ਡਾਕਟਰ ਮੁਟਿਆਰ ਨਾਲ ਬਲਾਤਕਾਰ ਕਰਨ ਵਾਲੇ 4 ਕਥਿਤ ਦੋਸ਼ੀ ਪੁਲਿਸ ਨੇ ਗੋਲੀ ਨਾਲ ਉਡਾਏ

ਡਾਕਟਰ ਮੁਟਿਆਰ ਨਾਲ ਬਲਾਤਕਾਰ ਕਰਨ ਵਾਲੇ 4 ਕਥਿਤ ਦੋਸ਼ੀ ਪੁਲਿਸ ਨੇ ਗੋਲੀ ਨਾਲ ਉਡਾਏ

ਥੋੜ੍ਹੀ ਦੇਰ ਪਹਿਲਾਂ ਹੀ ਅਲ-ਜਜ਼ੀਰਾ ਅਤੇ ਏ.ਐਫ.ਪੀ. ਖਬਰ ਏਜੰਸੀਆਂ ਨੇ ਜਾਣਕਾਰੀ ਦਿਤੀ ਹੈ ਕਿ ਹੈਦਰਾਬਾਦ ਪੁਲਿਸ ਨੇ ਉਹਨਾਂ ਚਾਰ ਜਣਿਆਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ ਜਿਹੜੇ ਬੀਤੇ ਦਿਨੀਂ ਇੱਕ ਔਰਤ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਕਰਨ ਅਤੇ ਉਸਦੇ ਬਾਅਦ ਉਸਦਾ ਕਤਲ ਕਰਨ ਲਈ ਜ਼ਿੰਮੇਵਾਰ ਸਮਝੇ ਜਾ ਰਹੇ ਸਨ। ਇਹ ਗੱਲ ਦੀ ਜਾਣਕਾਰੀ ਹੈਦਰਾਬਾਦ ਪੁਲਿਸ ਨੇ ਸ਼ੁਕਰਵਾਰ ਨੂੰ ਜਾਰੀ ਕੀਤੀ। ਔਰਤ ਡਾਕਟਰ ਨਾਲ ਬਲਾਤਕਾਰ ਹੋਣ ਅਤੇ ਬਾਅਦ 'ਚ ਉਸ ਨੂੰ ਸਾੜ ਕੇ ਮਾਰ ਦੇਣ ਦੇ ਬਾਅਦ ਭਾਰਤ ਭਰ 'ਚ ਪੁਲਿਸ ਅਤੇ ਸਰਕਾਰਾਂ ਖਿਲਾਫ ਲੋਕਾਂ ਦੇ ਵੱਧ ਰਹੇ ਰੋਸ ਦੇ ਮੱਦੇ ਨਜ਼ਰ ਪੁਲਿਸ ਨੇ ਮੁਢਲੀ ਤਹਿਕੀਕਾਤ ਦੌਰਾਨ 4 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਚਾਰੋ ਜਣੇ ਉਸ ਵੇਲੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਮਾਰੇ ਗਏ ਜਦੋਂ ਇਹਨਾਂ ਨੂੰ ਵਾਰਦਾਤ ਦੀ ਸਾਰੀ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਉਸ ਥਾਂ 'ਤੇ ਲਾਇ ਕੇ ਗਈ ਜਿਥੇ ਇਹਨਾਂ ਨੇ ਜੁਰਮ ਨੂੰ ਅੰਜਾਮ ਦਿੱਤਾ ਸੀ। ਏ.ਐਫ.ਪੀ. ਖਬਰ ਏਜੰਸੀ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਚਾਰੋਂ ਕਥਿਤ ਦੋਸ਼ੀ ਪੁਲਿਸ ਨਾਲ ਦੁਵੱਲੀ ਗੋਲੀਬਾਰੀ 'ਚ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਪੁਲਿਸ ਗਾਰਡਾਂ ਦੇ ਹਥਿਆਰ ਖੋਹ ਕੇ ਨੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰੇ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ। ਹੈਦਰਾਬਾਦ ਦੇ ਡਿਪਟੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਦੀ ਜਾਨ ਜਾਂਦੀ ਰਹੀ। 

ਇਹ ਖ਼ਬਰ ਵੀ ਪੜ੍ਹੋ: ਪਹਿਲਾਂ ਬਲਾਤਕਾਰ ਕੀਤਾ ਤੇ ਹੁਣ ਜ਼ਮਾਨਤ 'ਤੇ ਆ ਕੁੜੀ ਨੂੰ ਅੱਗ ਲਾ ਕੇ ਸਾੜਿਆ

ਬੀਤੇ ਹਫਤੇ ਵੀਰਵਾਰ ਨੂੰ ਹੈਦਰਾਬਾਦ ਤੋਂ 31 ਮੀਲਾਂ ਦੀ ਦੂਰੀ 'ਤੇ ਇੱਕ 27 ਸਾਲ ਮੁਟਿਆਰ ਦੀ ਅੱਗ ਨਾਲ ਸੜੀ ਹੋਈ ਲੋਥ ਬਰਾਮਦ ਕੀਤੀ ਗਈ ਸੀ। ਲੋਥ ਨੂੰ ਕੰਬਲਾਂ 'ਚ ਲਪੇਟ ਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਸੀ। ਵੈਟਰਨਰੀ ਡਾਕਟਰ ਵੱਜੋਂ ਸੇਵਾ ਨਿਭਾ ਰਹੀ ਇਹ ਮੁਟਿਆਰ ਬੁੱਧਵਾਰ ਤੋਂ ਲਾਪਤਾ ਸੀ ਅਤੇ ਉਸ ਦੀ ਲੋਥ ਬਾਰੇ ਸਭ ਤੋਂ ਪਹਿਲਾਂ ਇੱਕ ਰਾਹਗੀਰ ਨੇ ਜਾਣਕਾਰੀ ਦਿਤੀ ਸੀ। ਉਸ ਦੀ ਲੋਥ ਤੇਲੰਗਾਨਾ ਸਟੇਟ ਦੀ ਰਾਜਧਾਨੀ ਹੈਦਰਾਬਾਦ ਦੇ ਬਾਹਰਵਾਰ ਦੇ ਇਲਾਕੇ ਤੋਂ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਮੁਟਿਆਰ ਦਾ ਸਕੂਟਰ ਪੈਂਚਰ ਹੋ ਗਿਆ ਸੀ ਅਤੇ ਚਾਰੋਂ ਕਥਿਤ ਦੋਸ਼ੀਆਂ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਬਾਅਦ ਉਹ ਮੁਟਿਆਰ ਨੂੰ ਇੱਕ ਸੁੰਨਸਾਨ ਥਾਂ 'ਤੇ ਖੜ੍ਹੇ ਟੱਰਕ ਵਿਚ ਲੈ ਗਏ ਅਤੇ ਕਾਲੀ ਕਰਤੂਤ ਨੂੰ ਅੰਜਾਮ ਦਿੱਤਾ। ਸ਼ਨੀਵਾਰ ਨੂੰ ਸੈਂਕੜੇ ਮੁਜ਼ਾਹਰਾਕਾਰੀ ਹੈਦਰਾਬਾਦ ਦੇ ਉਸ ਪੁਲਿਸ ਹੈਡਕੁਆਰਟਰ ਅੱਗੇ ਇਕੱਠੇ ਹੋ ਗਏ ਸਨ ਜਿਥੇ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਰਖਿਆ ਗਿਆ ਸੀ। ਮੁਜ਼ਾਹਰਾਕਾਰੀ ਪੁਲਿਸ ਕੋਲੋਂ ਮੰਗ ਕਰ ਰਹੇ ਸਨ ਕਿ ਦੋਸ਼ੀਆਂ ਨੂੰ ਜਨਤਾ ਦੇ ਹਵਾਲੇ ਕੀਤਾ ਜਾਵੇ। ਇਸ ਦੇ ਬਾਅਦ ਤੇਲੰਗਾਨਾ ਸਟੇਟ ਦੇ ਮੁਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਮਾੱਮਲੇ ਨੂੰ ਫਾਸਟ ਟਰੈਕ ਅਦਾਲਤ ਬਣਾ ਕੇ ਜਲਦੀ ਇਨਸਾਫ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ: ਹੈਦਰਾਬਾਦ ਬਲਾਤਕਾਰ ਦੋਸ਼ੀਆਂ ਦੇ ਪੁਲਿਸ ਹੱਥੋਂ ਕਤਲਾਂ ਬਾਰੇ ਵੱਖੋ-ਵੱਖ ਪ੍ਰਤੀਕਰਮ; ਜਾਣੋ ਕਿਸਨੇ ਕੀ ਕਿਹਾ