ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਦਾ ਬੁਰਾ ਹਾਲ ਕੀਤਾ: ਡਾ. ਮਨਮੋਹਨ ਸਿੰਘ

ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਦਾ ਬੁਰਾ ਹਾਲ ਕੀਤਾ: ਡਾ. ਮਨਮੋਹਨ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼:
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦੇ ਅਰਥਚਾਰੇ ਦਾ ‘ਬੁਰਾ ਹਾਲ’ ਕਰ ਦਿੱਤਾ ਹੈ ਤੇ ਆਮ ਲੋਕਾਂ ਨੂੰ ‘ਜੁਮਲਿਆਂ’ ਤੋਂ ਬਿਨਾਂ ਹੋਰ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਦੋ ਕਰੋੜ ਨੌਕਰੀਆਂ ਪੈਦਾ ਕਰਨ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਹਿਜ਼ ਸਬਜ਼ਬਾਗ ਹੀ ਦਿਖਾਏ ਹਨ।
ਉਹ ਇਥੇ ਕਾਂਗਰਸ ਦੇ 84ਵੇਂ ਮਹਾਂਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਰਕਾਰ ‘ਤੇ ਕਸ਼ਮੀਰ ਵਿਵਾਦ ਨਾਲ ਵੀ ‘ਗ਼ਲਤ ਢੰਗ ਨਾਲ’ ਸਿੱਝਣ ਦੇ ਦੋਸ਼ ਲਾਏ ਅਤੇ ਸਰਕਾਰ ਵੱਲੋਂ ਢਾਈ ਜੰਗਾਂ ਲੜਨ ਦੀਆਂ ਗੱਲਾਂ ਨੂੰ ਇਕ ਹੋਰ ‘ਝੂਠਾ ਵਾਅਦਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੀ ਜੀਡੀਪੀ ਦਾ ਮਹਿਜ਼ 1.6 ਫ਼ੀਸਦੀ ਹੀ ਰੱਖਿਆ ਉਤੇ ਖ਼ਰਚਿਆ ਜਾ ਰਿਹਾ ਹੈ, ਜੋ ਦੇਸ਼ ਦੀਆਂ ਸਲਾਮਤੀ ਲੋੜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਨੀਤੀ ਨਾਲ ਸਬੰਧਤ ਅਨੇਕਾਂ ਮਾਮਲਿਆਂ ਨੂੰ ਵੀ ਸਰਕਾਰ ਨੇ ਸਹੀ ਢੰਗ ਨਾਲ ਨਹੀਂ ਨਜਿੱਠਿਆ।
ਉਨ੍ਹਾਂ ਕਿਹਾ, ”ਜੰਮੂ-ਕਸ਼ਮੀਰ ਸਮੱਸਿਆ ਨੂੰ ਮੋਦੀ ਸਰਕਾਰ ਨੇ ਜਿੰਨਾ ਗ਼ਲਤ ਢੰਗ ਨਾਲ ਨਜਿੱਠਿਆ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।” ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੂਬੇ ਦੀਆਂ ਖ਼ਾਸ ਕਿਸਮ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ।