ਪ੍ਰਧਾਨ ਮੰਤਰੀ ਜੀ' ਹਾਲੇ ਤਾਂ 'ਸਿਵੇ' ਵੀ ਠੰਡੇ ਨਹੀਂ ਹੋਏ ਸਨ

ਪ੍ਰਧਾਨ ਮੰਤਰੀ ਜੀ' ਹਾਲੇ ਤਾਂ 'ਸਿਵੇ' ਵੀ ਠੰਡੇ ਨਹੀਂ ਹੋਏ ਸਨ

      ਨਰਿੰਦਰ ਸੋਹਲ

ਬੇਸ਼ੱਕ ਭਾਰਤ ਲੋਕਤੰਤਰਿਕ ਦੇਸ਼ ਹੈ, ਇਥੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਸੰਵਿਧਾਨਕ ਹੱਕ ਹੈ। ਜਿਵੇਂ ਚੋਣਾਂ ਦਾ ਮਾਹੌਲ ਹੋਣ ਕਾਰਨ ਹਰ ਰਾਜਨੀਤਕ ਧਿਰ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਉਵੇਂ ਵੋਟਰ ਨੂੰ ਵੀ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ। ਇਸੇ ਹੱਕ ਦਾ ਇਸਤੇਮਾਲ ਕਰਦਿਆਂ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਆਉਣ 'ਤੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ। ਅਸਲ ਵਿੱਚ ਕਿਸਾਨਾਂ ਨੇ ਆਪਣਾ ਅੰਦੋਲਨ ਖ਼ਤਮ ਨਹੀਂ ਕੀਤਾ ਸੀ ਸਗੋਂ ਮੁਲਤਵੀ ਕੀਤਾ ਸੀ। ਬਹੁਤ ਸਾਰੀਆਂ ਮੰਗਾਂ ਅਜੇ ਸਿਰੇ ਨਹੀਂ ਲੱਗੀਆਂ, ਜਿਸ ਕਰਕੇ ਵਿਰੋਧ ਹੋਣਾ ਲਾਜ਼ਮੀ ਸੀ। ਇਹ ਵੀ ਸੱਚ ਹੈ ਕਿ ਸੱਤ ਸੌ ਤੋਂ ਵਧੇਰੇ ਸ਼ਹੀਦ ਕਿਸਾਨਾਂ ਦੇ ਸਿਵੇ ਹਾਲੇ ਠੰਡੇ ਨਹੀਂ ਹੋਏ, ਜਿਨ੍ਹਾਂ ਦਾ ਸੇਕ ਹਾਲੇ ਵੀ ਸੀਨਿਆਂ ਵਿੱਚ ਮਘ ਰਿਹਾ ਹੈ। ਇਸੇ ਕਾਰਨ ਪ੍ਰਧਾਨ ਮੰਤਰੀ ਨੂੰ ਬੇਰੰਗ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਜੋ ਫਿਰੋਜ਼ਪੁਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਪਿਛਲੇ ਕੁੱਝ ਸਮੇਂ ਤੋਂ ਭਾਜਪਾ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ। ਇਸੇ ਤਹਿਤ ਦੁਜੀਆਂ ਪਾਰਟੀਆਂ ਦੇ ਰੁੱਸੇ ਲੀਡਰਾਂ ਨੂੰ ਲਗਾਤਾਰ ਭਰਤੀ ਕੀਤਾ ਜਾ ਰਿਹਾ ਸੀ। ਪੰਜਾਬ ਦਾ ਸਾਬਕਾ ਮੁੱਖ ਮੰਤਰੀ ਵੀ ਉਹਨਾਂ ਵਿਚੋਂ ਇਕ ਹੈ। ਇਸੇ ਬਦੌਲਤ ਇਹ ਭਰਮ ਫੈਲਾਇਆ ਜਾ ਰਿਹਾ ਸੀ ਕਿ ਭਾਜਪਾ ਪੰਜਾਬ ਵਿੱਚ ਮਜ਼ਬੂਤ ਹੋ ਰਹੀ ਹੈ। ਸ਼ਾਇਦ ਇਸੇ ਹੀ ਭਰਮ ਵਿੱਚ ਭਾਜਪਾ ਵਰਕਰਾਂ ਨੇ ਰੈਲੀ ਵਿੱਚ ਭਰਵਾਂ ਇਕੱਠ ਹੋਣ ਦਾ ਸੁਪਨਾ ਵੇਖਿਆ ਹੋਵੇ। ਪਰ ਉਹ ਇਹ ਭੁੱਲ ਗਏ ਕਿ ਪੰਜਾਬ ਦੀ ਪਿੱਠ ਉੱਤੇ ਵਾਰ ਕਰਨ ਵਾਲੇ ਗਦਾਰਾਂ ਨੂੰ ਪੰਜਾਬੀ ਐਨੀ ਜਲਦੀ ਮੁਆਫ਼ ਨਹੀਂ ਕਰਦੇ। ਉਹ ਚਾਹੇ ਕੈਪਟਨ ਅਮਰਿੰਦਰ ਵਰਗੇ ਹੀ ਹੋਣ, ਜਿਸ ਨਾਲ ਅੱਧਾ ਪੰਜਾਬ ਭਾਜਪਾ ਦੀ ਝੋਲੀ ਪੈ ਗਿਆ ਸਮਝ ਰਹੇ ਸਨ। ਕੁਦਰਤ ਨੇ ਵੀ ਪੰਜਾਬੀਆਂ ਦਾ ਪੂਰਾ ਸਾਥ ਦਿੱਤਾ, ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਉੱਤਰਨਾ ਸੀ ਪਰ ਮੌਸਮ ਨੇ ਸਾਥ ਨਾ ਦਿੱਤਾ ਤੇ ਉਹਨਾਂ ਨੂੰ ਬਠਿੰਡੇ ਉੱਤਰਨਾ ਪੈ ਗਿਆ। ਇਥੋਂ ਉਹਨਾਂ ਸੜਕ ਰਾਹੀਂ ਫਿਰੋਜ਼ਪੁਰ ਜਾਣ ਦਾ ਪ੍ਰੋਗਰਾਮ ਬਣਾਇਆ। ਉਧਰ ਪਿੰਡਾਂ ਦੇ ਕਿਸਾਨ ਭਾਜਪਾਈਆਂ ਦੀਆਂ ਬੱਸਾਂ ਨੂੰ ਰੋਕ ਕੇ ਲਾਹਣਤਾਂ ਪਾਉਣ ਲਈ ਘੇਰੀ ਖੜੇ ਸਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਵੀ ਇੱਧਰੋਂ ਲੰਘ ਰਹੇ ਹਨ। ਇਸੇ ਕਰਕੇ ਪ੍ਰਧਾਨ ਮੰਤਰੀ ਦਾ ਕਾਫਲਾ ਉਸੇ ਸੜਕ ਜਾਮ ਵਿੱਚ 15-20 ਖੜਾ ਰਿਹਾ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਤੇ ਨਾ ਹੀ ਇਹ ਪਹਿਲੀ ਵਾਰ ਹੋਇਆ ਸਗੋਂ 2018 ਵਿੱਚ ਵੀ ਪ੍ਰਧਾਨ ਮੰਤਰੀ ਦਾ ਕਾਫਲਾ ਦਿੱਲੀ ਜਾਮ ਵਿੱਚ ਫਸਿਆ ਅਤੇ ਨਿੱਕਲ ਵੀ ਗਿਆ ਸੀ। ਇੱਥੋਂ ਵੀ ਨਿਕਲਣਾ ਔਖਾ ਨਹੀਂ ਸੀ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਖਬਰ ਮਿਲ ਗਈ ਸੀ ਕਿ ਫਿਰੋਜ਼ਪੁਰ ਇਕੱਠ ਨਹੀਂ ਹੋਇਆ। ਸਗੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨੇ ਸੁਰੱਖਿਆ ਦਾ ਬਹਾਨਾ ਬਣਾ ਕੇ ਵਾਪਸ ਮੁੜਣਾ ਹੀ ਬਿਹਤਰ ਸਮਝਿਆ। ਰੈਲੀ ਰੱਦ ਕਰਨ ਦਾ ਐਲਾਨ ਵੀ ਉਦੋਂ ਕੀਤਾ ਗਿਆ ਜਦੋਂ ਪੰਡਾਲ ਖਾਲੀ ਦਾ ਪਤਾ ਲੱਗਾ।

