੀਤਾ ਹੈ ਕਿ ਇਹ ਆਤਮ ਮੰਥਨ ਦਾ ਵੇਲਾ ਹੈ ਪਰ ਪਾਰਟੀ ਆਗੂਆਂ ਨੂੰ ਮੁੜ ਇਕਜੁਟ ਕਰਨਾ ਆਸਾਨ ਕੰਮ ਨਹੀਂ ਹੈ। ਜੇਕਰ ਕੇਜਰੀਵਾਲ ਆਪਣੀਆਂ ਕਮੀਆਂ-ਪੇਸ਼ੀਆਂ ਪਹਿਲਾਂ ਹੀ ਸਵੀਕਾਰ ਕਰ ਲੈਂਦੇ ਤਾਂ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਡਾ. ਧਰਮਵੀਰ ਗਾਂਧੀ ਵਰਗੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਨਾ ਜਾਣਾ ਪੈਂਦਾ ਤੇ ਅੱਜ ਪਾਰਟੀ ਦੀ ਸਥਿਤੀ ਕਿਤੇ ਬਿਹਤਰ ਹੋਣੀ ਸੀ। ਦੂਜਿਆਂ ਦੀ ਆਲੋਚਨਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਆਪਣੀ ਆਲੋਚਨਾ ਕਦੇ ਸਵੀਕਾਰ ਨਹੀਂ ਕੀਤੀ। ਆਲੋਚਨਾ ਕਰਨ ਵਾਲੇ ‘ਕੇਜਰੀਵਾਲ ਭਗਤਾਂ’ ਦੇ ਹਮਲਿਆਂ ਦਾ ਸ਼ਿਕਾਰ ਹੁੰਦੇ ਰਹੇ।  ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪਾਰਟੀ ਨੂੰ ਮੁੜ ਪੈਰਾਂ-ਸਿਰ ਕਰਨ ਲਈ ਆਪਣੀਆਂ ਗ਼ਲਤੀਆਂ ਨਾ ਸਿਰਫ਼ ਸਵੀਕਾਰਨੀਆਂ ਪੈਣਗੀਆਂ, ਸਗੋਂ ਉਨ੍ਹਾਂ ਨੂੰ ਦੂਰ ਵੀ ਕਰਨ ਦੀ ਲੋੜ ਹੈ। ਸਭ ਤੋਂ ਅਹਿਮ ਦਾਗ਼ੀ ਨੇਤਾਵਾਂ ਦੀ ਛੁੱਟੀ ਕਰਕੇ ਇਮਾਨਦਾਰ ਨੇਤਾਵਾਂ ਦੀ ਵਾਪਸੀ ਕਰਨ ਦੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਦਾਅਵਿਆਂ-ਵਾਅਦਿਆਂ ਤੋਂ ਪਹਿਲਾਂ ਪਾਰਟੀ ਅੰਦਰ ਪਾਰਦਰਸ਼ਤਾ ਲਿਆਉਣ ਦੀ ਵੱਡੀ ਲੋੜ ਹੈ। ਆਤਮ ਮੰਥਨ ਦਾ ਮਕਸਦ ਅਮਲ ਨਾਲ ਹੀ ਪੂਰਾ ਹੋ ਸਕਦਾ ਹੈ।