ਵਾਪਸੀ ਸਮੇਂ ਪ੍ਰਧਾਨ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਇਹ ਕਹਿਣਾ ਕਿ 'ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦਿਓ, ਮੈਂ ਜ਼ਿੰਦਾ ਆ ਗਿਆ' ਵੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਜੀ ਤੁਸੀਂ ਇਹ ਕਿਵੇਂ ਭੁੱਲ ਗਏ ਕਿ ਤੁਹਾਡੀਆਂ ਬਰੂਹਾਂ ਉੱਤੇ ਲੰਮਾ ਸਮਾਂ ਬੈਠ ਕੇ ਵੀ, ਉਹਨਾਂ ਤੁਹਾਨੂੰ ਆਂਚ ਨਹੀਂ ਆਉਣ ਦਿੱਤੀ, ਜਿਨ੍ਹਾਂ ਤੋਂ ਅੱਜ ਤੁਸੀਂ ਜਾਨ ਬਚਾਉਣ ਦੀ ਗੱਲ ਕਰਦੇ ਓ। ਜਦਕਿ ਉਹਨਾਂ ਲਈ ਆਪਣੇ ਹੀ ਦੇਸ਼ ਵਿੱਚ ਤੁਸੀਂ ਸਰਹੱਦਾਂ ਖੜੀਆਂ ਕਰ ਦਿੱਤੀਆਂ ਸਨ। ਰਸਤਿਆਂ ਵਿੱਚ ਵੱਡੇ-ਵੱਡੇ ਪੱਥਰ ਤੇ ਕੰਡਿਆਲੀ ਤਾਰ ਲਗਾ ਦਿੱਤੀ। ਪੰਜਾਬ ਦੇ 460 ਕਿਸਾਨ ਦਿੱਲੀ ਦੀਆਂ ਬਰੂਹਾਂ ਤੋਂ ਜਿਉਂਦੇ ਵਾਪਿਸ ਨਹੀਂ ਆ ਸਕੇ, ਜਿਨ੍ਹਾਂ ਦਾ ਤੁਹਾਨੂੰ ਹਾਲੇ ਵੀ ਕੋਈ ਅਫਸੋਸ ਨਹੀਂ ਹੈ। ਲਖੀਮਪੁਰ ਖੀਰੀ ਦੇ ਉਹਨਾਂ ਪਰਿਵਾਰਾਂ ਨੂੰ ਜਾਕੇ ਪੁੱਛੋ, ਕੀ ਬੀਤ ਰਹੀ ਉਹਨਾਂ 'ਤੇ ਜਿਨ੍ਹਾਂ ਦੇ ਪੁੱਤ ਗੱਡੀ ਥੱਲੇ ਦੇ ਕੇ ਮਾਰ ਦਿੱਤੇ ਗਏ ਸਨ। ਮੁਕਤਸਰ ਦੇ ਉਹਨਾਂ ਨੌਜਵਾਨਾਂ ਦੀਆਂ ਮਾਵਾਂ ਨੂੰ ਮਿਲੋ, ਜਿਨ੍ਹਾਂ ਦੇ ਪੁੱਤ ਬਾਰਡਰਾਂ ਤੋਂ ਵਾਪਸ ਆਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ। ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਉਹਨਾਂ ਦਾ ਜਿੰਦਾ ਵਾਪਸ ਆਉਣਾ ਵੀ ਕਿਨਾਂ ਜ਼ਰੂਰੀ ਸੀ। ਲੋਕਾਂ ਨੇ ਜੋ ਗੁੱਸਾ ਦਿਖਾਇਆ ਉਹ ਜਾਇਜ਼ ਸੀ, ਉਹ ਐਨੀ ਜਲਦੀ ਆਪਣਿਆਂ ਦੀ ਸ਼ਹਾਦਤ ਕਿਵੇਂ ਭੁੱਲ ਸਕਦੇ ਸੀ। ਅਜੇ ਤਾਂ ਉਹਨਾਂ ਦੇ ਜ਼ਖ਼ਮ ਬਹੁਤ ਅੱਲੇ ਸੀ ਤੇ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਪੰਜਾਬੀ ਤੁਹਾਨੂੰ ਹੱਥਾਂ ਉਤੇ ਚੁੱਕ ਲੈਣਗੇ? ਕਾਲੇ ਕਾਨੂੰਨ ਰੱਦ ਕਰਨ ਨਾਲ ਉਹ ਸਭ ਕੁਝ ਵਾਪਸ ਨਹੀਂ ਆ ਸਕਦਾ ਜੋ ਅੰਦੋਲਨ ਦੌਰਾਨ ਖੁੱਸ ਗਿਆ ਹੈ। ਕਾਲੇ ਕਾਨੂੰਨ ਤੁਹਾਡੇ ਫ਼ਰਮਾਨ ਨਾਲ ਬਣੇ ਜ਼ਰੂਰ ਸੀ, ਪਰ ਰੱਦ ਤੁਹਾਡੇ ਫ਼ਰਮਾਨ ਨਾਲ ਨਹੀਂ ਹੋਏ। ਇਹਨਾਂ ਨੂੰ ਰੱਦ ਕਰਾਉਣ ਪਿੱਛੇ ਕਿਸਾਨ ਵੀਰਾਂ ਦੀਆਂ ਸ਼ਹਾਦਤਾਂ ਨੇ, ਸਾਲ ਤੋਂ ਉੱਪਰ ਬਾਰਡਰਾਂ ਉਤੇ ਗਰਮੀ ਤੇ ਠੰਡ ਵਿੱਚ ਬੈਠੇ ਰਹੇ ਸਾਡੇ ਬਜ਼ੁਰਗਾਂ ਦਾ ਹੌਸਲਾ,ਸਿਰੜ ਤੇ ਸਿਦਕ ਹੈ। ਕਰੋੜਾਂ ਰੁਪਏ ਦਾ ਖਰਚਾ ਹੈ ਜੋ ਕਿਸਾਨਾਂ ਨੂੰ ਸੰਘਰਸ਼ ਲੜਨ ਲਈ ਕਰਨਾ ਪਿਆ। ਇਸ ਕਰਕੇ ਤੁਹਾਨੂੰ ਵਾਹ ਵਾਹ ਨਹੀਂ ਮਿਲ ਸਕਦੀ ਸੀ।ਪ੍ਰਧਾਨ ਮੰਤਰੀ ਜੀ ਅਸਫ਼ਲਤਾ ਨੂੰ ਸੁਰੱਖਿਆ ਦੇ ਬਹਾਨੇ ਨਾਲ ਕੱਜਣ ਦੀ ਕੋਸ਼ਿਸ਼ ਕਰਨਾ ਨੁਕਸਾਨਦਾਇਕ ਹੈ। ਤੁਹਾਡੇ ਕਾਫ਼ਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਕੋਈ ਹਿੰਸਾ ਨਹੀਂ ਹੋਈ, ਕੋਈ ਇੱਟ ਵੱਟਾ ਨਹੀਂ ਚੱਲਿਆ। ਪੰਜਾਬ ਵਿੱਚ ਹਾਲਾਤ ਇੰਨੇ ਅਣਸੁਖਾਵੇਂਨਹੀਂ ਕਿ ਇਥੇ ਰਾਸ਼ਟਰਪਤੀ ਰਾਜ ਲੱਗੇ। ਤੁਸੀਂ ਅਜਿਹਾ ਪ੍ਰਚਾਰ ਕਰਨ ਵਾਲਿਆਂ ਨੂੰ ਨੱਥ ਪਾਓ, ਨਹੀਂ ਤਾਂ ਕਿਸਾਨ ਅੰਦੋਲਨ ਦੌਰਾਨ ਦਿੱਲੀ-ਪੰਜਾਬ ਦਾ ਪਿਆ ਪਾੜਾ ਹੋਰ ਵਧੇਗਾ। ਜੋ ਪੰਜਾਬ ਜਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਆਪਣੇ ਅਹੁਦੇ ਵਾਂਗ ਆਪਣਾ ਦਿਲ ਵੱਡਾ ਕਰੋ ਤੇ ਦੇਸ਼ ਵਾਸੀਆਂ ਦੇ ਦਰਦ ਹਰਨ ਕਰਨ ਦੀ ਕੋਸ਼ਿਸ਼ ਕਰੋ। ਦੇਸ਼ ਵਾਸੀ ਤੁਹਾਨੂੰ ਹੱਥਾਂ ਉਤੇ ਚੁੱਕ ਲੈਣਗੇ, ਕੋਸ਼ਿਸ਼ ਤਾਂ ਕਰੋ...